GoverdhanGabbi7ਇਸ ਸਫਰ ਵਿੱਚ ਮੇਰੇ ਲਈ ਇੱਕ ਹੋਰ ਬਹੁਤ ਭਾਵੁਕ ਪਲ ਉਦੋਂ ਆਇਆ, ਜਦੋਂ ਮੇਰੇ ...12 September 2026 Final
(12 ਸਤੰਬਰ 2026)

 

12 September 2026 Final
ਦੋਸਤੋ
, ਪਿਛਲੇ ਕੁਝ ਸਮੇਂ ਤੋਂ ਆਪਣੇ ਬੱਚਿਆਂ, ਵਾਮਿਕਾ ਗੱਬੀ ਅਤੇ ਹਾਰਦਿਕ (ਪੂਰਨ) ਗੱਬੀ ਬਾਰੇ ਸੋਸ਼ਲ ਮੀਡੀਆ ਉੱਪਰ ਕਾਫੀ ਗੱਲਬਾਤ ਹੋ ਰਹੀ ਹੈਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਦੋਵੇਂ ਕੌਣ ਹਨ, ਕਿੱਥੋਂ ਆਏ ਹਨ, ਇਨ੍ਹਾਂ ਦਾ ਪਰਿਵਾਰਿਕ ਪਿਛੋਕੜ ਕੀ ਹੈ ਤੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਇਨ੍ਹਾਂ ਦੀ ਚਰਚਾ ਹਰ ਪਾਸੇ ਕਿਉਂ ਹੋ ਰਹੀ ਹੈ?

ਅਸਲ ਵਿੱਚ ਆਪਣੀ ਧੀ ਵਾਮਿਕਾ ਗੱਬੀ ਦੀ ਤਮਿਲ ਭਾਸ਼ਾ (ਹਿੰਦੀ ਡੱਬਡ) ਫਿਲਮ ਡੀ. ਸੀ.ਬੀਤੀ ਸੱਤ ਅਗਸਤ ਨੂੰ ਰਿਲੀਜ਼ ਹੋਈ ਤੇ ਬਲੌਕ ਬਸਟਰ ਰਹੀ ਹੈ ਤੇ ਆਪਣੇ ਪੁੱਤਰ ਹਾਰਦਿਕ ਗੱਬੀ ਉਰਫ ਪੂਰਨ ਗੱਬੀ ਦੀ ਫਿਲਮ ਆਵਾਰਾਪਨ 2ਚੌਦਾਂ ਅਗਸਤ ਨੂੰ ਰਿਲੀਜ਼ ਹੋਈ ਤੇ ਸੁਪਰ ਹਿੱਟ ਜਾ ਰਹੀ ਹੈ

ਹਰ ਸਫਲਤਾ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਤੇ ਕਈ ਵਾਰ ਉਹ ਕਹਾਣੀ ਉਸ ਬੰਦੇ ਤੋਂ ਵੀ ਬਹੁਤ ਪਿੱਛੇ ਤੋਂ ਸ਼ੁਰੂ ਹੁੰਦੀ ਹੈ, ਜਿਸਦਾ ਨਾਮ ਅੱਜ ਸਫਲਤਾ ਦੇ ਨਾਲ ਲਿਆ ਜਾ ਰਿਹਾ ਹੁੰਦਾ ਹੈ ਆਪਣੀ ਧੀ ਵਾਮਿਕਾ ਗੱਬੀ ਨੂੰ ਫਿਲਮ ਇੰਡਸਟਰੀ ਵਿੱਚ ਆਪਣਾ ਸਫਰ ਸ਼ੁਰੂ ਕੀਤਿਆਂ ਲਗਭਗ ਅਠਾਰਾਂ ਸਾਲ ਹੋ ਚੁੱਕੇ ਹਨ ਤੇ ਆਪਣੇ ਸਪੁੱਤਰ ਪੂਰਨ ਗੱਬੀ ਨੂੰ ਵੀ ਲਗਭਗ ਸੱਤ-ਅੱਠ ਸਾਲ ਹੋ ਗਏ ਹਨਪੂਰਨ, ਵਾਮਿਕਾ ਨਾਲੋਂ ਉਮਰ ਵਿੱਚ ਲਗਭਗ ਤਿੰਨ ਸਾਲ ਛੋਟਾ ਹੈ ਅੱਜ ਜਿਹੜੀ ਸਫਲਤਾ ਦੀ ਪੌੜੀ ਇਹ ਦੋਵੇਂ ਚੜ੍ਹ ਰਹੇ ਹਨ, ਉਹ ਪੌੜੀ ਇੱਕ ਦਿਨ ਵਿੱਚ ਨਹੀਂ ਬਣੀਇਸ ਪੌੜੀ ਦਾ ਹਰ ਡੰਡਾ ਮਿਹਨਤ ਨਾਲ ਬਣਿਆ ਹੈਕਿਸੇ ਡੰਡੇ ਵਿੱਚ ਇੰਤਜ਼ਾਰ ਹੈ, ਕਿਸੇ ਵਿੱਚ ਨਾਕਾਮੀ, ਕਿਸੇ ਵਿੱਚ ਉਮੀਦ, ਕਿਸੇ ਵਿੱਚ ਨਿਰਾਸ਼ਾ ਅਤੇ ਕਿਸੇ ਵਿੱਚ ਉਹ ਜ਼ਿਦ ਕਿ “ਨਹੀਂ, ਅਜੇ ਰੁਕਣਾ ਨਹੀਂ... ਹਾਰ ਨਹੀਂ ਮੰਨਣੀ ਹੈ

ਇਨ੍ਹਾਂ ਦੋਵਾਂ ਦੇ ਆਪਣੇ ਆਪਣੇ ਸੰਘਰਸ਼ ਦੀ ਕਹਾਣੀ ਇੱਕ ਵੱਖਰਾ ਵਿਸ਼ਾ ਹੈਉਹ ਕਦੇ ਫਿਰ ਵਿਸਥਾਰ ਨਾਲ ਲਿਖਾਂਗੇਅੱਜ ਮੈਂ ਉਸ ਕਹਾਣੀ ਦੇ ਉਸ ਸਿਰੇ ਤਕ ਜਾਣਾ ਚਾਹੁੰਦਾ ਹਾਂ ਜਿੱਥੋਂ ਸ਼ਾਇਦ ਇਸ ਸਫਰ ਦਾ ਇੱਕ ਬਹੁਤ ਪੁਰਾਣਾ ਬੀਜ ਸਾਡੇ ਪਰਿਵਾਰ ਦੀ ਮਿੱਟੀ ਵਿੱਚ ਪਿਆ ਹੋਇਆ ਸੀਉਸ ਬੀਜ ਦਾ ਨਾਮ ਸੀ- ਪੂਰਨ ਚੰਦ

ਸਾਡੇ ਲਈ ਉਹ ਸਿਰਫ ਪੂਰਨ ਚੰਦ ਨਹੀਂ ਸਨ, ਉਹ ਸਾਡੇ ਪਿਤਾ ਜੀ ਉਰਫ ਪਾਪਾ ਜੀ ਸਨਉਹ ਸਾਡੇ ਪਰਿਵਾਰ ਦੀ ਇੱਕ ਪੀੜ੍ਹੀ ਸਨ ਤੇ ਮੇਰੇ ਲਈ ਉਹ ਇੱਕ ਅਜਿਹੀ ਕਹਾਣੀ ਹਨ, ਜਿਸ ਨੂੰ ਜਿੰਨਾ ਯਾਦ ਕਰਦਾ ਹਾਂ, ਉੰਨਾ ਹੀ ਲਗਦਾ ਹੈ ਕਿ ਮਨੁੱਖ ਦੀ ਜ਼ਿੰਦਗੀ ਕਿੰਨੀ ਅਜੀਬ ਤਰ੍ਹਾਂ ਆਪਣੇ ਅਗਲੇ ਪੰਨੇ ਲਿਖਦੀ ਰਹਿੰਦੀ ਹੈ

ਪਾਪਾ ਜੀ ਦਾ ਜਨਮ ਇੱਕ ਜੁਲਾਈ 1936 ਵਿੱਚ ਅੱਜ ਦੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਦੇ ਪਿੰਡ ਖੋਲ੍ਹੀ ਵਿੱਚ ਹੋਇਆਜਦੋਂ ਉਹ ਲਗਭਗ ਤੇਰ੍ਹਾਂ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆਉਣਾ ਪਿਆ ਸੀ ਇਹ ਕਹਾਣੀ ਵੀ ਆਮ ਵੰਡ ਦੀਆਂ ਕਹਾਣੀਆਂ ਵਰਗੀ ਸਿੱਧੀ-ਸਾਦੀ ਕਹਾਣੀ ਨਹੀਂ ਹੈਸਾਡਾ ਪਰਿਵਾਰ ਪਾਕਿਸਤਾਨ ਬਣਨ ਤੋਂ ਤੁਰੰਤ ਬਾਅਦ ਇੱਧਰ ਨਹੀਂ ਆਇਆ, ਸਗੋਂ ਲਗਭਗ ਦੋ ਸਾਲ ਬਾਅਦ ਆਇਆਕਿਉਂ ਆਇਆ? ਕਿਵੇਂ ਆਇਆ? ਉਸ ਸਮੇਂ ਕੀ ਕੁਝ ਵਾਪਰਿਆ? ਇਹ ਆਪਣੇ ਆਪ ਵਿੱਚ ਇੰਨੀ ਵੱਡੀ ਕਹਾਣੀ ਹੈ ਕਿ ਉਸ ਲਈ ਮੈਂ ਆਪਣੀ ਕਿਤਾਬ, ਜੋ ਕਿ ਮੇਰੇ ਪਿਤਾ ਜੀ ਦੇ ਜੀਵਨ ਉੱਪਰ ਅਧਾਰਤ ਹੈ, ਪੂਰਨ ਕਥਾਲਿਖੀ ਹੈਇਹ ਕਿਤਾਬ ਪੰਜਾਬੀ ਤ ਤੇ ਹਿੰਦੀ ਵਿੱਚ ਉਪਲਬਧ ਹੈ ਤੇ ਇਸਦਾ ਅੰਗਰੇਜ਼ੀ ਰੂਪ ਪੂਰਨ ਗਾਥਾ: ਏ ਪਾਰਟੀਸ਼ਨ ਸਾਗਾ’ ਦੇ ਨਾਮ ਨਾਲ ਵੀ ਛਪਿਆ ਹੈ

ਅੱਜ ਮੈਂ ਉਸ ਪੂਰੀ ਕਹਾਣੀ ਵਿੱਚ ਨਹੀਂ ਜਾਂਦਾਅੱਜ ਸਿਰਫ ਉਸ ਬੰਦੇ ਦੀ ਗੱਲ ਕਰਨੀ ਹੈ, ਜਿਸਨੇ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਠੋਕਰ ਖਾਧੀ ਪਰ ਹਰ ਵਾਰ ਉੱਠ ਕੇ ਤੁਰਨਾ ਸਿੱਖਿਆਪਾਪਾ ਜੀ 18 ਸਾਲ ਦੀ ਉਮਰ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏਉਹ ਇੱਕ ਫੌਜੀ ਸਨ ਪਰ ਜ਼ਿੰਦਗੀ ਨੇ ਉਨ੍ਹਾਂ ਨੂੰ ਫੌਜ ਦੀ ਨੌਕਰੀ ਵੀ ਪੂਰੀ ਤਰ੍ਹਾਂ ਨਹੀਂ ਕਰਨ ਦਿੱਤੀਅੱਠ ਸਾਲਾਂ ਬਾਅਦ ਹੀ ਸਲਾਨਾ ਛੁੱਟੀ ਦੌਰਾਨ ਇੱਕ ਹਾਦਸਾ ਵਾਪਰਿਆਉਨ੍ਹਾਂ ਦਾ ਖੱਬਾ ਹੱਥ ਕੱਟਿਆ ਗਿਆਨਤੀਜਾ ਇਹ ਨਿਕਲਿਆ ਕਿ ਉਨ੍ਹਾਂ ਨੂੰ ਬਿਨਾਂ ਪੈਨਸ਼ਨ ਦੇ ਫੌਜ ਦੀ ਨੌਕਰੀ ਤੋਂ ਰੁਖਸਤ ਕਰ ਦਿੱਤਾ ਗਿਆ

ਇੱਕ ਆਮ ਬੰਦੇ ਲਈ ਇਹ ਕਿੰਨਾ ਵੱਡਾ ਝਟਕਾ ਹੋ ਸਕਦਾ ਹੈ, ਇਹ ਅੱਜ ਅਸੀਂ ਸ਼ਾਇਦ ਪੂਰੀ ਤਰ੍ਹਾਂ ਮਹਿਸੂਸ ਨਾ ਕਰ ਸਕੀਏ ਪਰ ਉਸ ਵੇਲੇ ਉਸਦਾ ਪਰਿਵਾਰ ਸੀਪਤਨੀ ਸੀਭੈਣ ਭਰਾ ਅਤੇ ਮਾਂ ਸੀਉਸਨੇ ਜ਼ਿੰਦਗੀ ਅੱਗੇ ਚਲਾਉਣੀ ਸੀ ਤੇ ਪਾਪਾ ਜੀ ਨੇ ਜ਼ਿੰਦਗੀ ਅੱਗੇ ਹੱਥ ਨਹੀਂ ਖੜ੍ਹੇ ਕੀਤੇ ਤੇ ਇਸ ਵਿੱਚ ਉਸਦਾ ਸਾਥ ਦਿੱਤਾ ਉਸਦੀ ਪਤਨੀ ਬਚਨਾ ਦੇਵੀ ਨੇਉਹ ਕਦੇ ਚਪੜਾਸੀ ਬਣੇਕਦੇ ਦੁਕਾਨਦਾਰੀ ਕੀਤੀ ਤੇ ਆਖਰਕਾਰ ਸਾਈਕਲ ’ਤੇ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ

ਇਹੀ ਉਹ ਪੜਾਅ ਹੈ ਜਿੱਥੋਂ ਸਾਡੇ ਪਰਿਵਾਰ ਵਿੱਚ ਉਹ ਨਾਮ ਪਿਆ- ਫੇਰੀਵਾਲਾ ਭਾਈਇੱਕ ਹੱਥ ਦੇ ਮਾਲਿਕ ਸਾਡੇ ਪਾਪਾ ਜੀ ਨੇ ਸਾਈਕਲ ’ਤੇ ਚੱਪਲਾਂ, ਬੂਟ ਅਤੇ ਹੋਰ ਸਮਾਨ ਲੱਦ ਕੇ ਪਿੰਡੋਂ ਪਿੰਡ ਜਾਣਾਕਦੇ ਗਰਮੀ, ਕਦੇ ਸਰਦੀ, ਕਦੇ ਮੀਂਹ; ਕਦੇ ਕੋਈ ਸਮਾਨ ਵਿਕਿਆ, ਕਦੇ ਨਹੀਂ ਵਿਕਿਆ ਪਰ ਸਾਈਕਲ ਚਲਦਾ ਰਿਹਾ, ਫੇਰੀ ਚਲਦੀ ਰਹੀ, ਜ਼ਿੰਦਗੀ ਚਲਦੀ ਰਹੀਇਸੇ ਮਿਹਨਤ ਨਾਲ ਉਨ੍ਹਾਂ ਨੇ ਹੌਲੀ-ਹੌਲੀ ਪੰਜ ਏਕੜ ਜ਼ਮੀਨ ਖਰੀਦ ਲਈ ਉਹ ਜ਼ਮੀਨ ਵੀ ਕੋਈ ਤਿਆਰ-ਬਰ-ਤਿਆਰ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਸੀਬੈਰਾਨੀ ਜ਼ਮੀਨ ਸੀ, ਕੁਦਰਤ ਦੇ ਪਾਣੀ ਤੋਂ ਬਿਨਾਂ ਕੋਈ ਢੰਗ ਦਾ ਸਿੰਜਾਈ ਪ੍ਰਬੰਧ ਨਹੀਂ ਸੀ ਪਰ ਪਾਪਾ ਜੀ ਨੇ ਉਸ ਜ਼ਮੀਨ ਨੂੰ ਵੀ ਬੈਰਾਨ ਨਹੀਂ ਛੱਡਿਆਉਸ ਵਿੱਚ ਬਾਗ ਲੱਗੇਬਗੀਚੇ ਬਣੇਮਿੱਟੀ ਵਿੱਚ ਮਿਹਨਤ ਪਈ ਤੇ ਹੌਲੀ-ਹੌਲੀ ਉਹ ਬੈਰਾਨੀ ਜ਼ਮੀਨ ਜ਼ਿੰਦਗੀ ਦੇਣ ਵਾਲੀ ਜ਼ਮੀਨ ਬਣ ਗਈਇਸ ਦੌਰਾਨ ਘਰ ਵਿੱਚ ਪੰਜ ਬੱਚਿਆਂ ਦਾ ਜਨਮ ਹੋਇਆਜ਼ਿੰਮੇਵਾਰੀਆਂ ਵਧਦੀਆਂ ਗਈਆਂ, ਪਰਿਵਾਰ ਵਧਦਾ ਗਿਆ ਤੇ ਸੰਘਰਸ਼ ਵੀ ਵਧਦਾ ਗਿਆ ਪਰ ਇਸ ਸਾਰੀ ਕਹਾਣੀ ਵਿੱਚ ਇੱਕ ਗੱਲ ਬਹੁਤ ਦਿਲਚਸਪ ਹੈ ਤੇ ਉਹ ਹੈ ਪਾਪਾ ਜੀ ਦਾ ਫਿਲਮਾਂ ਦੇਖਣ ਦਾ ਸ਼ੌਕ

ਇੱਕ ਫੇਰੀਵਾਲਾ ਭਾਈ, ਜਿਸਦੀ ਆਪਣੀ ਜ਼ਿੰਦਗੀ ਸਾਈਕਲ, ਚੱਪਲਾਂ, ਬੂਟ, ਪਿੰਡਾਂ ਅਤੇ ਖੇਤਾਂ ਦੇ ਵਿਚਕਾਰ ਲੰਘ ਰਹੀ ਸੀ, ਉਸਦੇ ਮਨ ਅੰਦਰ ਫਿਲਮਾਂ ਲਈ ਇੱਕ ਵੱਖਰੀ ਦੁਨੀਆ ਸੀ1967 ਤੋਂ ਲੈ ਕੇ ਲਗਭਗ 1993-94 ਤਕ ਉਨ੍ਹਾਂ ਦੀ ਫੇਰੀਵਾਲੇ ਵਜੋਂ ਲੰਮੀ ਯਾਤਰਾ ਚੱਲੀਹਰ ਹਫਤੇ ਚੱਪਲਾਂ-ਬੂਟ ਖਰੀਦਣ ਲਈ ਪਾਪਾ ਜੀ ਨੂੰ ਜਲੰਧਰ ਜਾਣਾ ਹੁੰਦਾ ਸੀ ਪਰ ਜਲੰਧਰ ਸਿਰਫ ਸਮਾਨ ਖਰੀਦਣ ਲਈ ਨਹੀਂ ਸੀ, ਉੱਥੇ ਫਿਲਮਾਂ ਵੀ ਸਨਸ਼ਾਮ ਨੂੰ ਸ਼ੋਅ ਹੁੰਦੇ ਸਨ- ਛੇ ਤੋਂ ਨੌਂ, ਫਿਰ ਨੌਂ ਤੋਂ ਬਾਰਾਂ ਤੇ ਪਾਪਾ ਜੀ ਹਰ ਵਾਰ ਦੋ ਫਿਲਮਾਂ ਦੇਖਦੇ ਸਨਫਿਰ ਪਾਪਾ ਜੀ ਕਈ ਵਾਰ ਆਪਣੇ ਪਰਿਵਾਰ ਨੂੰ ਵੀ ਜਲੰਧਰ ਨਾਲ ਲੈ ਜਾਂਦੇ ਸਨ ਉਨ੍ਹਾਂ ਨੂੰ ਵੀ ਫਿਲਮਾਂ ਵਿਖਾਉਂਦੇ

ਸੋਚੋ ਜ਼ਰਾ ਕਿ ਇੱਕ ਪਾਸੇ ਸਾਈਕਲ ’ਤੇ ਫੇਰੀ ਲਾਉਣ ਵਾਲਾ ਇੱਕ ਆਮ ਜਿਹਾ ਬੰਦਾਦੂਜੇ ਪਾਸੇ ਪਰਦੇ ’ਤੇ ਚਲਦੀ ਫਿਲਮਸ਼ਾਇਦ ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਹੜਾ ਬੰਦਾ ਅੱਜ ਦਰਸ਼ਕ ਬਣ ਕੇ ਫਿਲਮਾਂ ਦੇਖ ਰਿਹਾ ਹੈ, ਉਸਦੀਆਂ ਅਗਲੀਆਂ ਪੀੜ੍ਹੀਆਂ ਇੱਕ ਦਿਨ ਉਸੇ ਫਿਲਮ ਇੰਡਸਟਰੀ ਦਾ ਅਹਿਮ ਹਿੱਸਾ ਬਣਨਗੀਆਂ ਪਰ ਸ਼ਾਇਦ ਸੁਪਨੇ ਇਸੇ ਤਰ੍ਹਾਂ ਕੰਮ ਕਰਦੇ ਹਨਉਹ ਉਸ ਵੇਲੇ ਬੀਜ ਵਾਂਗ ਹੁੰਦੇ ਹਨ, ਕਿਸੇ ਨੂੰ ਦਿਖਾਈ ਨਹੀਂ ਦਿੰਦੇਮਿੱਟੀ ਦੇ ਹੇਠਾਂ ਪਏ ਰਹਿੰਦੇ ਹਨਫਿਰ ਸਾਲ ਲੰਘਦੇ ਹਨਪੀੜ੍ਹੀਆਂ ਲੰਘਦੀਆਂ ਹਨ ਤੇ ਇੱਕ ਦਿਨ ਉਹੀ ਬੀਜ ਪੁੰਗਰ ਆਉਂਦਾ ਹੈ

ਮੈਨੂੰ ਕਈ ਵਾਰ ਲਗਦਾ ਹੈ ਕਿ ਸਾਡੇ ਪਾਪਾ ਜੀ ਦੇ ਅੰਦਰ ਫਿਲਮਾਂ ਦੇਖਣ ਦਾ ਉਹ ਸ਼ੌਕ ਸਿਰਫ ਸ਼ੌਕ ਨਹੀਂ ਸੀਉਹ ਸ਼ਾਇਦ ਇੱਕ ਬੀਜ ਸੀਕਲਾ ਦਾ ਬੀਜ, ਸਾਹਿਤ ਦਾ ਬੀਜ, ਅਦਾਕਾਰੀ ਦਾ ਬੀਜ, ਸੁਪਨੇ ਦੇਖਣ ਦਾ ਬੀਜ ਤੇ ਇਹ ਬੀਜ ਹੌਲੀ-ਹੌਲੀ ਪਰਿਵਾਰ ਦੇ ਖੂਨ ਵਿੱਚ ਅੱਗੇ ਜਾਂਦਾ ਗਿਆਪਾਪਾ ਜੀ ਖੁਦ ਕਦੇ ਫਿਲਮਾਂ ਦੇ ਪਰਦੇ ਤਕ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਜੋ ਪਰਦਾ ਸੀ, ਉਹ ਉਨ੍ਹਾਂ ਦੇ ਨਾਲ ਖਤਮ ਨਹੀਂ ਹੋਇਆਉਹ ਅੱਗੇ ਤੁਰਦਾ ਗਿਆ ਬੱਚਿਆਂ ਤਕ... ਪੋਤਰੇ-ਪੋਤਰੀਆਂ ਤਕ ਤੇ ਫਿਰ ਵਾਮਿਕਾ ਗੱਬੀ ਤੇ ਪੂਰਨ ਗੱਬੀ ਤਕ

ਇਸ ਕਹਾਣੀ ਨੂੰ ਇੱਥੇ ਆਉਣ ਵਿੱਚ ਲਗਭਗ ਪੰਜਾਹ ਸਾਲ ਲੱਗ ਗਏਪੰਜਾਹ ਸਾਲ! ਅੱਧੀ ਸਦੀਮਨੁੱਖ ਦੀ ਜ਼ਿੰਦਗੀ ਵਿੱਚ ਪੰਜਾਹ ਸਾਲ ਬਹੁਤ ਵੱਡਾ ਸਮਾਂ ਹੁੰਦਾ ਹੈਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਣ ਦਾ ਸਮਾਂਇੱਕ ਸੁਪਨੇ ਦੇ ਬੀਜ ਤੋਂ ਰੁੱਖ ਬਣਨ ਦਾ ਸਮਾਂ ਅਤੇ ਸ਼ਾਇਦ ਇਹੀ ਇਸ ਕਹਾਣੀ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਸੁਪਨਾ ਕਦੇ ਮਰਿਆ ਨਹੀਂਉਹ ਸਿਰਫ ਆਪਣਾ ਸਮਾਂ ਉਡੀਕਦਾ ਰਿਹਾਪਾਪਾ ਜੀ ਨੇ ਫਿਲਮਾਂ ਦੇਖੀਆਂਅਗਲੀ ਪੀੜ੍ਹੀ ਨੇ ਸ਼ਾਇਦ ਉਨ੍ਹਾਂ ਫਿਲਮਾਂ ਨੂੰ ਹੋਰ ਗੰਭੀਰਤਾ ਨਾਲ ਦੇਖਿਆ ਫਿਰ ਕਿਸੇ ਨੇ ਕਲਾ ਵੱਲ ਕਦਮ ਵਧਾਇਆ, ਕਿਸੇ ਨੇ ਅਦਾਕਾਰੀ ਵੱਲ, ਕਿਸੇ ਨੇ ਲਿਖਣ ਵੱਲਕਿਸੇ ਨੇ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕੀਤਾ ਅਤੇ ਅੱਜ ਉਸੇ ਪਰਿਵਾਰ ਦੇ ਬੱਚੇ ਫਿਲਮਾਂ ਦੇ ਪਰਦੇ ’ਤੇ ਚਮਕ ਰਹੇ ਹਨ

ਇਸ ਲਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਵਾਮਿਕਾ ਗੱਬੀ ਅਤੇ ਪੂਰਨ ਗੱਬੀ ਦੀ ਸਫਲਤਾ ਸਿਰਫ ਪਾਪਾ ਜੀ ਦੀ ਵਜਾਹ ਨਾਲ ਹੈਨਹੀਂ, ਉਨ੍ਹਾਂ ਦੋਵਾਂ ਨੇ ਆਪਣੀ ਮਿਹਨਤ ਕੀਤੀ ਹੈ, ਆਪਣਾ ਸੰਘਰਸ਼ ਕੀਤਾ ਹੈ, ਆਪਣੇ ਸੁਪਨੇ ਲਈ ਲੜਾਈ ਲੜੀ ਹੈ ਪਰ ਹਰ ਮਨੁੱਖ ਦੇ ਪਿੱਛੇ ਇੱਕ ਪਰਿਵਾਰ ਹੁੰਦਾ ਹੈਹਰ ਪਰਿਵਾਰ ਦੇ ਪਿੱਛੇ ਇੱਕ ਇਤਿਹਾਸ ਹੁੰਦਾ ਹੈ ਤੇ ਕਈ ਵਾਰ ਉਸ ਇਤਿਹਾਸ ਵਿੱਚ ਕੋਈ ਅਜਿਹਾ ਬੰਦਾ ਹੁੰਦਾ ਹੈ, ਜਿਸਨੇ ਖੁਦ ਕਦੇ ਆਪਣਾ ਸੁਪਨਾ ਪੂਰਾ ਨਹੀਂ ਕੀਤਾ ਹੁੰਦਾ ਪਰ ਉਹ ਆਪਣੇ ਅਗਲਿਆਂ ਲਈ ਉਸ ਸੁਪਨੇ ਦੀ ਮਿੱਟੀ ਤਿਆਰ ਕਰ ਜਾਂਦਾ ਹੈਮੇਰੇ ਲਈ ਪਾਪਾ ਜੀ ਉਹੀ ਬੰਦੇ ਸਨ

ਜ਼ਿੰਦਗੀ ਦੀਆਂ ਸਭ ਤੋਂ ਖੂਬਸੂਰਤ ਕਹਾਣੀਆਂ ਉਹੀ ਹੁੰਦੀਆਂ ਹਨ ਜਿਹੜੀਆਂ ਅਸੀਂ ਪਹਿਲਾਂ ਤੋਂ ਨਹੀਂ ਲਿਖ ਸਕਦੇਅਸੀਂ ਸਿਰਫ ਉਨ੍ਹਾਂ ਨੂੰ ਜੀਉਂਦੇ ਹਾਂ ਤੇ ਫਿਰ ਕਈ ਸਾਲਾਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਅੱਛਾ, ਤਾਂ ਇਹ ਸਫਰ ਇੱਥੋਂ ਸ਼ੁਰੂ ਹੋਇਆ ਸੀ!

ਅੱਜ ਜਦੋਂ ਵਾਮਿਕਾ ਗੱਬੀ ਅਤੇ ਪੂਰਨ ਗੱਬੀ ਦੀ ਚਰਚਾ ਹੋ ਰਹੀ ਹੈ, ਜਦੋਂ ਲੋਕ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ, ਜਦੋਂ ਉਹ ਸਫਲਤਾ ਦੀ ਪੌੜੀ ਚੜ੍ਹ ਰਹੇ ਹਨ ਤਾਂ ਸਾਡੇ ਲਈ ਇਹ ਸਿਰਫ ਦੋ ਕਲਾਕਾਰਾਂ ਦੀ ਸਫਲਤਾ ਨਹੀਂ, ਇਹ ਇੱਕ ਲੰਮੇ ਸਫਰ ਦੀ ਸਫਲਤਾ ਹੈਇੱਕ ਫੇਰੀਵਾਲੇ ਦੀ ਸਫਲਤਾ ਹੈ, ਇੱਕ ਫੌਜੀ ਦੀ ਸਫਲਤਾ ਹੈ, ਇੱਕ ਪਿਤਾ ਦੇ ਸੁਪਨੇ ਦੀ ਸਫਲਤਾ ਹੈਇੱਕ ਮਾਂ ਦੀ ਮਿਹਨਤ ਦੀ ਸਫਲਤਾ ਹੈ, ਇੱਕ ਪਰਿਵਾਰ ਦੇ ਪੰਜਾਹ ਸਾਲਾਂ ਦੇ ਸਬਰ ਦੀ ਸਫਲਤਾ ਹੈ ਅਤੇ ਸਭ ਤੋਂ ਵੱਡੀ ਗੱਲ ਜੋ ਇਹ ਸਾਬਤ ਕਰਦੀ ਹੈ ਕਿ ਸੁਪਨੇ ਕਈ ਵਾਰ ਇੱਕ ਜ਼ਿੰਦਗੀ ਵਿੱਚ ਪੂਰੇ ਨਹੀਂ ਹੁੰਦੇ, ਉਹ ਕਈ ਪੀੜ੍ਹੀਆਂ ਲੈ ਲੈਂਦੇ ਹਨ

ਇੱਕ ਪੀੜ੍ਹੀ ਸੁਪਨਾ ਦੇਖਦੀ ਹੈ, ਦੂਜੀ ਉਸ ਲਈ ਮਿੱਟੀ ਤਿਆਰ ਕਰਦੀ ਹੈ, ਤੀਜੀ ਉਸ ਵਿੱਚ ਪਾਣੀ ਪਾਉਂਦੀ ਹੈ ਤੇ ਕਈ ਵਾਰ ਚੌਥੀ ਪੀੜ੍ਹੀ ਉਸਦਾ ਫਲ ਖਾਂਦੀ ਹੈ ਪਰ ਉਸ ਫਲ ਵਿੱਚ ਪਹਿਲੀ ਪੀੜ੍ਹੀ ਦਾ ਵੀ ਹਿੱਸਾ ਹੁੰਦਾ ਹੈਅੱਜ ਮੈਂ ਆਪਣੇ ਸਵਰਗਵਾਸੀ ਪਾਪਾ ਜੀ ਨੂੰ ਦਿਲੋਂ ਵਧਾਈ ਦੇਣਾ ਚਾਹੁੰਦਾ ਹਾਂਜਿੱਥੇ ਵੀ ਉਹ ਹੋਣਗੇ, ਸ਼ਾਇਦ ਅੱਜ ਆਪਣੇ ਉਨ੍ਹਾਂ ਪੁਰਾਣੇ ਸਾਈਕਲ ਵਾਲੇ ਦਿਨਾਂ ਨੂੰ ਯਾਦ ਕਰ ਰਹੇ ਹੋਣਗੇਸ਼ਾਇਦ ਉਨ੍ਹਾਂ ਨੂੰ ਉਹ ਜਲੰਧਰ ਦੀਆਂ ਸੜਕਾਂ ਯਾਦ ਆਉਂਦੀਆਂ ਹੋਣਗੀਆਂਸ਼ਾਇਦ ਉਹ ਫਿਲਮਾਂ ਦੇ ਉਹ ਸ਼ੋਅ ਯਾਦ ਕਰਦੇ ਹੋਣਗੇ ਤੇ ਸ਼ਾਇਦ ਉਹ ਮੁਸਕਰਾ ਰਹੇ ਹੋਣਗੇ ਕਿ “ਜਿਹੜੀਆਂ ਫਿਲਮਾਂ ਮੈਂ ਦੇਖਣ ਜਾਂਦਾ ਸਾਂ, ਅੱਜ ਮੇਰੇ ਘਰ ਦੇ ਬੱਚੇ ਉਨ੍ਹਾਂ ਫਿਲਮਾਂ ਦਾ ਹਿੱਸਾ ਬਣ ਰਹੇ ਨੇ” ਇਸ ਤੋਂ ਵੱਡੀ ਖੁਸ਼ੀ ਇੱਕ ਪਿਉ ਲਈ ਹੋਰ ਕੀ ਹੋ ਸਕਦੀ ਹੈ?

ਇਸ ਸਫਰ ਵਿੱਚ ਮੇਰੇ ਲਈ ਇੱਕ ਹੋਰ ਬਹੁਤ ਭਾਵੁਕ ਪਲ ਉਦੋਂ ਆਇਆ, ਜਦੋਂ ਮੇਰੇ ਪੁੱਤਰ ਹਾਰਦਿਕ ਗੱਬੀ ਨੇ ਇੱਕ ਦਿਨ ਅਚਾਨਕ ਮੈਨੂੰ ਕਿਹਾ, “ਡੈਡੀ, ਮੈਂ ਆਪਣਾ ਨਾਮ ਬਦਲਣ ਲੱਗਾ ਹਾਂ।”

ਮੈਂ ਪੁੱਛਿਆ, “ਇਸ ਨਾਮ ਵਿੱਚ ਕੀ ਬੁਰਾਈ ਹੈ?”

ਉਹ ਕਹਿੰਦਾ, “ਬੁਰਾਈ ਕੋਈ ਨਹੀਂ, ਪਰ ਮੈਂ ਆਪਣਾ ਨਾਮ ਬਦਲਣਾ ਚਾਹੁੰਦਾ ਹਾਂ।”

ਮੈਂ ਕਿਹਾ, “ਚੱਲ, ਬਦਲ ਲੈ ਪਰ ਨਵਾਂ ਨਾਮ ਕੀ ਰੱਖਣਾ ਹੈ?”

ਉਸਨੇ ਕਿਹਾ, “ਮੈਂ ਆਪਣਾ ਨਾਮ ਆਪਣੇ ਦਾਦਾ ਜੀ ਦੇ ਨਾਮ ’ਤੇ ਰੱਖਣਾ ਚਾਹੁੰਦਾ ਹਾਂ- ਪੂਰਨ ਗੱਬੀ।”

ਉਸ ਵੇਲੇ ਮੈਨੂੰ ਇਹ ਗੱਲ ਥੋੜ੍ਹੀ ਅਜੀਬ ਜਿਹੀ ਲੱਗੀਮਨ ਵਿੱਚ ਇੱਕ ਪਲ ਲਈ ਇਹ ਵੀ ਆਇਆ ਕਿ ਮੈਂ ਪੂਰਨ ਦਾ ਪੁੱਤਰ ਤੇ ਪੂਰਨ ਦਾ ਪਿਤਾ ਬਣ ਜਾਵਾਂਗਾ ਪਰ ਸਮੇਂ ਦੇ ਨਾਲ ਮੈਨੂੰ ਇਸ ਨਾਮ ਦਾ ਅਰਥ ਬਿਲਕੁਲ ਵੱਖਰਾ ਨਜ਼ਰ ਆਉਣ ਲੱਗਾਅਸੀਂ ਅਕਸਰ ਸੁਣਦੇ ਹਾਂ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਇੱਥੇ ਮੈਨੂੰ ਲੱਗਿਆ ਕਿ ਇਤਿਹਾਸ ਸਿਰਫ ਦੁਹਰਾਇਆ ਨਹੀਂ ਗਿਆ ਸਗੋਂ ਉਸਨੇ ਇੱਕ ਚੱਕਰ ਪੂਰਾ ਕੀਤਾ ਹੈਮੇਰੇ ਪਿਤਾ ਪੂਰਨ ਚੰਦ, ਜਿਨ੍ਹਾਂ ਦੀਆਂ ਅੱਖਾਂ ਵਿੱਚ ਫਿਲਮਾਂ ਦੇਖਣ ਦਾ ਸੁਪਨਾ ਸੀ, ਜਿਹੜੇ ਸਾਈਕਲ ’ਤੇ ਫੇਰੀ ਲਾ ਕੇ ਆਪਣੀ ਜ਼ਿੰਦਗੀ ਚਲਾਉਂਦੇ ਰਹੇ, ਉਨ੍ਹਾਂ ਦਾ ਨਾਮ ਅੱਜ ਮੇਰੇ ਪੁੱਤਰ ਨੇ ਆਪਣੇ ਨਾਮ ਦਾ ਹਿੱਸਾ ਬਣਾ ਲਿਆਹੁਣ ਜਦੋਂ ਵੀ ਵੱਡੇ ਪਰਦੇ ’ਤੇ ‘ਪੂਰਨ ਗੱਬੀ” ਦਾ ਨਾਮ ਆਵੇਗਾ ਤਾਂ ਮੇਰੇ ਲਈ ਉਹ ਸਿਰਫ ਮੇਰੇ ਪੁੱਤਰ ਦਾ ਨਾਮ ਨਹੀਂ ਹੋਵੇਗਾਉਹ ਮੇਰੇ ਪੁੱਤਰ ਵੱਲੋਂ ਆਪਣੇ ਦਾਦਾ ਨੂੰ ਦਿੱਤੀ ਇੱਕ ਵੱਡੀ ਸ਼ਰਧਾਂਜਲੀ ਅਤੇ ਵਿਲੱਖਣ ਤੋਹਫਾ ਹੋਵੇਗਾ ਮੈਨੂੰ ਲੱਗੇਗਾ ਕਿ ਪੂਰਨ ਗੱਬੀ ਅਸਲ ਵਿੱਚ ਪਾਪਾ ਦਾ ਹੀ ਇੱਕ ਅੰਸ਼ ਹੈ, ਜੋ ਮੇਰੇ ਪਿਤਾ ਤੋਂ ਮੇਰੇ ਵਿੱਚ ਆਇਆ ਤੇ ਮੇਰੇ ਰਾਹੀਂ ਮੇਰੇ ਪੁੱਤਰ ਤਕ ਪਹੁੰਚਿਆ ਤੇ ਹੁਣ ਮੇਰੇ ਪੁੱਤਰ ਦੇ ਨਾਮ ਨਾਲ ਵੱਡੇ ਪਰਦੇ ਤਕ ਜਾ ਰਿਹਾ ਹੈਸ਼ਾਇਦ ਇਹੀ ਹੁੰਦੀ ਹੈ ਵਿਰਾਸਤ, ਜਦੋਂ ਇੱਕ ਇਨਸਾਨ ਦੀ ਕਹਾਣੀ ਉਸਦੀ ਜ਼ਿੰਦਗੀ ਤੋਂ ਅੱਗੇ ਨਿਕਲ ਕੇ ਅਗਲੀ ਪੀੜ੍ਹੀ ਦੇ ਨਾਮ ਵਿੱਚ ਜਿਊਂਦੀ ਰਹਿੰਦੀ ਹੈ

ਪੂਰਨ ਚੰਦ ਦੇ ਪੁੱਤਰ ਗੋਵਰਧਨ ਗੱਬੀ ਵੱਲੋਂ ਆਪਣੇ ਸਵਰਗਵਾਸੀ ਪਾਪਾ ਜੀ ਨੂੰ ਬਹੁਤ-ਬਹੁਤ ਵਧਾਈਆਂਅੱਜ ਵੀ ਸਾਡੇ ਵਿੱਚ ਮੌਜੂਦ ਸਾਡੀ ਮਾਂ ਬਚਨਾ ਦੇਵੀ ਨੂੰ ਵੀ ਦਿਲੋਂ ਬਹੁਤ-ਬਹੁਤ ਵਧਾਈਆਂਅਸਲ ਵਿੱਚ ਇਹ ਸਫਰ ਸਿਰਫ ਵਾਮਿਕਾ ਅਤੇ ਪੂਰਨ ਦਾ ਨਹੀਂ, ਇਹ ਸਾਡੇ ਸਾਰੇ ਪਰਿਵਾਰ ਦਾ ਸਫਰ ਹੈਇਹ ਉਸ ਸੁਪਨੇ ਦਾ ਸਫਰ ਹੈ, ਜਿਹੜਾ ਸ਼ਾਇਦ ਪੰਜਾਹ ਸਾਲ ਪਹਿਲਾਂ ਇੱਕ ਫੇਰੀਵਾਲੇ ਭਾਈ ਦੀਆਂ ਅੱਖਾਂ ਵਿੱਚ ਬੀਜਿਆ ਗਿਆ ਸੀਉਹ ਬੀਜ ਮਿੱਟੀ ਵਿੱਚ ਪਿਆ ਰਿਹਾ, ਸਾਲਾਂ ਤਕ, ਦਹਾਕਿਆਂ ਤਕ ਫਿਰ ਖੂਨ ਵਿੱਚ ਚੱਲਿਆਪੀੜ੍ਹੀ ਤੋਂ ਪੀੜ੍ਹੀ ਤਕ ਗਿਆ ਤੇ ਅੱਜ ਆ ਕੇ ਇੱਕ ਰੁੱਖ ਬਣ ਰਿਹਾ ਹੈਹਾਲੇ ਇਹ ਰੁੱਖ ਹੋਰ ਵੱਡਾ ਹੋਣਾ ਹੈਹਾਲੇ ਹੋਰ ਫਲ ਲੱਗਣੇ ਹਨਹਾਲੇ ਹੋਰ ਕਹਾਣੀਆਂ ਲਿਖੀਆਂ ਜਾਣੀਆਂ ਹਨ ਤੇ ਪਾਪਾ ਦੀ ਇਸ ਕਹਾਣੀ ਦੇ ਪਿੱਛੇ ਜੋ ਕੁਝ ਹੋਰ ਲੁਕਿਆ ਹੋਇਆ ਹੈ, ਉਹ ਸਾਹਮਣੇ ਆਵੇਗਾਕੁਦਰਤ ਮਿਹਰ ਬਣਾਈ ਰੱਖੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Mohali, Punjab, India.
Phone: (91 - 94171 - 73700)

Email: (govardhangabbi@gmail.com)