“ਮੈਂ ਉਸਨੂੰ ਪੁੱਛਿਆ ਕਿ ਕੀ ਉਹ ਪੰਜਾਬਣ ਹੈ ਤਾਂ ਉਸਨੇ ਦੱਸਿਆ ਕਿ ਉਹ ਪੰਜਾਬੀ ਨਹੀਂ, ਗੁਜਰਾਤੀ ...”
(11 ਫਰਵਰੀ 2026) ਮੋਨਿਕਾ ਕਟਾਰੀਆਂ ਦੇ ਲੇਖ “ਜਦੋਂ ਬੱਸ ਵਿੱਚ ਸਫ਼ਰ ਕਰਦਿਆਂ ..." ਬਾਰੇ ਬਲਵਿੰਦਰ ਸਿੰਘ ਭੁੱਲਰ ਜੀ ਦੇ ਵਿਚਾਰ...
ਮੋਨਿਕਾ ਕਟਾਰੀਆਂ ਦਾ ਲੇਖ “ਜਦੋਂ ਬੱਸ ਵਿੱਚ ਸਫ਼ਰ ਕਰਦਿਆਂ ..." ਬਾਰੇ ਬਲਵਿੰਦਰ ਸਿੰਘ ਭੁੱਲਰ ਜੀ ਦੇ ਵਿਚਾਰ ...
ਮੋਨਿਕਾ ਕਟਾਰੀਆਂ ਦਾ ਲੇਖ “ਜਦੋਂ ਬੱਸ ਵਿੱਚ ਸਫ਼ਰ ਕਰਦਿਆਂ ਜਿੰਦਗੀ ਦੇ ਸਫ਼ਰ ਦੀ ਝਲਕ ਦਿਖਾਈ ਦੇਣ ਲੱਗੀ” ਬਹੁਤ ਖੂਬਸੂਰਤ ਰਚਨਾ ਹੈ, ਜੋ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਅਤੇ ਜੀਵਨ ਨੂੰ ਵਧੀਆ ਢੰਗ ਨਾਲ ਜਿਉਣ ਵੱਲ ਸੇਧਤ ਕਰਦੀ ਹੈ।
ਪੁੱਤਰੀ ਨਾਲ ਸਫ਼ਰ ਕਰਦੀ ਹੋਈ ਲੇਖਿਕਾ ਕਲਪਨਾ ਵਿੱਚ ਅਜਿਹੀ ਉਲਝੀ ਕਿ ਉਹ ਜਿੰਦਗੀ ਦੇ ਸਫ਼ਰ ਵਿੱਚ ਜਾ ਪਹੁੰਚੀ। ਡਰਾਈਵਰ ਨੂੰ ਰੱਬ ਅਤੇ ਕੰਡਕਟਰ ਨੂੰ ਰੱਬ ਦਾ ਦੂਤ ਸਮਝਦਿਆਂ ਉਹ ਜੰਮਣ ਮਰਨ ਅਤੇ ਜਿੰਦਗੀ ਜਿਉਣ ਨੂੰ ਆਪਣੇ ਮਨ ਦੇ ਰਿੜਕਣੇ ਵਿੱਚ ਰਿੜਕਣ ਲੱਗ ਪਈ। ਖਿਆਲਾਂ ਵਿੱਚ ਬਹੁਤ ਦੂਰ ਚਲੀ ਗਈ ਅਤੇ ਉਸਦੇ ਮਨ ਵਿੱਚ ਅਸਲ ਸੱਚ ਉਜਾਗਰ ਹੋ ਗਿਆ।
ਜਿੰਦਗੀ ਲੰਘਾਉਣ ਲਈ ਇਸ ਸਫ਼ਰ ਰੂਪੀ ਰਸਤੇ ਵਿੱਚ ਆਉਣ ਵਾਲੀਆਂ ਰੋਕਾਂ ਅਤੇ ਸਹਾਰਿਆਂ, ਹਸਪਤਾਲਾਂ, ਸਕੂਲ-ਕਾਲਜਾਂ, ਗੁਰੂ ਘਰਾਂ, ਮੈਰਿਜ ਪੈਲਿਸਾਂ ਨੂੰ ਯਾਦ ਕਰਦਿਆਂ ਜ਼ਿੰਮੇਵਾਰੀਆਂ ਨੂੰ ਸਮਝਣ ਲੱਗ ਪਈ। ਜੀਵਨ ਦੀਆਂ ਲੋੜਾਂ, ਇਛਾਵਾਂ, ਲਾਲਸਾਵਾਂ ਬਾਰੇ ਸੋਚਣ ਲਈ ਮਜਬੂਰ ਹੋ ਗਈ। ਬੱਸ ਵਿੱਚ ਲਿਖੇ ‘ਸਵਾਰੀ ਆਪਣੇ ਸਮਾਨ ਦੀ ਖ਼ੁਦ ਜ਼ਿੰਮੇਵਾਰ ਹੈ’, ਪੜ੍ਹਦਿਆਂ ਉਸਨੂੰ ਆਪਣੀ ਜਿੰਦਗੀ ਵਿੱਚ ਨਿਭਾਉਣ ਵਾਲੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਇਆ। ਰਿਸਤਿਆਂ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਉਜਾਗਰ ਹੋਈ।
ਨਾਲ ਵਾਲੀ ਸੀਟ ’ਤੇ ਬੈਠਣ ਵਾਲੀ ਸਵਾਰੀ ਨੂੰ ਵੇਖਦਿਆਂ ਮਹਿਸੂਸ ਹੋਇਆ ਕਿ ਉਸਦੀ ਜਾਤ ਧਰਮ ਦਾ ਕੋਈ ਪਤਾ ਨਹੀਂ ਅਤੇ ਬੱਸ ਵਿੱਚ ਸਫ਼ਰ ਕਰਦਿਆਂ ਨਾਲ ਬੈਠਣ ’ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ। ਇਸਤੋਂ ਇਹ ਤੱਥ ਵੀ ਸੱਚ ਉਜਾਗਰ ਕਰਦਾ ਹੈ ਕਿ ਸਭ ਇਨਸਾਨ ਬਰਾਬਰ ਹਨ, ਜਾਤਾਂ ਧਰਮ ਆਦਿ ਇਨਸਾਨ ਦੇ ਹੀ ਬਣਾਏ ਹੋਏ ਹਨ।
ਲੇਖਿਕਾ ਨੇ ਆਪਣੀ ਰਚਨਾ ਵਿੱਚ ਜੋ ਤਸਵੀਰ ਪੇਸ਼ ਕੀਤੀ, ਉਸਨੇ ਸਮੁੱਚੇ ਜੀਵਨ ਦੀ ਜਾਂਚ ਸਿਖਾ ਦਿੱਤੀ ਅਤੇ ਸਪਸ਼ਟ ਕੀਤਾ ਕਿ ਹਰ ਇਨਸਾਨ ਨੂੰ ਆਪਣੀ ਜਿੰਦਗੀ ਦਾ ਚਿੱਤਰਕਾਰ ਖ਼ੁਦ ਬਣਨਾ ਚਾਹੀਦਾ ਹੈ। ਰਚਨਾ ਸੱਚ ਦੇ ਬਹੁਤ ਨੇੜੇ ਹੈ ਅਤੇ ਖੂਬਸੂਰਤ ਹੈ, ਲੇਖਿਕਾ ਵਧਾਈ ਦੀ ਪਾਤਰ ਹੈ। ਲੇਖਿਕਾ ਤੋਂ ਹੋਰ ਚੰਗੀਆਂ ਰਚਨਾਵਾਂ ਦੀ ਆਸ ਬੱਝੀ ਹੈ।
ਬਲਵਿੰਦਰ ਸਿੰਘ ਭੁੱਲਰ (ਮੋਬਾ: 098882 75913)
* * *
ਮੁਝੇ ਪੰਜਾਬੀ ਆਉਂਦੀ ਹੈ… --- ਗੋਵਰਧਨ ਗੱਬੀ
ਇੱਸੇ ਸਾਲ ਸਤੰਬਰ ਮਹੀਨੇ ਦੇ ਤੀਸਰੇ ਹਫਤੇ ਦੌਰਾਨ ਮੈਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਾਂ। ਕਾਰਨ ਸੀ ਮੁੰਬਈ ਜਾਂਦੇ ਹੋਏ ਰਸਤੇ ਵਿੱਚ ਆਪਣੀ ਧੀ ਵਾਮਿਕਾ ਗੱਬੀ ਨੂੰ ਮਿਲਣ ਵਾਸਤੇ ਜਾਣਾ। ਉਨ੍ਹੀਂ ਦਿਨੀਂ ਉਹ ਲਖਨਊ ਦੇ ਨਜ਼ਦੀਕ ਪੈਂਦੇ ਕਸਬੇ ਬਾਰਾਬੰਕੀ ਦੇ ਨੇੜੇ ਪੈਂਦੇ ਇੱਕ ਜੰਗਲੀ ਇਲਾਕੇ ਵਿੱਚ ਆਪਣੀ ਨਵੀਂ ਹਿੰਦੀ ਫਿਲਮ ‘ਪਤੀ ਪਤਨੀ ਔਰ ਵੋਹ ਦੋ’ ਦੀ ਸ਼ੂਟਿੰਗ ਕਰ ਰਹੀ ਸੀ। ਮੈਂ ਸਵੇਰੇ ਸਾਢੇ ਕੁ ਦਸ ਵਜੇ ਲਖਨਊ ਦੇ ਏਅਰਪੋਰਟ ਤੋਂ ਸਿੱਧਾ ਸ਼ੂਟਿੰਗ ਵਾਲੀ ਥਾਂ ਦੇ ਨੇੜੇ ਵਾਮਿਕਾ ਦੀ ਵੈਨਿਟੀ ਵੈਨ ਵਿੱਚ ਪਹੁੰਚ ਗਿਆ। ਉਸ ਦਿਨ ਫਿਲਮ ਦਾ ਕਲਾਈਮੈਕਸ ਦ੍ਰਿਸ਼ ਫਿਲਮਾਇਆ ਜਾਣਾ ਸੀ। ਫਿਲਮ ਵਿੱਚ ਕੰਮ ਕਰਨ ਵਾਲੇ ਲਗਭਗ ਸਾਰੇ ਮੁੱਖ ਕਲਾਕਾਰ ਉੱਥੇ ਹਾਜ਼ਰ ਸਨ, ਜਿਨ੍ਹਾਂ ਵਿੱਚ ਆਯੂਸ਼ਮਾਨ ਖੁਰਾਣਾ, ਰਕੁਲਪ੍ਰੀਤ ਸਿੰਘ, ਸਾਰਾ ਅਲੀ ਖ਼ਾਨ, ਵਿਜੇ ਰਾਜ਼, ਤਿਮਾਂਗਸ਼ੂ ਧੁਲੀਆ ਤੇ ਫਿਲਮ ਦੇ ਨਿਰਦੇਸ਼ਕ ਮੁਦਾਸਰ ਅਜ਼ੀਜ਼ ਦੇ ਨਾਲ ਹੀ ਨਿਰਮਾਤਾ ਜੂਨੋ ਚੋਪੜਾ ਵੀ ਉੱਥੇ ਹੀ ਸਨ।
ਸਭ ਤੋਂ ਪਹਿਲਾਂ ਵਿਜੇ ਰਾਜ਼ ਮਿਲਿਆ। ਉਹ ਵੈਨਿਟੀ ਵੈਨ ਵਿੱਚੋਂ ਨਿਕਲ ਕੇ ਸੂਟਿੰਗ ਦੇ ਸੈੱਟ ਵੱਲ ਜਾ ਰਿਹਾ ਸੀ। ਅਸੀਂ ਅਜਨਬੀਆਂ ਵਾਂਗ ਹੱਥ ਮਿਲਾਏ ਪਰ ਗੱਲਬਾਤ ਕੋਈ ਖ਼ਾਸ ਨਹੀਂ ਹੋਈ। ਹਾਲਾਂਕਿ ਮੈਂ ਉਸਦੀ ਅਦਾਕਾਰੀ ਦਾ ਹਮੇਸ਼ਾ ਕਾਇਲ ਰਿਹਾ ਹਾਂ। ਮੈਂ ਗੱਲਬਾਤ ਕਰਨਾ ਵੀ ਚਾਹੁੰਦਾ ਸਾਂ ਪਰ ਸਬੱਬ ਨਹੀਂ ਬਣਿਆ। ਦੂਸਰਾ, ਅਜੇ ਉਸਨੂੰ ਇਹ ਪਤਾ ਵੀ ਨਹੀਂ ਸੀ ਕਿ ਮੈਂ ਵਾਮਿਕਾ ਗੱਬੀ ਦਾ ਪਿਉ ਹਾਂ।
ਕੁਝ ਦੇਰ ਬਾਅਦ ਅਸੀਂ ਫਿਲਮ ਦੇ ਸੈੱਟ ਉੱਪਰ ਪਹੁੰਚ ਗਏ।
ਇੱਕ ਸ਼ਾਟ ਦਾ ਟੇਕ ਓਕੇ ਹੋਣ ਤੋਂ ਬਾਅਦ ਵਾਮਿਕਾ ਨੇ ਮੈਨੂੰ ਸਾਰਿਆਂ ਨਾਲ ਮਿਲਾਇਆ।
ਵਾਮਿਕਾ ਗੱਬੀ ਦੇ ਪਿਤਾ ਹੋਣ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਫਿਲਮ ਨਾਲ ਸਬੰਧਿਤ ਲੋਕਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਅਤੇ ਰਵਈਆ ਬਦਲ ਗਿਆ। ਸਭ ਤੋਂ ਪਹਿਲਾਂ ਮੇਰੀ ਨਿਰਮਾਤਾ ਜੂਨੋ ਚੋਪੜਾ ਨਾਲ ਸੰਖੇਪ ਗੁਫਤਗੂ ਹੋਈ। ਜਦੋਂ ਉਸਨੇ ਦੱਸਿਆ ਕਿ ਉਹ ਪ੍ਰਸਿੱਧ ਨਿਰਦੇਸ਼ਕ, ਨਿਰਮਾਤਾ ਅਤੇ ਪੱਤਰਕਾਰ ਬੀ. ਆਰ. ਚੌਪੜਾ ਦਾ ਪੋਤਾ ਹੈ ਤਾਂ ਮੇਰੀ ਉਤਸੁਕਤਾ ਹੋਰ ਵਧ ਗਈ। ਜਦੋਂ ਮੈਂ ਦੱਸਿਆ ਕਿ ਮੈਂ ਬੀ. ਆਰ. ਚੋਪੜਾ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕਰਦਾ ਹਾਂ, ਦੂਸਰਾ ਦੇਸ਼ ਦੀ ਵੰਡ ਤੋਂ ਪਹਿਲਾਂ ਸਾਡਾ ਪਰਿਵਾਰ ਵੀ ਪਾਕਿਸਤਾਨ ਵਿੱਚ ਹੀ ਰਹਿੰਦਾ ਸੀ ਤਾਂ ਉਸਨੇ ਆਪਣੇ ਦਾਦਾ ਜੀ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ। ਉਸਨੇ ਦੱਸਿਆ ਕਿ ਉਸਦੇ ਦਾਦਾ ਜੀ ਉਸ ਨੂੰ ਵੰਡ ਨਾਲ ਸੰਬੰਧਿਤ ਕਈ ਕਿੱਸੇ ਸੁਣਾਇਆ ਕਰਦੇ ਸਨ। ਬੀ. ਆਰ. ਚੋਪੜਾ ਕਿਵੇਂ ਪੱਤਰਕਾਰ ਤੋਂ ਫਿਲਮਾਂ ਨਾਲ ਜੁੜੇ, ਉਸ ਬਾਰੇ ਵੀ ਗੱਲਾਂ ਹੋਈਆਂ। ਉਸਨੇ ਦੱਸਿਆ ਕਿ ਉਸਦਾ ਨਾਂ ਜੂਨੋ ਚੋਪੜਾ ਵੀ ਉਸਦੇ ਦਾਦਾ ਨੇ ਹੀ ਰੱਖਿਆ ਸੀ। ਜੂਨੋ ਚੋਪੜਾ ਮਤਲਬ ਛੋਟਾ ਚੋਪੜਾ ਭਾਵ ਜੂਨੀਅਰ ਚੋਪੜਾ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਪੰਜਾਬੀ ਸਮਝਦੇ ਹਨ ਤਾਂ ਉਸਦਾ ਜਵਾਬ ਸੀ ਕਿ ਦਾਦਾ ਤੇ ਦਾਦੀ ਜੀ ਘਰ ਵਿੱਚ ਹਮੇਸ਼ਾ ਪੰਜਾਬੀ ਬੋਲਦੇ ਹੁੰਦੇ ਸਨ। ਉਹਨਾਂ ਨੇ ਬੜਾ ਜ਼ੋਰ ਲਾਇਆ ਪਰ ਇੱਕ ਤਾਂ ਬੰਬੇ ਅਤੇ ਦੂਸਰਾ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹੋਣ ਕਰਕੇ ਮੈਂ ਪੰਜਾਬੀ ਨਹੀਂ ਸਮਝ ਸਕਿਆ, ਜਿਸਦਾ ਮੈਨੂੰ ਹੁਣ ਬਹੁਤ ਪਛਤਾਵਾ ਹੁੰਦਾ ਹੈ। ਹੁਣ ਨਾ ਦਾਦਾ ਦਾਦੀ ਜੀ ਰਹੇ ਤੇ ਨਾ ਕੋਈ ਹੋਰ ਜੋ ਸਾਡੇ ਨਾਲ ਪੰਜਾਬੀ ਵਿੱਚ ਗੱਲਾਂ ਕਰੇ। ਸੋ ਮੈਂ ਪੰਜਾਬੀ ਤੋਂ ਦੂਰ ਹੁੰਦਾ ਹੁੰਦਾ ਅਖੀਰ ਦੂਰ ਹੋ ਹੀ ਗਿਆ। ਮੇਰੇ ਵੱਲੋਂ ਪੰਜਾਬੀ ਦੀ ਵਕਾਲਤ ਕਰਨ ਉੱਪਰ ਉਸਨੇ ਵਾਅਦਾ ਕੀਤਾ ਕਿ ਉਹ ਪੰਜਾਬੀ ਸਿੱਖਣ ਦੀ ਦੁਬਾਰਾ ਕੋਸ਼ਿਸ਼ ਕਰੇਗਾ।
ਨਿਰਦੇਸ਼ਕ ਮੁਦਾਸਰ ਅਜ਼ੀਜ਼ ਨੇ ਆਪਣੇ ਫਿਲਮੀ ਕਰੀਅਰ ਅਤੇ ਆਪਣੇ ਪਿਤਾ ਜੀ ਨਾਲ ਸੰਬੰਧਿਤ ਕਈ ਗੱਲਾਂ ਸਾਂਝੀਆਂ ਕੀਤੀਆਂ। ਉਸਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਉਸਦੇ ਪਿਤਾ ਜੀ ਨੂੰ ਉਸਦਾ ਫਿਲਮ ਇੰਡਸਟਰੀ ਨਾਲ ਜੁੜਨਾ ਪਸੰਦ ਨਹੀਂ ਸੀ। ਮਾਂ ਦੇ ਕਹਿਣ ਉੱਪਰ ਉਹ ਮੇਰੀ ਪਹਿਲੀ ਫਿਲਮ ਬਤੌਰ ਨਿਰਦੇਸ਼ਕ ਦੇ ਸੈੱਟ ਉੱਪਰ ਆਏ। ਉਸਨੇ ਪੁੱਛਿਆ ਕਿ ਇਹ ਕੌਣ ਹੈ ਤਾਂ ਅਜ਼ੀਜ਼ ਨੇ ਦੱਸਿਆ ਕਿ ਉਹ ਕਲਾਕਾਰ ਹਨ... ਉਹ ਕੈਮਰਾਮੈਨ ਹੈ... ਉਹ ਕਲਾ ਨਿਰਦੇਸ਼ਕ ਹੈ... ਉਹ ਸੰਗੀਤਕਾਰ ਹੈ... ਉਹ ਰੋਸ਼ਨੀ ਨਿਯੰਤਰਨ ਕਰਨ ਵਾਲਾ ਹੈ ਆਦਿ।
“ਜੇਕਰ ਸਾਰੇ ਕੰਮ ਇਨ੍ਹਾਂ ਨੇ ਕਰਨੇ ਹਨ ਤਾਂ ਫਿਰ ਨਿਰਦੇਸ਼ਕ ਦਾ ਕੀ ਕੰਮ ਰਹਿ ਗਿਆ ਹੈ?” ਉਸਦੇ ਪਿਤਾ ਜੀ ਨੇ ਸਵਾਲੀਆ ਨਜ਼ਰਾਂ ਨਾਲ ਅਜ਼ੀਜ਼ ਨੂੰ ਪੁੱਛਿਆ ਤਾਂ ਉਸ ਕੋਲ ਸਿਵਾਏ ਮੁਸਕਰਾਉਣ ਦੇ ਹੋਰ ਕੋਈ ਉੱਤਰ ਨਹੀਂ ਸੀ। ਪਰ ਅਫਸੋਸ ਕਿ ਜਦੋਂ ਉਸ ਵੱਲੋਂ ਨਿਰਦੇਸ਼ਤ ਪਹਿਲੀ ਫਿਲਮ ਪਰਦਾਪੇਸ਼ ਹੋਣੀ ਸੀ ਤਾਂ ਅਚਨਚੇਤ ਉਸਦੇ ਪਿਤਾ ਜੀ ਇਸ ਫ਼ਾਨੀ ਦੁਨੀਆ ਤੋਂ ਹਮੇਸ਼ਾ ਵਾਸਤੇ ਰੁਖਸ਼ਤ ਹੋ ਗਏ ਸਨ, ਜਿਸਦਾ ਦਰਦ ਉਹ ਅਜੇ ਵੀ ਦਿਲ ਵਿੱਚ ਦਬਾਈ ਬੈਠਾ ਹੈ।
ਆਯੂਸ਼ਮਾਨ ਦੇ ਮਰਹੂਮ ਪਿਤਾ ਦੇ ਵਾਕਿਫਕਾਰ ਹੋਣ ਕਰਕੇ ਉਸ ਨਾਲ ਪੰਜਾਬੀ ਵਿੱਚ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਉਹ ਬਹੁਤ ਸੋਹਣੀ ਪੰਜਾਬੀ ਬੋਲ ਰਿਹਾ ਸੀ।
ਰਕੁਲਪ੍ਰੀਤ ਸਿੰਘ ਤੇ ਸਾਰਾ ਅਲੀ ਖ਼ਾਨ ਨਾਲ ਬਹੁਤ ਖੁਸ਼ਨੁਮਾ ਮਾਹੌਲ ਵਿੱਚ ਗੱਲਾਂ ਹੋਈਆਂ। ਮੈਂ ਉਹਨਾਂ ਨੂੰ ਬਹੁਤ ਸਾਰੇ ਪੰਜਾਬੀ ਚੁਟਕਲੇ ਸੁਣਾਏ। ਪੰਜਾਬੀ ਫੌਜੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਰਕੁਲਪ੍ਰੀਤ ਤਾਂ ਪੰਜਾਬੀ ਬੋਲ ਰਹੀ ਸੀ ਪਰ ਸਾਰਾ ਨਹੀਂ ਬੋਲ ਰਹੀ ਸੀ। ਜਦੋਂ ਮੈਂ ਸਾਰਾ ਨੂੰ ਤਾਨ੍ਹਾ ਮਾਰਿਆ ਕਿ ਉਸਦਾ ਬਾਪ ਭਾਵੇਂ ਨਹੀਂ ਪਰ ਉਸਦੀ ਮਾਂ ਤਾਂ ਇੱਕ ਪੰਜਾਬਣ ਹੈ ਤਾਂ ਫਿਰ ਉਹ ਪੰਜਾਬੀ ਕਿਉਂ ਨਹੀਂ ਬੋਲਦੀ। ਉਸਦੇ ਜਵਾਬ ਨੇ ਮੈਨੂੰ ਕੁਝ ਮਾਯੂਸ ਕੀਤਾ ਜਦੋਂ ਉਸਨੇ ਕਿਹਾ ਕਿ ਜਦੋਂ ਉਸਦੀ ਮਾਂ ਹੀ ਪੰਜਾਬੀ ਨਹੀਂ ਬੋਲਦੀ ਤਾਂ ਉਹ ਪੰਜਾਬੀ ਕਿਵੇਂ ਬੋਲ ਤੇ ਸਮਝ ਸਕਦੀ ਹੈ। ਮੈਂ ਉਸਨੂੰ ਮਾਂ ਬੋਲੀ ਪੰਜਾਬੀ ਬੋਲਣ ਅਤੇ ਸਮਝਣ ਦੇ ਕੁਝ ਸੌਖੇ ਗੁਰ ਸਿਖਾਏ। ਮੈਂ ਉਸਨੂੰ ਦੱਸਿਆ ਕਿ ਹਿੰਦੀ ਅਤੇ ਪੰਜਾਬੀ ਭਾਸ਼ਾ ਦੀ ਗਰਾਮਰ (ਵਿਆਕਰਣ) ਇੱਕ ਦੂਸਰੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ ਤਾਂ ਉਹ ਇਹ ਜਾਣ ਕੇ ਬਹੁਤ ਖੁਸ਼ ਹੋਈ। ਉਸਨੇ ਮੇਰੇ ਤੋਂ ਵਾਅਦਾ ਲਿਆ ਕਿ ਮੈਂ ਜਦੋਂ ਵੀ ਮੁੰਬਈ ਆਵਾਂ ਤਾਂ ਮੈਂ ਉਸਨੂੰ ਪੰਜਾਬੀ ਜ਼ਰੂਰ ਸਿਖਾਵਾਂ।
ਇੱਕ ਹੋਰ ਜਾਣੇ ਪਛਾਣੇ ਚਿਹਰੇ ਵਾਲੀ ਸਹਿ ਅਦਾਕਾਰ ਵੀ ਉੱਥੇ ਹਾਜ਼ਰ ਸੀ। ਉਹ ਮੇਰੇ ਨਾਲ ਬਹੁਤ ਉਮਦਾ ਪੰਜਾਬੀ ਬੋਲ ਰਹੀ ਸੀ। ਮੈਂ ਉਸਨੂੰ ਪੁੱਛਿਆ ਕਿ ਕੀ ਉਹ ਪੰਜਾਬਣ ਹੈ ਤਾਂ ਉਸਨੇ ਦੱਸਿਆ ਕਿ ਉਹ ਪੰਜਾਬੀ ਨਹੀਂ, ਗੁਜਰਾਤੀ ਹੈ ਪਰ ਇੱਕ ਪੰਜਾਬੀ ਨਾਟਕ ਕਰਨ ਵਾਸਤੇ ਉਸਨੇ ਬਾਖੂਬੀ ਪੰਜਾਬੀ ਬੋਲਣੀ ਅਤੇ ਸੁਣਨੀ ਸਿੱਖੀ ਹੈ ਪਰ ਉਸਨੂੰ ਗੁਰਮੁਖੀ ਪੜ੍ਹਨੀ ਅਤੇ ਲਿਖਣੀ ਨਹੀਂ ਆਉਂਦੀ। ਮੇਰੇ ਜ਼ੋਰ ਭਰਨ ਉੱਪਰ ਉਸਨੇ ਵਾਅਦਾ ਕੀਤਾ ਕਿ ਉਹ ਹੁਣ ਗੁਰਮੁਖੀ ਵੀ ਸਿਖੇਗੀ।
ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਸ਼ਾਟ ਦੇ ਕੇ ਮਕਬੂਲ ਹਿੰਦੀ ਫਿਲਮ ‘ਪਾਨ ਸਿੰਘ ਤੋਮਰ’ ਦੇ ਨਿਰਦੇਸ਼ਕ ਅਤੇ ਐਕਟਰ ਤਿਮਾਂਗਸ਼ੂ ਧੁਲੀਆ ਵੀ ਸਾਡੀ ਮਹਿਫਲ ਵਿੱਚ ਆਣ ਰਲੇ। ਕੁਝ ਦੇਰ ਬਾਅਦ ਬਾਕੀ ਸਾਰੇ ਕਲਾਕਾਰ ਆਪਣਾ ਸ਼ਾਟ ਦੇਣ ਚਲੇ ਗਏ।
ਮੇਰੀ ਧੁਲੀਆ ਜੀ ਨਾਲ ਲੰਮੀ ਚੌੜੀ ਗੱਲਬਾਤ ਹੋਈ। ‘ਪਾਨ ਸਿੰਘ ਤੋਮਰ’ ਨੂੰ ਪ੍ਰਦਰਸ਼ਿਤ ਕਰਨ ਵੇਲੇ ਆਈਆਂ ਮੁਸ਼ਕਿਲਾਂ ਨਾਲ ਸੰਬੰਧਿਤ ਗੱਲਾਂ ਹੋਈਆਂ। ਫਿਰ ਹਿੰਦੀ ਸਿਨਮਾ ਉੱਪਰ ਅੱਜ ਕੱਲ੍ਹ ਚੱਲ ਰਹੇ ਮਾੜੇ ਦੌਰ ਬਾਰੇ ਗੱਲਬਾਤ ਹੋਈ। ਹਿੰਦੀ ਸਿਨਮਾ ਦੀ ਦਸ਼ਾ ਅਤੇ ਦਿਸ਼ਾ ਬਾਰੇ ਚਰਚਾ ਹੋਈ। ਦਰਸ਼ਕਾਂ ਦੇ ਸਿਨਮਾ ਹਾਲ ਵਿੱਚ ਜਾ ਕੇ ਫਿਲਮ ਦੇਖਣ ਤੋਂ ਕੰਨੀ ਕਤਰਾਉਣ ਅਤੇ ਬਹੁ-ਪਰਦਾ ਸਿਨਮਾ ਕੰਪਲੈਕਸਜ਼ ਅਤੇ ਮਾਲਜ਼ ਵਾਲੀਆਂ ਸਮੱਸਿਆਵਾਂ ਬਾਰੇ ਵੀ ਬਹੁਤ ਗੱਲਾਂ ਹੋਈਆਂ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਵਿੱਚ ਕਹਾਣੀਆਂ ਅਤੇ ਕਵਿਤਾਵਾਂ ਲਿਖਦਾ ਹਾਂ, ਅਤੇ ਮੇਰੀਆਂ ਹੁਣ ਤਕ ਪੰਦਰਾਂ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ, ਇਹ ਜਾਣ ਕੇ ਉਹ ਬਹੁਤ ਖੁਸ਼ ਹੋਇਆ।
ਫਿਰ ਤਿਮਾਂਗਸ਼ੂ ਧੁਲੀਆ ਨੇ ਮੇਰੇ ਨਾਲ ਪੰਜਾਬੀ ਸੱਭਿਆਚਾਰ, ਸਾਹਿਤ, ਸਾਹਿਤਕਾਰਾਂ, ਅਦਾਕਾਰਾਂ, ਕਲਾਕਾਰਾਂ ਅਤੇ ਪੰਜਾਬੀ ਸਿਨਮਾ ਬਾਰੇ ਗੱਲਬਾਤ ਕੀਤੀ। ਉਹ ਸਾਡੀ ਲੰਗਰ ਪ੍ਰਥਾ ਤੋਂ ਬਹੁਤ ਪ੍ਰਸੰਨ ਸਨ। ਉਹ ਗੁਰੂਆਂ ਦੀ ‘ਗੁਰਬਾਣੀ’ ਤੋਂ ਵੀ ਬਹੁਤ ਪ੍ਰਭਾਵਿਤ ਦਿਸੇ। ਉਸਨੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪਾਸ਼, ਲਾਲ ਸਿੰਘ ਦਿਲ ਅਤੇ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਗੱਲਬਾਤ ਕੀਤੀ।
“ਆਪ ਪੰਜਾਬੀ ਸਾਹਿਤ ਬਾਰੇ ਇਤਨਾ ਕੈਸੇ ਜਾਨਤੇ ਹੋ?” ਮੈਂ ਸਵਾਲ ਕੀਤਾ।
“ਮੁਝੇ ਪੰਜਾਬੀ ਲਿਖਣੀ, ਪੜ੍ਹਨੀ, ਬੋਲਣੀ ਅਤੇ ਸੁਣਨੀ ਆਉਂਦੀ ਹੈ।”
ਧੁਲੀਆ ਦੇ ਮੂੰਹੋਂ ਇਹ ਵਿਲੱਖਣ ਬੋਲ ਸੁਣਦੇ ਹੀ ਮੈਂ ਹੈਰਾਨ ਹੋ ਗਿਆ।
“ਉਹ ਕਿਵੇਂ? ਤੁਸੀਂ ਤਾਂ ਉੱਤਰ ਪ੍ਰਦੇਸ਼ ਦੇ ਇਲਾਹਾਬਾਦ (ਪ੍ਰਿਆਗਰਾਜ) ਦੇ ਜੰਮਪਲ ਹੋ? ਤੁਹਾਡੇ ਪਿਤਾ ਜੀ ਤਾਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਸਨ। ਮਾਤਾ ਜੀ ਸੰਸਕ੍ਰਿਤ ਦੇ ਪ੍ਰੋਫੈਸਰ ਸਨ ਤਾਂ ਫਿਰ ਤੁਸੀਂ ਪੰਜਾਬੀ ਕਿੱਥੋਂ ਹੋ ਗਏ?” ਮੈਂ ਸਵਾਲ ਕੀਤਾ।
“ਹੋਇਆ ਇੰਝ ਕਿ ਸਕੂਲ ਵਿੱਚ ਨਾਟਕ, ਡਰਾਮਾ ਅਤੇ ਹੋਰ ਸੱਭਿਅਚਾਰਕ ਗਤੀਵਿਧੀਆਂ ਵਿੱਚ ਜ਼ਿਆਦਾ ਰੁਝੇਵਿਆਂ ਦੇ ਚਲਦਿਆਂ ਮੈਂ ਦਸਵੀਂ ਜਮਾਤ ਵਿੱਚੋਂ ਫੇਲ ਹੋ ਗਿਆ ਸੀ। ਮੈਂ ਘੱਟ ਪਰ ਮੇਰੇ ਘਰ ਵਾਲੇ ਸਾਰੇ ਬਹੁਤਾ ਪਰੇਸ਼ਾਨ ਹੋ ਗਏ ਕਿ ਉਹਨਾਂ ਪੜ੍ਹਿਆਂ ਲਿਖਿਆਂ ਦੇ ਘਰ ਇਹ ਨਲਾਇਕ ਕਿੱਥੋਂ ਪੈਦਾ ਹੋ ਗਿਆ ਹੈ। ਘਰ ਵਾਲਿਆਂ ਦੀਆਂ ਦੁਤਕਾਰਾਂ ਅਤੇ ਝਿੜਕਾਂ ਤੋਂ ਡਰਦਾ ਮਾਰਿਆ ਮੈਂ ਆਪਣੇ ਨਾਨਕੇ ਦੇਹਰਾਦੂਨ ਚਲਾ ਗਿਆ। ਮੇਰੇ ਮਾਮਾ ਜੀ ਨੇ ਮੇਰਾ ਦਰਦ ਸਮਝਿਆ ਤੇ ਮੈਨੂੰ ਦੇਹਰਾਦੂਨ ਦੇ ਇੱਕ ਨਿੱਜੀ ਸਕੂਲ ਵਿੱਚ ਦੁਬਾਰਾ ਦਸਵੀਂ ਜਮਾਤ ਵਿੱਚ ਦਾਖਲ ਕਰਵਾ ਦਿੱਤਾ, ਜੋ ‘ਪੰਜਾਬ ਸਕੂਲ ਸਿੱਖਿਆ ਬੋਰਡ’ ਨਾਲ ਸੰਬੰਧਿਤ ਅਤੇ ਮਾਨਤਾ ਪ੍ਰਾਪਤ ਸੀ। ਉਹਨਾਂ ਦਿਨਾਂ ਵਿੱਚ ਸਕੂਲ ਵਾਲਿਆਂ ਦਾ ਇਹ ਦਾਅਵਾ ਹੁੰਦਾ ਸੀ ਕਿ ਉਹਨਾਂ ਦੇ ਸਕੂਲ ਦਾ ਨਤੀਜਾ ਹਰ ਸਾਲ ਸੌ ਫੀਸਦੀ ਆਉਂਦਾ ਹੈ, ਬਸ਼ਰਤੇ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦਾ ਮਾਧਿਅਮ ਪੰਜਾਬੀ ਰੱਖਣਾ ਹੋਵੇਗਾ। ਹਾਲਾਂਕਿ ਮੇਰੇ ਵਰਗੇ ਕੱਟੜ ਹਿੰਦੀ ਭਾਸ਼ਾ ਵਾਲੇ ਵਿਦਿਆਰਥੀ ਵਾਸਤੇ ਹੈ ਇਹ ਬਹੁਤ ਔਖਾ ਕਾਰਜ ਸੀ ਪਰ ਮਰਤਾ ਕਆ ਨਾ ਕਰਤਾ... ਸੋ ਦਸਵੀਂ ਪਾਸ ਕਰਨ ਵਾਸਤੇ ਮੈਂ ਗੁਰਮੁਖੀ ਲਿਖਣੀ, ਪੜ੍ਹਨੀ, ਬੋਲਣੀ ਤੇ ਸਮਝਣੀ ਸਿੱਖ ਗਿਆ ਤੇ ਅਗਲੇ ਸਾਲ ਦਸਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕਰ ਗਿਆ।”
ਤਿਮਾਂਗਸ਼ੂ ਧੁਲੀਆ ਦੇ ਮੂੰਹੋਂ ਇਹ ਬੋਲ ਸੁਣਦੇ ਸਾਰ ਹੀ ਮੈਨੂੰ ਉਹਨਾਂ ਪੰਜਾਬੀਆਂ ਉੱਪਰ ਬੜਾ ਤਰਸ ਅਤੇ ਗੁੱਸਾ ਆਇਆ ਜੋ ਹੈ ਤਾਂ ਪੰਜਾਬੀ ਨੇ ਪਰ ਉਹ ਆਪਣੀ ਮਾਤਰ ਭਾਸ਼ਾ ਪੰਜਾਬੀ ਲਿਖ ਅਤੇ ਪੜ੍ਹ ਨਹੀਂ ਸਕਦੇ, ਬੋਲ ਅਤੇ ਸਮਝ ਭਾਵੇਂ ਲੈਂਦੇ ਹੋਣ।
ਸੋ ਪੰਜਾਬੀਓ! ਜੇਕਰ ਗ਼ੈਰ ਪੰਜਾਬੀ ਤਿਮਾਂਗਸ਼ੂ ਧੁਲੀਆ ਵਰਗੇ ਲੋਕ ਪੰਜਾਬੀ ਬੋਲ, ਸਮਝ, ਲਿਖ ਅਤੇ ਪੜ੍ਹ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ, ਜਦੋਂ ਕਿ ਪੰਜਾਬੀ ਤੁਹਾਡੀ ਮਾਂ ਬੋਲੀ ਹੈ? ...ਜ਼ਰਾ ਸੋਚੋ ਇਸ ਬਾਰੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































