MohdADhaliwal7ਅੱਜ ਸਹੂਲਤਾਂ ਬੇਸ਼ੁਮਾਰ ਹਨ, ਪਰ ਉਹ ਬਚਪਨ ਵਾਲੀ ਪਤੰਗ, ਉਹ ਡੋਰ ਅਤੇ ...
(17 ਸਤੰਬਰ 2026)


ਇਹ ਗੱਲ ਉਨ੍ਹਾਂ ਦਿਨਾਂ ਦੀ ਹੈ
, ਜਦੋਂ ਅਸੀਂ ਹਾਲੇ ਪੰਜਵੀਂ-ਛੇਵੀਂ ਜਮਾਤ ਦੇ ਵਿਦਿਆਰਥੀ ਸਾਂ। ਮੈਂ ਦਸਵੀਂ ਤਕ ਦੀ ਪੜ੍ਹਾਈ ਸ਼ਹਿਰ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਇਸਲਾਮੀਆ ਹਾਈ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ) ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਿਨਾਂ ਵਿੱਚ ਮਲੇਰਕੋਟਲੇ ਦੇ ਵਧੇਰੇ ਮੁਸਲਿਮ ਭਾਈਚਾਰੇ ਦੇ ਬੱਚੇ ਇਸੇ ਸਕੂਲ ਵਿੱਚ ਪੜ੍ਹਿਆ ਕਰਦੇ ਸਨ। ਉਦੋਂ ਸ਼ਹਿਰ ਵਿੱਚ ਅੱਜ-ਕੱਲ੍ਹ ਵਾਂਗ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਨਹੀਂ ਸੀ। ਇੰਝ ਕਹਿ ਲਓ ਕਿ ਅੱਜ ਜਿਹੜੀ ਬੱਚਿਆਂ ਨੂੰ ਮਹਿੰਗੇ ਜਾਂ ਮਾਡਲ ਸਕੂਲਾਂ ਵਿੱਚ ਪੜ੍ਹਾਉਣ ਦੀ ਹੋੜ ਦਿਖਾਈ ਦਿੰਦੀ ਹੈ, ਉਸ ਵੇਲੇ ਉਸਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਜੀਵਨ ਦੀ ਰਫਤਾਰ ਵੀ ਅੱਜ ਦੇ ਮੁਕਾਬਲੇ ਬਹੁਤ ਹੌਲੀ ਸੀ ਅਤੇ ਬੱਚਿਆਂ ਦੀ ਦੁਨੀਆ ਵੀ ਬੜੀ ਸਾਦੀ ਅਤੇ ਮਾਸੂਮ ਹੋਇਆ ਕਰਦੀ ਸੀ।

ਸਰਦੀਆਂ ਦੇ ਦਿਨਾਂ ਵਿੱਚ ਸਕੂਲੋਂ ਚਾਰ ਵਜੇ ਛੁੱਟੀ ਹੋਇਆ ਕਰਦੀ ਸੀ। ਐਤਵਾਰ ਵਾਲੇ ਦਿਨ ਸਾਨੂੰ ਸਕੂਲੋਂ ਡੇਢ ਘੰਟਾ ਪਹਿਲਾਂ ਛੁੱਟੀ ਮਿਲ ਜਾਂਦੀ ਸੀ, ਜਦਕਿ ਉਨ੍ਹੀਂ ਦਿਨੀਂ ਸ਼ੁੱਕਰਵਾਰ ਦੀ ਪੂਰੀ ਛੁੱਟੀ ਹੋਇਆ ਕਰਦੀ ਸੀ। ਉਨ੍ਹਾਂ ਦਿਨਾਂ ਵਿੱਚ ਬੱਚਿਆਂ ਦੇ ਸ਼ੌਕ ਵੀ ਅਵੱਲੇ ਹੀ ਹੁੰਦੇ ਸਨ। ਕਿਸੇ ਨੂੰ ਪਤੰਗ ਉਡਾਉਣ ਦਾ ਸ਼ੌਕ ਹੁੰਦਾ, ਕੋਈ ਕੱਚ ਦੇ ਬੰਟੇ ਜਾਂ ਅਖਰੋਟ ਖੇਡਦਾ, ਕੋਈ ਗਲੀਆਂ-ਮੁਹੱਲਿਆਂ ਵਿੱਚ ਸਾਈਕਲ ਚਲਾਉਂਦਾ। ਪਿੱਠੂ, ਗਰਮਾ-ਗਰਮ, ਅੰਨਾ ਝੋਟਾ, ਲੁਕਣ-ਮਿਚੌਣੀ, ਪਟ-ਪਟ ਪਟੀਲੀਓ, ਗੁੱਲੀ-ਡੰਡਾ ਆਦਿ ਖੇਡਾਂ ਬੱਚਿਆਂ ਵਿੱਚ ਬੜੀਆਂ ਹਰਮਨਪਿਆਰੀਆਂ ਸਨ। ਪਰ ਪਤੰਗ ਉਡਾਉਣ ਦਾ ਸ਼ੌਕ ਤਾਂ ਬੱਚਿਆਂ ਵਿੱਚ ਜਿਵੇਂ ਇੱਕ ਜਨੂੰਨ ਦੀ ਹੱਦ ਤਕ ਹੁੰਦਾ ਸੀ।

ਉਸ ਸਮੇਂ ਅੱਜ-ਕੱਲ੍ਹ ਵਾਂਗ ਚਾਇਨਾ ਡੋਰ ਦਾ ਕੋਈ ਵਰਤੋਂ ਨਹੀਂ ਸੀ। ਪਤੰਗ ਉਡਾਉਣ ਦੇ ਸ਼ੌਕੀਨ ਅਕਸਰ ਆਪ ਹੀ ਮਾਂਝਾ ਲਾ ਕੇ ਡੋਰ ਤਿਆਰ ਕਰਦੇ ਸਨ। ਮੈਨੂੰ ਯਾਦ ਹੈ ਕਿ ਅਸੀਂ ਖੁਦ ‘ਮੁਰਗਾ ਮਾਰਕਾ’ ਜਾਂ ‘ਰੇਲ ਦੇ ਇੰਜਣ ਮਾਰਕਾ’ ਪੱਕੇ ਧਾਗੇ ਦੀਆਂ ਰੀਲਾਂ ਲਿਆਇਆ ਕਰਦੇ ਸਾਂ, ਜੋ ਦੋ, ਤਿੰਨ ਜਾਂ ਪੰਜ ਰੁਪਏ ਦੀ ਮਿਲ ਜਾਂਦੀ ਸੀ। ਇਹ ਧਾਗੇ ਦੀਆਂ ਰੀਲਾਂ ਉਸ ਸਮੇਂ ਸ਼ਹਿਰ ਦੇ ਕੈਲੋਂ ਗੇਟ ਦੀਆਂ ਅੰਦਰੂਨੀ ਦੁਕਾਨਾਂ ਤੋਂ ਮਿਲਦੀਆਂ ਸਨ। ਉਨ੍ਹਾਂ ਦੁਕਾਨਾਂ ਤੋਂ ਡੋਰ ਬਣਾਉਣ ਅਤੇ ਮਾਂਝਾ ਲਾਉਣ ਵਾਲਾ ਹੋਰ ਸਾਮਾਨ ਵੀ ਮਿਲ ਜਾਂਦਾ ਸੀ। ਰੀਲ ਦੇ ਨਾਲ ਮਾਂਝਾ ਲਾਉਣ ਲਈ ‘ਸੁਰੇਸ਼’ ਦੀਆਂ ਟਿੱਕੀਆਂ ਵੀ ਲਿਆਉਂਦੇ, ਜੋ ਦੇਖਣ ਵਿੱਚ ਆਮ ਪਾਪੜ ਜਾਂ ਅੰਬਾਂ ਦੇ ਪਾਪੜ ਵਰਗੀਆਂ ਹੁੰਦੀਆਂ ਸਨ।

ਸਾਰਾ ਸਾਮਾਨ ਖਰੀਦਣ ਤੋਂ ਬਾਅਦ ਕੱਚ ਦੀਆਂ ਬੋਤਲਾਂ ਜਾਂ ਪੁਰਾਣੀਆਂ ਫਿਊਜ਼ ਟਿਊਬਾਂ ਭੰਨ ਕੇ ਉਨ੍ਹਾਂ ਦੇ ਕੱਚ ਨੂੰ ਪੱਥਰ ਦੀ ਕੁੰਡੀ ਜਾਂ ਖਰਲ ਵਿੱਚ ਪੀਸ ਕੇ ਮੈਦੇ ਵਾਂਗ ਬਰੀਕ ਕਰ ਲੈਂਦੇ। ਫਿਰ ਕੋਈ ਇੱਕ ਕਿੱਲੋ ਜਾਂ ਅੱਧਾ ਕਿੱਲੋ ਘਿਉ ਵਾਲਾ ਖਾਲੀ ਟੀਨ ਦਾ ਡੱਬਾ ਲੱਭਦੇ। ਇਸ ਤੋਂ ਬਾਅਦ ਮਾਂਝਾ ਲਾਉਣ ਵਾਲਾ ਸਾਰਾ ਸਾਮਾਨ ਇਕੱਠਾ ਕਰਕੇ ਕਿਸੇ ਛੁੱਟੀ ਵਾਲੇ ਦਿਨ ਰੇਲਵੇ ਲਾਈਨ ਕੋਲ ਪਹੁੰਚ ਜਾਂਦੇ। ਉੱਥੇ ਦੋ ਇੱਟਾਂ ਰੱਖ ਕੇ ਚੁੱਲ੍ਹਾ ਬਣਾਉਂਦੇ, ਅੱਗ ਬਾਲਦੇ ਅਤੇ ਟੀਨ ਦੇ ਡੱਬੇ ਵਿੱਚ ਪਾਣੀ ਤੇ ਸੁਰੇਸ਼ ਪਾ ਕੇ ਉਸ ਨੂੰ ਅੱਗ ਉੱਪਰ ਧਰ ਦਿੰਦੇ।

ਜਦੋਂ ਸੁਰੇਸ਼ ਪਿਘਲ ਕੇ ਪਾਣੀ ਵਰਗਾ ਹੋ ਜਾਂਦਾ ਤਾਂ ਉਸ ਵਿੱਚ ਪੀਸਿਆ ਹੋਇਆ ਕੱਚ ਪਾ ਦਿੰਦੇ। ਫਿਰ ਉਸ ਨੂੰ ਅੱਗ ਉੱਪਰ ਸੇਕ ਦਿੰਦੇ ਅਤੇ ਕਿਸੇ ਡੱਕੇ ਨਾਲ ਖੂਬ ਹਿਲਾਉਂਦੇ। ਬੱਚਿਆਂ ਦੀ ਆਪਣੀ ਹੀ ਇੱਕ ‘ਵਿਗਿਆਨਕ ਖੋਜ’ ਸੀ!

ਉਸ ਸਮੇਂ ਬੱਚਿਆਂ ਵਿੱਚ ਇਹ ਵੀ ਇੱਕ ਦੰਦ-ਕਥਾ ਮਸ਼ਹੂਰ ਸੀ ਕਿ ਜੇ ਮਾਂਝਾ ਲਾਉਣ ਵਾਲੇ ਘੋਲ ਵਿੱਚ ਇੱਲ (ਚੀਲ) ਦਾ ਆਂਡਾਂ ਪਾ ਦਿੱਤਾ ਜਾਵੇ ਤਾਂ ਡੋਰ ਬਹੁਤ ਜ਼ਿਆਦਾ ਤਿੱਖੀ ਹੋ ਜਾਂਦੀ ਹੈ ਅਤੇ ਦੂਜਿਆਂ ਦੀਆਂ ਪਤੰਗਾਂ ਨੂੰ ਗਾਜਰ-ਮੂਲੀ ਵਾਂਗ ਕੱਟ ਕੇ ਰੱਖ ਦਿੰਦੀ ਹੈ। ਪਰ ਇੱਲ ਦੇ ਆਲ੍ਹਣੇ ਵਿੱਚੋਂ ਆਂਡਾਂ ਲਿਆਉਣਾ ਵੀ ਸ਼ੇਰ ਦੇ ਮੂੰਹ ਵਿੱਚੋਂ ਬੋਟੀ ਕੱਢਣ ਵਰਗਾ ਕੰਮ ਸੀ। ਸੋ ਅਕਸਰ ਮੁਰਗੀ ਦਾ ਆਂਡਾਂ ਪਾ ਕੇ ਹੀ ਆਪਣੇ ਮਨ ਨੂੰ ਪਰਚਾ ਲੈਂਦੇ ਸਾਂ ਕਿ ਹੁਣ ਸਾਡੀ ਡੋਰ ਵੀ ਕਿਸੇ ਤੋਂ ਘੱਟ ਨਹੀਂ!

ਜਦੋਂ ਮਾਂਝੇ ਦਾ ਘੋਲ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਤਾਂ ਇੱਕ ਕੱਪੜੇ ਦੀ ਲੀਰ ਉਂਗਲਾਂ ਅਤੇ ਅੰਗੂਠੇ ਉੱਤੇ ਲਪੇਟ ਕੇ ਟਾਹਲੀਆਂ ਦੇ ਆਲੇ-ਦੁਆਲੇ ਮਾਂਝਾ ਲਾਉਂਦੇ। ਡੋਰ ਸੁੱਕ ਜਾਣ ਤੋਂ ਬਾਅਦ ਕਾਗਜ਼ ਦੀ ਇੱਕ ਛੋਟੀ ਜਿਹੀ ਗੇਂਦ ਬਣਾ ਕੇ ਸੁੱਕੀ ਡੋਰ ਨੂੰ ਉਸ ਉੱਤੇ ਲਪੇਟ ਕੇ ਪਿੰਨਾ ਤਿਆਰ ਕਰ ਲੈਂਦੇ ਜਾਂ ਫਿਰ ਕਿਸੇ ਪੁਰਾਣੀ ਚਰਖੜੀ ਉੱਤੇ ਲਪੇਟ ਲੈਂਦੇ। ਉਸ ਸਮੇਂ ਪੱਚੀ ਪੈਸੇ ਦੀ ਛੋਟੀ ਪਤੰਗ, ਪੰਜਾਹ ਪੈਸੇ ਦੀ ਵੱਡੀ ਦੋ-ਅੱਖਲ ਪਤੰਗ ਅਤੇ ਇੱਕ ਰੁਪਏ ਦਾ ਵੱਡਾ ਪਤੰਗ- ਜਿਸ ਨੂੰ ਛੱਜ ਜਾਂ ਪਰੀ ਵੀ ਕਿਹਾ ਜਾਂਦਾ ਸੀ, ਮਿਲ ਜਾਂਦਾ ਸੀ।

ਉਨ੍ਹਾਂ ਦਿਨਾਂ ਵਿੱਚ ਘਰਾਂ ਦੀਆਂ ਛੱਤਾਂ ਉੱਤੇ ਲੱਗੇ ਟੈਲੀਵਿਜ਼ਨ ਦੇ ਐਂਟੀਨੇ ਪਤੰਗਾਂ ਦੇ ਜਾਨੀ ਦੁਸ਼ਮਣ ਹੋਇਆ ਕਰਦੇ ਸਨ। ਅਕਸਰ ਪਤੰਗ ਉਡਾਉਂਦੇ ਸਮੇਂ ਡੋਰ ਐਂਟੀਨੇ ਵਿੱਚ ਫਸ ਜਾਂਦੀ। ਫਿਰ ਉਸ ਨੂੰ ਕੱਢਣ ਲਈ ਲੰਬੇ-ਲੰਬੇ ਲਾਂਗੜ ਪਾ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਕਈ ਵਾਰ ਕਿਸੇ ਨਾਲ ਪੇਚਾ ਪਾਉਂਦਿਆਂ ਪਤੰਗ ਕੱਟ ਜਾਂਦੀ। ਜੇਬ ਵਿੱਚ ਨਵੀਂ ਪਤੰਗ ਖਰੀਦਣ ਲਈ ਪੈਸੇ ਨਾ ਹੁੰਦੇ ਤਾਂ ਪੋਲੀਥੀਨ ਦੇ ਲਿਫਾਫੇ ਅਤੇ ਝਾੜੂ ਦੀਆਂ ਤੀਲੀਆਂ ਦੀ ਮਦਦ ਨਾਲ ਪਤੰਗ ਤਿਆਰ ਕਰ ਲੈਂਦੇ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਪਤੰਗਾਂ ਵੀ ਕਈ ਵਾਰ ਬੜੀਆਂ ਸੋਹਣੀਆਂ ਉਡਦੀਆਂ ਸਨ।

ਤੇ ਕਿਸੇ ਦੀ ਕੱਟੀ ਹੋਈ ਪਤੰਗ ਦੀ ਡੋਰ ਲੁੱਟਣ ਦਾ ਤਾਂ ਆਪਣਾ ਹੀ ਲੁਤਫ ਹੁੰਦਾ ਸੀ। ਕੱਟੀ ਹੋਈ ਪਤੰਗ ਲੁੱਟਣਾ ਸਾਡੇ ਲਈ ਕਿਸੇ ਮੈਦਾਨ-ਏ-ਜੰਗ ਨੂੰ ਫਤਹਿ ਕਰਨ ਤੋਂ ਘੱਟ ਨਹੀਂ ਸੀ। ਜਦੋਂ ਕਿਤੇ ਅਸਮਾਨ ਵਿੱਚ ਕੱਟੀ ਹੋਈ ਪਤੰਗ ਲਹਿਰਾਉਂਦੀ ਦਿਖਾਈ ਦਿੰਦੀ ਤਾਂ ਮੁਹੱਲੇ ਦੇ ਬੱਚੇ ਉਸਦੇ ਪਿੱਛੇ ਇੰਝ ਦੌੜਦੇ ਜਿਵੇਂ ਕੋਈ ਬੇਹੱਦ ਕੀਮਤੀ ਖਜ਼ਾਨਾ ਹੱਥ ਲੱਗਣ ਵਾਲਾ ਹੋਵੇ।

ਅੱਜ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਲਗਦਾ ਹੈ ਕਿ ਉਹ ਪਤੰਗ ਸਿਰਫ ਕਾਗਜ਼ ਅਤੇ ਬਾਂਸ ਦੀਆਂ ਤੀਲੀਆਂ ਨਾਲ ਬਣੀਆਂ ਚੀਜ਼ਾਂ ਨਹੀਂ ਸਨ, ਸਗੋਂ ਉਹ ਸਾਡੇ ਬਚਪਨ ਦੀਆਂ ਖੁਸ਼ੀਆਂ, ਸਾਡੀਆਂ ਉਮੀਦਾਂ ਅਤੇ ਸਾਡੀ ਮਾਸੂਮ ਦੁਨੀਆ ਦੀਆਂ ਪ੍ਰਤੀਕ ਸਨ।

ਜੀਵਨ ਦੀ ਰਫਤਾਰ ਉਨ੍ਹਾਂ ਦਿਨਾਂ ਵਿੱਚ ਅੱਜ-ਕੱਲ੍ਹ ਜਿੰਨੀ ਤੇਜ਼ ਨਹੀਂ ਸੀ, ਨਾ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਹੁੰਦੇ ਸਨ ਅਤੇ ਨਾ ਹੀ ਮੋਬਾਇਲ ਕੀ ਚੀਜ਼ ਹੈ, ਇਸਦਾ ਕਿਸੇ ਨੂੰ ਪਤਾ ਸੀ। ਇੰਟਰਨੈੱਟ, ਫੇਸਬੁੱਕ, ਵਟਸਐਪ, ਯੂ-ਟਿਊਬ, ਇੰਸਟਾਗ੍ਰਾਮ ਅਤੇ ਗੂਗਲ ਆਦਿ ਕਿਸ ਚਿੜੀ ਦੇ ਨਾਮ ਹਨ, ਇਹ ਤਾਂ ਵੱਡਿਆਂ ਨੂੰ ਵੀ ਨਹੀਂ ਪਤਾ ਸੀ।

ਲੈ ਦੇ ਕੇ ਪੂਰੇ ਮੁਹੱਲੇ ਵਿੱਚ ਕਿਸੇ ਇੱਕ-ਦੋ ਘਰਾਂ ਵਿੱਚ ਹੀ ਲੈਂਡਲਾਈਨ ਟੈਲੀਫੋਨ ਹੋਇਆ ਕਰਦਾ ਸੀ। ਸਾਰੇ ਮੁਹੱਲੇ ਦੇ ਲੋਕ ਆਪਣੇ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਉਹੀ ਨੰਬਰ ਦੇ ਕੇ ਰੱਖਦੇ ਸਨ ਤਾਂ ਜੋ ਕਿਸੇ ਐਮਰਜੈਂਸੀ ਦੀ ਸੂਰਤ ਵਿੱਚ ਸੁਨੇਹਾ ਮਿਲ ਸਕੇ।

ਜੇ ਕਿਸੇ ਨੇ ਬਾਹਰਲੇ ਸ਼ਹਿਰ ਵਿੱਚ ਫੋਨ ਕਰਨਾ ਹੁੰਦਾ ਤਾਂ ਪਹਿਲਾਂ ਸਥਾਨਕ ਟੈਲੀਫੋਨ ਐਕਸਚੇਂਜ ਵਿੱਚ ਕਾਲ ਬੁੱਕ ਕਰਵਾਉਣੀ ਪੈਂਦੀ। ਫਿਰ ਕੁਝ ਸਮਾਂ ਬੀਤਣ ਤੋਂ ਬਾਅਦ ਟੈਲੀਫੋਨ ਐਕਸਚੇਂਜ ਵੱਲੋਂ ਉਸ ਘਰ ਵਿੱਚ ਬੈਕ ਕਾਲ ਆਉਂਦੀ ਅਤੇ ਦੱਸਿਆ ਜਾਂਦਾ ਕਿ ਤੁਹਾਡੀ ਕਾਲ ਮਿਲ ਗਈ ਹੈ, ਤੁਸੀਂ ਗੱਲ ਕਰ ਸਕਦੇ ਹੋ। ਅੱਜ ਦੀ ਤਰ੍ਹਾਂ ਹਰ ਹੱਥ ਵਿੱਚ ਮੋਬਾਇਲ ਨਹੀਂ ਸੀ, ਪਰ ਫਿਰ ਵੀ ਲੋਕ ਇੱਕ-ਦੂਜੇ ਦੇ ਕਾਫੀ ਨੇੜੇ ਸਨ।

ਮਨੋਰੰਜਨ ਦੇ ਸਾਧਨ ਵੀ ਬਹੁਤ ਸੀਮਿਤ ਸਨ। ਰੇਡੀਓ ਅਤੇ ਟੀਵੀ ਹੀ ਮੁੱਖ ਸਾਧਨ ਹੋਇਆ ਕਰਦੇ ਸਨ। ‘ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ’ ਤੋਂ ਪ੍ਰਸਾਰਿਤ ਹੋਣ ਵਾਲੇ ਤਬਸਰੇ, ਗੀਤਾਂ ਦੇ ਪ੍ਰੋਗਰਾਮ, ‘ਆਪ ਕੀ ਫਰਮਾਇਸ਼’, ‘ਤਾਅਮੀਲ-ਏ-ਇਰਸ਼ਾਦ’ ਅਤੇ ‘ਆਓ ਬੱਚੋ’ ਵਰਗੇ ਪ੍ਰੋਗਰਾਮ ਕੰਨਾਂ ਵਿੱਚ ਰਸ ਘੋਲਦੇ ਪ੍ਰਤੀਤ ਹੁੰਦੇ ਸਨ।

ਇਸੇ ਤਰ੍ਹਾਂ ਟੀਵੀ ਉੱਤੇ ਹਫਤੇ ਵਿੱਚ ਇੱਕ ਫਿਲਮ ਆਇਆ ਕਰਦੀ ਸੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ ਅੱਧਾ ਘੰਟਾ ਮਸ਼ਹੂਰੀਆਂ ਚਲਦੀਆਂ ਅਤੇ ਸਾਰੇ ਮੁਹੱਲੇ ਦੇ ਬੱਚੇ ਉਸ ਘਰ ਵਿੱਚ ਪਹੁੰਚ ਜਾਂਦੇ, ਜਿਸ ਘਰ ਟੀਵੀ ਹੁੰਦਾ ਸੀ। ਫਿਲਮ ਦੇ ਵਿਚਕਾਰ ਖਬਰਾਂ ਪ੍ਰਸਾਰਿਤ ਹੋਇਆ ਕਰਦੀਆਂ ਸਨ।

ਅੱਜ-ਕੱਲ੍ਹ ਵਾਂਗ ਨਿਊਜ਼ ਚੈਨਲਾਂ ਦੀ ਭਰਮਾਰ ਨਹੀਂ ਸੀ, ਨਾ ਹੀ ਅੱਜ ਦੇ ਕਈ ਟੀਵੀ ਐਂਕਰਾਂ ਵਾਂਗ ਚੀਖ-ਚਿਹਾੜਾ ਹੁੰਦਾ ਸੀ। ਉਸ ਸਮੇਂ ਪੱਤਰਕਾਰੀ ਵਿੱਚ ਸਵਾਲ ਪੁੱਛਣ ਦੀ ਇੱਕ ਰਵਾਇਤ ਸੀ। ਐਂਕਰ ਅਤੇ ਪੱਤਰਕਾਰ ਸਰਕਾਰ ਦੇ ਨੁਮਾਇੰਦਿਆਂ ਕੋਲੋਂ ਵੀ ਸਵਾਲ ਪੁੱਛਦੇ ਸਨ। ਖਬਰਾਂ ਨੂੰ ਵਧੇਰੇ ਤੱਥਾਂ, ਸੰਤੁਲਨ ਅਤੇ ਗੰਭੀਰਤਾ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅਤੇ ਬਹਿਸਾਂ ਵੀ ਅਕਸਰ ਹਕੀਕੀ ਮੁੱਦਿਆਂ ਦੇ ਆਲੇ-ਦੁਆਲੇ ਕੇਂਦਰਿਤ ਹੁੰਦੀਆਂ ਸਨ।

ਅੱਜ ਜਦੋਂ ਕਦੇ ਬਚਪਨ ਦੇ ਉਹ ਦਿਨ ਯਾਦ ਆਉਂਦੇ ਹਨ ਤਾਂ ਪਤੰਗ ਦੀ ਉਹ ਡੋਰ, ਕੱਚ ਦਾ ਉਹ ਮਾਂਝਾ, ਕੈਲੋਂ ਗੇਟ ਦੀਆਂ ਦੁਕਾਨਾਂ, ਰੇਲਵੇ ਲਾਈਨ ਕੋਲ ਬਣਿਆ ਉਹ ਨਿੱਕਾ ਜਿਹਾ ਚੁੱਲ੍ਹਾ, ਕੱਟੀ ਹੋਈ ਪਤੰਗ ਦੇ ਪਿੱਛੇ ਦੌੜਦੇ ਬੱਚੇ ਅਤੇ ਮੁਹੱਲੇ ਦੀਆਂ ਉਹ ਸਾਂਝੀਆਂ ਖੁਸ਼ੀਆਂ - ਸਭ ਕੁਝ ਅੱਖਾਂ ਸਾਹਮਣੇ ਘੁੰਮਣ ਲਗਦਾ ਹੈ।

ਬੇਸ਼ਕ ਉਨ੍ਹਾਂ ਦਿਨਾਂ ਵਿੱਚ ਅੱਜ ਜਿੰਨੀਆਂ ਸਹੂਲਤਾਂ ਨਹੀਂ ਸਨ, ਨਾ ਇੰਨੀ ਤਕਨੀਕ ਸੀ ਅਤੇ ਨਾ ਹੀ ਜੀਵਨ ਦੀ ਇਹ ਅੰਨ੍ਹੀ ਦੌੜ; ਪਰ ਇਸਦੇ ਬਾਵਜੂਦ ਲੋਕਾਂ ਕੋਲ ਇੱਕ-ਦੂਜੇ ਲਈ ਸਮਾਂ ਸੀ, ਬੱਚਿਆਂ ਕੋਲ ਖੇਡਣ ਲਈ ਗਲੀਆਂ ਸਨ ਅਤੇ ਪਰਿਵਾਰਾਂ ਕੋਲ ਬੈਠ ਕੇ ਗੱਲਾਂ ਕਰਨ ਲਈ ਸਮਾਂ ਸੀ।

ਸ਼ਾਇਦ ਇਸੇ ਕਰਕੇ ਉਹ ਦਿਨ ਸਹੂਲਤਾਂ ਦੇ ਪੱਖੋਂ ਭਾਵੇਂ ਸਾਦੇ ਸਨ, ਪਰ ਖੁਸ਼ੀਆਂ, ਸਾਂਝ ਅਤੇ ਸਕੂਨ ਦੇ ਪੱਖੋਂ ਬੜੇ ਅਮੀਰ ਸਨ। ਅੱਜ ਸਹੂਲਤਾਂ ਬੇਸ਼ੁਮਾਰ ਹਨ, ਪਰ ਉਹ ਬਚਪਨ ਵਾਲੀ ਪਤੰਗ, ਉਹ ਡੋਰ ਅਤੇ ਉਹ ਬੇਫਿਕਰੀ ਸ਼ਾਇਦ ਮੁੜ ਕਦੇ ਨਹੀਂ ਮਿਲਣੀ। ਬੱਸ, ਇੰਝ ਸਮਝ ਲਵੋ ਬੀਤੇ ਸਮੇਂ ਉਕਤ ਯਾਦਾਂ ਜਿਵੇਂ ਅੱਜ ਵੀ ਮਨ ਦੀ ਚਰਖੜੀ ਉੱਤੇ ਲਪੇਟੀਆਂ ਪਈਆਂ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੁਹੰਮਦ ਅੱਬਾਸ ਧਾਲੀਵਾਲ

ਮੁਹੰਮਦ ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author