VarinderSBhullar 7ਇੱਕ ਤੋਂ ਵਧ ਕੇ ਘੁਟਾਲੇ, ਸਕੈਂਡਲ ਸਾਹਮਣੇ ਆਉਣ ਦੇ ਬਾਵਜੂਦ ਵੀ ...
(22 ਜੁਲਾਈ 2026)


ਜੇ ਤੁਸੀਂ ਅਨਿਆਂ ਖਿਲਾਫ ਬੋਲ ਨਹੀਂ ਰਹੇ ਤਾਂ ਤੁਸੀਂ ਜਾਬਰ ਦਾ ਸਾਥ ਦੇ ਰਹੇ ਹੋ।” ਕਿਸੇ ਵਿਦਵਾਨ ਦੇ ਇਹ ਸ਼ਬਦ ਅੱਜ ਦੇ ਭਾਰਤੀ ਲੋਕਤੰਤਰ ਦਾ ਮੂੰਹ ਚੜ੍ਹਾਉਂਦੇ ਹੋਏ ਸਾਨੂੰ ਸਾਰਿਆਂ ਨੂੰ ਲਾਹਨਤਾਂ ਪਾ ਰਹੇ ਹਨ ਭਾਰਤੀ ਲੋਕਤੰਤਰ ਸਿਰਫ ਨਾਮ ਦਾ ਲੋਕਤੰਤਰ ਰਹਿ ਗਿਆ ਹੈ, ਕਾਗਜ਼ੀ ਲੋਕਤੰਤਰ, ਜਿਸ ਨੂੰ ਲੋਕਤੰਤਰ ਕਹਿਣਾ ਲੋਕਤੰਤਰ ਦਾ ਅਪਮਾਨ ਕਰਨ ਦੇ ਬਰਾਬਰ ਹੈਕੋਈ ਵੇਲਾ ਸੀ ਜ਼ਿਆਦਾਤਰ ਭਾਰਤੀ ਸਿਆਸਤਦਾਨ ਕਦਰਾਂ ਕੀਮਤਾਂ, ਨੈਤਿਕਤਾ ਭਰਪੂਰ ਅਤੇ ਸਮਾਜ ਦੀ ਆਬੋ ਹਵਾ ਨਾਲ ਮਿਲ ਕੇ ਚੱਲਣ ਦਾ ਪ੍ਰਣ ਕਰਕੇ ਰਾਜਨੀਤੀ ਵਿੱਚ ਪੈਰ ਧਰਾਵਾ ਕਰਦੇ ਸਨ ਅਤੇ ਉਹਦੇ ’ਤੇ ਖਰੇ ਉੱਤਰਨ ਲਈ ਜੀ ਜਾਨ ਇੱਕ ਪਰ ਦਿੰਦੇ ਸਨਪਰ ਹੁਣ ਦੇਸ਼ ਦੀ ਸੰਸਦ ਦੇ ਵਿੱਚ ਬਹੁਗਿਣਤੀ ਵਿਰੋਧੀ ਧਿਰਾਂ ਅਤੇ ਸੱਤਾ ਧਿਰ ਨੂੰ ਮਿਲਾ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਦੀ ਹੈ, ਜਿਨ੍ਹਾਂ ਨੂੰ ਅਸੀਂ ਆਪਣੀ ਰਹਿਨੁਮਾਈ ਕਰਨ ਅਤੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ’ਤੇ ਅੱਗੇ ਲਿਜਾਣ ਲਈ ਆਪ ਖੁਦ ਚੁਣ ਕੇ ਸੰਸਦ ਵਿੱਚ ਭੇਜਿਆ ਹੈਚੋਣ ਕਮਿਸ਼ਨ ਦਾ ਕੰਮ ਸਿਰਫ ਇੰਨਾ ਹੈ ਕਿ ਜੇ ਕਿਸੇ ਬੰਦੇ ਦਾ ਅਪਰਾਧਿਕ ਰਿਕਾਰਡ ਹੈ ਤਾਂ ਉਹ ਚੋਣਾਂ ਲੜਨ ਲਈ ਫਾਰਮ ’ਤੇ ਨਾਲ ਦਰਜ ਕਰ ਦੇਵੇ ਕਿ ਮੇਰੇ ’ਤੇ ਇਸ ਕਿਸਮ ਦਾ ਕੇਸ ਹੈ, ਆਹ ਮੈਂ ਅਪਰਾਧ ਕੀਤੇ ਹਨ ਅਤੇ ਇਹ ਅਪਰਾਧਕ ਗਤੀਵਿਧੀਆਂ ਕਰਨ ਦਾ ਮੇਰੇ ’ਤੇ ਇਲਜ਼ਾਮ ਲੱਗਿਆ ਹੈਇਸ ਤੋਂ ਅੱਗੇ ਭਾਰਤੀ ਚੋਣ ਕਮਿਸ਼ਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਤਮਾਸ਼ਾ ਦੇਖਣ ਲਈ ਮੂਕ ਦਰਸ਼ਕ ਬਣ ਜਾਂਦਾ ਹੈ1951 ਵਿੱਚ ਬਣੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਚੋਰ ਮੋਰੀਆਂ ਰਾਹੀਂ ਹਰ ਚੋਣ ਵਿੱਚ ਅਪਰਾਧਿਕ ਬਿਰਤੀ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ

ਕੀ ਕਦੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣ ਸਕੇਗਾ ਕਿ ਅਪਰਾਧਿਕ ਗਤੀਵਿਧੀਆਂ ਵਾਲਾ ਵੋਟਾਂ ਵਿੱਚ ਖੜ੍ਹਾ ਨਹੀਂ ਹੋ ਸਕਦਾ, ਚੋਣ ਮੁਕਾਬਲੇ ਦਾ ਹਿੱਸਾ ਨਹੀਂ ਬਣ ਸਕਦਾਹਾਲ ਦੀ ਘੜੀ ਤਾਂ ਇਹ ਸਭ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਨ੍ਹਾਂ ਤੋਂ ਅਸੀਂ ਇਸ ਸਭ ਨੂੰ ਸਹੀ ਕਰਨ ਦੀ ਆਸ ਕਰਨੀ ਹੈ, ਉਹ ਤਾਂ ਆਪ ਲਿਖ ਕੇ ਦੇ ਕੇ ਆਏ ਹਨ ਕਿ ਅਸੀਂ ਆਹ ਆਹ ਅਪਰਾਧ ਕੀਤੇ ਹਨਇਸ ਵੇਲੇ ਲੋਕਤੰਤਰ ਦੀ ਰਾਖੀ ਲਈ 251 ਮੈਂਬਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੇ ਆਏ ਹਨ ਅਤੇ 170 ਮੈਂਬਰ ਤਾਂ ਅਜਿਹੇ ਹਨ ਜਿਨ੍ਹਾਂ ਉੱਤੇ ਬਹੁਤ ਗੰਭੀਰ, ਕਤਲ ਅਤੇ ਬਲਾਤਕਾਰ ਵਰਗੇ ਇਲਜ਼ਾਮ ਲੱਗੇ ਹਨਜੇ ਰਾਜ ਸਭਾ ਦੇ ਮੈਂਬਰਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਗਿਣਤੀ 320 ਹੋ ਜਾਂਦੀ ਹੈ ਲੋਕਤੰਤਰ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਲੋਕਤੰਤਰ ਦਾ ਮਤਲਬ ਕਿਸੇ ਵੇਲੇ ਲੋਕਾਂ ਲਈ, ਲੋਕਾਂ ਦੁਆਰਾ ਹੁੰਦਾ ਸੀ ਪਰ ਹੁਣ ਲੋਕ ਸਿਰਫ ਲੋਕਤੰਤਰ ਦੇ ਦਰਸ਼ਨ ਸਿਰਫ ਇੱਕ ਦਿਨ ਕਰਦੇ ਹਨ, ਉਹ ਹੈ ਵੋਟਾਂ ਵਾਲਾ ਦਿਨ ਪਰ ਇਹ ਵੀ ਸਿਰਫ ਕਹਿਣ ਨੂੰ ਲੋਕਤੰਤਰੀ ਦਿਨ ਰਹਿ ਗਿਆ ਹੈ ਕਿਉਂਕਿ ਲੋਕ ਆਪਣੀ ਮਰਜ਼ੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਉਹ ਕਿਸੇ ਲੀਡਰ ਦੇ ਬਹਿਕਾਵੇ ਵਿੱਚ ਆ ਕੇ, ਕਿਸੇ ਨੇਤਾ ਵੱਲੋਂ ਦਿਖਾਏ ਸਬਜ਼ਬਾਗ ਅਤੇ ਆਪਣੀ ਥੋੜ੍ਹਚਿਰੀ ਖੁਸ਼ੀ ਜਾਂ ਕੁਝ ਮਾਇਕ ਰਾਹਤ ਮਤਲਬ ਕਿ ਆਪਣੀ ਵੋਟ ਦਾ ਸੌਦਾ ਕਰਕੇ ਕਰਦੇ ਹਨਨਸ਼ੇ ਭਾਰਤੀ ਲੋਕਤੰਤਰ ਦੀ ਇੱਕ ਕਿਸਮ ਦੀ ਮਜ਼ਬੂਤ ਪਛਾਣ ਬਣ ਗਏ ਹਨਕਿਉਂਕਿ ਨਸ਼ੇ ਤੋਂ ਬਿਨਾਂ ਲੋਕਤੰਤਰ ਦਾ ਜਸ਼ਨ ਬਹੁਗਿਣਤੀ ਲੋਕਾਈ ਨੂੰ ਅਧੂਰਾ ਜਾਪਦਾ ਹੈ

ਵਿਰੋਧੀ ਧਿਰ ਲੋਕਤੰਤਰ ਦੀ ਜਾਨ ਹੁੰਦੀ ਹੈ ਪਰ ਹੁਣ ਵਿਰੋਧੀ ਧਿਰ ਸੱਤਾ ਧਿਰ ਵੀ ਗੁਲਾਮ ਹੈ ਕਿਉਂਕਿ 251 ਮੈਂਬਰਾਂ ਵਿੱਚ ਵਿਰੋਧੀ ਧਿਰਾਂ ਦੇ ਵੀ ਬਰਾਬਰ ਦੇ ਉਮੀਦਵਾਰ ਸ਼ਾਮਲ ਹਨਇਹੀ ਕਾਰਨ ਹੈ ਕਿ ਇੱਕ ਤੋਂ ਵਧ ਕੇ ਘੁਟਾਲੇ, ਸਕੈਂਡਲ ਸਾਹਮਣੇ ਆਉਣ ਦੇ ਬਾਵਜੂਦ ਵੀ ਵਿਰੋਧੀ ਧਿਰ ਕੋਈ ਪੁਖਤਾ ਰੋਡ ਮੈਪ ਤਿਆਰ ਕਰਕੇ ਲੋਕਾਂ ਵਿੱਚ ਜਾਣ ਅਤੇ ਲੋਕਾਂ ਨੂੰ ਆਪਣੇ ਨਾਲ ਸ਼ਾਮਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਪੇਪਰ ਲੀਕ, ਜੰਗਲਾਂ ਦੀ ਕਟਾਈ, ਲਦਾਖ ਦਾ ਮਸਲਾ, ਯੂਟੀ ਦਾ ਮਸਲਾ, ਕਸ਼ਮੀਰ ਦਾ ਮਸਲਾ, ਘੱਟ ਗਿਣਤੀਆਂ ਦਾ ਮਸਲਾ, ਮੁਸਲਮਾਨਾਂ ਦਾ ਮਸਲਾ, ਮਾਬ ਲਿੰਚਿੰਗ ਦੀਆਂ ਘਟਨਾਵਾਂ, ਭਗਵਾਨ ਦੇ ਨਾਂ ’ਤੇ ਧਰਮ ਦੀ ਆੜ ਵਿੱਚ ਲੋਕਤੰਤਰ ਦਾ ਘਾਣ, ਇੰਨੇ ਜ਼ਿਆਦਾ ਮੁੱਦੇ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰ ਸਿਰਫ ਇੱਕ ਅਖਬਾਰੀ ਖਬਰ ਤੋਂ ਇਲਾਵਾ ਹੋਰ ਕੁਝ ਵੀ ਕਰਨ ਦੇ ਕਾਬਲ ਨਹੀਂ ਹੈ

ਮੌਜੂਦਾ ਸਮੇਂ ਵਿੱਚ ਭਾਰਤੀ ਲੋਕਤੰਤਰ ਦੀ ਸਹਾਇਤਾ ਨਾਲ ਚੁਣ ਕੇ ਆਈ ਭਾਰਤੀ ਜਨਤਾ ਪਾਰਟੀ ਬਹੁਮਤ ਦੇ ਬਲਬੂਤੇ ਆਪਣੀਆਂ ਮਨ ਆਈਆਂ ਜਨਤਾ ’ਤੇ ਥੋਪ ਰਹੀ ਹੈ ਅਤੇ ਦੇਸ਼ ਦਾ ਦਿਵਾਲਾ ਕੱਢ ਰਹੀ ਹੈਸੰਸਦ ਵਿੱਚ ਮਨਮਰਜ਼ੀ ਦੇ ਕਾਨੂੰਨ ਪਾਸ ਕਰਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈਵਿਰੋਧੀ ਧਿਰ ਦੀ ਭੂਮਿਕਾ ਸਿਰਫ ਸੰਸਦ ਦਾ ਬਾਈਕਾਟ ਜਾਂ ਵਾਕ ਆਊਟ ਕਰਨ ਤਕ ਸੀਮਿਤ ਰਹਿ ਗਈ ਹੈਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਕੋਲ ਆ ਕੇ ਚਾਰ ਕੁ ਨਾਹਰੇ ਲਾ ਕੇ ਵਿਰੋਧੀ ਧਿਰ ਆਪਣੇ ਆਪ ਨੂੰ ਸੁਰਖਰੂ ਸਮਝਦੀ ਹੈਕੀ ਇਹ ਜਿੰਦਾ ਲੋਕਤੰਤਰ ਦੀ ਨਿਸ਼ਾਨੀ ਹੈ? ਜ਼ਾਹਿਰ ਹੈ ਨਹੀਂਹੁਣ ਜਿਹੜਾ ਤਾਜ਼ਾ ਮਸਲਾ ਚੱਲ ਰਿਹਾ ਹੈ ਨੀਟ ਪੇਪਰ ਲੀਕ ਦਾ, ਜਿਸ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਵੱਲੋਂ ਕਹੇ ਗਏ ਇੱਕ ਸ਼ਬਦ “ਕੌਕਰੋਚ” ਜਿਸਨੇ ਨੌਜਵਾਨੀ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਮਜਬੂਰ ਕੀਤਾ, ਤੋਂ ਪ੍ਰੇਰਿਤ ਹੋ ਕੇ ਬਣੀ ਪਾਰਟੀ “ਕਾਕਰੋਚ ਜਨਤਾ ਪਾਰਟੀ” ਦਾ ਧਰਨਾ ਪ੍ਰਦਰਸ਼ਨ ਦਿੱਲੀ ਦੇ ਜੰਤਰ ਮੰਤਰ ਵਿੱਚ ਚੱਲ ਰਿਹਾ ਹੈ, ਜਿਸ ਨੂੰ ਨੌਜਵਾਨੀ ਅਤੇ ਉਹ ਲੋਕਾਂ ਦਾ ਜਿਨ੍ਹਾਂ ਦੇ ਧੀਆਂ ਪੁੱਤਰ ਇਸ ਨੀਟ ਲੀਕ ਪੇਪਰ ਮਾਮਲੇ ਦਾ ਸ਼ਿਕਾਰ ਹੋ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਦਾ ਭਰਪੂਰ ਸਮਰਥਨ ਮਿਲ ਰਿਹਾ ਹੈਸਮਾਜਿਕ ਅਧਾਰ ਵਾਲੇ ਅਤੇ ਸੱਚਮੁੱਚ ਹੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਪਿਆਰ ਕਰਨ ਵਾਲੇ ਇਸ ਅੰਦੋਲਨ ਦਾ ਸਾਥ ਡਟ ਕੇ ਦੇ ਰਹੇ ਹਨਵਿਰੋਧੀ ਧਿਰਾਂ ਇਸ ਮਾਮਲੇ ਵਿੱਚ ਮੂਕ ਦਰਸ਼ਕ ਬਣੀਆਂ ਨਜ਼ਰ ਆ ਰਹੀਆਂ ਹਨਮੀਡੀਆ, ਖਾਸ ਕਰਕੇ ਗੋਦੀ ਮੀਡੀਆ ਦੀ ਗੱਲ ਕਰਨਾ ਹੀ ਬੇਕਾਰ ਹੈਸੋਸ਼ਲ ਮੀਡੀਆ ਜ਼ਰੀਏ ਹੀ ਇਹ ਸਾਰਾ ਕੁਝ ਆਮ ਜਨਤਾ ਦੇ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਦੇ ਪਾਕ ਸਾਫ ਅੰਦੋਲਨ, ਜਿਸ ਵਿੱਚ ਉਹਨਾਂ ਦੀ ਮੰਗ ਸਿਰਫ ਇਸ ਭਾਰਤੀ ਲੋਕਤੰਤਰ ਵਿੱਚ ਨੌਜਵਾਨਾਂ ਦਾ ਭਵਿੱਖ ਤੈਅ ਜਾਂ ਖਰਾਬ ਕਰਨ ਦੀ ਤਾਕਤ ਰੱਖਣ ਵਾਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗ ਰਹੇ ਹਨ, ਨੂੰ ਕਿੰਨਾ ਸਮਰਥਨ ਮਿਲ ਰਿਹਾ ਹੈ

ਦੇਸ਼ ਪ੍ਰੇਮ ਵਿੱਚ ਭਿੱਜੀ ਹੋਈ ਰੂਹ, ਮਹਾਨ ਵਿਗਿਆਨੀ ਅਤੇ ਉੱਗੇ ਵਾਤਾਵਰਣ ਪ੍ਰੇਮੀ ਅਤੇ ਲੋਕਾਈ ਨੂੰ ਪਿਆਰ ਕਰਨ ਵਾਲੇ, ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਲੇਖੇ ਲਾਉਣ ਵਾਲੇ ਸੋਨਮ ਵਾਂਗਚੁਕ ਇਸ ਅੰਦੋਲਨ ਨੂੰ ਭਰਪੂਰ, ਦਿਲੋਂ ਸਮਰਥਨ ਦੇ ਰਹੇ ਹਨ ਅਤੇ ਲਗਾਤਾਰ 20, 21 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਏ ਹਨਉਹਨਾਂ ਨੇ ਇਹ ਭੁੱਖ ਹੜਤਾਲ ਕੋਈ ਆਪਣੇ ਨਿੱਜੀ ਫਾਇਦੇ ਲਈ ਨਹੀਂ ਬਲਕਿ ਉਹਨਾਂ ਨੌਜਵਾਨ ਬੱਚਿਆਂ ਦੇ ਭਵਿੱਖ ਲਈ ਰੱਖੀ ਹੈ, ਜਿਨ੍ਹਾਂ ਨੂੰ ਇਸ ਕਾਗਜ਼ੀ ਲੋਕਤੰਤਰੀ ਸਰਕਾਰ ਨੇ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਅਤੇ ਜਵਾਬਦੇਹੀ ਤੋਂ ਮੁਨਕਰ ਹੋ ਰਹੀ ਹੈਸੋਨਮ ਵਾਂਗ ਚੁੱਕ ਨੂੰ ਭੁੱਖ ਹੜਤਾਲ ਕਰਨ ਦੀ ਲੋੜ ਹੀ ਕਿਉਂ ਪਈ? ਇਸ ਸਵਾਲ ਦਾ ਜਵਾਬ ਸ਼ਾਇਦ ਕਾਗਜ਼ੀ ਲੋਕਤੰਤਰ ਨਾ ਦੇ ਸਕੇਨੈਤਿਕਤਾ ਦੇ ਅਧਾਰ ’ਤੇ ਆਪਣੇ ਆਪ ਅਸਤੀਫਾ ਦੇਣਾ ਅਤੇ ਲੋਕਾਂ ਦਾ ਦਿਲ ਜਿੱਤਣਾ ਅੱਜ ਦੇ ਭਾਰਤੀ ਸਿਆਸਤਦਾਨਾਂ ਦੇ ਹਿੱਸੇ ਨਹੀਂ ਆ ਸਕਦਾ ਸਗੋਂ ਨੌਜਵਾਨੀ ਦਾ ਅੰਦੋਲਨ ਫੇਲ ਕਰਨ ਦੇ ਇਰਾਦੇ ਨਾਲ ਸੋਨਮ ਵਾਂਗਚੁਕ ਨੂੰ ਧੱਕੇ ਨਾਲ ਧਰਨੇ ਵਾਲੀ ਥਾਂ ਤੋਂ ਪੁਲਿਸ ਦੀ ਮਦਦ ਨਾਲ ਚੁੱਕ ਕੇ ਨੈਤਿਕ ਗਿਰਾਵਟ ਦੇ ਅੰਤ ਦੀ ਸਿਖਰ ਦਿਖਾ ਦਿੱਤੀ ਹੈ

ਅੱਜ ਦੇ ਸਮੇਂ ਵਿੱਚ ਸੱਤਾ ’ਤੇ ਕਾਬਜ਼ ਹੋਣਾ ਸੇਵਾ ਕਰਨਾ ਨਹੀਂ ਬਲਕਿ ਮੁਨਾਫਾ ਬਟੋਰਨ ਦਾ ਬਹੁਤ ਵਧੀਆ ਢੰਗ ਬਣ ਗਿਆ ਹੈ ਜਿਸ ਵਿੱਚ ਨੁਕਸਾਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਸਿਰਫ ਲਾਭ ਹੀ ਲਾਭ ਹੈਹਰ ਨਿੱਕੇ ਅਹੁਦੇ ਤੋਂ ਲੈ ਕੇ ਉੱਪਰ ਤਕ ਜਿੰਨੇ ਵੀ ਲੋਕ ਲੋਕਤੰਤਰੀ ਪ੍ਰਕਿਰਿਆ ਰਾਹੀਂ ਲੋਕਾਂ ਨੂੰ ਮਾਨਸਿਕ/ਸਰੀਰਿਕ ਬਲੈਕਮੇਲ ਕਰਕੇ ਸੱਤਾ ’ਤੇ ਕਾਬਜ਼ ਹੁੰਦੇ ਹਨ, ਉਹਨਾਂ ਦਾ ਮਕਸਦ ਸੇਵਾ ਕਰਨਾ ਤਾਂ ਹਰਗਿਜ਼ ਹੀ ਨਹੀਂ ਹੋ ਸਕਦਾ, ਸਿਰਫ ਅਤੇ ਸਿਰਫ ਵਪਾਰ ਵਧਾਉਣ ਦਾ ਜ਼ਰੀਆ ਹੈਕਹਾਵਤ ਹੈ ਕਿ “ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ” ਅੱਜ ਦੇ ਸਿਆਸਤਦਾਨਾਂ ’ਤੇ ਪੂਰੀ ਢੁੱਕਦੀ ਹੈ

ਧਰਮ ਦੀ ਆੜ ਵਿੱਚ ਭਾਰਤੀ ਲੋਕ ਬੌਧਿਕ ਕੰਗਾਲਤਾ ਦੀ ਸਿਖਰ ਹੰਢਾ ਰਹੇ ਹਨਕਿਸੇ ਵਿਦਵਾਨ ਦਾ ਕਥਨ ਹੈ ਜਿੱਥੇ ਧਰਮ ਅਤੇ ਸਿਆਸਤ ਰਲਗੱਡ ਹੋ ਜਾਣ ਉੱਥੇ ਜਨਤਾ ਦੇ ਅਸਲ ਮੁੱਦੇ ਰੁਲ ਜਾਂਦੇ ਹਨਆਪਾਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਕਿਵੇਂ ਕੇਂਦਰੀ ਹਕੂਮਤ ਸੱਤਾ ਪ੍ਰਾਪਤੀ ਲਈ ਧਰਮ ਦੀ ਆੜ ਹੇਠ ਲੋਕਾਂ ਦਾ ਮਾਨਸਿਕ/ਸਰੀਰਕ ਸ਼ੋਸ਼ਣ ਕਰ ਰਹੀ ਹੈਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਧਰਮ ਦੇ ਨਾਮ ’ਤੇ ਇੱਕ ਖਾਸ ਫਿਰਕੇ ਨੂੰ ਮਿੱਥ ਕੇ ਨਿਸ਼ਾਨਾ ਬਣਾਉਣ ਕਰਕੇ ਲੋਕ ਬਹੁਤ ਚਾਅ ਨਾਲ ਵੋਟਾਂ ਪਾ ਰਹੇ ਹਨਇਸ ਨੂੰ ਭਾਰਤੀ ਲੋਕਤੰਤਰ ਦਾ ਜਨਾਜ਼ਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ।

ਭਾਰਤੀ ਦਰਸ਼ਨ ਵਿੱਚ ਅੱਜ ਤਕ ਜਿੰਨੇ ਵੀ ਪੀਰ, ਫਕੀਰ, ਔਲੀਏ, ਭਗਵਾਨ ਰੂਪ ਜਿੰਨੇ ਵੀ ਅਵਤਾਰ ਹੋਏ ਹਨ, ਸਭ ਨੇ ਉਸ ਇੱਕ ਪਰਮਾਤਮਾ ਦੀ ਗੱਲ ਕੀਤੀ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈਪਰ ਹੁਣ ਮੌਜੂਦਾ ਦੌਰ ਵਿੱਚ ਭਾਰਤੀ ਲੋਕ ਅਖੰਡ ਭਾਰਤ ਦੀ ਪ੍ਰਾਪਤੀ ਲਈ ਇੱਕ ਖਾਸ ਫਿਰਕੇ ਨੂੰ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਤੰਗ ਪਰੇਸ਼ਾਨ ਕਰਕੇ, ਆਪਣੇ ਮਨ ਨੂੰ ਥੋੜ੍ਹਚਿਰੀ ਖੁਸ਼ੀ ਦੇਣ ਲਈ ਯਤਨਸ਼ੀਲ ਰਹਿੰਦੇ ਹਨਮਾਬ ਲਿੰਚਿੰਗ ਦੀਆਂ ਘਟਨਾਵਾਂ ਇਸਦੀ ਜਿਊਂਦੀ ਜਾਗਦੀ ਮਿਸਾਲ ਹਨਗਊ ਹੱਤਿਆ ਦੇ ਨਾਮ ’ਤੇ ਕੀਤੀ ਜਾਂਦੀ ਹਜੂਮੀ ਹਿੰਸਾ ਅਤੇ ਝਟਪਟ ਇਨਸਾਫ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਲੋਕਤੰਤਰ ਵਿੱਚ ਸਰਕਾਰਾਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਵਚਨਬੱਧਤਾ ਦੁਹਰਾਉਂਦੀਆਂ ਹਨ ਪਰ ਕੀ ਅਸੀਂ ਵਾਕਿਆ ਹੀ ਜ਼ਿੰਦਾ ਲੋਕਤੰਤਰ ਵਿੱਚ ਰਹਿ ਰਹੇ ਹਾਂ? ਇਸ ਸਵਾਲ ਦਾ ਜਵਾਬ ਸਾਨੂੰ ਸਾਰਿਆਂ ਨੂੰ ਅੰਤਰ ਧਿਆਨ ਹੋ ਕੇ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਸੋਨਮ ਵਾਂਗਚੁਕ ਵਰਗੇ ਕੁਝ ਸੁਹਿਰਦ ਸਿਰ ਜਦੋਂ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਨੂੰ ਸੱਤਾ ਵਿਰੋਧੀ ਅਤੇ ਧਰਮ ਦੀ ਬਦਨਾਮੀ ਕਰਨ ਦੀ ਆੜ ਲੈ ਕੇ ਦੇਸ਼ ਧ੍ਰੋਹੀ ਗਰਦਾਨ ਦਿੱਤਾ ਜਾਂਦਾ ਹੈਅਤੇ ਫਿਰ ਲਾਪਤਾ ਹੋ ਜਾਂਦੇ ਹਨ ਅਜਿਹੇ ਲੋਕ, ਕਤਲ ਕਰ ਦਿੱਤੇ ਜਾਂਦੇ ਹਨਇਹ ਸਭ ਜੋ ਹੋ ਰਿਹਾ ਹੈ ਹਜੂਮੀ ਹਿੰਸਾ ਦੁਆਰਾ, ਭਾਰਤੀ ਲੋਕਤੰਤਰ ਨੂੰ ਬਹੁਤ ਰਾਸ ਆ ਰਿਹਾ ਹੈ ਕਿਉਂਕਿ ਇਸ ਵਿੱਚ ਕਿਸੇ ਦੀ ਜਵਾਬਦੇਹੀ ਤੈਅ ਕਰਨ ਦੀ ਖੇਚਲ ਨਹੀਂ ਕਰਨੀ ਪੈਂਦੀ

ਧਰਮ ਅਤੇ ਲੋਕਤੰਤਰ ਨੂੰ ਅਲੱਗ ਕਰਨ ਲਈ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਇਸ ਤੋਂ ਬਿਨਾਂ ਲੋਕ ਮਸਲਿਆਂ ਦਾ ਹੱਲ ਹੋਣਾ ਕਤਈ ਸੰਭਵ ਨਹੀਂ ਹੈਲੋਕਤੰਤਰ ਨੂੰ ਜਿਊਂਦਾ ਰੱਖਣ ਲਈ ਸੁਹਿਰਦ ਨਾਗਰਿਕਾਂ ਨੂੰ ਅੱਗੇ ਆਉਣਾ ਪਵੇਗਾ ਅਤੇ ਲੋਕਾਂ ਨੂੰ ਲੋਕਤੰਤਰ ਦਾ ਅਸਲ ਮਤਲਬ ਸਮਝਾਉਣਾ ਪਵੇਗਾਜਿਸ ਦਿਨ ਲੋਕਾਂ ਨੂੰ ਇਹ ਸਮਝ ਪਵੇਗਾ ਕਿ ਨੇਤਾ ਸਾਡੀ ਸੇਵਾ ਲਈ ਹਨ ਨਾ ਕਿ ਸਾਹਬਕਹਾਉਣ ਦੇ ਹੱਕਦਾਰਇਹ ਸਾਹਬ ਕਹਾ ਕੇ ਸਾਡੇ ਉੱਤੇ ਰਾਜ ਕਰਨ ਲਈ ਕਿਸੇ ਰਾਜਾਸ਼ਾਹੀ ਹਕੂਕ ਦੇ ਮਾਲਕ ਨਹੀਂ ਹਨਸ਼ਾਲਾ ਇਹ ਦਿਨ ਜਲਦੀ ਆਉਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਵਰਿੰਦਰ ਸਿੰਘ ਭੁੱਲਰ

ਵਰਿੰਦਰ ਸਿੰਘ ਭੁੱਲਰ

Phone: (91 - 99148 - 03345)
Email: (varinderbhullar8@gmail.com)

More articles from this author