“ਤਰਕਪੂਰਨ ਸੰਵਾਦ ਦੀ ਥਾਂ ਬਹਿਸ ਹੁਣ ਦੂਜੇ ਨੂੰ ਸਮਝਣ ਜਾਂ ਵਿਚਾਰ ਵਟਾਂਦਰੇ ਲਈ ਨਹੀਂ ..."
(1 ਸਤੰਬਰ 2026)
ਸ਼ਬਦਾਂ ਦੀ ਖੇਡ ਬਹੁਤ ਅਨੋਖੀ ਹੈ। ਅੱਜ ਰਾਜਨੀਤੀ ਵਿੱਚ ਕਿਸੇ ਨੂੰ ਸ਼ਬਦਾਂ ਦੀ ਬਦੌਲਤ ਨਾਇਕ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਖਲਨਾਇਕ ਦੇ ਤੌਰ ਤੇ। ਗੱਲ ਇਸ ਤੋਂ ਵੀ ਅੱਗੇ ਵਧ ਗਈ ਹੈ। ਜੇਕਰ ਅੱਜ ਕਿਸੇ ਨੂੰ ਸ਼ਬਦਾਂ ਰਾਹੀਂ ਖਲਨਾਇਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਹ ਉਸ ਨੂੰ ਸੁਣ ਕੇ ਦੌੜਦਾ ਨਹੀਂ ਬਲਕਿ ਆਪਣੀ ਹਿੱਕ ’ਤੇ ਤਮਗੇ ਵਾਂਗ ਸਜ਼ਾ ਕੇ ਖੜ੍ਹ ਜਾਂਦਾ ਹੈ। ਅਜਿਹੇ ਸ਼ਬਦਾਂ ਨਾਲ ਦੂਜੇ ਨੂੰ ਨਿਵਾਜਣ ਵਾਲਾ ਸੋਚਦਾ ਹੀ ਰਹਿ ਜਾਂਦਾ ਹੈ ਕਿ ਇਸਦੇ ਅਰਥ ਕਿਉਂ ਬਦਲ ਗਏ ਹਨ?
ਮਈ 2026 ਵਿੱਚ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਦੀਆਂ ਇੱਕ ਸੁਣਵਾਈ ਦੌਰਾਨ ਜ਼ੁਬਾਨੀ ਟਿੱਪਣੀਆਂ ਵਿੱਚ ਕਾਕਰੋਚ ਸ਼ਬਦ ਆਇਆ, ਜਿਸਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਬੇਰੋਜ਼ਗਾਰ ਨੌਜਵਾਨਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਉਸ ਸਮੇਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੀ ਨਵੀਂ ਨੌਜਵਾਨ ਨਸਲ ਇਸ ਸ਼ਬਦ ਨੂੰ ਆਪਣੀ ਤਾਕਤ ਬਣਾ ਲਵੇਗੀ। ਸੋਸ਼ਲ ਮੀਡੀਆ ’ਤੇ ਇਸ ਨਾਂ ਨੂੰ ਅਧਾਰ ਬਣਾ ਕੇ ਖੋਲ੍ਹੇ ਗਏ ਖਾਤੇ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਕੁਝ ਹੀ ਦਿਨਾਂ ਵਿੱਚ ਇੱਕ ਕਰੋੜ ਤੋਂ ਉੱਪਰ ਦਿਖਾਈ ਦੇਣ ਲੱਗੀ। ਹਾਲਾਂਕਿ ਬਾਅਦ ਵਿੱਚ ਚੀਫ ਜਸਟਿਸ ਸਪਸ਼ਟ ਕੀਤਾ ਕਿ ਟਿੱਪਣੀ ਨੌਜਵਾਨਾਂ ਲਈ ਨਹੀਂ, ਸਗੋਂ ਕਾਨੂੰਨ ਦੀਆਂ ਨਕਲੀ ਡਿਗਰੀਆਂ ਰਾਹੀਂ ਪੇਸ਼ੇ ਵਿੱਚ ਆਉਣ ਵਾਲੇ ਲੋਕਾਂ ਦੇ ਸੰਦਰਭ ਵਿੱਚ ਸੀ। ਉਸ ਅਕਾਊਂਟ ਨਾਲ ਜਿੰਨੇ ਲੋਕ ਦਿਨਾਂ ਵਿੱਚ ਨਹੀਂ, ਸਗੋਂ ਘੰਟਿਆਂ ਵਿੱਚ ਜੁੜੇ, ਉਸਨੇ ਇਸ ਸ਼ਬਦ ਨੂੰ ਇੱਕ ਵੱਡੇ ਡਿਜਿਟਲ ਪ੍ਰਤੀਕ ਵਿੱਚ ਬਦਲ ਦਿੱਤਾ। ਨੌਜਵਾਨਾਂ ਦੇ ਇੱਕ ਹਿੱਸੇ ਦੀਆਂ ਆਨਲਾਈਨ ਪ੍ਰਤੀਕਿਰਿਆਵਾਂ ਕਾਕਰੋਚ ਜਨਤਾ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈਆਂ। ਦਿੱਲੀ ਵਿੱਚ ਜੰਤਰਮੰਤਰ ’ਤੇ ਉਨ੍ਹਾਂ ਦੀ ਵੱਡੇ ਪੱਧਰ ’ਤੇ ਮੌਜੂਦਗੀ ਦੌਰਾਨ ਹੋਈਆਂ ਘਟਨਾਵਾਂ ਮਗਰੋਂ ਉਨ੍ਹਾਂ ਦੀ ‘ਅਗਲੀ ਪੀੜ੍ਹੀ’ ਜੈਨ ਐਲਫਾ ਵੀ ਵੱਖ-ਵੱਖ ਥਾਂਵਾਂ ’ਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਸੜਕਾਂ ’ਤੇ ਉੱਤਰਦੀ ਹੋਈ ਨਜ਼ਰ ਆਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜ਼ਾਦੀ ਦਿਹਾੜੇ ’ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਭਾਸ਼ਣ ਦੌਰਾਨ ਵਰਤੇ ਗਏ ਸ਼ਬਦ ‘ਦਿਮਾਗੀ ਨਕਸਲ’ ਦੇ 24 ਘੰਟਿਆਂ ਅੰਦਰ ਹੀ ਸੋਸ਼ਲ ਮੀਡੀਆ ਤੇ ਇੱਕ ਨਵਾਂ ਅਕਾਉਟ ਚਰਚਾ ਵਿੱਚ ਆ ਗਿਆ, ‘ਦਿਮਾਗੀ ਨਕਸਲ ਪਾਰਟੀ।’ ਅਗਲੇ ਇੱਕ-ਦੋ ਦਿਨਾਂ ਵਿੱਚ ਇਸਦੇ ਫਾਲੋਅਰਜ਼ ਦੋ ਲੱਖ ਦੇ ਨੇੜੇ ਪੁੱਜ ਗਏ। ਹਾਲਾਂਕਿ ਇਹ ਸਪਸ਼ਟ ਨਹੀਂ ਸੀ ਹੋਇਆ ਕਿ ਇਹ ਅਕਾਊਂਟ ਬਣਾਇਆ ਕਿਸਨੇ ਸੀ। ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਹਥਿਆਰਬੰਦ ਨਕਸਲਵਾਦ ਦਾ ਪ੍ਰਭਾਵ ਘਟਿਆ ਹੈ ਪਰ ਵਿਚਾਰਧਾਰਕ ਚੁਣੌਤੀ ਵਜੋਂ ਮੌਜੂਦ ਹੈ। ਵਿਰੋਧੀ ਧਿਰਾਂ ਦੀਆਂ ਟਿੱਪਣੀਆਂ ਮਗਰੋਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸਦੀ ਵਿਆਖਿਆ ਕਰਦਿਆਂ ਇਸ ਨੂੰ ਮਾਉਵਾਦੀ/ਨਕਸਲੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੇ ਸੰਦਰਭ ਵਿੱਚ ਦੱਸਿਆ। ਇਸ ਮਗਰੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖੁਦ ’ਤੇ ‘ਦਿਮਾਗੀ ਨਕਸਲ’ ਹੋਣ ’ਤੇ ਮਾਣ ਪ੍ਰਗਟਾਇਆ ਸੀ।
ਭਾਰਤ ਅਤੇ ਦੁਨੀਆ ਭਰ ਦੀ ਸਿਆਸਤ ਵਿੱਚ ਵਿਰੋਧੀਆਂ ਜਾਂ ਅਸਹਿਮਤੀ ਜਿਤਾਉਣ ਵਾਲਿਆਂ ਨੂੰ ਘੇਰਨ ਲਈ ਅਜਿਹੇ ਤਿੱਖੇ ਲੇਬਲ ਅਤੇ ਸ਼ਬਦ ਲਗਾਤਾਰ ਵਰਤੇ ਜਾਂਦੇ ਰਹੇ ਹਨ। ਸਮੇਂ-ਸਮੇਂ ’ਤੇ ਮਾਹੌਲ ਅਤੇ ਸਿਆਸੀ ਹਾਲਾਤ ਮੁਤਾਬਿਕ ਨਵੇਂ ਸ਼ਬਦ ਸਾਹਮਣੇ ਆਉਂਦੇ ਰਹੇ ਹਨ। 1960 ਤੋਂ ਬਾਅਦ ਸੀਤ ਯੁੱਧ ਦੇ ਦੌਰ ਵਿੱਚ ਭਾਰਤੀ ਰਾਜਨੀਤੀ ਵਿੱਚ ਖੱਬੇਪੱਖੀ ਧਿਰਾਂ ਅਤੇ ਕਾਂਗਰਸ ਦੇ ਕੁਝ ਧੜੇ ਅਮਰੀਕਾ-ਪੱਖੀ ਜਾਂ ਪੂੰਜੀਵਾਦੀ ਰੁਖ ਰੱਖਣ ਵਾਲੇ ਨੇਤਾਵਾਂ ਅਤੇ ਪੱਤਰਕਾਰਾਂ ਨੂੰ ‘ਸੀ.ਆਈ.ਏ. ਦਾ ਏਜੰਟ’ ਜਾਂ ‘ਸੀ.ਆਈ.ਏ. ਦਾ ਹੱਥ’ ਕਹਿ ਕੇ ਨਿਸ਼ਾਨਾ ਬਣਾਉਂਦੇ ਰਹੇ। 1970 ਅਤੇ 1980 ਦੇ ਦਹਾਕੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਕਈ ਮਹੱਤਵਪੂਰਨ ਵਿਰੋਧਾਂ ਅਤੇ ਅੰਦਰੂਨੀ ਅਸ਼ਾਂਤੀ ਦੇ ਮੌਕਿਆਂ ਨੂੰ ਅਕਸਰ “ਦੇਸ਼ ਨੂੰ ਕਮਜ਼ੋਰ ਕਰਨ ਵਾਲੇ ਵਿਦੇਸ਼ੀ ਹੱਥ” ਦਾ ਨਾਂ ਦੇ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। 1980 ਦੇ ਅਖੀਰ ਅਤੇ 1990 ਦੇ ਦਹਾਕੇ ਵਿੱਚ ਭਾਜਪਾ ਅਤੇ ਖਾਸ ਕਰਕੇ ਐੱਲ ਕੇ ਅਡਵਾਨੀ ਦੀ ਰਾਜਨੀਤਿਕ ਭਾਸ਼ਾ ਵਿੱਚ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਵਿਰੁੱਧ “ਸੂਡੋ ਸੈਕੂਲਰ” ਸ਼ਬਦ ਪ੍ਰਭਾਵਸ਼ਾਲੀ ਲੇਬਲ ਵਜੋਂ ਬਹੁਤ ਵਰਤਿਆ ਗਿਆ। 2016 ਤੋਂ ਬਾਅਦ ਜੇ.ਐੱਨ.ਯੂ. ਵਿਵਾਦ ਮਗਰੋਂ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ “ਐਂਟੀ-ਨੈਸ਼ਨਲ” ਅਤੇ “ਟੁਕੜੇ-ਟੁਕੜੇ ਗੈਂਗ” ਸ਼ਬਦ ਜ਼ਿਆਦਾ ਵਰਤੋਂ ਵਿੱਚ ਆਇਆ। ਕਿਸਾਨ ਅੰਦੋਲਨ ਸਮੇਂ 8 ਫਰਵਰੀ 2021 ਨੂੰ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨੇ ਅੰਦੋਲਨਾਂ ਵਿੱਚ ਹਰ ਵਾਰ ਨਜ਼ਰ ਆਉਣ ਵਾਲੇ ਲੋਕਾਂ ਲਈ ‘ਅੰਦੋਲਨਜੀਵੀ’ ਸ਼ਬਦ ਵਰਤਿਆ ਅਤੇ ਉਨ੍ਹਾਂ ਨੂੰ ‘ਪਰਜੀਵੀ’ ਵੀ ਕਿਹਾ। ਹੁਣ ਤੋਂ ਪਹਿਲਾਂ “ਅਰਬਨ ਨਕਸਲ” ਵਰਗੇ ਸ਼ਬਦ ਵੀ ਸਾਹਮਣੇ ਆਏ।
ਇਨ੍ਹਾਂ ਉਦਾਹਰਨਾਂ ਵਿੱਚ ਸਾਂਝਾ ਤੱਤ ਇਹ ਹੈ ਕਿ ਰਾਜਨੀਤਿਕ ਭਾਸ਼ਾ ਵਿੱਚ ਕਿਸੇ ਵਿਅਕਤੀ ਜਾਂ ਸਮੂਹ ਨੂੰ ਇੱਕ ਸੰਖੇਪ ਲੇਬਲ ਦੇ ਕੇ ਉਸਦੀਆਂ ਦਲੀਲਾਂ ਦੀ ਥਾਂ ਉਸਦੀ ਪਛਾਣ ਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਲੇਬਲਾਂ ਦੀ ਗੰਭੀਰਤਾ, ਇਤਿਹਾਸਕ ਸੰਦਰਭ ਅਤੇ ਨਤੀਜੇ ਇੱਕੋ ਜਿਹੇ ਨਹੀਂ ਹਨ।
ਅਜਿਹਾ ਸਿਰਫ ਇੱਥੇ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਹੁੰਦਾ ਹੈ। ਅਮਰੀਕਾ ਵਿੱਚ 1950 ਦੇ ਦਹਾਕੇ ਦੌਰਾਨ ਮੈਕਾਰਥੀਵਾਦ ਦੇ ਦੌਰ ਵਿੱਚ ਲੇਖਕਾਂ, ਫਿਲਮਸਾਜ਼ਾਂ, ਅਦਾਕਾਰਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਕਮਿਉਨਿਸਟ ਜਾਂ ਕਮਿਉਨਿਸਟ-ਹਮਦਰਦ ਹੋਣ ਦੇ ਦੋਸ਼ਾਂ ਨਾਲ ਨਿਸ਼ਾਨਾ ਬਣਾਇਆ ਗਿਆ। 1960 ਦੇ ਦਹਾਕੇ ਦੌਰਾਨ ਚੀਨ ਅੰਦਰ ਮਾਓ ਜ਼ੇਦੋਂਗ ਦੇ ਦੌਰ ਵਿੱਚ ਸੱਭਿਆਚਾਰਕ ਕ੍ਰਾਂਤੀ ਸਮੇਂ ਬੁੱਧੀਜੀਵੀ, ਅਧਿਆਪਕ ਆਦਿ ‘ਇਨਕਲਾਬ ਦੇ ਦੁਸ਼ਮਣ’ ਵਜੋਂ ਨਿਸ਼ਾਨੇ ’ਤੇ ਲਏ ਗਏ। 1966 ਵਿੱਚ ਯੂਨੀਵਰਸਿਟੀਆਂ ਬੰਦ ਹੋਈਆਂ ਅਤੇ ਪ੍ਰੋਫੈਸਰਾਂ ਨੂੰ ਰੈੱਡ ਗਾਰਡਜ਼ ਵੱਲੋਂ ਵੱਡੇ ਪੱਧਰ ’ਤੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। 1994 ਵਿੱਚ ਰਵਾਂਡਾ ਨਸਲਕੁਸ਼ੀ ਤੋਂ ਪਹਿਲਾਂ ਰੇਡੀਓ ਅਤੇ ਮੀਡੀਆ ਰਾਹੀਂ ਟੂਟਸੀ ਭਾਈਚਾਰੇ ਨੂੰ “ਗ਼ਦਾਰ” ਜਾਂ ‘ਕਾਕਰੋਚ’ ਕਹਿ ਕੇ ਪ੍ਰਚਾਰਿਆ ਗਿਆ ਸੀ, ਜਿਸਨੇ ਨਸਲਕੁਸ਼ੀ ਦੇ ਮਾਹੌਲ ਨੂੰ ਹੋਰ ਭੜਕਾਉਣ ਵਿੱਚ ਭੂਮਿਕਾ ਨਿਭਾਈ।
ਸ਼ਬਦਾਂ ਦੀ ਵਰਤੋਂ ਉਨ੍ਹਾਂ ਦੇ ਅਸਲੀ ਸੰਦਰਭ ਵਿੱਚ ਹੀ ਹੋਣੀ ਚਾਹੀਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਡਿਜਿਟਲ ਮੀਡੀਆ ਮਾਹੌਲ ਵਿੱਚ ਸਨਸਨੀ ਅਤੇ ‘ਕਲਿੱਕਬੇਟ’ ਨੂੰ ਮਿਲਣ ਵਾਲੀ ਤਰਜੀਹ ਗੰਭੀਰ ਅਤੇ ਸੰਤੁਲਿਤ ਬਹਿਸ ਲਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਛੋਟੇ, ਤਿੱਖੇ ਅਤੇ ਭੜਕਾਊ ਸ਼ਬਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੁੰਦੇ ਹਨ ਅਤੇ ਲੋਕਾਂ ਦਾ ਧਿਆਨ ਖਿੱਚਦੇ ਹਨ। ਸੋਸ਼ਲ ਮੀਡੀਆ ’ਤੇ ਅਜਿਹਾ ਹੋ ਸਕਦਾ ਹੈ ਕਿ ਜਦੋਂ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਜਾਂ ਵਿਕਾਸ ਵਰਗੇ ਬੁਨਿਆਦੀ ਮੁੱਦਿਆਂ ’ਤੇ ਸਵਾਲ ਉੱਠਦੇ ਹਨ ਤਾਂ ਅਜਿਹੇ ਵਿਵਾਦਪੂਰਨ ਸ਼ਬਦ ਬਹਿਸ ਦਾ ਧੁਰਾ ਬਦਲ ਦਿੰਦੇ ਹਨ। ਲੋਕ ਮੁੱਦਿਆਂ ਦੀ ਬਜਾਏ ਨਾਂਵਾਂ ਅਤੇ ਬਿਆਨਬਾਜ਼ੀ ’ਤੇ ਆਪਸ ਵਿੱਚ ਉਲਝ ਜਾਂਦੇ ਹਨ। ਕੁੱਲ ਮਿਲਾ ਕੇ ਇਹ ਰੁਝਾਨ ਸਿਹਤਮੰਦ ਜਮਹੂਰੀਅਤ ਲਈ ਚਿੰਤਾਜਨਕ ਹੈ।
ਟੀਵੀ ਨਿਊਜ਼ ਅਤੇ ਸੋਸ਼ਲ ਮੀਡੀਆ ਦੇ ਰੌਲੇ-ਰੱਪੇ ਤੋਂ ਪਰੇ ਵੀ ਜ਼ਮੀਨੀ ਪੱਧਰ ’ਤੇ ਰੁਜ਼ਗਾਰ, ਸਿੱਖਿਆ, ਸਿਹਤ ਅਤੇ ਰੋਜ਼ੀ-ਰੋਟੀ ਵਰਗੇ ਮੁੱਦੇ ਜ਼ਮੀਨੀ ਰਾਜਨੀਤੀ ਵਿੱਚ ਕੇਂਦਰੀ ਮਹੱਤਵ ਰੱਖਦੇ ਹਨ। ਲੋਕ ਅਸਲ ਮੁੱਦਿਆਂ ’ਤੇ ਸੋਚ-ਸਮਝ ਕੇ ਗੱਲ ਕਰਨਾ ਚਾਹੁੰਦੇ ਹਨ। ਗੰਭੀਰ ਚਰਚਾਵਾਂ ਵਿੱਚ ਤਰਕਪੂਰਨ ਸੰਵਾਦ ਅਜੇ ਵੀ ਜ਼ਿੰਦਾ ਹੈ, ਪਰ ਇਸਦੀ ਅਵਾਜ਼ ਇਸ ਤਰ੍ਹਾਂ ਦੇ ਸ਼ੋਰ ਵਿੱਚ ਦਬ ਜਾਂਦੀ ਹੈ।
ਤਰਕਪੂਰਨ ਸੰਵਾਦ ਦੀ ਥਾਂ ਬਹਿਸ ਹੁਣ ਦੂਜੇ ਨੂੰ ਸਮਝਣ ਜਾਂ ਵਿਚਾਰ ਵਟਾਂਦਰੇ ਲਈ ਨਹੀਂ, ਸਗੋਂ ਸਾਹਮਣੇ ਵਾਲੇ ਨੂੰ ਹਰਾਉਣ ਅਤੇ ਚੁੱਪ ਕਰਾਉਣ ਲਈ ਹੁੰਦੀ ਹੈ। ਲੋਕ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਵਿਰੋਧੀ ਪੱਖ ਗਲਤ ਹੀ ਹੈ। ‘ਵਿਚਾਰਾਂ ਦਾ ਵਖਰੇਵਾਂ’ ਹੀ ਜਮਹੂਰੀਅਤ ਦੀ ਰੂਹ ਹੈ; ਜੇਕਰ ਅਸੀਂ ਸਿਰਫ ਇਸ ਤਰ੍ਹਾਂ ਦੇ ਠੱਪੇ ਲਾ ਕੇ ਅਸਹਿਮਤੀ ਨੂੰ ਦੁਸ਼ਮਣੀ ਮੰਨਣ ਲੱਗ ਪਏ ਤਾਂ ਇਹ ਨੁਕਸਾਨ ਕਿਸੇ ਇੱਕ ਧਿਰ ਦਾ ਨਹੀਂ ਸਗੋਂ ਪੂਰੇ ਸਮਾਜ ਦਾ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































