“ਤੁਸੀਂ ਇਸ ਵਿੱਚੋਂ ਹੰਸ ਬਣਕੇ ਮੋਤੀ ਚੁਗਣੇ ਨੇ ਜਾਂ ਬਗਲੇ ਬਣਕੇ ਸਿਰਫ ਇਸ ਵਿੱਚੋਂ ...”
(21 ਅਗਸਤ 2026)
(ਨੋਟ: ਲੜੀ ਜੋੜਨ ਲਈ ਪਹਿਲਾ ਭਾਗ (ਸਰੋਕਾਰ 6 ਅਗਸਤ) ਜ਼ਰੂਰ ਪੜ੍ਹੋ )
ਫਿਲਮੀ ਦੁਨੀਆਂ ਵਿੱਚ ਧਰਮ ਭਾਜੀ ਅਤੇ ਅਜੀਤ ਯਾਰ ਦੀ ਮੇਹਰ ਸਦਕਾ ਤਕਰੀਬਨ ਸਾਲ ਭਰ ਬਹੁਤ ਹੀ ਸਿਰੜ ਅਤੇ ਇਮਾਨਦਾਰੀ ਨਾਲ ਹਰ ਫਿਲਮੀ ਕਿਰਤ ਹੱਥੀਂ ਕਰਕੇ ਦੇਖੀ। ਹਰ ਹੀਲੇ ਆਪਣੇ ਅੰਦਰਲੇ ਜਨੂੰਨ ਨੂੰ ਜਿਊਂਦਾ ਰੱਖਿਆ। ਜਦੋਂ ਹੌਲੀ ਹੌਲੀ ਗੱਡੀ ਲੀਹ ’ਤੇ ਆ ਗਈ ਤਾਂ ਅਚਾਨਕ ਫਿਰ ਮਾਤਾ ਜੀ ਕਾਫ਼ੀ ਬਿਮਾਰ ਪੈ ਗਏ। ਇਸ ਵਾਰ ਮੇਰੀ ਅੰਮੜੀ ਇੱਕ ਜ਼ਿਦ ਕਰਕੇ ਬੈਠ ਗਈ। ਉਸ ਮੈਨੂੰ ਆਪਣੀ ਮਮਤਾ ਦਾ ਵਾਸਤਾ ਪਾ ਦਿੱਤਾ, “ਬੱਸ, ਜੇ ਤੈਨੂੰ ਮੇਰੇ ਨਾਲ ਥੋੜ੍ਹਾ ਜਿਹਾ ਵੀ ਪਿਆਰ ਹੈ, ਜੇ ਤੂੰ ਮੇਰਾ ਥੋੜ੍ਹਾ ਜਿੰਨਾ ਵੀ ਸਤਿਕਾਰ ਕਰਦਾ ਹੈਂ ਤਾਂ ਇੱਥੋਂ ਸਿੱਧਾ ਹੀ ਕੈਨੇਡਾ ਆਪਣੇ ਭੈਣ ਭਰਾਵਾਂ ਕੋਲ ਚਲੇ ਜਾ।” ਮੈਂ ਬੜੀਆਂ ਮਿੰਨਤਾਂ ਕੀਤੀਆਂ, ਦਲੀਲਾਂ ਦਿੱਤੀਆਂ। ਉਹ ਕਹਿੰਦੇ ਪਿਛਲੇ 10 ਸਾਲਾਂ ਤੋਂ ਤੇਰਾ ਇਹੀ ਰੋਣਾ ਸੁਣਦੇ ਆਏ ਹਾਂ, ਹਾਂ ਜਾਂ ਨਾਂਹ ਕਰ। ਸੋ ਮੈਂ ਸਰਵਣ ਪੁੱਤ ਬਣ ਕੇ ਕੈਨੇਡਾ ਤਾਂ ਆ ਗਿਆ ਪਰ ਮੇਰੀਆਂ ਨਾਕਾਮੀਆਂ, ਮਨਹੂਸੀਆਂ ਮੇਰੇ ਤੋਂ ਪਹਿਲਾਂ ਹੀ ਬਿਨਾਂ ਜਹਾਜ਼ ਚੜ੍ਹੇ ਕਨੇਡਾ ਪਹੁੰਚ ਗਈਆਂ। ਪੈਰ ਪੈਰ ’ਤੇ ਅਸਫਲਤਾ, ਨਮੋਸ਼ੀਆਂ ਨੇ ਮੇਰਾ ਅਤੇ ਮੇਰੀ ਮਾਂ ਦਾ ਲੱਕ ਤੋੜ ਦਿੱਤਾ। ਉਹ ਵਿਚਾਰੀ ਤਾਂ ਪੱਕੀ ਹੀ ਮੰਜਾ ਫੜਕੇ ਬਹਿ ਗਈ।
ਇੱਥੇ ਕੈਨੇਡਾ ਆ ਕੇ ਮੈਂ ਮੂਲੋਂ ਹੀ ਕੱਖੋਂ ਹੌਲਾ ਹੋ ਗਿਆ। ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ, ਵਾਲੀ ਗੱਲ ਹੋ ਗਈ। ਇੱਥੇ ਵੀ ਦਰ ਦਰ ਦੀਆਂ ਠੋਕਰਾਂ ਹੀ ਨਸੀਬ ਹੋਈਆਂ। ਬੱਸ ਵਕਤ ਨਾਲ ਸਮਝੌਤਾ ਕਰਕੇ, ਨੀਵੀਂ ਪਾ ਕੇ ਦਿਨ ਕੱਟਣੇ ਸ਼ੁਰੂ ਕਰ ਦਿੱਤੇ। ਜਿਵੇਂ ਕਹਿੰਦੇ ਨੇ ਰੰਡੀ ਤਾਂ ਵਿਚਾਰੀ ਰੰਡੇਪਾ ਕੱਟ ਲਵੇ ਪਰ ਭੈੜੇ ਮੁਸ਼ਟੰਡੇ ਨਹੀਂ ਜੀਣ ਦਿੰਦੇ। ਸੋ ਕੁਝ ਨਵੇਂ ਬਣੇ ਤਮਾਸ਼ਬੀਨ ਯਾਰਾਂ ਨੇ ਮੈਨੂੰ ਚੁੱਕ ਚੁਕਾਕੇ ਮੁੜ ਕੇ ਇੱਕ ਪੰਜਾਬੀ ਫਿਲਮ ਦਾ ਨਿਰਮਾਣ ਕਰਨ ਲਈ ਬੰਬਈ ਵਲ ਤੋਰ ਦਿੱਤਾ। ਕਿਸੇ ਵੀ ਯਾਰ ਨੇ ਮੁੜ ਮੇਰੀ ਸਾਰ ਨਾ ਲਈ। ਇਕੱਲਾ ਫਸ ਗਿਆ। ਘਰ ਬਾਰ ਵੇਚ ਕੇ ਫਿਲਮ ਤਾਂ ਪੂਰੀ ਕਰ ਲਈ ਪਰ 84 ਦੇ ਦੰਗਿਆਂ ਕਰਕੇ ਮੈਂ ਫਿਲਮ ਰਲੀਜ਼ ਨਾ ਕਰ ਸਕਿਆ।
“ਸਭ ਕੁਛ ਲੁਟਾਕੇ ਹੋਸ਼ ਮੇ ਆਏ ਤੋਂ ਕਿਆ ਆਏ।”
ਅਸੀਂ ਫਿਰ ਕੈਨੇਡਾ ਵਾਪਸ ਧੱਕੇ ਖਾਣ ਲਈ ਆ ਗਏ। ਧੱਕੇ ਖਾਣ ਲਈ ਮੈਂ ਆਪਣੇ ਬਿਰਧ ਪਿਤਾ ਜੀ ਨੂੰ ਵੀ ਨਾਲ ਹੀ ਲੈ ਆਇਆ ਤੇ ਨਾਲ ਨਾਲ ਮੇਰੀ ਅੰਮੜੀ ਦਾ ਦਿੱਤਾ ਸਰਾਪ ਵੀ ਹਮੇਸ਼ਾ ਮੇਰੇ ਅੰਗ ਸੰਗ ਰਹਿੰਦਾ ਰਿਹਾ। ਹੱਥਾਂ ਨਾਲ ਦਿੱਤੀਆਂ ਗੰਢਾਂ ਨੂੰ ਹੁਣ ਦੰਦਾਂ ਨਾਲ ਖੋਲ੍ਹਣਾ ਪੈ ਗਿਆ। ਸੋਨੇ ਨੂੰ ਹੱਥ ਪਾਉਂਦਾ, ਮਿੱਟੀ ਹੋ ਜਾਂਦਾ। ਹੁਣ ਤਾਂ ਮੇਰੇ ’ਤੇ ਆਈ ਕਰੋਪੀ ਦਾ ਸੰਤਾਪ ਮੇਰੇ ਭੈਣ ਭਰਾਵਾਂ ਨੂੰ ਵੀ ਭੁਗਤਣਾ ਪਿਆ। ਅੰਤ ਮਾੜੇ ਹਾਲਾਤ ਨਾਲ ਜੂਝਦੇ ਜੂਝਦੇ ਨੇ ਆਪਣਾ ਪਿਤਾ ਵੀ ਗੁਆ ਲਿਆ। ਫਿਰ ਇੱਕ ਇੱਕ ਕਰਕੇ ਦੋਵੇਂ ਬਾਹਾਂ ਵੀ ਭੱਜ ਗਈਆਂ। ਦੋਵੇਂ ਵੀਰੇ ਮੈਨੂੰ ਇਕੱਲਿਆਂ ਛੱਡਕੇ ਹਮੇਸ਼ਾ ਲਈ ਤੁਰ ਗਏ। ਜਾਣੋ ਜ਼ਿੰਦਗੀ ਬੇਮਾਇਨੀ ਜਿਹੀ ਹੋ ਗਈ। ਬੱਸ ਹੁਣ ਜੀਵਨ ਨਾਲ ਸੰਘਰਸ਼ ਕਰਨਾ ਉੱਕਾ ਹੀ ਛੱਡ ਦਿੱਤਾ। ਨਾ ਹੁਣ ਸਰੀਰ ਵਿੱਚ ਕੋਈ ਤਾਣ ਰਿਹਾ ਨਾ ਹੀ ਕੋਈ ਸਿਰੜ ਹੀ ਰਿਹਾ ਹੈ। ਨਾ ਹੀ ਕੋਈ ਹੁਣ ਚੰਗੇ ਮਾੜੇ ਦਾ ਲਾਝਾਂ ਰਿਹਾ ਹੈ। ਬੱਸ ਹੁਣ ਟਾਹਣੀਓਂ ਟੁੱਟੇ ਪੱਤੇ ਵਾਂਗ ਸਭ ਕੁਝ ਕਿਸਮਤ ਦੀ ਹਨੇਰੀ ਦੇ ਹਵਾਲੇ ਕਰ ਦਿੱਤਾ ਹੈ। ਜਿੱਧਰ ਮਰਜ਼ੀ ਲੈ ਜਾਏ, ਕੋਈ ਹੀਲ ਹੁੱਜਤ ਨਹੀਂ ਰਹੀ।
ਫਿਰ ਇਸੇ ਭੱਜ ਦੌੜ ਵਿੱਚ ਕਿਸਮਤ ਦੀ ਹਨੇਰੀ ਪਾਕਿਸਤਾਨ ਦੀ ਫੇਰੀ ’ਤੇ ਲੈ ਗਈ। ਪਤਾ ਨਹੀਂ ਕਿਉਂ ਬਾਬੇ ਨਾਨਕ ਦੇ ਸ਼ਹਿਰ ਕਿਸਮਤ ਕੁਝ ਚਿਰ ਲਈ ਸਾਡੇ ’ਤੇ ਮਿਹਰਬਾਨ ਹੋ ਗਈ। ਬੜੇ ਦਰਵੇਸ਼ ਬੰਦਿਆਂ ਦੇ ਦੀਦਾਰ ਹੋਏ। ਇੱਕ ਮਹੀਨਾ ਸ਼਼ੂਟਿੰਗ ਕੀਤੀ ਤੇ ਪਾਕਿਸਤਾਨੀ ਫਨਕਾਰਾਂ ਦੀ ਅਵਾਜ਼ ਵਿੱਚ ਆਪਣੀਆਂ 12 ਗ਼ਜ਼ਲਾਂ ਵੀ ਰੀਕਾਰਡ ਕਰਵਾਈਆਂ। ਆਪਣਿਆਂ ਨਾਲੋਂ ਬਿਗਾਨਿਆਂ ਨੇ ਇਸੇ ਨਿਮਾਣੇ ਬੰਦੇ ਨੂੰ ਰੱਜ ਕੇ ਮਾਣ-ਸਤਿਕਾਰ ਦਿੱਤਾ।
ਇਸੇ ਤਰ੍ਹਾਂ ਅਖ਼ੀਰ ਵਿੱਚ 2009 ਜੂਨ ਕਿਸਮਤ ਮੈਨੂੰ ਦੁਨੀਆਂ ਦੇ ਸਭ ਨਾਲੋਂ ਖੂਬਸੂਰਤ ਸ਼ਹਿਰ ਵੈਨਕੂਵਰ ਲੈ ਗਈ। ਉੱਥੇ ਵੀ ਇਸ ਗੁੰਮਨਾਮ ਖਾਕਸਾਰ ਨੂੰ ਰੱਜਵਾਂ ਪਿਆਰ ਸਤਿਕਾਰ ਮਿਲਿਆ। ਖਾਸ ਕਰਕੇ ਟੀ.ਵੀ ਤੇ ਰੇਡੀਓ ਹੋਸਟ, ਬੇਟੇ ਬਲਜਿੰਦਰ ਅਟਵਾਲ ਨੇ ਜਿਵੇਂ ਕਿਸੇ ਦਮ ਤੋੜਦੇ ਮਰੀਜ਼ ਦੇ ਮੂੰਹ ’ਤੇ ਔਕਸੀਜਨ ਮਾਸਕ ਰੱਖ ਦਿੱਤਾ ਹੋਵੇ। ਉਨ੍ਹਾਂ ਮੇਰੀ ਰੇਡੀਓ ਅਤੇ ਟੀ.ਵੀ. ਦੇ ਹਜ਼ਾਰਾਂ ਸਰੋਤਿਆਂ ਨਾਲ ਸਾਂਝ ਪੁਆਈ। ਇੱਕ ਹੋਰ ਕਰਮ ਮੇਰੇ ’ਤੇ ਕੀਤਾ। ਮੇਰੀਆਂ ਇੰਟਰਵਿਊਜ਼ ਇਨਟਰਨੈੱਟ ’ਤੇ ਪਾ ਦਿੱਤੀਆਂ। ਫਿਰ ਦੁਨੀਆਂ ਦੇ ਹਰ ਕੋਨੇ ਤੋਂ ਸਰੋਤਿਆਂ ਦੇ ਪਿਆਰ ਭਿੱਜੇ ਫੁੱਲ ਆਏ।
ਤਕਰੀਬਨ ਹਰ ਸ੍ਰੋਤੇ ਨੇ ਇਹੀ ਮੰਗ ਕੀਤੀ ਕਿ ਬਲਬੀਰ ਜੀ, ਤੁਸੀਂ ਜ਼ਰੂਰ ਆਪਣੇ ਜਿਊਂਦੇ ਜੀਅ ਆਪਣੀ ਸਵੈ ਜੀਵਨੀ ਲਿਖਕੇ ਆਪਣੀ ਜ਼ਿੰਦਗੀ ਦੇ ਇੰਨੇ ਤਲਖ ਤਜਰਬਿਆਂ ਦੀ ਸਾਡੇ ਨਾਲ ਸਾਂਝ ਪਾਓ ਪਰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਪਾਉਣਾ, ਕੁਝ ਵੀ ਲੁਕੋਣਾ ਨਹੀਂ ਆਦਿ।
ਉਹੀ ਗੱਲ ਹੋਈ, ਕੀ ਨੰਗਾ ਨਹਾਊ ਤੇ ਕੀ ਨਿਚੋੜੂ। ਮੇਰੇ ਪਿਆਰੇ ਸ੍ਰੋਤਿਓ, ਸੱਚ ਪੁੱਛੋ ਤਾਂ ਮੇਰੇ ਕੋਲ ਕੁਝ ਵੀ ਦੱਸਣ ਜਾਂ ਲਕੋਣ ਵਾਲਾ ਨਹੀਂ। ਯਾਰੋ ਕੀ ਖੋਲ੍ਹਾਂ ਆਪਣੀ ਜ਼ਿੰਦਗੀ ਦੀ ਖਿੱਦੋ ਨੂੰ, ਸਿਰਫ ਵਿੱਚ ਫਟੀਆਂ ਪੁਰਾਣੀਆਂ ਸਹਿਕਦੀਆਂ ਲੀਰਾਂ ਨੇ ਤੇ ਕੁਝ ਕੌੜੀਆਂ ਯਾਦਾਂ ਦੇ ਸਹਿਕਦੇ ਨਾਸੂਰ ਨੇ, ਜਿਨ੍ਹਾਂ ਨੂੰ ਮੈਂ ਆਪਣੀ ਚੇਤਿਆਂ ੳਸ਼ਦੀ ਬੁੱਕਲ ਵਿੱਚ ਲੁਕਾਈ ਫਿਰਦਾ ਹਾਂ। ... ਪਰ ਕਿਵੇਂ ਵੀ ਮੈਂ ਆਪਣੀ ਸਵੈ ਜੀਵਨੀ ਸ੍ਰੋਤਿਓ ਆਪਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤੀ ਹੈ ਕਿਉਂਕਿ ਇਹ ਅਭਾਗਣ ਸਵੈਜੀਵਨੀ ਕੱਲ੍ਹ ਵੀ ਅਧੂਰੀ ਸੀ, ਅੱਜ ਵੀ ਅਧੂਰੀ ਹੀ ਹੈ ਅਤੇ ਕੱਲ੍ਹ ਨੂੰ ਮੇਰੇ ਮਰਨ ਪਿੱਛੋਂ ਵੀ ਇਵੇਂ ਅਧੂਰੀ ਹੀ ਰਹੇਗੀ। ਜਿਵੇਂ ਕੋਮਾ ਵਿੱਚ ਪਈ ਹੋਵੇ।
ਅੱਗੇ ਤੁਹਾਡੀ ਮਰਜ਼ੀ ਹੈ ਮੇਰੇ ਪਿਆਰੇ ਸ੍ਰੋਤਿਓ, ਤੁਸੀਂ ਇਸ ਵਿੱਚੋਂ ਹੰਸ ਬਣਕੇ ਮੋਤੀ ਚੁਗਣੇ ਨੇ ਜਾਂ ਬਗਲੇ ਬਣਕੇ ਸਿਰਫ ਇਸ ਵਿੱਚੋਂ ਡੱਡਾਂ (ਨੁਕਸ) ਫੜਨੀਆਂ ਨੇ। ਸਭ ਦਾ ਆਪਣਾ ਆਪਣਾ ਸ਼ੌਕ ਅਤੇ ਸੁਭਾਅ ਹੁੰਦਾ ਹੈ।
ਵੈਸੇ ਤਾਂ ਮੈਂ ਕਦੇ ਸੋਚਿਆ ਸੀ ਕਿ ਮੈਂ ਆਪਣੇ ਹੀ ਇਨ੍ਹਾਂ ਕੁਝ ਸ਼ੇਅਰਾਂ ਦੀ ਤਰਜ਼ਮਾਨੀ ਕਰਦਾ ਕਰਦਾ ਹੀ ਮੁੱਕ ਜਾਵਾਂਗਾ ਪਰ
ਜ਼ਿੰਦਗੀ ਦੀ ਹਰ ਸ਼ੈਅ ਅਧੂਰੀ,
ਜੋ ਕਦੇ ਵੀ ਨਾ ਹੋਵੇਗੀ ਪੂਰੀ,
ਆਪਣੀ ਅਧੂਰੀ ਜ਼ਿੰਦਗੀ ਦੀ,
ਅਧੂਰੀ ਦਾਸਤਾਂ ਹਾਂ ਮੈਂ … .
ਮੇਰੇ ਨਾਲ ਹੀ ਮਿਟ ਜਾਣਗੇ,
ਮੇਰੇ ਸਾਰੇ ਹੀ ਨਾਮੋ-ਨਿਸ਼ਾਂ,
ਕਿਉਂਕਿ ਆਪਣੀ ਦਫਨ ਜ਼ਿੰਦਗੀ ਦਾ,
ਆਪੇ ਹੀ ਰਾਜਦਾਂ ਹਾਂ ਮੈਂ …
ਯਾਰੋ ਅੱਜ ਹੋਕੇ ਕਿਤੇ ਮੇਹਰਬਾਂ ਮੌਤ ਹੀ ਨਾ ਆ ਜਾਏ!
ਧੜਕਨ ਜੋ ਰੁਕ ਰੁਕ ਕੇ ਚੱਲ ਰਹੀ ਏ, ਕੋਈ ਤਾਂ ਗੱਲ ਖਾਸ ਹੈ!
ਹੁਣ ਜਦੋਂ ਵਕਤ ਹੀ ਨਹੀਂ ਰਿਹਾ ਆਪਣਾ,
ਫਿਰ ਕਾਹਦਾ ਸਿਰੜ, ਕਾਹਦਾ ਰਾਜ਼ ਸੱਜਣਾ।
“ਦਿਲੋਂ ਧੰਨਵਾਦੀ ਹਾਂ”
ਅਜੀਤ ਦਿਓਲ, ਬਲਜਿੰਦਰ ਅਟਵਾਲ, ਡਾ. ਸਤੀਸ਼ ਕੁਮਾਰ ਵਰਮਾ, ਡਾ. ਵਰਿਆਮ ਸੰਧੂ, ਡਾ. ਅਮਰਦੀਪ, ਹਰਿੰਦਰ, ਪਰਮਜੀਤ ਸਿੰਘ ਸੰਧੂ, ਬਲਰਾਜ ਦਿਓਲ ਜੀ, ਗੁਰਦਾਸ ਮਿਨਹਾਸ, ਐਡਮ ਰਿਜ਼ਵੀ ਅਤੇ ਹਰਮਿੰਦਰ ਵਿਲਕੂ ਦਾ, ਜਿਨ੍ਹਾਂ ਮਿਹਰਬਾਨ ਅਤੇ ਜ਼ਹੀਨ ਸ਼ਖਸੀਅਤਾਂ ਨੇ ਮੇਰਾ “ਜ਼ੰਗਾਲਿਆ ਕਿੱਲ” ਬਾਹਰ ਕੱਢਣ ਲਈ ਮੈਨੂੰ ਦਿਲੋਂ ਸਹਿਯੋਗ ਦਿੱਤਾ। ਅਤੇ ਧੰਨਵਾਦੀ ਹਾਂ ਉਨ੍ਹਾਂ ਹਜ਼ਾਰਾਂ ਰੱਬ ਵਰਗੇ ਸ੍ਰੋਤਿਆਂ ਦਾ, ਜਿਹੜੇ ਹਮੇਸ਼ਾ ਮੇਰੇ ਹਰ ਗ਼ਮ ਵਿੱਚ ਸ਼ਰੀਕ ਹੁੰਦੇ ਨੇ। ਅਮੀਨ।
“ਮੇਰੇ ਅਜੀਜ਼”
ਹਰਿੰਦਰ ਅਤੇ ਹਰਮਿੰਦਰ ਬਿਲਖੂ, ਜਿਨ੍ਹਾਂ ਮੈਨੂੰ ਹਮੇਸ਼ਾ ਇੰਨਾ ਪਿਆਰ ਤੇ ਸਤਿਕਾਰ ਦਿੱਤਾ। ਇਨ੍ਹਾਂ ਦੋਹਾਂ ਦੀ ਅਪਣੱਤ ਦਾ ਅਹਿਸਾਸ ਮੇਰੇ ਲਈ ਔਕਸੀਜਨ ਦਾ ਕੰਮ ਕਰਦਾ ਹੈ। ਇਨ੍ਹਾਂ ਦੀ ਫਰਮਾਬਰਦਾਰੀ ਮੇਰਾ ਬਹੁਤ ਵੱਡਾ ਸਰਮਾਇਆ ਹੈ। ਇਨ੍ਹਾਂ ਦੀ ਨੇੜਤਾ ਨੇ ਮੈਨੂੰ ਕਦੇ ਇਕੱਲੇਪਨ ਦਾ ਅਹਿਸਾਸ ਹੋਣ ਨਹੀਂ ਦਿੱਤਾ। ਸੱਚ ਪੁੱਛੋ ਤਾਂ ਮੇਰਾ ਪੰਜਾਬ ਵੀ ਇਨ੍ਹਾਂ ਨਾਲ ਵਸਿਆ ਹੈ। ਭਾਵੇਂ ਮੇਰੀ ਖਸਤਾ ਸਿਹਤ ਅਤੇ ਢਲਦੀ ਉਮਰ ਇੰਨੇ ਲੰਮੇ ਸਫਰ ਦੀ ਖੇਚਲ ਸਹਿਣ ਦੇ ਯੋਗ ਨਹੀਂ ਰਹੀ ਪਰ ਇਨ੍ਹਾਂ ਦੋਹਾਂ ਦੇ ਮੋਹ ਦੀਆਂ ਤੰਦਾਂ ਮੈਨੂੰ ਹਰ ਸਾਲ ਮੱਲੋਮੱਲੀ ਖਿੱਚ ਲਿਆਉਂਦੀਆਂ ਨੇ।
ਇੱਕ ਅਗੇਤਾ “ਸਪਸ਼ਟੀਕਰਨ”
“ਜ਼ੰਗਾਲਿਆ ਕਿੱਲ” ਗਾਥਾ ਦੇ ਸਾਰੇ ਹੀ ਪਾਤਰ ਅਤੇ ਅਸਥਾਨ ਕਾਲਪਨਿਕ ਹਨ ਪਰ ਗਾਥਾ ਦੇ ਸਾਰੇ ਹਾਦਸੇ ਸੱਚ ਬੋਲਦੇ ਨੇ।
ਬਲਬੀਰ ਸਿਕੰਦ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































