“ਲੋੜ ਹੈ ਸੋਚ ਨੂੰ ਬਦਲਣ ਦੀ, ਕਿਸੇ ਨੂੰ ਹੇਠਾਂ ਖਿੱਚਣ ਦੀ ਬਜਾਏ ਉਸਦੇ ਹੌਸਲੇ ਨੂੰ ...”
(14 ਅਗਸਤ 2026)

ਔਰਤ ਹੱਸਣਾ ਚਾਹੁੰਦੀ ਹੈ। ਮਰਦ ਆਪਣੀ ਭਾਵਨਾ ਨੂੰ ਜ਼ਾਹਿਰ ਕਰਨ ਲਈ ਰੋਣਾ ਚਾਹੁੰਦਾ ਹੈ। ਦੋਵਾਂ ਦੇ ਅੰਦਰਲੀ ਪਰਤ ਬਾਹਰ ਪੁੰਗਰਨ ਲਈ ਕੁਦਰਤੀ ਪ੍ਰਕਿਰਿਆ ਦਾ ਰਾਹ ਭਾਲਦੀ ਹੈ। ਕੁਦਰਤੀ ਤਰਤੀਬ ਹੋਣ ਕਾਰਨ ਭਰੀ ਮਹਿਫਲ ਵਿੱਚ ਫੁੱਟ-ਫੁੱਟ ਕੇ ਰੋਣ ਵਾਲੇ ਮਰਦ ਅਤੇ ਠਾਠਾਂ ਮਾਰ ਕੇ ਹੱਸ ਰਹੀ ਔਰਤ ਦੀ ਤਸਵੀਰ ਨੂੰ ਮਖੌਲ ਕਰਨਾ ਵਾਜਬ ਨਹੀਂ ਹੈ। ਚਰਚਿਤ ਸ਼ਬਦ ਸਵੈਨਿਰਭਰਤਾ ਦੇ ਇਰਦ-ਗਿਰਦ ਘੁੰਮ ਰਹੀ ਔਰਤ ਨੂੰ ਸਮਾਜ ਕਿੰਨਾ ਸਵੀਕਾਰ ਕਰ ਰਿਹਾ ਹੈ, ਇਸ ਨੂੰ ਢੰਡੋਲਣ ਦੀ ਸਖਤ ਲੋੜ ਹੈ। ਜਿੰਨਾ ਚਿਰ ਸੋਚ ਅਤੇ ਸਮਾਜ ਕਥਿਤ ਮਰਦ ਪ੍ਰਧਾਨ ਰਹਿਣਗੇ, ਉਨ੍ਹਾਂ ਚਿਰ ਔਰਤ ਦੀ ਬੇਵਸੀ ਦੀ ਗੱਲ ਹੁੰਦੀ ਰਹੇਗੀ।
ਅੱਜ ਔਰਤ ਸਵੈਨਿਰਭਰ ਹੋਣ ਲਈ ਸੰਘਰਸ਼ ਕਰ ਰਹੀ ਹੈ। ਉਸਦੀ ਹੌਸਲਾ ਅਫਜ਼ਾਈ ਕਰਨ ਵਾਲੇ ਅਨੇਕ ਹਨ। ਉਸਦੇ ਇਸ ਰਾਹ ਵਿੱਚ ਰੋੜੇ ਬਣਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਅੱਜ ਡਰਾਈਵਰੀ ਸਵੈਨਿਰਭਰਤਾ ਅਤੇ ਰੋਜ਼ਾਨਾ ਜੀਵਨ ਦੀ ਮੁੱਖ ਲੋੜ ਬਣ ਚੁੱਕੀ ਹੈ। ਪਰ ਜਦੋਂ ਗੱਲ ਔਰਤਾਂ ਦੀ ਡਰਾਈਵਰੀ ਦੀ ਆਉਂਦੀ ਹੈ ਤਾਂ ਸਮਾਜ ਰੂੜ੍ਹੀਵਾਦੀ ਮਾਨਸਿਕਤਾ ਦਾ ਪ੍ਰਦਰਸ਼ਨ ਕਰਨੋ ਨਹੀਂ ਖੁੰਝਦਾ। ਜਿੱਥੇ ਔਰਤਾਂ ਅੱਜ ਪੁਲਾੜ ਤਕ ਪਹੁੰਚ ਚੁੱਕੀਆਂ ਹਨ, ਉੱਥੇ ਸੜਕਾਂ ’ਤੇ ਸਟੇਅਰਿੰਗ ਸੰਭਾਲਣ ’ਤੇ ਉਨ੍ਹਾਂ ਨੂੰ ਅਜੀਬ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਸੜਕਾਂ ’ਤੇ ਗੱਡੀ ਚਲਾਉਂਦੀ ਔਰਤ ਨੂੰ ਦੇਖ ਕੇ ਹਾਰਨ ਮਾਰਨਾ, ਅੱਗਿਓਂ ਲੰਘਦਿਆਂ ਘੂਰਨਾ ਜਾਂ ਤਕਨੀਕੀ ਤੌਰ ’ਤੇ ਉਸ ਨੂੰ ਕਮਜ਼ੋਰ ਸਮਝਣਾ ਤੰਗ ਨਜ਼ਰੀ ਦੀ ਨਿਸ਼ਾਨੀ ਹੈ। ਮਾਹੌਲ ਇੰਨਾ ਨਕਾਰਾਤਮਕ ਬਣਾ ਦਿੱਤਾ ਜਾਂਦਾ ਹੈ ਕਿ ਕਈ ਔਰਤਾਂ ਚਾਹੁਣ ’ਤੇ ਵੀ ਗੱਡੀ ਚਲਾਉਣ ਤੋਂ ਗੁਰੇਜ਼ ਕਰਨ ਲਗ ਜਾਂਦੀਆਂ ਹਨ। ਔਰਤਾਂ ਸੜਕਾਂ ’ਤੇ ਗੱਡੀ ਚਲਾਉਂਦਿਆਂ ਇਸ ਗੱਲੋਂ ਨਹੀਂ ਡਰਦੀਆਂ ਕਿ ਉਨ੍ਹਾਂ ਦੀ ਗੱਡੀ ਦੀ ਕਿਸੇ ਨਾਲ ਟੱਕਰ ਹੋ ਜਾਵੇਗੀ, ਕੋਈ ਹੋਰ ਸੜਕ ਹਾਦਸਾ ਹੋ ਜਾਵੇਗਾ, ਜ਼ਿਆਦਾ ਡਰ ਇਸ ਗੱਲ ਦਾ ਹੈ ਕਿ ਜੇ ਅਣਜਾਣੇ ਵਿੱਚ ਵੀ ਕੋਈ ਗ਼ਲਤੀ ਹੋ ਗਈ ਤਾਂ ਸਮਾਜ ਨੇ ਉਨ੍ਹਾਂ ਨੂੰ ਜਿਊਣ ਨਹੀਂ ਦੇਣਾ। ਅੱਜ ਦੇ ਸਮੇਂ ਵਿੱਚ ਸੜਕ ’ਤੇ ਕਿਸੇ ਅਣਜਾਣ ਵੱਲੋਂ ਸੁਣਾਏ ਜਾਣ ਵਾਲੇ ਤਾਹਨਿਆਂ-ਮਿਹਣਿਆਂ ਨੂੰ ਕੌਣ ਬਰਦਾਸ਼ਤ ਕਰਦਾ ਹੈ। ਪਰ ਔਰਤ ਫਿਰ ਵੀ ਧਨ ਹੈ, ਉਹ ਇਹ ਸਭ ਵੀ ਬਰਦਾਸ਼ਤ ਕਰ ਲੈਂਦੀ ਹੈ। ਤਰਾਸਦੀ ਇਸ ਗੱਲ ਦੀ ਹੈ ਕਿ ਸੜਕ ’ਤੇ ਦੇਖੇ ਆਪਣੇ ਸੁਪਨਿਆਂ ਦੀ ਉਡਾਣ ਉਡਣ ਤੋਂ ਪਹਿਲਾਂ ਹੀ ਔਰਤ ਦੇ ਖੰਭ ਕੁਤਰ ਦਿੱਤੇ ਜਾਂਦੇ ਹਨ। ਇੱਕ ਮਾਂ, ਭੈਣ, ਧੀ, ਪਤਨੀ, ਜੋ ਘਰੋਂ ਗੱਡੀ ਦੇ ਨਾਲ-ਨਾਲ ਹੌਸਲਾ ਚੁੱਕ ਕੇ ਚੱਲੀ ਹੈ, ਉਸ ਲਈ ਸੜਕ ’ਤੇ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਉਹ ਅਗਾਂਹ ਵਾਸਤੇ ਗੱਡੀ ਦੇ ਨਾਲ-ਨਾਲ ਆਪਣਾ ਹੌਸਲਾ ਵੀ ਛੱਡ ਦਿੰਦੀ ਹੈ। ਪਰ ਚੇਤੇ ਰੱਖੋ ਕਿ ਕਿਸੇ ਦੇ ਹੌਸਲੇ ਨੂੰ ਮਾਰ ਦੇਣ ਦੇ ਅਪਰਾਧ ਦੀ ਕੋਈ ਨਾ ਕੋਈ ਸਜ਼ਾ ਤਾਂ ਹੁੰਦੀ ਹੀ ਹੋਵੇਗੀ।
ਔਰਤ ਦਾ ਹੌਸਲਾ ਢਾਹੁਣ ਦਾ ਸਿਲਸਿਲਾ ਇੱਥੇ ਤਕ ਹੀ ਸੀਮਿਤ ਨਹੀਂ ਹੈ। ਸੜਕ ਹਾਦਸਿਆਂ ਦੀ ਰਿਪੋਰਟਿੰਗ ਵਿੱਚ ਵੀ ਅਕਸਰ ਲਿੰਗ ਆਧਾਰਿਤ ਪੱਖਪਾਤ ਕੀਤਾ ਜਾਂਦਾ ਹੈ। ਸੜਕ ਹਾਦਸੇ ਦੌਰਾਨ ਮਰਦ ਡਰਾਈਵਰ ਤੋਂ ਗ਼ਲਤੀ ਹੋਵੇ ਤਾਂ ਉਸ ਨੂੰ ਆਮ ਤੌਰ ’ਤੇ ‘ਕਾਰ ਚਾਲਕ’ ਜਾਂ ‘ਵਿਅਕਤੀ’ ਲਿਖਿਆ ਜਾਂ ਕਿਹਾ ਜਾਂਦਾ ਹੈ, ਪਰ ਜੇਕਰ ਗ਼ਲਤੀ ਔਰਤ ਤੋਂ ਹੋ ਜਾਵੇ ਤਾਂ ਸੁਰਖੀਆਂ ਵਿੱਚ ਵਿਸ਼ੇਸ਼ ਤੌਰ ’ਤੇ ‘ਔਰਤ ਚਾਲਕ’ ਲਿਖਿਆ ਜਾਂਦਾ ਹੈ। ਡਰਾਈਵਰ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ ਗੱਲ ਵੱਖਰੀ ਹੈ। ਜੇਕਰ ਸੜਕ ਹਾਦਸੇ ਦੀ ਸੁਰਖੀ ਵਿੱਚ ਮਰਦ ਸ਼ਬਦ ਨੂੰ ਕੇਂਦਰ ਬਿੰਦੂ ਨਹੀਂ ਮੰਨਿਆ ਜਾਂਦਾ ਤਾਂ ਫਿਰ ਔਰਤ ਕਿਉਂ ਸ਼ਿਕਾਰ ਹੁੰਦੀ ਹੈ। ਇਸ ਪਿੱਛੇ ਦਾ ਕਾਰਨ ਵੀ ਕਥਿਤ ਮਰਦ ਪ੍ਰਧਾਨ ਸਮਾਜ ਹੀ ਹੈ। ਇਹ ਪੱਤਰਕਾਰੀ ਦਾ ਅਜਿਹਾ ਨੁਕਸ ਹੈ ਜੋ ਬੇਹੋਸ਼ੀ ਵਿੱਚ ਵੀ ਔਰਤ ਵਿਰੁੱਧ ਨਫਰਤ ਜਾਂ ਪੱਖਪਾਤ ਨੂੰ ਉਤਸ਼ਾਹਿਤ ਕਰਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਹੁਨਰ ਨਾਲ ਲਿੰਗ ਦਾ ਕੋਈ ਸੰਬੰਧ ਨਹੀਂ ਹੈ। ਗੱਡੀ ਚਲਾਉਣਾ ਮਾਸਪੇਸ਼ੀਆਂ ਦੀ ਤਾਕਤ ਦਾ ਨਹੀਂ, ਸਗੋਂ ਮਾਨਸਿਕ ਚੌਕਸੀ, ਫੈਸਲੇ ਲੈਣ ਦੀ ਸਮਰੱਥਾ ਅਤੇ ਨਿਯਮਾਂ ਦੀ ਪਾਲਣਾ ਦਾ ਕੰਮ ਹੈ। ਅੰਕੜੇ ਦੱਸਦੇ ਹਨ ਕਿ ਬਹੁਤੇ ਸੜਕ ਹਾਦਸਿਆਂ ਵਿੱਚ ਮਰਦ ਡਰਾਈਵਰ ਸ਼ਾਮਲ ਹੁੰਦੇ ਹਨ, ਫਿਰ ਵੀ ਬਦਨਾਮੀ ਦਾ ਠੀਕਰਾ ਜ਼ਿਆਦਾਤਰ ਔਰਤਾਂ ਦੇ ਸਿਰ ਭੰਨਿਆ ਜਾਂਦਾ ਹੈ। ਔਰਤਾਂ ਨੂੰ ਗੱਡੀ ਚਲਾਉਂਦਿਆਂ ਹਾਲੇ ਬਹੁਤਾ ਸਮਾਂ ਨਹੀਂ ਹੋਇਆ। ਔਰਤ ਇਸ ਕੰਮ ਵਿੱਚ ਸਾਥ ਲੋੜਦੀ ਹੈ ਪਰ ਉਸਦਾ ਰਾਹ ਪੱਧਰਾ ਕਰਨ ਦੀ ਬਜਾਏ ਅਜਿਹਾ ਕਰਕੇ ਸਮਾਜ ਉਸਦੇ ਰਾਹ ਵਿੱਚ ਰੋੜੇ ਵਿਛਾ ਰਿਹਾ ਹੈ। ਦੂਰਅੰਦੇਸ਼ੀ ਵਾਲਾ ਪਰਿਵਾਰ ਜਦੋਂ ਆਪਣੇ ਘਰ ਦੀ ਔਰਤ ਨੂੰ ਸਵੈਨਿਰਭਰ ਬਣਾਉਣ ਲਈ ਹੱਲਾਸ਼ੇਰੀ ਦਿੰਦਾ ਆਖਦਾ ਹੈ ਕਿ “ਤੂੰ ਕਿਸੇ ਦੀ ਪਰਵਾਹ ਨਾ ਕਰ” ਤਾਂ ਸਮਾਜ ਉਨ੍ਹਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਨ ਲੱਗ ਜਾਂਦਾ ਹੈ। ਇਸ ਸਭ ਦੇ ਬਾਵਜੂਦ ਅੱਜ ਦੀ ਨਾਰੀ ਨੇ ਹੌਸਲਾ ਨਹੀਂ ਹਾਰਿਆ। ਵੱਡੀ ਗਿਣਤੀ ਵਿੱਚ ਲੜਕੀਆਂ ਅਤੇ ਔਰਤਾਂ ਡਰਾਈਵਿੰਗ ਨੂੰ ਆਪਣੀ ਅਜ਼ਾਦੀ ਦਾ ਪ੍ਰਤੀਕ ਬਣਾ ਰਹੀਆਂ ਹਨ।
ਗੱਡੀ ਚਲਾਉਂਦੀ ਔਰਤ ਨੂੰ ਦੇਖ ਕੇ ਕੁਝ ਲੋਕ ਔਰਤ ਨੂੰ ਮੰਦਾ ਬੋਲਦੇ ਹਨ। ਕਈ ਵਾਰ ਇਨ੍ਹਾਂ ਵਿੱਚ ਖ਼ੁਦ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ। ਭਾਵੇਂ ਉੱਥੇ ਬੈਠੀ ਔਰਤ ਦੂਜੀ ਔਰਤ ਨੂੰ ਬੁਰਾ ਨਹੀਂ ਬੋਲਦੀ ਪਰ ਕਿਸੇ ਦੂਜੇ ਨੂੰ ਬੁਰਾ ਬੋਲਦਿਆਂ ਸੁਣ ਲੈਂਦੀ ਹੈ ਜਾਂ ਬਰਦਾਸ਼ਤ ਕਰ ਲੈਂਦੀ ਹੈ। ਔਰਤ ਨੂੰ ਵੀ ਚਾਹੀਦਾ ਹੈ ਕਿ ਜੇ ਕੋਈ ਉਸਦੇ ਸਾਹਮਣੇ ਕਿਸੇ ਦੂਜੀ ਔਰਤ ਦਾ ਅਪਮਾਨ ਕਰੇ ਜਾਂ ਉਸਦੇ ਹੌਸਲੇ ਨੂੰ ਢਾਹੁਣ ਦੀ ਕੋਸ਼ਿਸ਼ ਕਰੇ ਤਾਂ ਉਹ ਆਪਣਾ ਨੈਤਿਕ ਫਰਜ਼ ਸਮਝ ਕੇ ਇਸ ਨੂੰ ਰੋਕੇ। ਪਿਤਾ, ਭਾਈ, ਪਤੀ ਅਤੇ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੀ ਔਰਤ ਨੂੰ ਡਰਾਈਵਰੀ ਸਿਖਾਉਣ ਅਤੇ ਉਸਦੀ ਹੌਸਲਾ ਅਫਜ਼ਾਈ ਕਰਨ। ਪਰਿਵਾਰਾਂ ਤੋਂ ਪਹਿਲਾਂ ਸੜਕ ’ਤੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਕੋਈ ਵੀ ਵਾਹਨ ਚਲਾ ਰਹੀ ਔਰਤ ਨੂੰ ਅਜੀਬ ਨਜ਼ਰ ਨਾਲ ਨਾ ਦੇਖੇ, ਸਗੋਂ ਉਸ ਨੂੰ ਹੱਲਾਸ਼ੇਰੀ ਦੇਵੇ, ਉਸ ਨੂੰ ਰਾਹ ਦੇਣ ਵਿੱਚ ਉਸਦੀ ਮਦਦ ਕਰੇ। ਔਰਤ ਲਈ ਸੜਕ ’ਤੇ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਗੱਡੀ ਚਲਾਉਣ ਲੱਗਿਆਂ ਉਹ ਘਬਰਾਵੇ ਨਾ। ਗੱਡੀ ਚਲਾ ਰਹੀ ਔਰਤ ਦਾ ਹਮੇਸ਼ਾ ਸਤਿਕਾਰ ਕਰੋ ਕਿਉਂਕਿ ਹੋ ਸਕਦਾ ਹੈ ਕਿ ਉਹ ਹਾਲੇ ਇਸ ਗੁਰ ਨੂੰ ਸਿੱਖ ਰਹੀ ਹੋਵੇ। ਕਿਸੇ ਨੂੰ ਸਵੈਨਿਰਭਰ ਬਣਾਉਣਾ, ਉਸਦੇ ਭਲੇ ਲਈ ਉਸ ਨੂੰ ਕੁਝ ਸਿਖਾਉਣਾ ਪੁੰਨ ਦਾ ਕੰਮ ਹੁੰਦਾ ਹੈ।
ਸੜਕਾਂ ’ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਅਧਿਕਾਰ ਨਹੀਂ ਹੈ, ਸੜਕਾਂ ਸਾਰਿਆਂ ਲਈ ਬਰਾਬਰ ਹਨ। ਜਦੋਂ ਤਕ ਸਮਾਜਿਕ ਨਜ਼ਰੀਆ ਨਹੀਂ ਬਦਲਦਾ, ਉਦੋਂ ਤਕ ਅਸਲ ਅਜ਼ਾਦੀ ਅਧੂਰੀ ਹੈ। ਲੋੜ ਹੈ ਸੋਚ ਨੂੰ ਬਦਲਣ ਦੀ, ਕਿਸੇ ਨੂੰ ਹੇਠਾਂ ਖਿੱਚਣ ਦੀ ਬਜਾਏ ਉਸਦੇ ਹੌਸਲੇ ਨੂੰ ਸਲਾਹੁਣ ਦੀ। ਅੱਜ ਔਰਤ ਨੂੰ ਅਗਾਂਹ ਵਧਦੀ ਦੇਖ ਕੇ ਸੜਨ ਵਾਲੇ ਲੋਕ ਆਪਣੀ ਪਿਛਖੜੀ ਸੋਚ ਤੋਂ ਖਹਿੜਾ ਛੁਡਵਾਉਣ ਲਈ ਉਪਰਾਲਾ ਕਰਨ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਜਿਊਣਾ ਦੁਸ਼ਵਾਰ ਹੋ ਜਾਵੇਗਾ। ਅੱਜ ਸਾਡੇ ਦੇਸ਼ ਦੀ ਔਰਤ ਆਪਣੇ ਸੁਪਨਿਆਂ ਦੀ ਉਡਾਣ ਭਰਨ ਲਈ ਖੰਭ ਖਿਲਾਰ ਰਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































