“ਅੱਜ ਲੋੜ ਹੈ ਕਿ ਜਾਤ ਪਾਤ ਤੋਂ ਸਤਾਏ ਲੋਕ ਹੀਣ ਭਾਵਨਾ ਤਿਆਗ ਕੇ ਬੇਗ਼ਮਪੁਰਾ ...”
(1 ਫਰਵਰੀ 2026)
ਭਗਤ ਰਵਿਦਾਸ ਜੀ ਦਾ ਸਮਕਾਲੀ ਸਮਾਜ ਜਿੱਥੇ ਧਾਰਮਿਕ ਕੱਟੜਤਾ ਵਾਲੇ ਮਾਹੌਲ ਵਿੱਚ ਜਿਊ ਰਿਹਾ ਸੀ, ਉੱਥੇ ਉਹ ਜਾਤ-ਪਾਤ, ਕਰਮ-ਕਾਂਡਾਂ ਆਦਿ ਦੇ ਰੋਗਾਂ ਨਾਲ ਵੀ ਪੀੜਿਤ ਸੀ। ਇੱਕ ਪਾਸੇ ਆਮ ਲੋਕ ਮੁਗ਼ਲਾਂ ਦੀ ਗੁਲਾਮੀ ਸਹਿ ਰਹੇ ਸਨ ਤਾਂ ਦੂਜੇ ਪਾਸੇ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਇੱਕ ਵੱਡੇ ਵਰਗ ਨੂੰ ਕਥਿਤ ਨੀਵੀਂਆਂ ਸ਼੍ਰੇਣੀਆਂ ਕਰਾਰ ਦੇ ਕੇ ਉਹਨਾਂ ਨੂੰ ਸ਼ੂਦਰ ਵਰਗ ਵਿੱਚ ਰੱਖਿਆ ਹੋਇਆ ਸੀ। ਇਸ ਵਰਗ ਨੂੰ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਅਧਿਕਾਰਾਂ ਤੋਂ ਵਾਂਝਿਆਂ ਕੀਤਾ ਹੋਇਆ ਸੀ। ਸ਼ੂਦਰ ਵਰਗ ਦਾ ਇਸ ਸਮੇਂ ਧਾਰਮਿਕ ਵਿਸ਼ਿਆਂ ਉੱਪਰ ਬੋਲਣ ਜਾਂ ਸੁਣਨ ਨੂੰ ਅਪਰਾਧ ਮੰਨਿਆ ਜਾਂਦਾ ਸੀ। ਪਵਿੱਤਰ ਗ੍ਰੰਥ ਅਖਵਾਉਂਦੇ ਗ੍ਰੰਥ ਇਹ ਆਖ ਰਹੇ ਸਨ ਕਿ ਜੇਕਰ ਕੋਈ ਸ਼ੂਦਰ ਵੇਦ ਪਾਠ ਸੁਣ ਲਵੇ ਤਾਂ ਉਸਦੇ ਕੰਨਾਂ ਵਿੱਚ ਸਿੱਕਾ ਪਿਘਲਾ ਕੇ ਪਾਇਆ ਜਾਵੇ। ‘ਰਾਮ ਰਾਜ’ ਦੇ ਸਮੇਂ ਦੌਰਾਨ ਇੱਕ ਅਛੂਤ ਰਿਸ਼ੀ ਨੂੰ ਭਗਤੀ ਕਰਨ ਦੇ ‘ਦੋਸ਼’ ਵਿੱਚ ਸਜ਼ਾ ਏ ਮੌਤ ਬਾਰੇ ਵੀ ਪੜ੍ਹਿਆ ਜਾਂਦਾ ਹੈ। ਅਜਿਹੇ ਸਿਸਟਮ ਦੇ ਵਿਰੁੱਧ ਭਗਤੀ ਲਹਿਰ ਦਾ ਭਾਰਤ ਵਿੱਚ ਉੱਭਰਨਾ ਇੱਕ ਚਮਤਕਾਰ ਹੀ ਸੀ। ਭਗਤੀ ਲਹਿਰ ਦੇ ਪ੍ਰਮੁੱਖ ਆਗੂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਆਪਣੇ ਆਪਣੇ ਇਲਾਕੇ ਵਿੱਚ ਸਰਗਰਮ ਹੋ ਚੁੱਕੇ ਸਨ। ਭਗਤੀ ਲਹਿਰ ਦੇ ਸਾਰੇ ਭਗਤ ਸਾਹਿਬਾਨ ਨੇ ਜਾਤ ਪਾਤ ਨੂੰ ਵੰਗਾਰਿਆ ਅਤੇ ਬ੍ਰਾਹਮਣੀ ਵਿਚਾਰਧਾਰਾ ਦਾ ਖੰਡਨ ਕੀਤਾ।
ਭਗਤ ਰਵਿਦਾਸ ਜੀ ਦੇ ਜਨਮ ਸਥਾਨ, ਜਨਮ-ਮਿਤੀ ਅਤੇ ਚਲਾਣੇ ਦੀ ਮਿਤੀ ਬਾਰੇ ਪੱਕੀ ਜਾਣਕਾਰੀ ਦੀ ਅਣਹੋਂਦ ਹੋਣ ਕਾਰਨ ਵਿਦਵਾਨਾਂ ਵਿੱਚ ਕਈ ਮੱਤ ਪਾਏ ਜਾਂਦੇ ਹਨ। ਆਪ ਜੀ ਦਾ ਜਨਮ ਸੀਰ ਗੋਵਰਧਨ ਪਿੰਡ (ਕਾਸ਼ੀ, ਹੁਣ ਵਾਰਾਣਸੀ) ਵਿੱਚ ਚਮੜਾ ਢੋਣ ਵਾਲੇ ਇੱਕ ਪਰਿਵਾਰ ਵਿੱਚ ਪਿਤਾ ਸ੍ਰੀ ਸੰਤੋਖ ਦਾਸ ਅਤੇ ਮਾਤਾ ਕਲਸਾ ਦੇਵੀ ਜੀ ਦੇ ਘਰ ਹੋਇਆ ਸੀ (ਉਸਦੇ ਜਨਮ ਦੀਆਂ ਤਾਰੀਖ਼ਾਂ ਅਤੇ ਮਾਤਾ ਪਿਤਾ ਦੇ ਨਾਂ ਬਾਰੇ ਕੋਈ ਦਸਤਵੇਜ਼ੀ ਸਬੂਤ ਨਹੀਂ ਹਨ, ਪਰ ਬਹੁਤੇ ਵਿਦਵਾਨ ਇਹ ਤੱਥ ਕਬੂਲ ਕਰਦੇ ਹਨ। ਕੁਝ ਵਿਦਵਾਨ ਆਪ ਜੀ ਦਾ ਜਨਮ ਸਥਾਨ ਰਾਜਸਥਾਨ ਅਤੇ ਕੁਝ ਗੁਜਰਾਤ ਵੀ ਮੰਨਦੇ ਹਨ, ਪਰ ਇਸ ਬਾਰੇ ਭਗਤ ਰਵਿਦਾਸ ਜੀ ਨੇ ਆਪ ਸਪਸ਼ਟ ਕਰ ਦਿੱਤਾ ਹੈ ਕਿ ਉਹ ਬਨਾਰਸ ਜਾਂ ਇਸਦੇ ਨੇੜੇ-ਤੇੜੇ ਦੇ ਵਸਨੀਕ ਸਨ:
ਮੇਰੀ ਜਾਤਿ ਕੁੱਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1293)
ਭਗਤੀ ਅਤੇ ਕ੍ਰਾਂਤੀ ਦਾ ਸੁਮੇਲ-ਭਗਤ ਰਵਿਦਾਸ ਜੀ
‘ਰਾਮ ਸੰਗਿ ਰਾਤੇ’, ਬੇਗਮਪੁਰਾ ਦੇ ਪਾਂਧੀ ਬਣਕੇ ਅਧਿਆਤਮਿਕ ਅਤੇ ਸਮਾਜਿਕ ਕ੍ਰਾਂਤੀ ਲਿਆ ਕੇ ਊਚ-ਨੀਚ, ਅਸਮਾਨਤਾ, ਅਗਿਆਨਤਾ ਖਤਮ ਕਰਨ ਲਈ ਯਤਨਸ਼ੀਲ ਭਗਤ ਰਵਿਦਾਸ ਜੀ ਸਿਰਫ ਅਤੇ ਸਿਰਫ ‘ਨੀਚੁਹ ਊਚ ਕਰਹਿ’ ਵਾਲੇ ਨਿਰਭਉ-ਨਿਰਵੈਰ ਪਰਮਾਤਮਾ ਦੇ ਹੀ ਭਗਤ ਸਨ, ਜਿਸ ਕਰਕੇ ਉਹ ਆਪ ਵੀ ਨਿਰਭਉ ਨਿਰਵੈਰ ਰਹੇ ਅਤੇ ਸਮਾਜ ਨੂੰ ਵੀ ਆਪਣੀ ਸਿੱਖਿਆ ਅਨੁਸਾਰ ਨਿਰਭਉ ਨਿਰਵੈਰ ਬਣਾਉਂਦੇ ਰਹੇ। ਉਹਨਾਂ ਦਾ ਫਲਸਫ਼ਾ ਵੀ ਉਹੀ ਸੀ, ਜੋ ਸ਼੍ਰੋਮਣੀ ਭਗਤਾਂ ਅਤੇ ਦਸ ਗੁਰੂ ਸਾਹਿਬਾਨ ਨੇ ਜੀਵਨ ਅਤੇ ਬਾਣੀ ਰਾਹੀਂ ਪ੍ਰਚਾਰਿਆ ਸੀ। ਗੁਰੂ ਅਰਜਨ ਦੇਵ ਜੀ ਦੁਆਰਾ ਆਪ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿੱਚ ਦਰਜ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਬਖਸ਼ਣ ਤੋਂ ਬਾਅਦ ਆਪ ਜੀ ਦੀ ਬਾਣੀ ਵੀ ਗੁਰੂ ਦਾ ਦਰਜਾ ਪ੍ਰਾਪਤ ਬਾਣੀ ਬਣੀ। ਰਵਿਦਾਸ ਬਾਣੀ ਅੱਜ ਦੇ ਸਮਾਜ ਵਿੱਚ ਫੈਲੀ ਜਾਤ-ਪਾਤ, ਫਿਰਕੂ ਨਫਰਤ, ਕਰਮਕਾਂਡਾਂ, ਵਹਿਮ ਭਰਮ, ਅੰਧ ਵਿਸ਼ਵਾਸ ਆਦਿ ਤੋਂ ਦੁਨੀਆਂ ਨੂੰ ਨਿਜਾਤ ਦਿਵਾ ਰਹੀ ਹੈ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 40 ਸ਼ਬਦ ਬਿਰਾਜਮਾਨ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਜੀ ਦੀ ਬਾਣੀ ਤੋਂ ਬਿਨਾਂ ਆਪ ਜੀ ਦੀ ਹੋਰ ਰਚਨਾ ਵੀ ਹੈ। ਆਪ ਨੇ ਆਪਣੀ ਵਿਚਾਰਧਾਰਾ ਦਾ ਆਧਾਰ ਕਿਸੇ ਵੀ ਸਮਕਾਲੀ ਧਰਮ ਨੂੰ ਨਹੀਂ ਬਣਾਇਆ ਸਗੋਂ ਆਪਣੀ ਸਮਝ ਦੇ ਦਾਇਰੇ ਮੁਤਾਬਿਕ ਜੋ ਠੀਕ ਲੱਗਿਆ, ਉਸ ਨੂੰ ਬੇਝਿਜਕ ਲਿਖ ਦਿੱਤਾ। ਆਪ ਨੇ ਜੋ ਲਿਖਿਆ, ਉਹ ਬਿਨਾਂ ਕਿਸੇ ਮਿਥ ਮੁਤਾਬਿਕ ਲਿਖਿਆ ਅਤੇ ਜੋ ਵੀ ਲਿਖਿਆ, ਉਹ ਉਹਨਾਂ ਨੇ ਆਪਣੀ ਇਨਕਲਾਬੀ ਅਤੇ ਉਸਾਰੂ ਸੋਚ ਮੁਤਾਬਿਕ ਲਿਖਿਆ। ਆਪ ਜੀ ਦੀ ਬਾਣੀ ਦੀ ਸਮਾਜ ਅਤੇ ਦੇਸ਼ ਨੂੰ ਹੀ ਨਹੀਂ, ਕੁੱਲ ਸੰਸਾਰ ਨੂੰ ਲੋੜ ਹੈ। ਸਾਡਾ ਸਮਾਜ ਅਜੇ ਵੀ ਜਾਤੀ ਅਧਾਰਿਤ ਭੇਦਭਾਵ ਨਾਲ ਜੂਝ ਰਿਹਾ ਹੈ। ਇੱਥੇ ਜਾਤ, ਨਸਲ ਆਦਿ ਦੇ ਆਧਾਰ ’ਤੇ ਇਹ ਵਿਤਕਰਾ ਪੂਰੀ ਦੁਨੀਆ ਵਿੱਚ ਦੇਖਿਆ ਜਾ ਸਕਦਾ ਹੈ। ਭਗਤ ਰਵਿਦਾਸ ਜੀ ਨੇ ਮੱਧਕਾਲ ਵਿੱਚ ਜਾਤੀ ਅਸਮਾਨਤਾ, ਛੂਤਛਾਤ ਅਤੇ ਬ੍ਰਾਹਮਣਵਾਦੀ ਅਹੰਕਾਰ ਦਾ ਖੁੱਲ੍ਹਾ ਵਿਰੋਧ ਕੀਤਾ। ਇਸ ਤਰ੍ਹਾਂ ਅਜਿਹੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰ ਕੇ ਮਨੁੱਖੀ ਬਰਾਬਰੀ ਅਤੇ ਸਮਾਨਤਾ ਦੀ ਇਨਕਲਾਬੀ ਵਿਚਾਰਧਾਰਾ ਦਿੱਤੀ। ਭਗਤ ਰਵਿਦਾਸ ਜੀ ਨੇ ਇਹ ਸਾਫ ਕਰ ਦਿੱਤਾ ਕਿ ਅਗਰ ਇਨਸਾਨ ਦਾ ਦਿਲ ਸਾਫ ਹੈ, ਇਨਸਾਨੀਅਤ ਹੈ ਤਾਂ ਤੀਰਥਾਂ, ਮੰਦਰਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ। ਰੱਬ ਨੂੰ ਖੁਸ਼ ਕਰਨ ਲਈ ਜਿਹੜੇ ਅਡੰਬਰ ਅਤੇ ਕਰਮਕਾਂਡ ਬ੍ਰਾਹਮਣਾਂ ਨੇ ਕਾਇਮ ਕੀਤੇ, ਉਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਭਗਤ ਰਵਿਦਾਸ ਇੱਕ ਅਗਾਂਹ ਵਧੂ ਖਿਆਲੀ ਹਨ। ਉਹ ਮਰਨ ਤੋਂ ਬਾਅਦ ਮੁਕਤੀ ਦੀ ਨਹੀਂ ਬਲਕਿ ਜੀਵਨ ਮੁਕਤੀ ਦੀ ਗੱਲ ਕਰਦੇ ਹਨ, ਜੋ ਮੁਕਤੀ ਨਿੱਜੀ ਨਹੀਂ ਬਲਕਿ ਸਮੂਹਕ ਮੁਕਤੀ ਹੈ। ਉਹ ਸਾਰੇ ਸਮਾਜ ਦੇ ਕਲਿਆਣ ਦੀ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ। ਭਗਤ ਰਵਿਦਾਸ ਸਮਾਜ-ਦਰਸ਼ਨ ਬਦਲਣ ਅਤੇ ਉਸਾਰਨ ਦੀ ਪ੍ਰੇਰਨਾ ਕਰਦੇ ਹਨ ਕਿਉਂਕਿ ਉਹ ਸਮਾਂ ਤੁਰਕਾਂ ਅਤੇ ਪਠਾਣਾਂ ਦੇ ਰਾਜ ਵਿੱਚ ਅਰਾਜਕਤਾ, ਅਸਥਿਰਤਾ ਅਤੇ ਅਸ਼ਾਂਤੀ ਦਾ ਬੋਲਬਾਲਾ ਸੀ। ਦਿੱਲੀ ਦੀ ਸਲਤਨਤ ਕਮਜ਼ੋਰ ਹੋ ਚੁੱਕੀ ਸੀ। ਆਮ ਲੋਕਾਂ ਵਿੱਚ ਨਿਰਾਸ਼ਾ ਪੈਦਾ ਹੋ ਚੁੱਕੀ ਸੀ। ਭਗਤ ਰਵਿਦਾਸ ਨੇ ਇਨ੍ਹਾਂ ਹਾਰਿਆਂ ਲਤਾੜਿਆ ਲੋਕਾਂ ਨੂੰ ਇੱਕ ਨਵਾਂ ਸੁਪਨਾ ਦਿਖਾਇਆ। ਪੰਜ ਸਦੀਆਂ ਪਹਿਲਾਂ ਆਪ ਨੇ ਆਦਰਸ਼ਵਾਦੀ ਰਾਜ ਦੀ ਕਲਪਨਾ ਕਰਦਿਆਂ ਵਧੀਆ ਰਾਜ ਦੀ ਆਦਰਸ਼ਵਾਦੀ, ਸਮਾਜਿਕ ਤੇ ਰਾਜਨੀਤਕ ਤਸਵੀਰ ਤੱਸਵਰ ਕੀਤੀ ਸੀ। ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਇਸ ਸ਼ਬਦ ਦੀ ਚਰਚਾ ਅੱਜ ਪੂਰੇ ਸੰਸਾਰ ਵਿੱਚ ਅਕਾਦਮਿਕ ਚਿੰਤਨ ਵਿੱਚ ਹੋ ਰਹੀ ਹੈ। ਆਪ ਲਿਖਦੇ ਹਨ,
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀਂ ਤਿਹਿ ਠਾਉ॥
ਨਾ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥1॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ, ਏਕ ਸੋ ਆਹੀ॥
ਆਬਾਦਾਨੁ ਸਦਾ ਮਸ਼ਹੂਰ॥
ਊਹਾਂ ਗਨੀ ਬਸਹਿ ਮਾਮੂਰ॥2॥
ਤਿਉ ਤਿਉ ਸੈਲ ਕਰਹਿ ਜਿਉਂ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥3॥2॥ ... (ਗਉੜੀ, ਭਗਤ ਰਵਿਦਾਸ ਜੀ, ਪੰਨਾ 345)
ਬੇਗਮਪੁਰ ਸੰਕਲਪ: ਇੱਕ ਆਦਰਸ਼ ਅਤੇ ਕਲਿਆਣਕਾਰੀ ਰਾਜ ਦਾ ਸੰਕਲਪ
ਭਗਤ ਜੀ ਦਾ ਬੇਗਮਪੁਰ ਵਾਲਾ ਸੰਕਲਪ ਵੱਖਰਾ ਸੰਕਲਪ ਹੋਣ ਕਰਕੇ ਸਾਡਾ ਧਿਆਨ ਵੱਧ ਖਿੱਚਦਾ ਹੈ। ਧਾਰਮਿਕ ਵਿਚਾਰਧਾਰਾ ਵਾਲੇ ਲੋਕ ਕਹਿੰਦੇ ਹਨ ਕਿ ਬੇਗਮਪੁਰ ਇੱਕ ਬਹੁਤ ਉੱਚੀ ਮਾਨਸਿਕ ਅਵਸਥਾ ਹੈ, ਜਿੱਥੇ ਪਹੁੰਚ ਕੇ ਮਨੁੱਖ ਦੁਨਿਆਵੀ ਦੁੱਖਾਂ ਗ਼ਮਾਂ ਤੋਂ ਰਹਿਤ ਹੋ ਜਾਂਦਾ ਹੈ। ਇਹ ਪ੍ਰਭੂ ਨਾਲ ਇੱਕ-ਮਿੱਕ ਹੋਈ ਆਤਮਾ ਦੀ ਅਵਸਥਾ ਹੈ। ਦੁਨਿਆਵੀ ਅਵਸਥਾ ਮੁਤਾਬਿਕ ਸੋਚੀਏ ਤਾਂ ਬੇਗਮਪੁਰਾ ਨੂੰ ਇੱਕ ਅਜਿਹੇ ਦੇਸ਼ ਜਾਂ ਸਮਾਜ ਦੀ ਤਸਵੀਰ ਮੰਨਦੇ ਹਾਂ ਜਿਸ ਵਿੱਚ ਸਾਰਿਆਂ ਪਾਸਿਆਂ ਤੋਂ ਬਰਾਬਰਤਾ ਦਾ ਪਸਾਰ ਹੁੰਦਾ ਹੋਵੇ ਅਤੇ ਜਿਸ ਨਾਲ ਇੱਕ ਆਦਰਸ਼ ਸਮਾਜ ਦੀ ਸਿਰਜਣਾ ਹੁੰਦੀ ਹੋਵੇ। ਕੁਝ ਵੀ ਹੋਵੇ, ਬੇਗਮਪੁਰਾ ਦੇ ਦੋਵੇਂ ਪੱਖ ਆਦਰਸ਼ਕ ਅਵਸਥਾਵਾਂ ਹਨ। ਇੱਕ ਅਵਸਥਾ ਆਦਰਸ਼ਕ ਵਿਅਕਤੀ ਨੂੰ ਸਿਰਜਦੀ ਹੈ ਅਤੇ ਦੂਜੀ ਵਧੀਆ ਸਮਾਜ ਨੂੰ ਸਿਰਜਦੀ ਹੈ। ਦੋਂਹਾਂ ਦਾ ਆਖ਼ਰੀ ਮੰਤਵ ਮਨੁੱਖਤਾ ਦੀ ਭਲਾਈ ਹੈ।
ਰਾਜ ਵਾਸਤੇ ਬੇਗ਼ਮਪੁਰਾ ਦਾ ਸੰਕਲਪ ਕੀ ਹੈ?
“ਬੇਗ਼ਮਪੁਰਾ ਸ਼ਹਿਰ ਕੋ ਨਾਉ” ਸ਼ਬਦ ਵਿੱਚ ਲਿਖਿਆ ਹੈ ਕਿ ਅਜਿਹੇ ਸ਼ਹਿਰ ਵਿੱਚ ਕੋਈ ਦੁੱਖ, ਚਿੰਤਾ ਅਤੇ ਘਬਰਾਹਟ ਨਹੀਂ ਹੈ। ਕੋਈ ਪਾਪ ਕਰਨ ਦੀ ਗੁਜਾਇਸ਼, ਘਾਟੇ ਦਾ ਡਰ ਵੀ ਨਹੀਂ ਹੈ। ਉੱਥੇ ਸਦਾ ਸੁੱਖ ਹੀ ਸੁੱਖ ਹੈ। ਉੱਥੇ ਕੋਈ ਉੱਪਰਲਾ ਦਰਜਾ ਜਾਂ ਦੂਜਾ ਦਰਜਾ ਨਹੀਂ ਸਗੋਂ ਸਾਰੇ ਇੱਕ ਸਮਾਨ ਹਨ। ਇਹ ਸ਼ਹਿਰ ਪ੍ਰਸਿੱਧ ਸ਼ਹਿਰ ਅਤੇ ਸੁਖੀ ਵਸਦਾ ਸ਼ਹਿਰ ਹੈ। ਇੱਥੇ ਸਾਰੇ ਸੁਖੀ ਅਤੇ ਰੱਜੇ ਪੁੱਜੇ ਲੋਕ ਵਸਦੇ ਹਨ। ਇਹ ਸ਼ਬਦ ਦੁਨੀਆ ਭਰ ਦੇ ਹਾਕਮਾਂ ਨੂੰ ਸੰਦੇਸ਼ ਹੈ ਕਿ ਤੁਹਾਡੇ ਰਾਜ ਵਿੱਚ ਲੋਕ ਦੁਖੀ ਹਨ, ਭੁੱਖੇ ਹਨ, ਰੋਟੀ-ਰੋਜ਼ੀ ਦੀ ਚਿੰਤਾ ਹੈ, ਸਮਾਜਿਕ ਵੰਡੀਆਂ ਅਤੇ ਉੱਚ ਨੀਚ ਹੈ ਜੋ ਬੇਗਮਪੁਰੀ ਵਿਚਾਰਧਾਰਾ ਅਨੁਸਾਰ ਠੀਕ ਨਹੀਂ ਹੈ। ਤੁਹਾਨੂੰ ਵੀ ਆਪਣਾ ਸ਼ਾਸਨ-ਪ੍ਰਸ਼ਾਸਨ ਸੁਧਾਰਨਾ ਪਵੇਗਾ।
ਜਾਤ ਦਾ ਹੰਕਾਰੀ ਹੋਣਾ ਵੀ ਮਾੜੀ ਗੱਲ ਹੈ ਪਰ ਜਾਤੀ ਕਰਕੇ ਹੀਣਤਾ ਵੀ ਮਾੜੀ ਹੈ। ਆਪ ਜੀ ਨੇ ਆਪਣੀ ਜਾਤੀ ਨੂੰ ਮਾੜਾ, ਨੀਵੀਂ ਜਾਂ ਘਟੀਆ ਕਹਿਣ ਦੀ ਬਜਾਏ ਜਾਤੀ ਦਾ ਹੰਕਾਰੀ ਬਣਿਆ ਲੋਕਾਂ ਨੂੰ ਸਿੱਧਾ ਵੰਗਾਰਿਆ ਕਿ ਭਗਤੀ ਦੇ ਖੇਤਰ ਵਿੱਚ ਜਾਤ-ਪਾਤ ਦਾ ਕੋਈ ਵਿਚਾਰ ਨਹੀਂ। ਕਿਸੇ ਵੀ ਜਾਤੀ ਦਾ ਮਨੁੱਖ ਭਗਤੀ ਕਰ ਸਕਦਾ ਹੈ। ਭਗਤੀ ਕਾਰਨ ਨੀਵੀਂ ਜਾਤ ਦਾ ਮਨੁੱਖ ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸਦੇ ਉਲਟ ਉੱਚੀ ਕੁੱਲ ਦਾ ਬ੍ਰਾਹਮਣ ਭਾਵੇਂ ਛੇ ਕਰਮ (ਵਿੱਦਿਆ ਪੜ੍ਹਨੀ ਪੜਾਉਣੀ, ਜੱਗ ਕਰਨਾ ਕਰਾਉਣਾ, ਦਾਨ ਦੇਣਾ ਅਤੇ ਲੈਣਾ ਆਦਿ) ਪਿਆ ਕਰੇ, ਭਗਤੀ ਤੋਂ ਵਿਹੂਣਾ ਤਾਂ ਉਹ ਵੀ ਨੀਚ ਸ਼੍ਰੇਣੀ ਦੇ ਚੰਡਾਲ ਸਮਾਨ ਹੈ:
‘ਖਟ ਕਰਮ ਕੁੱਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ।
ਚਰਨਾਰਬਿੰਦ ਨ ਕਥਾ ਭਾਵੈ,
ਸੁਪਚ ਤੁਲਿ ਸਮਾਨਿ॥ 1॥
(ਰਾਗ ਕੇਦਾਰਾ)
ਭਗਤ ਰਵਿਦਾਸ ਜੀ ਦੀ ਸਮਾਜਿਕ ਵਿਚਾਰਧਾਰਾ
ਭਗਤ ਰਵਿਦਾਸ ਜੀ ਨੇ ਲੋਕ-ਆਗੂ ਅਤੇ ਕ੍ਰਾਂਤੀਕਾਰੀ ਆਗੂ ਵਜੋਂ ਜਿੱਥੇ ਸਮਾਜ ਦੀਆਂ ਬੁਰਾਈਆਂ ਦਾ ਵਰਣਨ ਕੀਤਾ, ਉੱਥੇ ਇਨ੍ਹਾਂ ਬੁਰਾਈਆਂ ਦੇ ਕਾਰਨਾਂ ਨੂੰ ਸਮਝਦੇ ਹੋਏ, ਸਮਾਜਿਕ-ਮੁਕਤੀ ਦਾ ਆਦਰਸ਼ ਵੀ ਰੱਖਿਆ। ਰਾਜਨੀਤਕ ਦ੍ਰਿਸ਼ਟੀ ਤੋਂ ਵੀ ਉਨ੍ਹਾਂ ਨੇ ਆਪਣੇ ਸਮੇਂ ਦੇ ਲੋਕਾਂ ਨੂੰ ਸਿੱਖਿਅਤ ਕੀਤਾ। ਉਨ੍ਹਾਂ ਦੀ ਇਹ ਵਿਚਾਰਧਾਰਾ ਅੱਜ ਵੀ ਹਿੰਦੁਸਤਾਨ ਦੇ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਦੱਬੇ-ਕੁਚਲੇ ਅਤੇ ਅਪਮਾਨਿਤ ਲੋਕਾਂ ਦਾ ਮਾਰਗ-ਦਰਸ਼ਨ ਕਰ ਸਕਦੀ ਹੈ।
ਰਵਿਦਾਸ ਜੀ ਅਨੁਸਾਰ ਜਿਵੇਂ ਅਪਵਿੱਤਰ ਸ਼ਰਾਬ ਜਾਂ ਹੋਰ ਗੰਦੇ ਪਾਣੀ ਗੰਗਾ ਦੇ ਪਾਣੀ ਨਾਲ ਮਿਲ ਕੇ ਉਸ ਵਰਗੇ ਪਵਿੱਤਰ ਹੋ ਜਾਂਦੇ ਹਨ, ਜਿਵੇਂ ਤਾੜੀ ਦੇ ਰੁੱਖ ਅਤੇ ਉਹਨਾਂ ਤੋਂ ਬਣੇ ਕਾਗ਼ਜ਼ ਅਪਵਿੱਤਰ ਮੰਨੇ ਜਾਂਦੇ ਹਨ ਪਰ ਜਦੋਂ ਉਹਨਾਂ ਉੱਪਰ ਪ੍ਰਭੂ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ ਤਾਂ ਉਹ ਪੂਜਣ ਯੋਗ ਹੋ ਜਾਂਦੇ ਹਨ, ਉਸੇ ਤਰ੍ਹਾਂ ਨੀਵੀਂ ਜਾਤ ਦਾ ਮਨੁੱਖ ਪ੍ਰਭੂ ਦੀ ਭਗਤੀ ਦੁਆਰਾ ਅਤੇ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਨ ਨਾਲ ਇੰਨੀ ਉੱਚੀ ਪਦਵੀ ’ਤੇ ਅੱਪੜ ਜਾਂਦਾ ਹੈ ਕਿ ਸਮਾਜ ਦੀਆਂ ਉੱਚਤਮ ਸ਼੍ਰੇਣੀਆਂ ਅਤੇ ਉਹਨਾਂ ਦੇ ਪ੍ਰਤੀਨਿਧ ਵੱਡੇ ਵੱਡੇ ਬ੍ਰਾਹਮਣ ਵੀ ਉਸ ਨੂੰ ਨਮਸਕਾਰ ਕਰਨ ਲੱਗ ਜਾਂਦੇ ਹਨ। ਰਵਿਦਾਸ ਜੀ ਅਨੇਕ ਸਾਧਾਂ ਸੰਤਾਂ ਅਤੇ ਸੂਫ਼ੀਆਂ ਦੀ ਸੰਗਤ ਵਿੱਚ ਰਹੇ ਸਨ। ਉਨ੍ਹਾਂ ਨੂੰ ਦੂਰ ਦੂਰ ਤਕ ਪਦ ਯਾਤਰਾ ਕਰਕੇ ਵਿਸ਼ਾਲ ਅਨੁਭਵ ਪ੍ਰਾਪਤ ਹੋਇਆ ਸੀ। ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਪੰਜਾਬ ਵਿੱਚ ਅਨੇਕ ਰਮਦਾਸੀਏ ਉਨ੍ਹਾਂ ਦਾ ਜਨਮ-ਦਿਨ ਮੱਘਰ ਦੀ ਪੁੰਨਿਆਂ ਨੂੰ ਮਨਾਉਂਦੇ ਹਨ ਆਪਣੇ ਸ੍ਰੋਤਿਆਂ ਲਈ ਉਨ੍ਹਾਂ ਨੇ ਆਪਣੀ ਬਾਣੀ ਦੀ ਬੋਲੀ ਵਿੱਚ ਵਿਭਿੰਨ ਪ੍ਰਾਂਤਾਂ ਦੇ ਸ਼ਬਦ ਪਾਏ ਸਨ। ਉਸ ਕਾਲ ਦੀ ਸਾਧ ਭਾਖਾ ਪੰਜਾਬੀ ਦਾ ਪ੍ਰਭਾਵ ਉਨ੍ਹਾਂ ਦੀ ਬ੍ਰਜ ਅਤੇ ਪੂਰਬੀ ਬੋਲੀ ਉੱਪਰ ਪਿਆ ਦਿਸਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭੱਟਾਂ ਨੇ ਭਗਤ ਜੀ ਦੀ ਉਪਮਾ ਕੀਤੀ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਭਗਤ ਰਵਿਦਾਸ ਜੀ ਦੇ ਹਵਾਲੇ ਮਿਲਦੇ ਹਨ। ਰਵਿਦਾਸ ਜੀ ਨੇ ਪਹਿਲਾਂ ਪ੍ਰਚਲਿਤ ਧਾਰਮਿਕ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਨੇ ਇੱਕ ਪਰਮਾਤਮਾ ਦੀ ਹੀ ਬੰਦਗੀ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸਾਰੇ ਧਰਮ-ਗ੍ਰੰਥਾਂ ਨੂੰ ਗੈਰ-ਪ੍ਰਸੰਗਿਕ ਸਮਝਕੇ ਰੱਦ ਕਰ ਦਿੱਤਾ। ਭਗਤ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਜੜ੍ਹ ਜਾਤ-ਪ੍ਰਥਾ ਉੱਪਰ ਜ਼ੋਰਦਾਰ ਹਮਲਾ ਕੀਤਾ। ਭਗਤ ਜੀ ਚਮਾਰ ਜਾਤੀ ਨਾਲ ਸੰਬੰਧਿਤ ਸਨ। ਅਛੂਤਾਂ ਦੀ ਦਸ਼ਾ, ਸ਼ੂਦਰਾਂ ਤੋਂ ਵੀ ਬਦਤਰ ਸੀ। ਪਰ ਰਵਿਦਾਸ ਜੀ ਨੂੰ ਆਪਣੇ ਅਛੂਤ ਹੋਣ ’ਤੇ ਕੋਈ ਅਫਸੋਸ ਨਹੀਂ ਸੀ ਅਤੇ ਨਾ ਹੀ ਹੀਣ-ਭਾਵਨਾ ਸੀ। ਉਹਨਾਂ ਅਨੁਸਾਰ ਜਨਮ ਲੈਣਾ ਕਿਸੇ ਦੇ ਆਪਣੇ ਵੱਸ ਵਿੱਚ ਨਹੀਂ ਤਾਂ ਫਿਰ ਨੀਵੀਂ ਜਾਤ ਵਿੱਚ ਪੈਦਾ ਹੋਣ ਲਈ ਦਿਲ ਕਿਉਂ ਛੋਟਾ ਕੀਤਾ ਜਾਵੇ? ਕਿਰਤ ਜੇਕਰ ਨੇਕ ਹੋਵੇ ਜਾਂ ਕਿਰਤ ਕੋਈ ਵੀ ਹੋਵੇ; ਇਸ ਤੋਂ ਹੀਣ-ਭਾਵਨਾ ਨਹੀਂ ਆਉਣੀ ਚਾਹੀਦੀ। ਕੋਈ ਵੀ ਕੰਮ ਵੱਡਾ-ਛੋਟਾ ਨਹੀਂ ਹੁੰਦਾ, ਕੰਮ ਠੀਕ ਜਾਂ ਗਲਤ ਹੁੰਦਾ ਹੈ, ਜੋ ਕਿ ਮਨੁੱਖ ਦੀ ਇਮਾਨਦਾਰੀ ਉੱਪਰ ਨਿਰਭਰ ਕਰਦਾ ਹੈ। ਭਗਤ ਜੀ ਮ੍ਰਿਤਕ ਪਸ਼ੂ ਅਤੇ ਪਿੰਜਰ ਢੋਣ ਦਾ ਕੰਮ ਕਰਦੇ ਸਨ। ਭਗਤ ਰਵਿਦਾਸ ਜੀ ਨੇ ਹਿੰਦੂਆਂ ਦੀ ਜਾਤ-ਪ੍ਰਥਾ ਨੂੰ ਨਹੀਂ ਮੰਨਿਆ। ਉਨ੍ਹਾਂ ਦਾ ਵਿਚਾਰ ਹੈ ਕਿ ਪਰਮਾਤਮਾ ਲਈ ਇਸ ਫਜ਼ੂਲ ਦੀ ਪ੍ਰਥਾ ਦਾ ਕੋਈ ਥਾਂ ਨਹੀਂ। ਰਵਿਦਾਸ ਜੀ ਨੇ ਕਥਿਤ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਝੰਜੋੜਿਆ ਅਤੇ ਸਮਝਾਇਆ ਕਿ ਛੋਟੀ ਜਾਤ ਵਾਲੇ ਬਾਲਮੀਕ ਜੀ, ਰਾਮ ਜੀ ਦੀ ਭਗਤੀ ਕਾਰਣ; ਚੰਡਾਲ, ਕ੍ਰਿਸ਼ਨ ਨਾਲ ਪ੍ਰੇਮ ਕਰਕੇ ਅਤੇ ਅਜਾਮਲ ਆਦਿ ਹਰੀ ਦੀ ਸ਼ਰਨ ਵਿੱਚ ਜਾਣ ਕਰਕੇ, ਪ੍ਰਭੂ ਦੇ ਦਰਬਾਰ ਵਿੱਚ ਸਵੀਕਾਰ ਹੋ ਸਕਦੇ ਹਨ ਤਾਂ ਤੁਸੀਂ ਕਿਉਂ ਪ੍ਰਵਾਨ ਨਹੀਂ ਹੋਵੋਗੇ!
ਰਵਿਦਾਸ ਜੀ ਦੇ ਇਨ੍ਹਾਂ ਵਿਚਾਰਾਂ ਨੇ ਹੇਠਲੀਆਂ ਸ਼੍ਰੇਣੀਆਂ ਦੇ ਲੋਕਾਂ ਵਿੱਚ ਮੁਕਤ ਹੋਣ ਦੀ ਇੱਛਾ ਨੂੰ ਪ੍ਰਚੰਡ ਕੀਤਾ। ਇਨ੍ਹਾਂ ਬਚਨਾਂ ਨੇ ਜਿੱਥੇ ਉੱਚੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਮਾਨਵਤਾ ਦਾ ਪਾਠ ਪੜ੍ਹਾਇਆ, ਉੱਥੇ ਦਲਿਤ ਸ਼੍ਰੇਣੀਆਂ ਨੂੰ ਵੀ ‘ਕੁਝ ਕਰਨ’ ਦੀ ਪ੍ਰੇਰਨਾ ਦਿੱਤੀ। ਇਸ ਸਿੱਖਿਆ ਨਾਲ ਇਨ੍ਹਾਂ ਵਰਗਾਂ ਵਿੱਚੋਂ ਹੀਣ-ਭਾਵਨਾ ਖਤਮ ਹੋਣ ਲੱਗੀ ਤੇ ਉਨ੍ਹਾਂ ਨੂੰ ਸਮਾਜਿਕ-ਮੁਕਤੀ ਦੀ ਚੇਤਨਾ ਮਿਲੀ। ਰਵਿਦਾਸ ਜੀ ਇਹ ਵੀ ਦੱਸਦੇ ਹਨ ਕਿ ਉਹਨਾਂ ਦੀ ਪ੍ਰਸੰਨਤਾ ਕਿਸ ਵਿੱਚ ਹੈ? ਉਹਨਾਂ ਨੇ ਇੱਕ ਹੋਰ ਰਚਨਾ ਵਿੱਚ ਦੱਸਿਆ ਹੈ,
ਅਜਿਹਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ।
ਅੱਜ ਲੋੜ ਹੈ ਕਿ ਜਾਤ ਪਾਤ ਤੋਂ ਸਤਾਏ ਲੋਕ ਹੀਣ ਭਾਵਨਾ ਤਿਆਗ ਕੇ ਬੇਗ਼ਮਪੁਰਾ ਸੰਕਲਪ ਨੂੰ ਮਨ ਵਿੱਚ ਵਸਾ ਕੇ ਇਸਦੇ ਅਨੁਸਾਰੀ ਸਮਾਨਤਾ, ਸੁਤੰਤਰਤਾ ਅਤੇ ਸਮੁੱਚੇ ਸਮਾਜ ਦੀ ਭਾਈਚਾਰਕ ਸਾਂਝ ਆਧਾਰਿਤ ਸਮਾਜਿਕ ਰਾਜਨੀਤਕ ਮਾਡਲ ਦੀ ਸਿਰਜਣਾ ਲਈ ਅੱਗੇ ਵਧਣ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































