“ਇੱਕ ਪਲ ਲਈ ਉੱਥੇ ਹੜਕੰਪ ਮਚ ਗਿਆ। ਕੁਝ ਲੋਕ ਉਸ ਵੱਲ ਭੱਜੇ, ਕੁਝ ...”
(7 ਅਗਸਤ 2026)
ਜ਼ਿੰਦਗੀ ਇਨਸਾਨ ਨੂੰ ਕਈ ਅਜਿਹੇ ਮੋੜਾਂ ’ਤੇ ਲੈ ਜਾਂਦੀ ਹੈ ਜਿੱਥੇ ਇੱਕ ਪਲ ਦਾ ਫੈਸਲਾ ਸਾਰੀ ਉਮਰ ਦਾ ਸਬਕ ਬਣ ਜਾਂਦਾ ਹੈ। ਸਾਲ 2014-15 ਵਿੱਚ ਮੇਰੀ ਜ਼ਿੰਦਗੀ ਵਿੱਚ ਵੀ ਇੱਕ ਅਜਿਹਾ ਹੀ ਵਾਕਿਆ ਵਾਪਰਿਆ ਜਿਸਨੇ ਮੈਨੂੰ ਸਿਖਾਇਆ ਕਿ ਨਫਰਤ ਦਾ ਜਵਾਬ ਨਫਰਤ ਨਾਲ ਨਹੀਂ, ਸਗੋਂ ਇਨਸਾਨੀਅਤ ਨਾਲ ਦੇਣਾ ਚਾਹੀਦਾ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਦੁਬਈ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਪੰਜਾਬ ਵਿੱਚ ਮੇਰਾ ਕੰਮਕਾਜ ਚੰਗਾ ਚੱਲ ਰਿਹਾ ਸੀ ਪਰ ਵਿਦੇਸ਼ ਜਾਣ ਦਾ ਸੁਪਨਾ ਮੈਨੂੰ ਹਜ਼ਾਰਾਂ ਕਿਲੋਮੀਟਰ ਦੂਰ ਲੈ ਗਿਆ। ਉੱਥੇ ਪਹੁੰਚ ਕੇ ਸਮਝ ਆਈ ਕਿ ਰੋਜ਼ੀ-ਰੋਟੀ ਦੀ ਭਾਲ ਵਿੱਚ ਘਰ ਤੋਂ ਦੂਰ ਰਹਿਣਾ ਕਿੰਨਾ ਔਖਾ ਹੁੰਦਾ ਹੈ। ਸਭ ਤੋਂ ਵੱਧ ਘਾਟ ਆਪਣੀ ਮਾਂ-ਬੋਲੀ ਅਤੇ ਆਪਣੇ ਲੋਕਾਂ ਦੀ ਮਹਿਸੂਸ ਹੁੰਦੀ ਸੀ। ਜਿਸ ਕੰਪਨੀ ਵਿੱਚ ਮੈਂ ਕੰਮ ਕਰਦਾ ਸੀ, ਉੱਥੇ ਜ਼ਿਆਦਾਤਰ ਮਜ਼ਦੂਰ ਰਾਜਸਥਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਸਨ। ਪੰਜਾਬੀ ਬੋਲਣ ਵਾਲਾ ਮੈਂ ਇਕੱਲਾ ਹੀ ਸੀ। ਕਈ ਵਾਰ ਸਾਰਾ ਦਿਨ ਲੰਘ ਜਾਂਦਾ ਅਤੇ ਇੱਕ ਵੀ ਪੰਜਾਬੀ ਸ਼ਬਦ ਸੁਣਨ ਨੂੰ ਨਹੀਂ ਮਿਲਦਾ ਸੀ। ਬਾਅਦ ਵਿੱਚ ਕੁਝ ਪਾਕਿਸਤਾਨੀ ਪੰਜਾਬੀ ਨੌਜਵਾਨ ਮਿਲੇ। ਭਾਵੇਂ ਸਾਡੇ ਦੇਸ਼ ਵੱਖਰੇ ਸਨ ਪਰ ਬੋਲੀ ਇੱਕ ਸੀ, ਜਜ਼ਬਾਤ ਇੱਕ ਸਨ ਅਤੇ ਮੁਹੱਬਤ ਦੀ ਖੁਸ਼ਬੂ ਵੀ ਇੱਕੋ ਜਿਹੀ ਸੀ। ਉਨ੍ਹਾਂ ਨਾਲ ਦੋਸਤੀ ਹੋ ਗਈ ਅਤੇ ਪਰਦੇਸ ਦਾ ਇਕੱਲਾਪਣ ਕੁਝ ਘੱਟ ਹੋ ਗਿਆ। ਪਾਕਿਸਤਾਨੀ ਪੰਜਾਬੀ ਬਹੁਤ ਮਿਹਨਤੀ ਅਤੇ ਮਿੱਠੀ ਜ਼ਬਾਨ ਵਾਲੇ ਸਨ। ਉਹ ਮੈਨੂੰ ਅਕਸਰ “ਪੰਜਾਬੀਆਂ” ਕਹਿ ਕੇ ਹੀ ਬੁਲਾਉਂਦੇ ਸਨ ਅਤੇ ਇਹ ਸੰਬੋਧਨ ਮੈਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦਾ ਸੀ।
ਇੱਕ ਦਿਨ ਮੇਰੀ ਡਿਊਟੀ ਇੱਕ ਅਜਿਹੇ ਬੰਗਲਾਦੇਸ਼ੀ ਪਲੰਬਰ ਨਾਲ ਲਾ ਦਿੱਤੀ ਗਈ ਜਿਸ ਬਾਰੇ ਪਹਿਲਾਂ ਹੀ ਕਈ ਮਜ਼ਦੂਰਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਪੰਜਾਬੀਆਂ ਨੂੰ ਪਸੰਦ ਨਹੀਂ ਕਰਦਾ। ਮੇਰੇ ਪਾਕਿਸਤਾਨੀ ਦੋਸਤ ਮਜ਼ਾਕ ਕਰਦੇ ਹੋਏ ਕਹਿੰਦੇ ਸਨ, “ਪੰਜਾਬੀਆਂ, ਜਾਂ ਤਾਂ ਅੱਜ ਉਹ ਸਾਈਟ ’ਤੇ ਰਹੇਗਾ ਜਾਂ ਤੂੰ।” ਮੈਂ ਹੱਸ ਕੇ ਗੱਲ ਟਾਲ ਦਿੱਤੀ ਅਤੇ ਉਸ ਬੰਗਲਾਦੇਸ਼ੀ ਨਾਲ ਕੰਮ ’ਤੇ ਚਲਾ ਗਿਆ। ਸਵੇਰ ਤੋਂ ਹੀ ਉਸਦਾ ਰਵਈਆ ਅਜੀਬ ਜਿਹਾ ਸੀ। ਮੈਂ ਜੋ ਵੀ ਸਮਾਨ ਲਿਆ ਕੇ ਦਿੰਦਾ, ਉਹ ਉਸ ਵਿੱਚ ਨੁਕਸ ਕੱਢ ਦਿੰਦਾ। ਹਰ ਗੱਲ ’ਤੇ ਤਿੱਖੇ ਬੋਲ ਬੋਲਦਾ ਅਤੇ ਆਪਣੀ ਭਾਸ਼ਾ ਵਿੱਚ ਗਾਲ੍ਹਾਂ ਵੀ ਕੱਢਦਾ। ਉਹ ਸ਼ਾਇਦ ਇਹ ਉਮੀਦ ਕਰ ਰਿਹਾ ਸੀ ਕਿ ਮੈਂ ਗੁੱਸੇ ਵਿੱਚ ਆ ਕੇ ਉਸ ਨਾਲ ਝਗੜ ਪਵਾਂਗਾ। ਪਰ ਮੈਂ ਚੁੱਪ ਰਿਹਾ। ਮੇਰੇ ਮਨ ਵਿੱਚ ਵਾਰ-ਵਾਰ ਇੱਕ ਗੱਲ ਆ ਰਹੀ ਸੀ ਕਿ ਜੇ ਮੈਂ ਵੀ ਉਸਦੀ ਤਰ੍ਹਾਂ ਵਰਤਾਅ ਕਰਾਂ ਤਾਂ ਮੇਰੇ ਅਤੇ ਉਸ ਵਿੱਚ ਫਰਕ ਹੀ ਕੀ ਰਹਿ ਜਾਵੇਗਾ? ਗੁੱਸਾ ਕਰਨਾ ਬਹੁਤ ਸੌਖਾ ਹੁੰਦਾ ਹੈ ਪਰ ਗੁੱਸੇ ਨੂੰ ਨਿਗਲ ਜਾਣਾ ਬਹੁਤ ਔਖਾ ਹੁੰਦਾ ਹੈ।
ਸਾਰਾ ਦਿਨ ਉਸਦੀ ਚਿੜਚਿੜਾਹਟ ਵਧਦੀ ਰਹੀ। ਮੇਰੇ ਸਾਹਮਣੇ ਕੰਮ ਕਰ ਰਹੇ ਕੁਝ ਬੰਗਲਾਦੇਸ਼ੀ ਮਜ਼ਦੂਰ ਵੀ ਉਸ ਨੂੰ ਸਮਝਾ ਰਹੇ ਸਨ ਕਿ ਉਹ ਵਿਅਰਥ ਤਕਰਾਰ ਨਾ ਕਰੇ। ਮੈਂ ਵੀ ਉਨ੍ਹਾਂ ਨੂੰ ਵੀ ਕਿਹਾ ਕਿ ਚਿੰਤਾ ਨਾ ਕਰੋ, ਮੈਂ ਲੜਾਈ ਨਹੀਂ ਕਰਾਂਗਾ। ਦਿਨ ਢਲਣ ਲੱਗਾ ਅਤੇ ਛੁੱਟੀ ਵਿੱਚ ਸਿਰਫ ਅੱਧਾ ਘੰਟਾ ਬਾਕੀ ਸੀ। ਉਹ ਪਲੰਬਰ ਇੱਕ ਦੀਵਾਰ ਉੱਤੇ ਲੱਕੜ ਦੀ ਫੱਟੀ ਟੰਗਣ ਲਈ ਕਿੱਲਾਂ ਠੋਕ ਰਿਹਾ ਸੀ। ਗੁੱਸੇ ਅਤੇ ਲਾਪਰਵਾਹੀ ਵਿੱਚ ਉਸਦਾ ਧਿਆਨ ਕੰਮ ਤੋਂ ਹਟਿਆ ਹੋਇਆ ਸੀ। ਅਚਾਨਕ ਹਥੌੜੀ ਉਸਦੇ ਅੰਗੂਠੇ ’ਤੇ ਇੰਨੇ ਜ਼ੋਰ ਨਾਲ ਵੱਜੀ ਕਿ ਉਸਦੇ ਨਹੁੰ ਦਾ ਵੱਡਾ ਹਿੱਸਾ ਟੁੱਟ ਗਿਆ। ਦਰਦ ਨਾਲ ਉਹ ਪੌੜੀ ਤੋਂ ਹੇਠਾਂ ਡਿਗ ਪਿਆ ਅਤੇ ਜ਼ਮੀਨ ’ਤੇ ਤੜਫਣ ਲੱਗਾ। ਇੱਕ ਪਲ ਲਈ ਉੱਥੇ ਹੜਕੰਪ ਮਚ ਗਿਆ। ਕੁਝ ਲੋਕ ਉਸ ਵੱਲ ਭੱਜੇ, ਕੁਝ ਦੂਰ ਖੜ੍ਹੇ ਦੇਖਦੇ ਰਹੇ ਪਰ ਮੈਂ ਤੁਰੰਤ ਉਸ ਕੋਲ ਪਹੁੰਚਿਆ। ਉਸ ਨੂੰ ਸਹਾਰਾ ਦੇ ਕੇ ਬੈਂਚ ’ਤੇ ਬਿਠਾਇਆ, ਠੰਢਾ ਪਾਣੀ ਲਿਆ ਕੇ ਪਿਲਾਇਆ, ਆਪਣੀ ਜੇਬ ਵਿੱਚੋਂ ਦਰਦ ਦੀ ਗੋਲੀ ਕੱਢ ਕੇ ਦਿੱਤੀ ਅਤੇ ਸਾਫ ਕੱਪੜੇ ਨਾਲ ਉਸਦੇ ਜ਼ਖਮ ਦੀ ਪੱਟੀ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਸੇਫਟੀ ਇੰਚਾਰਜ ਨੂੰ ਵੀ ਫੋਨ ਕਰ ਦਿੱਤਾ।
ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ। ਸ਼ਾਇਦ ਉਹ ਸੋਚ ਰਿਹਾ ਸੀ ਕਿ ਜਿਸ ਆਦਮੀ ਨੂੰ ਉਸਨੇ ਸਾਰਾ ਦਿਨ ਕੋਸਿਆ, ਹੁਣ ਉਹੀ ਉਸਦੇ ਜ਼ਖਮਾਂ ’ਤੇ ਮੱਲ੍ਹਮ ਲਾ ਰਿਹਾ ਹੈ। ਕੁਝ ਸਮੇਂ ਬਾਅਦ ਮੈਂ ਨੇੜਲੀ ਕੈਂਟੀਨ ਤੋਂ ਇੱਕ ਠੰਢੇ ਦੀ ਬੋਤਲ ਲਿਆ ਕੇ ਉਸਦੇ ਹੱਥ ਵਿੱਚ ਫੜਾਈ। ਉਸਨੇ ਮੇਰੇ ਚਿਹਰੇ ਵੱਲ ਦੇਖਿਆ ਅਤੇ ਅਚਾਨਕ ਉਸਦੀਆਂ ਅੱਖਾਂ ਭਰ ਆਈਆਂ। ਉਹ ਭੁੱਬਾਂ ਮਾਰ ਕੇ ਰੋ ਪਿਆ ਅਤੇ ਕਹਿਣ ਲੱਗਾ, “ਮੈਂ ਬਹੁਤ ਬੁਰਾ ਆਦਮੀ ਹਾਂ। ਪੂਰਾ ਦਿਨ ਮੈਂ ਤੈਨੂੰ ਬੁਰਾ-ਭਲਾ ਕਹਿੰਦਾ ਰਿਹਾ, ਗਾਲ੍ਹਾਂ ਕੱਢਦਾ ਰਿਹਾ ਪਰ ਤੂੰ ਮੇਰੇ ਨਾਲ ਚੰਗਾ ਹੀ ਕਰਦਾ ਰਿਹਾ। ਮੈਨੂੰ ਮੁਆਫ ਕਰ ਦੇ। ਮੇਰੇ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ ਹੈ।” ਉਸਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਬਜ਼ੁਰਗਾਂ ਦੀ ਸਿੱਖਿਆ ਯਾਦ ਆ ਗਈ ਕਿ ਦੁਸ਼ਮਣ ਨੂੰ ਹਰਾਉਣ ਦਾ ਸਭ ਤੋਂ ਵਧੀਆ ਤਰੀਕਾ ਉਸ ਨਾਲ ਇਨਸਾਨੀਅਤ ਕਾਇਮ ਕਰਨਾ ਹੁੰਦਾ ਹੈ। ਉਸ ਦਿਨ ਮੈਂ ਇਸ ਗੱਲ ਨੂੰ ਆਪਣੀਆਂ ਅੱਖਾਂ ਨਾਲ ਸੱਚ ਹੁੰਦਾ ਦੇਖਿਆ।
ਅਗਲੇ ਦਿਨ ਸਾਰੀ ਸਾਈਟ ’ਤੇ ਇਸ ਘਟਨਾ ਦੀ ਚਰਚਾ ਸੀ। ਲੋਕ ਹੈਰਾਨ ਸਨ ਕਿ ਜਿੱਥੇ ਝਗੜਾ ਹੋ ਸਕਦਾ ਸੀ, ਉੱਥੇ ਦੋਸਤੀ ਪੈਦਾ ਹੋ ਗਈ। ਜਿੱਥੇ ਨਫਰਤ ਸੀ, ਉੱਥੇ ਸਤਿਕਾਰ ਜਨਮ ਲੈ ਗਿਆ। ਦੁਬਈ ਵਿੱਚ ਮੈਂ ਸਿਰਫ ਇੱਕ ਸਾਲ ਕੰਮ ਕੀਤਾ ਪਰ ਉਸ ਇੱਕ ਸਾਲ ਦੀ ਸਭ ਤੋਂ ਵੱਡੀ ਕਮਾਈ ਪੈਸਾ ਨਹੀਂ ਸੀ। ਮੇਰੀ ਸਭ ਤੋਂ ਵੱਡੀ ਕਮਾਈ ਉਹ ਲੋਕ ਸਨ ਜਿਨ੍ਹਾਂ ਦੇ ਦਿਲਾਂ ਵਿੱਚ ਮੈਂ ਆਪਣੇ ਲਈ ਥਾਂ ਬਣਾਈ। ਅੱਜ ਵੀ ਕਈ ਸਾਲ ਬੀਤ ਜਾਣ ਤੋਂ ਬਾਅਦ ਉੱਥੋਂ ਦੇ ਮਜ਼ਦੂਰ ਫੋਨ ਕਰਦੇ ਹਨ, ਹਾਲ-ਚਾਲ ਪੁੱਛਦੇ ਹਨ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਨ।
ਮੇਰੀ ਪਾਕਿਸਤਾਨੀ ਪੰਜਾਬੀਆਂ ਨਾਲ ਵੀ ਬਹੁਤ ਚੰਗੀ ਸਾਂਝ ਬਣੀ। ਇੱਕ ਦਿਨ ਮੈਂ ਆਪਣੇ ਇੱਕ ਦੋਸਤ ਨੂੰ ਪੁੱਛਿਆ, “ਜਦੋਂ ਘਰੋਂ ਫੋਨ ਆਉਂਦਾ ਹੈ ਤਾਂ ਕਦੇ ਮੇਰੇ ਬਾਰੇ ਵੀ ਦੱਸਦੇ ਹੋ ਕਿ ਤੁਸੀਂ ਭਾਰਤੀ ਪੰਜਾਬੀ ਨਾਲ ਰਹਿੰਦੇ ਹੋ?” ਉਹ ਮੁਸਕਰਾ ਕੇ ਬੋਲਿਆ, “ਹਾਂ ਪੰਜਾਬੀਆਂ, ਦੱਸਦੇ ਹਾਂ।”
ਮੈਂ ਪੁੱਛਿਆ, “ਫਿਰ ਘਰ ਵਾਲੇ ਕੀ ਕਹਿੰਦੇ ਹਨ?” ਉਸਦਾ ਜਵਾਬ ਸੁਣ ਕੇ ਮੇਰਾ ਦਿਲ ਭਰ ਆਇਆ। ਉਹ ਕਹਿੰਦਾ, “ਮੇਰੀ ਬੇਬੇ ਕਹਿੰਦੀ ਹੈ, ਪੁੱਤ ਉਨ੍ਹਾਂ ਨਾਲ ਕਦੇ ਲੜਾਈ ਨਹੀਂ ਕਰਨੀ। ਪਿਆਰ ਨਾਲ ਰਹਿਣਾ। ਉਹ ਵੀ ਆਪਣੇ ਹੀ ਹਨ।”
ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਸਰਹੱਦਾਂ ਨਕਸ਼ਿਆਂ ’ਤੇ ਬਣਦੀਆਂ ਹਨ, ਦਿਲਾਂ ਵਿੱਚ ਨਹੀਂ। ਆਮ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਮੁਹੱਬਤ ਜ਼ਿੰਦਾ ਹੈ। ਨਫਰਤ ਸਿਆਸਤ ਦੀ ਪੈਦਾਵਾਰ ਹੋ ਸਕਦੀ ਹੈ ਪਰ ਇਨਸਾਨੀਅਤ ਕੁਦਰਤ ਦਾ ਸਭ ਤੋਂ ਸੋਹਣਾ ਤੋਹਫਾ ਹੈ। ਇਸ ਘਟਨਾ ਨੇ ਮੈਨੂੰ ਇੱਕ ਅਮੁੱਲੀ ਸਿੱਖਿਆ ਦਿੱਤੀ ਕਿ ਇਨਸਾਨ ਦੀ ਅਸਲੀ ਤਾਕਤ ਉਸਦੀਆਂ ਬਾਹਾਂ ਵਿੱਚ ਨਹੀਂ, ਉਸਦੇ ਸਬਰ ਵਿੱਚ ਹੁੰਦੀ ਹੈ। ਗੁੱਸਾ ਇੱਕ ਪਲ ਲਈ ਜਿੱਤ ਸਕਦਾ ਹੈ ਪਰ ਪਿਆਰ, ਮੁਆਫੀ ਅਤੇ ਇਨਸਾਨੀਅਤ ਦਿਲਾਂ ਨੂੰ ਹਮੇਸ਼ਾ ਲਈ ਜਿੱਤ ਲੈਂਦੇ ਹਨ। ਜ਼ਿੰਦਗੀ ਦੇ ਸਫਰ ਵਿੱਚ ਮਿਲਣ ਵਾਲੇ ਲੋਕ ਸਾਨੂੰ ਇਹੀ ਸਿਖਾਉਂਦੇ ਹਨ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ, ਕੋਈ ਦੇਸ਼ ਅਤੇ ਕੋਈ ਪਛਾਣ ਨਹੀਂ ਹੁੰਦੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































