“ਫਿਰ ਮੈਂ ਆਪਣੀ ਅੰਦਰੋਂ ਅਪਾਹਜ ਜ਼ਿੰਦਗੀ ਨਾਲ ਕਿਵੇਂ ਵੀ ਸਮਝੌਤਾ ਕਰਕੇ ਆਪਣਾ ...”
(6 ਅਗਸਤ 2026)
10 ਮਈ 1942 - 2 ਫਰਵਰੀ 2018
ਕੁਝ ਮੇਰੇ ਵੱਲੋਂ
ਜਿਵੇਂ ਬੜੀ ਹੀ ਇੱਕ ਪੁਰਾਤਨ ਕਹਾਵਤ ਹੈ, ‘ਇੱਕ ਕਮਲੀ, ਦੂਜਾ ਪੈ ਗਈ ਸਿਵਿਆਂ ਦੇ ਰਾਹ’। ਜਾਂ ਇਵੇਂ ਵੀ ਕਹਿ ਸਕਦੇ ਹਾਂ, … ਜਿਉਂ ਜੰਮੇ ਬੋਦੀਓਂ ਲੰਮੇ। ਸ਼ੁਰੂ ਤੋਂ ਹੀ ਮੇਰਾ ਸੁਭਾਅ ਬੜਾ ਹੀ ਕੋਮਲ ਅਤੇ ਜਜ਼ਬਾਤੀ ਜਿਹਾ ਸੀ। ਕਿਸੇ ਸੱਤ ਬਿਗਾਨੇ ਦਾ ਵੀ ਦੁੱਖ ਮੈਥੋਂ ਜਰਿਆ ਨਹੀਂ ਜਾਂਦਾ। ਕਿਸੇ ਦੀ ਵੀ ਮਾੜੀ ਜਿਹੀ ਤਕਲੀਫ ਨਾਲ ਮੇਰਾ ਮੋਮ ਦਿਲ ਫੱਟ ਪਿਘਲ ਜਾਂਦਾ। ਫਿਰ ਮੈਂ ਝੱਲਿਆਂ ਵਾਂਗ ਉਸਦੇ ਦੁੱਖ ਨੂੰ ਆਪਣਾ ਦੁੱਖ ਸਮਝਕੇ ਹਾਲੋਂ-ਬੇਹਾਲ ਹੋ ਜਾਂਦਾ। ਮੇਰੀ ਇਸ ਚੰਦਰੀ ਬਿਮਾਰੀ ਨੇ ਮੈਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਮੁਸੀਬਤ ਵਿੱਚ ਉਲਝਾਈ ਰੱਖਿਆ।
ਆਪੇ ਖਤਾਵਾਰ ਹਾਂ ਜੋ ਅਜਿਹਾ ਦਿਲ ਪਾਇਆ ਏ,
ਜ਼ਰਾ ਜਿਹੀ ਗੱਲੋਂ ਰੁੱਸਿਆ, ਟੁੱਟਿਆ, ਤਿਲਮਿਲਾਇਆ ਏ।
ਕਦੇ ਜ਼ਰਾ ਜਿਹੀ ਗੱਲ ਪਿੱਛੇ, ਵਰ੍ਹਿਆਂ ਦੀ ਤੋੜ ਦਿੱਤੀ,
ਕਦੇ ਜ਼ਰਾ ਜਿਹੀ ਗੱਲ ਨੂੰ ਅਸਾਂ ਵਰਸਾਂ ਨਿਭਾਇਆ ਏ।
ਹਰ ਬਾਰ ਮੈਂ ਤੌਬਾ ਕਰਦਾ ਪਰ ਫਿਰ ਓਹੀ ਕੁੱਤੇ ਦੀ ਪੂਛ ਵਾਂਗ ਆਪਣੀ ਆਦਤ ਤੋਂ ਮਜਬੂਰ ਹੋ ਕੇ ਕੋਈ ਨਾ ਕੋਈ ਨਵਾਂ ਪੰਗਾ ਲੈ ਛੱਡਦਾ। ਇਸ ਫਿਤਰਤ ਕਰਕੇ ਮੈਨੂੰ ਬਚਪਨ ਤੋਂ ਬੁੜਾਪੇ ਤੀਕ, ਬੜੇ ਹੀ ਉਤਾਰ ਚੜ੍ਹਾਅ, ਦੁੱਖ, ਪਛਤਾਵੇ, ਸੰਤਾਪ, ਨਮੋਸ਼ੀਆਂ ਦੇ ਜ਼ਖਮ ਮੈਨੂੰ ਆਪਣੇ ਨੰਗੇ ਪਿੰਡੇ ਅਤੇ ਜ਼ਮੀਰ ਉੱਤੇ ਸਹਿਣੇ ਪਏ। ਉਨ੍ਹਾਂ ਜ਼ਖਮਾਂ ਵਿੱਚੋਂ ਕਈ ਤਾਂ ਇੰਨੇ ਗਹਿਰੇ ਸਨ ਜੋ ਅੱਜ ਤਾਈਂ ਅੱਲੇ ਨੇ। ਅਤੇ ਕਈ ਜ਼ਖਮ ਆਪੇ ਰਿਸ ਰਿਸ ਕੇ ਯਾਦਾਂ ਦੇ ਨਾਸੂਰ ਬਣ ਗਏ।
ਮੁੱਢ ਤੋਂ ਹੀ ਕਈ ਕਰੋਪੀਆਂ ਮੈਨੂੰ ਮੇਰਾ ਨਸੀਬ ਬਖਸ਼ਦਾ ਰਿਹਾ ਅਤੇ ਕੁਝ ਮੈਂ ਆਪ ਆਪਣੇ ਨਰਮ ਸੁਭਾਅ ਕਰਕੇ ਸਹੇੜ ਲਈਆਂ, ਬੱਸ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਮੇਰੀ ਜ਼ਿੰਦਗੀ ਵਿੱਚ ਸਦਾ ਹੀ ਘਟਦੀ ਰਹੀ। ਕੁਝ ਲੋਕ ਤਾਂ ਮੇਰੀ ਇਸ ਰਹਿਮ ਦਿਲ ਤਬੀਅਤ ਨੂੰ ਪਸੰਦ ਵੀ ਕਰਦੇ, ਪਰ ਬਹੁਤੇ ਮੈਨੂੰ ਸ਼ੁਦਾਈ ਕਹਿ ਕੇ ਮੇਰੀ ਖਿੱਲੀ ਵੀ ਉਡਾ ਛੱਡਦੇ।
ਜਿਵੇਂ ਸਭ ਨਾਲੋਂ ਪਹਿਲਾਂ, ਪਿੰਡ ਵਿੱਚ ਕਿਸੇ ਨਵੇਂ ਉੱਸਰ ਰਹੇ ਖੂਹ ਦੀ ਨੀਂਹ ਵਿੱਚ ਸਦਾ ਲਈ ਦਫਨ ਹੋ ਰਹੀ ਵੱਡੀ ਸਾਰੀ ਚੌਗਾਠ ਨੁਮਾ ਲੱਕੜ ਲਈ ਮੇਰਾ ਦਿਲ ਵਿਆਕੁਲ ਹੁੰਦਾ … ਕੀ ਇਸ ਅਭਾਗੀ ਲੱਕੜ ਨੂੰ ਫਿਰ ਕਦੇ ਕੋਈ ਨਹੀਂ ਦੇਖ ਸਕੇਗਾ, ਕੀ ਇਹ ਹਮੇਸ਼ਾ ਇੰਨੇ ਭਾਰ ਥੱਲੇ ਹੀ ਦੱਬੀ ਰਹੇਗੀ? ਮੇਰੀ ਬਚਪਨੇ ਦੀ ਉਮਰ ਵਿੱਚ ਇੰਨੀ ਡੂੰਘੀ ਗੱਲ ਨੂੰ ਸਭ ਨੇ ਹੱਸਕੇ ਨਜ਼ਰ ਅੰਦਾਜ਼ ਕਰ ਦਿੱਤਾ। ਇਵੇਂ ਹੀ ਇੱਕ ਵਾਰ ਮੈਂ ਆਪਣੀ ਮੌਤ ਆਪ ਸਹੇੜੀ। ਇੱਨ ਵਾਰ ਮੈਂ ਨਿੱਕਾ ਜਿਹਾ ਬਾਲ, ਦੂਜੇ ਮੁੰਡਿਆਂ ਦੀ ਰੀਸੇ ਮੱਝ ਦੀ ਪੂਛ ਫੜਕੇ ਤਰਨਾ ਸਿੱਖਦਾ ਸਿੱਖਦਾ ਡੁੱਬਣੋ ਮਸੀਂ ਬਚਿਆ, ਮੱਝ ਨੇ ਛੱਪੜ ਦੇ ਵਿਚਾਲੇ ਜਾ ਕੇ, ਮਾੜੀਆਂ ਜਿਹੀਆਂ ਆਪਣੀਆਂ ਨਾਸਾਂ ਬਾਹਰ ਕੱਢਕੇ, ਮੇਰੇ ਗੋਤੇ ਲੁਆ ਦਿੱਤੇ।
ਮੈਂ ਬਾਲਪਣ ਵਿੱਚ ਹੀ ਆਪਣੇ ਸੀਰੀ ਦੇ ਘਰ ਜਾ ਕੇ ਮੱਕੀ ਦੀਆਂ ਰੋਟੀਆਂ ਖਾਧੀਆਂ ਤੇ ਆਪਣੀ ਫਰਾਖ-ਦਿਲੀ ਅਤੇ ਭੋਲੇਪਣ ਨਾਲ ਜਾਤ-ਪਾਤ ਦੇ ਵਿਤਕਰੇ ਦੀਆਂ ਧੱਜੀਆਂ ਉਡਾਈਆਂ। ਇਸੇ ਕਰਕੇ ਕਈ ਮੈਨੂੰ ਲਾਡ ਨਾਲ ਛੋਟਾ ਗਾਂਧੀ ਵੀ ਕਹਿਣ ਲੱਗ ਪਏ।
ਇਸੇ ਤਰ੍ਹਾਂ ਸ਼ਾਇਦ ਇਹ ਵੀ ਮੇਰੇ ਭਾਵੁਕ ਸੁਭਾਅ ਦਾ ਹਿੱਸਾ ਹੀ ਹੋਵੇ। ਬਚਪਨੇ ਵਿੱਚ ਅਕਸਰ ਬੱਚੇ ਤੱਤਾ ਤੱਤਾ ਗੁੜ ਸੁਆਦ ਲਈ ਹੀ ਖਾਂਦੇ ਨੇ। ਤੇ ਫਿਰ ਦੋ ਘੜੀ ਮਿੱਠਤ ਦਾ ਅਨੰਦ ਮਾਣਿਆ ਤੇ ਗੁੜ ਨੂੰ ਭੁੱਲ ਗਏ। ਪਰ ਮੈਂ ਹਮੇਸ਼ਾ ਹੀ ਵਿਚਾਰੇ ਗੰਨੇ ਤੋਂ ਗੁੜ ਬਣਨ ਦੀ ਕਰੜੀ ਘਾਲਣਾ ਵਿੱਚ ਉਲਝ ਜਾਂਦਾ। ਕਿਵੇਂ ਗੰਨਾ ਆਪਣਾ ਵਜੂਦ ਗੁਆਕੇ, ਤਨ ’ਤੇ ਇੰਨੇ ਤਸੀਹੇ ਝੱਲ ਕੇ ਫਿਰ ਗੁੜ ਬਣਦਾ ਹੈ। ਖਾਣ ਵਾਲਾ ਸਿਰਫ ਉਸਦੀ ਮਿੱਠਤ ਦਾ ਸੁਆਦ ਮਾਣਦਾ ਹੈ। ਕੋਈ ਉਸਦੀ ਸਹੀ ਤਕਲੀਫ ਨਹੀਂ ਜਾਣਦਾ।
ਪਰਿਵਾਰ ਵਿੱਚ ਮੈਂ ਸਭ ਤੋਂ ਛੋਟਾ ਜੀਅ ਸੀ। ਪਰ ਮੇਰੀ ਸੋਚ ਉਸ ਵੇਲੇ ਵੀ ਮੇਰੀ ਉਮਰ ਨਾਲੋਂ ਕਿਤੇ ਵਡੇਰੀ ਸੀ। ਸਾਡੇ ਘਰ ਦਾ ਬਜ਼ੁਰਗ ਨੌਕਰ ਜਿਸ ਨੂੰ ਸਾਰੇ ਵਰਿਆਮਾ ਕਹਿੰਦੇ ਸਨ, ਮੈਂ ਹਮੇਸ਼ਾ ਹੀ ਉਸਦਾ ਆਪਣੇ ਪਿਤਾ ਵਾਂਗ ਸਤਿਕਾਰ ਕਰਦਾ ਸੀ ਤੇ ਹਮੇਸ਼ਾ ਉਸ ਨੂੰ ਆਪਣਾ ਯਾਰ ਤਾਇਆ ਕਹਿੰਦਾ ਸੀ। ਕਿਵੇਂ ਚਾਈਂ ਚਾਈਂ ਉਸਦੇ ਹੁੱਕੇ ਲਈ ਪਾਥੀ ’ਤੇ ਰੱਖਕੇ ਮਘਦੇ ਕੋਲੇ ਲੈ ਕੇ ਜਾਣਾ। ਕਿਵੇਂ ਬੇਸਬਰੀ ਨਾਲ ਉਸਦੇ ਹੁੱਕੇ ਦੀ ਗੁੜ ਗੁੜ ਸੁਣਨ ਲਈ ਬੈਠਿਆਂ ਰਹਿਣਾ … ਕਿਵੇਂ ਮੇਰੇ ਯਾਰ ਤਾਏ ਨੇ … ਆਪਣੇ ਆਖਰੀ ਦਮਾ ’ਤੇ ਆਪਣੀ ਚਿਤਾ ਨੂੰ ਸਿਰਫ ਆਪਣੇ ਨਿੱਕੇ ਯਾਰ ਦੇ ਹੱਥੋਂ ਹੀ ਲਾਂਬੂ ਲਾਉਣ ਦਾ ਆਖਰੀ ਤਰਲਾ ਕਰਨਾ … ਭਾਵੇਂ ਮੈਂ ਵੀ ਅੱਜ ਉਸੇ ਦੀ ਉਮਰ ਦਾ ਹਾਣੀ ਬਜ਼ੁਰਗ ਹੋ ਗਿਆ ਹਾਂ ਪਰ ਉਸਦੀ ਯਾਦ ਅੱਜ ਵੀ ਮੇਰੇ ਦਿਲ ਵਿੱਚ ਓੁਵੇਂ ਹੀ ਜਵਾਨ ਹੈ।
ਇਸ ਤੋਂ ਬਾਅਦ ਤਕਰੀਬਨ ਮੇਰਾ ਸ਼ਹਿਰੀ ਸਫਰ ਆਪਣੇ ਫੌਜੀ ਪਿਤਾ ਜੀ ਦੇ ਨਾਲ ਸ਼ੁਰੂ ਹੋ ਗਿਆ। ਹਮੇਸ਼ਾ ਖਾਨਾਬਦੋਸ਼ਾਂ ਵਾਂਗ ਅਸੀਂ ਤੁਰੇ ਹੀ ਰਹਿੰਦੇ, ਕਦੇ ਇਸ ਸ਼ਹਿਰ, ਕਦੇ ਉਸ ਸ਼ਹਿਰ। ਕਦੇ ਮੰਜੇ ਪੀੜ੍ਹੀਆਂ ਦੇ ਸਰਾਵੇ-ਪਾਵੇ ਉਧੇੜ ਲੈਣੇ ਤੇ ਦੂਜੇ ਸ਼ਹਿਰ ਜਾ ਕੇ ਫਿਰ ਤੋਂ ਮੰਜੀਆਂ ਪੀੜ੍ਹੀਆਂ ਠੋਕਣੀਆਂ ਤੇ ਦੌਣਾਂ ਕੱਸਣੀਆਂ ਤੇ ਬੋਰੀਆਂ ਦੇ ਟਾਟਾਂ ਵਿੱਚ ਸੂਏ ਤੇ ਸੇਬੇ ਨਾਲ ਸਾਰਾ ਸਮਾਨ ਖੋਲ੍ਹਣਾ। ਬੜੇ ਧਿਆਨ ਨਾਲ ਦੇਖਣਾ ਕਿਤੇ ਟੁੱਟ ਤਾਂ ਨਹੀਂ ਗਿਆ। ਫਿਰ ਨਵੇਂ ਨਵੇਂ ਸੂਬਿਆਂ ਦੀਆਂ ਨਵੀਂਆਂ ਨਵੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿੱਚ ਵਿਚਰਨਾ ਸ਼ੁਰੂ ਕਰ ਦੇਣਾ। ਕੁਝ ਉਨ੍ਹਾਂ ਦਾ ਸਿੱਖਣਾ, ਕੁਝ ਆਪਣਾ ਦੱਸਣਾ। ਕਦੇ ਹਿੰਦੀ, ਕਦੇ ਗੁਜਰਾਤੀ, ਕਦੇ ਮਰਾਠੀ ਅਤੇ ਸੰਸਕ੍ਰਿਤ ਪੜ੍ਹਨੀਆਂ ਪੈਂਦੀਆਂ। ਘਾਟ ਘਾਟ ਦਾ ਪਾਣੀ ਪੀਤਾ। ਖਾਸ ਕਰਕੇ ਮਹਾਰਾਸ਼ਟਰ ਦੇ ਪੂਨਾ ਕਿਰਕੀ ਦੇ ਵਿੱਚ ਰਹਿੰਦੇ ਸਮੇਂ ਮੈਨੂੰ ਆਪਣੀ ਕੋਮਲ ਕਲਾ ਚਿੱਤਰਕਾਰੀ ਨੂੰ ਨਿਖਾਰਨ ਦਾ ਭਰਪੂਰ ਮੌਕਾ ਮਿਲਿਆ।
ਇਸੇ ਤਰ੍ਹਾਂ 13-14 ਸਾਲ ਦੀ ਉਮਰ ਵਿੱਚ ਹੀ ਆਪਣੇ ਮਾਂ ਪਿਓ ਨੂੰ ਛੱਡ ਕੇ ਮੈਂ ਇਕੱਲਾ ਹੀ ਮਹਾਰਾਸ਼ਟਰ ਤੋਂ ਸ਼ਿਮਲੇ (ਪੰਜਾਬ) ਆਪਣੇ ਸਾਰਿਆਂ ਨਾਲੋਂ ਵੱਡੇ ਭਾਜੀ ਕੋਲ ਆ ਗਿਆ। ਫਿਰ ਕਦੇ ਮਾਂ ਪਿਓ ਨਾਲ ਇਕੱਠਿਆਂ ਰਹਿਣ ਦਾ ਮੌਕਾ ਨਹੀਂ ਜੁੜਿਆ। ਬੱਸ ਕਦੇ ਹੋਸਟਲਾਂ ਵਿੱਚ, ਕਦੇ ਦੇਸਾਂ ਪਰਦੇਸਾਂ ਵਿੱਚ ਟ੍ਰੇਨਿੰਗ ਤੇ ਫਿਰ ਨੌਕਰੀ ਵੀ ਅਜਿਹੀ ਮਿਲੀ, ਅੱਜ ਇੱਥੇ ਤੇ ਕੱਲ੍ਹ ਉੱਥੇ। ਬੱਸ ਫਿਰ ਕੀ, ਮੇਰੀ ਆਵਾਰਗੀ ਦਾ ਅਧੂਰਾ ਸਫਰ ਚਾਲੂ ਹੋ ਗਿਆ, ਜੋ ਅੱਜ ਤਾਈਂ ਵੀ ਜਾਰੀ ਹੈ।
ਇਸੇ ਤਰ੍ਹਾਂ ਆਪਣੇ ਪੰਜਾਬੀ ਮਾਪਿਆਂ ਦੀ ਧੱਕੇਸ਼ਾਹੀ ਤਾਂ ਮਸ਼ਹੂਰ ਹੈ, ਉਹ ਵੀ ਖਾਸ ਕਰਕੇ ਆਪਣੀ ਔਲਾਦ ਦੇ ਮਾਮਲੇ ਵਿੱਚ। ਜੋ ਉਹ ਚਾਹੁਣ ਉਹੀ ਕਿਤਾ-ਕਰਮ ਤੁਹਾਨੂੰ ਚੁਣਨਾ ਪਵੇਗਾ। ਮੈਂ ਚਿਤਰਕਾਰ ਬਣਨਾ ਚਾਹੁੰਦਾ ਸੀ, ਮੈਨੂੰ ਧੱਕੇ ਨਾਲ ਇੰਜਨਿਅਰਿੰਗ ਵਿੱਚ ਦਾਖਲ ਕਰਵਾ ਦਿੱਤਾ। ਜਿਵੇਂ ਕਿਸੇ ਢੱਗੇ ਨੂੰ ਕਿਤੇ ਕਸੂਤਾ ਜੋਤ ਦਿਓ, ਤੇ ਫਿਰ ਉਹ ਮੁਫਤ ਦੀ ਮਾਰ ਸੱਟਾਂ ਖਾਂਦਾ ਹੀ ਰਹਿੰਦਾ ਹੈ। ਤੇ ਉਸ ਤੋਂ ਪੈਂਡਾ ਵੀ ਕਦੇ ਨਹੀਂ ਮੁੱਕਦਾ। ਕੁਝ ਕੁਝ ਮੇਰਾ ਵੀ ਇਹੀ ਹਾਲ ਹੋਇਆ। ਪਹਿਲਾਂ ਪਹਿਲ ਰੇਲ ਹਾਦਸੇ ਨੇ ਮੈਨੂੰ ਮੂਲੋਂ ਹੀ ਬੌਂਦਲਾਕੇ ਰੱਖ ਦਿੱਤਾ। ਜਿਵੇਂ ਮੇਰਾ ਕੋਮਲ ਹਿਰਦਾ ਵਲੂੰਧਰਿਆ ਗਿਆ ਹੋਵੇ। ਜਾਣੋ ਜਿਵੇਂ ਮੇਰੀ ਦਿਮਾਗੀ ਅਤੇ ਜਿਸਮਾਨੀ ਤਾਕਤ ਦਾ ਆਪਸੀ ਤਾਲਮੇਲ ਟੁੱਟ ਗਿਆ ਹੋਵੇ। ਰੋਜ਼ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਲੱਗ ਪਿਆ।
ਇਸ ਮੁਸੀਬਤ ਤੋਂ ਹਾਲੇ ਥੋੜ੍ਹਾ ਬਹੁਤ ਨਿਕਲਿਆ ਹੀ ਸੀ, ਦੂਜੀ ਇੱਕ ਤਰਫ਼ਾ ਪਿਆਰ ਦੀ ਮਰਜ਼ ਸਹੇੜ ਲਈ, ਜਿਸਨੇ ਮੈਨੂੰ ਰੱਜਕੇ ਖੱਜਲ਼ ਖੁਆਰ ਕੀਤਾ। ਇੱਕ ਦਿਨ ਇਸੇ ਭਾਵੁਕ ਅਤੇ ਨਰਮ ਸੁਭਾਅ ਕਾਰਨ ਮੈਂ ਆਤਮ ਹੱਤਿਆ ਦਾ ਵੀ ਕਲੰਕ ਸਦਾ ਲਈ ਖੱਟ ਲਿਆ। ਭਾਵੇਂ ਮੇਰੀ ਵਧੀ, ਜਾਂ ਕੁਝ ਮੇਰੇ ਆਪਣਿਆਂ ਦੀ ਭੱਜ ਦੌੜ ਸਦਕਾ ਮੈਂ ਕਿਵੇਂ ਵੀ ਬਚ ਤਾਂ ਗਿਆ ਪਰ ਸਾਰੀ ਉਮਰ ਲਈ ਆਪਣਾ ਸਰੀਰ ਨਕਾਰਾ ਕਰ ਲਿਆ। ਜਿਸ ਜ਼ਹਿਰ ਦਾ ਸੰਤਾਪ ਮੈਂ ਤਕਰੀਬਨ ਪਿਛਲੇ 50 ਸਾਲਾਂ ਤੋਂ ਹੰਢਾ ਰਿਹਾ ਹਾਂ, ਇਸੇ ਅਧੂਰੇ ਪਿਆਰ ਨੇ ਮੈਨੂੰ ਕਿਤੇ ਵੀ ਟਿਕਣ ਨਹੀਂ ਦਿੱਤਾ। ਨਾ ਹੀ ਕਦੇ ਕਿਸੇ ਹੋਰ ਦਾ ਹੋਣ ਦਿੱਤਾ। ਬੱਸ ਕੈਂਸਰ ਵਾਂਗ ਮੇਰੀ ਨਸ-ਨਸ ਵਿੱਚ ਇਸਦਾ ਜ਼ਹਿਰੀਲਾ ਮਾਦਾ ਵਿਗਸਦਾ ਰਿਹਾ। ਹੌਲੀ ਹੌਲੀ ਇਸਦੇ ਅੱਲ੍ਹੇ ਜ਼ਖਮ ਸਦੀਵੀ ਨਾਸੂਰ ਬਣ ਗਏ, ਜਿਨ੍ਹਾਂ ਮੈਨੂੰ ਅਤਿ ਦਾ ਸੋਗੀ ਸ਼ਾਇਰ ਤਾਂ ਬਣਾ ਦਿੱਤਾ ਪਰ ਹੁਣ ਮੇਰੀ ਹਰ ਚੰਦਰੀ ਸੋਚ ਬੱਸ ਮੌਤ ’ਤੇ ਆਕੇ ਰੁਕ ਜਾਂਦੀ ਏ।
ਫਿਰ ਮੈਂ ਆਪਣੀ ਅੰਦਰੋਂ ਅਪਾਹਜ ਜ਼ਿੰਦਗੀ ਨਾਲ ਕਿਵੇਂ ਵੀ ਸਮਝੌਤਾ ਕਰਕੇ ਆਪਣਾ ਮਕੈਨੀਕਲ ਇੰਜਨੀਰਿੰਗ ਦਾ ਡਿਪਲੋਮਾ ਅਤੇ ਟ੍ਰੇਨਿੰਗ ਪੂਰੀ ਕੀਤੀ। ਕਿਸੇ ਤਰ੍ਹਾਂ ਵਧੀਆ ਸਰਕਾਰੀ ਨੌਕਰੀ ਵੀ ਮਿਲ ਗਈ। ਮੈਂ ਇੰਡਸਟਰੀ ਇਨਸਪੈਕਟਰ ਲੱਗ ਗਿਆ। ਬੜੀ ਹੀ ਸ਼ਾਨੋਸ਼ੌਕਤ ਵਾਲੀ ਨੌਕਰੀ ਸੀ। ਆਪਣੀ ਨੌਕਰੀ ਦੇ ਦੌਰਾਨ ਮੈਂ ਆਪਣੇ ਉਸਤਾਦ ਨੰਦਲਾਲ ਨੂਰਪੁਰੀ ਜੀ ਦੀ ਪੂਰੀ ਦਿਲੋਂ ਸੇਵਾ ਕੀਤੀ, ਉਨ੍ਹਾਂ ਕੋਲੋਂ ਬੜਾ ਕੁਝ ਸਿੱਖਿਆ ਵੀ। ਪਰ ਮੈਂ ਉਨ੍ਹਾਂ ਨੂੰ ਅਣਆਈ ਮੌਤ ਤੋਂ ਨਹੀਂ ਬਚਾ ਸਕਿਆ। ਇਸੇ ਬਟਾਲੇ ਨੇ ਮੈਨੂੰ ਦੋ ਅਜ਼ੀਮ ਸ਼ਖਸੀਅਤਾਂ ਬਖਸ਼ੀਆਂ। ਸਭ ਨਾਲੋਂ ਵੱਧ ਮੇਰਾ ਦਰਵੇਸ਼ ਯਾਰ ਅਜੀਤ ਸਿੰਘ ਦਿਓਲ ਤੇ ਸ਼ਿਵ ਕੁਮਾਰ ਬਟਾਲਵੀ। ਪਰ ਛੇਤੀ ਹੀ ਇੱਥੋਂ ਮੇਰਾ ਮਨ ਉਚਾਟ ਹੋ ਗਿਆ ਤੇ ਮੇਰੀ ਧੁਰੋਂ ਲਿਖੀ ਅਵਾਰਗੀ ਨੇ ਮੈਨੂੰ ਇੱਥੇ ਵੀ ਟਿਕਣ ਨਾ ਦਿੱਤਾ ਤੇ ਮੈਂ ਵਿੱਚੇ ਸਭ ਕੁਝ ਛੱਡਕੇ ਤੇ ਦੁਖੀ ਅੰਮੜੀ ਦੀ ਆਹ ਲੈ ਕੇ ਬੰਬਈ ਫਿਲਮੀ ਜਗਤ ਵੱਲ ਤੁਰ ਪਿਆ।
(ਬਾਕੀ ਅਗਲੇ ਦਿਨਾਂ ਵਿੱਚ ...)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































