“ਇਹ ਹੁਣ ਸਾਡੇ ’ਤੇ ਹੈ ਕਿ ਅਸੀਂ ਆਪਣੇ ਦੇਸ਼ ਨੂੰ ਕਿਸ ਰਾਹ ’ਤੇ ਅੱਗੇ ਲੈ ਕੇ ਜਾਣਾ ਹੈ। ਨੌਜਵਾਨ ...”
(23 ਮਾਰਚ 2026)
ਅਸੀਂ ਵਿਦਿਆਰਥੀਆਂ ਨੂੰ ਬੰਬਾਂ ਅਤੇ ਪਿਸਤੌਲਾਂ ਦੀ ਜਾਣਕਾਰੀ ਨਹੀਂ ਦੇ ਸਕਦੇ, ਉਹਨਾਂ ਦੇ ਹੱਥਾਂ ਵਿੱਚ ਹਥਿਆਰ ਨਹੀਂ ਦੇ ਸਕਦੇ, ਵਿਦਿਆਰਥੀਆਂ ਦੇ ਕਰਨ ਲਈ ਹੋਰ ਬਹੁਤ ਕੁਝ ਹੈ। ਇਹ ਸ਼ਬਦ ਭਗਤ ਸਿੰਘ ਨੇ ਬਹੁਤ ਸੋਚ ਵਿਚਾਰ ਕੇ ਆਪਣੇ ਦੇਸ਼ ਭਾਰਤ ਨੂੰ ਅਗਾਂਹ ਵਧੂ ਸੋਚ ਦਾ ਧਾਰਨੀ ਬਣਾਉਣ ਲਈ ਨੌਜਵਾਨ ਵਰਗ ਦੇ ਲਈ ਪੇਸ਼ ਕੀਤੇ ਸਨ। ਪਰ ਜੇਕਰ ਹੁਣ ਮੌਜੂਦਾ ਸਮੇਂ ’ਤੇ ਝਾਤ ਮਾਰੀ ਜਾਵੇ ਤਾਂ ਦੇਸ਼ ਦਾ ਭਵਿੱਖ ਡਾਵਾਂਡੋਲ ਨਜ਼ਰ ਆ ਰਿਹਾ ਹੈ। ਨੌਜਵਾਨ ਵਰਗ ਸੋਸ਼ਲ ਮੀਡੀਆ, ਪਾਰਟੀਬਾਜ਼ੀ, ਭਰਾ ਮਾਰੂ ਜੰਗ ਅਤੇ ਹੋਰ ਕਈ ਅਨੈਤਿਕ ਕਾਰਨਾਂ ਵਿੱਚ ਉਲਝ ਕੇ ਆਪਣੀ ਅਤੇ ਦੇਸ਼ ਦੀ ਸਾਖ ਨੂੰ ਖੋਰਾ ਲਾ ਰਿਹਾ ਹੈ। ਦੇਸ਼ ਦੀ ਮੌਜੂਦਾ ਲੀਡਰਸ਼ਿੱਪ ਨੌਜਵਾਨ ਵਰਗ ਨੂੰ ਵਰਗਲਾ ਕੇ ਆਪਣਾ ਮਤਲਬ ਸਿੱਧ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੀ ਹੈ। ਜਿਨ੍ਹਾਂ ਨੌਜਵਾਨਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ, ਉਹ ਇਨ੍ਹਾਂ ਅਖੌਤੀ ਰਹਿਬਰਾਂ ਦੀ ਚਾਲਬਾਜ਼ੀ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਦਾ ਮੁੱਲਵਾਨ ਹਿੱਸਾ ਅਜਾਈਂ ਗਵਾ ਰਿਹਾ ਹੈ। ਬੌਧਿਕ ਕੰਗਾਲੀ ਦੀ ਸ਼ਿਕਾਰ ਨੌਜਵਾਨ ਪੀੜ੍ਹੀ ਅੱਜ ਆਪਣਾ ਆਪ ਭੁਲਾ ਚੁੱਕੀ ਹੈ।
ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੇ ਦੇਸ਼ ਵਿੱਚ ਇਨ੍ਹਾਂ ਅਖੌਤੀ ਆਗੂ ਬਣੇ ਲੋਕਾਂ ਨੇ ਨੌਜਵਾਨ ਵਰਗ ਨੂੰ ਇੱਕ ਦੂਜੇ ਦੇ ਵਿਰੁੱਧ ਅੱਗ ਦੀ ਅਜਿਹੀ ਭੱਠੀ ਵਿੱਚ ਝੋਕ ਦਿੱਤਾ ਹੈ, ਜਿਸ ਵਿੱਚੋਂ ਨਿਕਲਣਾ ਨਾਮੁਮਕਿਨ ਹੈ। ਅੱਜ ਆਮ ਹੀ ਗਊ ਰੱਖਿਆ ਦੇ ਨਾਮ ’ਤੇ ਹੱਤਿਆਵਾਂ ਹੋ ਰਹੀਆਂ ਹਨ। ਧਰਮ ਦੇ ਨਾਮ ’ਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਧੱਕੇ ਕੀਤੇ ਜਾ ਰਹੇ ਹਨ। ਨਾਇਕ ਵਿਹੂਣੇ ਜ਼ਿੰਦਗੀ ਦੇ ਮਾਰਗਦਰਸ਼ਨ ਤੋਂ ਭਟਕੇ ਹੋਏ ਨੌਜਵਾਨ ਵਰਗ ਨੂੰ ਧਰਮ ਦੇ ਨਾਂ ’ਤੇ ਅਜਿਹੀ ਪਾਹ ਚੜ੍ਹਾਈ ਚੜਾਈ ਜਾ ਰਹੀ ਹੈ, ਇਹ ਨੌਜਵਾਨ ਵਰਗ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਧਰਮ ਦੀ ਰੱਖਿਆ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝ ਲੈਂਦੇ ਹਨ। ਜ਼ਿੰਦਗੀ ਵਿੱਚ ਕਿਸੇ ਨਾਇਕ ਦਾ ਨਾ ਹੋਣਾ, ਆਦਰਸ਼ਕ ਮਾਰਗ ਦਰਸ਼ਕ ਦਾ ਨਾ ਹੋਣਾ ਇਸ ਗੱਲ ਨੂੰ ਬਾਖੂਬੀ ਚਿੱਤਰਨ ਕਰ ਰਿਹਾ ਹੈ ਕਿ ਉਹ ਧਰਮ ਦੇਸ਼ ਵਿੱਚ ਬਹੁਤ ਗਿਣਤੀ ਹੋ ਕੇ ਵੀ ਘੱਟ ਗਿਣਤੀ ਤੋਂ ਕਿਵੇਂ ਖਤਰਾ ਮਹਿਸੂਸ ਕਰ ਰਿਹਾ ਹੈ? ਸ਼ਾਇਦ ਇਸੇ ਕਰਕੇ ਹੀ ਭਗਤ ਸਿੰਘ ਨੇ ਨਾਸਤਿਕ ਹੋਣਾ ਚੁਣਿਆ। ਕਿਉਂਕਿ ਉਸ ਨੂੰ ਆਉਣ ਵਾਲੇ ਸਮੇਂ ਦਾ ਆਭਾਸ ਸੀ ਕਿ ਆਉਣ ਵਾਲਾ ਸਮਾਂ ਸ਼ਾਇਦ ਧਰਮ ਦੇ ਨਾਂ ’ਤੇ ਆਪਸ ਵਿੱਚ ਲੜ ਮਰਨ ਦਾ ਸਮਾਂ ਹੋ ਗੁਜ਼ਰੇਗਾ, ਕਿਉਂਕਿ ਉਸ ਵੇਲੇ ਅੰਗਰੇਜ਼ ਵੀ ਧਰਮ ਦੀ ਆੜ ਵਿੱਚ ਇਸ ਦੇਸ਼ ’ਤੇ ਇਂਨਾ ਲੰਮਾ ਸਮਾਂ ਰਾਜ ਕਰ ਗਏ। ਅਤੇ ਅਖੌਤੀ ਧਾਰਮਿਕ ਰਹਿਬਰਾਂ ਦੇ ਰਹਿਮੋ ਕਰਮ ’ਤੇ ਜਿਊਂ ਰਹੇ ਲੋਕਾਂ ਨੂੰ ਗੁਲਾਮੀ ਤਕ ਦਾ ਅਹਿਸਾਸ ਨਹੀਂ ਹੋਇਆ ਸਗੋਂ ਆਪਣੇ ਕਰਮਾਂ ਦਾ ਫਲ ਸਮਝ ਕੇ ਉਹ ਗੁਲਾਮੀ ਨੂੰ ਸਵੀਕਾਰ ਕਰਦੇ ਰਹੇ।
ਕਿਸੇ ਦਾਰਸ਼ਨਿਕ ਦਾ ਕਥਨ ਹੈ ਕਿ ਜਿੱਥੇ ਧਰਮ ਅਤੇ ਸਿਆਸਤ ਮਿਲ ਜਾਣ ਉੱਥੇ ਲੋਕਾਂ ਦੇ ਅਸਲ ਮੁੱਦੇ ਮਨਫੀ ਹੋ ਜਾਂਦੇ ਹਨ, ਰੁਲ ਜਾਂਦੇ ਹਨ। ਅਜਿਹਾ ਕੁਝ ਹੀ ਹੁਣ ਇਸ ਦੇਸ਼ ਦੀ ਹੋਣੀ ਹੈ। ਧਾਰਮਿਕ ਬਿਰਤੀ ਦੇ ਲੋਕ ਜਦੋਂ ਤੋਂ ਸੱਤਾ ਵਿੱਚ ਆਉਣੇ ਸ਼ੁਰੂ ਹੋਏ ਹਨ, ਦੇਸ਼ ਨਿਘਾਰ ਵੱਲ ਹੀ ਗਿਆ ਹੈ। ਪੌਣੀ ਸਦੀ ਤੋਂ ਉੱਪਰ ਦਾ ਸਮਾਂ ਬੀਤ ਜਾਣ ’ਤੇ ਵੀ ਲੋਕਾਂ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ ਅਤੇ ਸਿੱਖਿਆ ਅਜੇ ਤਕ ਵੀ ਪੂਰੀਆਂ ਨਹੀਂ ਹੋ ਰਹੀਆਂ। ਦੇਸ਼ ਦੀ 80 ਕਰੋੜ ਅਬਾਦੀ ਆਪਣੀ ਇੱਕ ਵਕਤ ਦੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦੀ, ਸਰਕਾਰ ਦੇ ਰਹਿਮੋ ਕਰਮ ’ਤੇ ਜਿਊਣਾ ਪੈ ਰਿਹਾ ਹੈ। ਕਿੱਡੀ ਨਮੋਸ਼ੀ ਦੀ ਗੱਲ ਹੈ ਕਿ ਸਰਕਾਰ ਇਸ ਨੂੰ ਆਪਣੀ ਪ੍ਰਾਪਤੀ ਗਿਣਾ ਰਹੀ ਹੈ। ਸਰਮਾਏਦਾਰ ਬਿਰਤੀ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਇੱਕ ਵਸਤ ਬਣਾਇਆ ਹੋਇਆ ਹੈ। ਕਿਸ ਹਾਲਤ ਵਿੱਚ ਲੋਕ ਜ਼ਿੰਦਗੀ ਬਸਰ ਕਰ ਰਹੇ ਹਨ, ਉਹਨਾਂ ਨੂੰ ਕੋਈ ਵਾਹ ਵਾਸਤਾ ਨਹੀਂ ਹੈ।
ਭਗਤ ਸਿੰਘ ਦੀ ਸੋਚ ਕੇਵਲ ਗੋਰੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਨਹੀਂ ਸੀ, ਉਹ ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਲੁੱਟ ਨੂੰ ਬੰਦ ਕਰਾਉਣਾ ਚਾਹੁੰਦਾ ਸੀ। ਅੱਜ ਭਾਰਤ ਦੇਸ਼ ਦਾ 90 ਫੀਸਦੀ ਧਨ ਇੱਕ ਫੀਸਦ ਲੋਕਾਂ ਕੋਲ ਇਕੱਠਾ ਹੋ ਗਿਆ ਹੈ। ਦੇਸ਼ ਦੀ 90 ਫੀਸਦੀ ਤੋਂ ਜ਼ਿਆਦਾ ਵਸੋਂ ਭੁੱਖ ਨਾਲ ਜੂਝ ਰਹੀ ਹੈ। ਕਾਰਪੋਰੇਟ ਪੱਖੀ ਸਰਕਾਰਾਂ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਦੀ ਬਜਾਏ ਖੈਰਾਤਾਂ ਵੰਡ ਕੇ, ਲੁਭਾ ਕੇ ਆਪਣਾ ਮਤਲਬ ਕੱਢ ਕੇ ਲੋਕਾਂ ਤੋਂ ਕਿਨਾਰਾ ਕਰ ਲੈਂਦੀਆਂ ਹਨ। ਅੱਜ ਭਾਰਤ ਦੇ ਤਕਰੀਬਨ ਸਾਰੇ ਹੀ ਸ਼ਹਿਰ ਝੁੱਗੀਆਂ ਝੌਂਪੜੀਆਂ/ਸਲੰਮ ਏਰੀਆ ਬਣੇ ਹੋਏ ਹਨ। ਉਹਨਾਂ ਵਿੱਚ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਏ ਪਰਦੇ ਪਾ ਕੇ ਬਾਹਰੋਂ ਆ ਰਹੇ ਕਿਸੇ ਆਗੂ ਤੋਂ ਲੁਕਾ ਕੇ ਰੱਖਿਆ ਜਾਂਦਾ ਤਾਂ ਕਿ ਸਾਡੇ ਦੇਸ਼ ਦੀ ਗਰੀਬ, ਭੁੱਖੀ-ਨੰਗੀ ਜਨਤਾ ਦੁਨੀਆਂ ਦੇ ਸਾਹਮਣੇ ਵਿਸ਼ਵ ਗੁਰੂ ਦੇ ਡੰਕੇ ਦਾ ਭੋਗ ਨਾ ਪਾ ਦੇਵੇ।
ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਮਕਸਦ ਲੈ ਕੇ ਹੀ ਭਗਤ ਸਿੰਘ ਇਨਕਲਾਬੀ ਰਾਹ ਦਾ ਪਾਂਧੀ ਬਣਿਆ ਸੀ। ਇਸੇ ਲਈ ਹੀ ਉਹ ਆਪ ਵੀ ਗੰਭੀਰ ਚਿੰਤਨ ਕਰਦਾ ਸੀ, ਕਿਤਾਬਾਂ ਪੜ੍ਹਦਾ ਸੀ ਅਤੇ ਆਪਣੇ ਸਾਥੀਆਂ ਨੂੰ ਵੀ ਚਿੰਤਨ ਕਰਨ ਅਤੇ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਂਦਾ ਰਹਿੰਦਾ ਸੀ। ਅੱਜ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਅਸੀਂ ਕਿੰਨਾ ਕੁ ਆਤਮ ਚਿੰਤਨ ਕਰਦੇ ਹਾਂ? ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ, ਉਸ ਦਿਨ ਭਗਤ ਸਿੰਘ ਇਨਕਲਾਬੀ ਯੋਧੇ ਲੈਨਨ ਦੀ ਕਿਤਾਬ ਪੜ੍ਹ ਰਿਹਾ ਸੀ। ਇਸ ਤੋਂ ਭਗਤ ਸਿੰਘ ਦੇ ਕਿਤਾਬਾਂ ਪ੍ਰਤੀ ਜਨੂੰਨ ਦਾ ਪਤਾ ਲਗਦਾ ਹੈ।
ਆਪਣੇ ਦੇਸ਼ ਦੀ ਇਸ ਸਥਿਤੀ ਲਈ ਅਤੇ ਆਪਣੇ ਸਵੈ ਵਿਕਾਸ ਲਈ ਕਿਤਾਬਾਂ ਨਾਲ ਸਾਡਾ ਵਾਹ ਵਾਸਤਾ ਕਿੰਨਾ ਕੁ ਹੈ, ਇਸਦੀ ਪੜਚੋਲ ਕਰਨ ਦਾ ਸਮਾਂ ਹੱਥੋਂ ਨਿਕਲ ਰਿਹਾ ਹੈ। ਕਿਤਾਬ ਨਾਲੋਂ ਟੁੱਟ ਕੇ ਹੀ ਨੌਜਵਾਨ ਵਰਗ ਦੀ ਅੱਜ ਇਹ ਹਾਲਤ ਹੋਈ ਹੈ। ਹਥਿਆਰ, ਨਸ਼ਾ, ਸੋਸ਼ਲ ਮੀਡੀਆ, ਇਹ ਸਭ ਕਿਤਾਬਾਂ ਨਾਲੋਂ ਟੁੱਟਣ ਦਾ ਹੀ ਨਤੀਜਾ ਹੈ
ਬੇਰੁਜ਼ਗਾਰੀ ਦਾ ਆਲਮ ਦੇਸ਼ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਰਹਿੰਦੀ ਖੂੰਹਦੀ ਕਸਰ ‘ਏ ਆਈ’ ਨੇ ਕੱਢ ਦਿੱਤੀ ਹੈ। ਨੌਕਰੀਆਂ ਦੀ ਪਹਿਲਾਂ ਹੀ ਘਾਟ ਹੈ ਅਤੇ ਲੀਡਰਾਂ ਦੇ ਰਹਿਮੋ ਕਰਮ ਤੇ ਚੱਲ ਰਹੇ ਦੇਸ਼ ਵਿੱਚ ਕਾਰਪੋਰੇਟ ਘਰਾਣਿਆਂ ਨੇ ਮਨੁੱਖੀ ਦਿਮਾਗਾਂ ਅਤੇ ਮਨੁੱਖੀ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਮਸਨੂਈ ਬੌਧਿਕਤਾ ਨੂੰ ਆਪਣਾ ਅਹਿਮ ਹਿੱਸਾ ਬਣਾ ਕੇ ਆਪਣੇ ਕਾਰੋਬਾਰਾਂ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਹੀ ਬੇਰੁਜ਼ਗਾਰੀ ਦਾ ਮਾਰਿਆ ਨੌਜਵਾਨ ਵਰਗ ਹੱਦ ਦਰਜੇ ਦੀ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਿਹਾ ਹੈ ਅਤੇ ਇਸ ਕਾਰਨ ਨਸ਼ਿਆਂ, ਸੋਸ਼ਲ ਮੀਡੀਆ ਅਤੇ ਲੀਡਰਾਂ ਦੇ ਬਹਿਕਾਵੇ ਵਿੱਚ ਆ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਅਤੇ ਉਨ੍ਹਾਂ ਦੇ ਪਿਛਲਗ ਲੀਡਰਾਂ ਨੂੰ ਆਪਣੇ ਫੰਡਾਂ ਤਕ ਹੀ ਮਤਲਬ ਹੈ। ਆਮ ਲੋਕਾਈ ਨਾਲ ਕੋਈ ਵਾਹ-ਵਾਸਤਾ ਨਾ ਹੋਣ ਕਰਕੇ ਲੋਕਾਈ ਨੂੰ ਮੁਫਤ ਦੀਆਂ ਖੈਰਾਤਾਂ ਵੰਡ ਕੇ ਆਪਣਾ ਪੱਲਾ ਝਾੜ ਕੇ ਪਾਸੇ ਹੋ ਜਾਂਦੇ ਹਨ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ - ਸਿਆਣਿਆਂ ਦੀ ਇਸ ਕਹਾਵਤ ਨੂੰ ਅੱਜ ਦਾ ਭਿਆਨਕ ਸਮਾਂ ਬਾਖੂਬੀ ਪੇਸ਼ ਕਰ ਰਿਹਾ ਹੈ। ਮਿਹਨਤ ਕਰਨ ਵਾਲੇ ਹੱਥਾਂ ਵਿੱਚ ਰੁਜ਼ਗਾਰ ਦੀ ਥਾਂ ਸਰਿੰਜਾਂ ਅਤੇ ਹਥਿਆਰਾਂ ਨੇ ਲੈ ਲਈ ਹੈ। ਦੇਸ਼ ਦਾ ਭਾਰ ਆਪਣੇ ਮੋਢਿਆਂ ’ਤੇ ਚੁੱਕਣ ਵਾਲਾ ਨੌਜਵਾਨ ਵਰਗ ਆਪ ਆਪਣਾ ਭਾਰ ਉਹਨਾਂ ਬੁੱਢੇ ਹੱਡਾਂ ’ਤੇ ਚੁਕਾਉਣ ਲਈ ਮਜਬੂਰ ਹੋ ਗਿਆ ਹੈ, ਜਿਨ੍ਹਾਂ ਨੂੰ ਕਿਸੇ ਵੇਲੇ ਇਸਨੇ ਸਹਾਰਾ ਦੇਣਾ ਸੀ ਅਤੇ ਉਹਨਾਂ ਦੀ ਢਾਰਸ ਬਣਨਾ ਸੀ।
ਅੱਜ ਨੌਜਵਾਨ ਵਰਗ ਵਿੱਚ ਸਹਿਣਸ਼ੀਲਤਾ ਦੀ ਘਾਟ ਸਾਫ ਨਜ਼ਰ ਹੀ ਆ ਰਹੀ ਹੈ। ਜੇਕਰ ਗੱਲ ਭਗਤ ਸਿੰਘ ਦੀ ਕਰੀਏ ਤਾਂ ਸੀਮਿਤ ਸਾਧਨਾਂ ਦੇ ਬਾਵਜੂਦ ਵੀ ਇੰਨੀ ਵੱਡੀ ਹਕੂਮਤ ਨਾਲ ਮੱਥਾ ਲਾਉਣਾ ਸਹਿਨਸ਼ੀਲਤਾ ਵਿੱਚ ਪਰਪੱਕ ਬੰਦੇ ਦਾ ਹੀ ਕੰਮ ਹੈ। ਹਰ ਦਿਨ ਕੋਈ ਨਾ ਕੋਈ ਅਸਫਲਤਾ ਉਹਨਾਂ ਦੇ ਮੱਥੇ ਚੁੰਮਦੀ ਪਰ ਉਹਨਾਂ ਹਾਰ ਨਾ ਮੰਨੀ ਅਤੇ ਆਪਣੇ ਮਕਸਦ ਦੀ ਪ੍ਰਾਪਤੀ ਲਈ ਹਰ ਵਕਤ ਜੂਝਦੇ ਰਹੇ।
ਇਹ ਹੁਣ ਸਾਡੇ ’ਤੇ ਹੈ ਕਿ ਅਸੀਂ ਆਪਣੇ ਦੇਸ਼ ਨੂੰ ਕਿਸ ਰਾਹ ’ਤੇ ਅੱਗੇ ਲੈ ਕੇ ਜਾਣਾ ਹੈ। ਨੌਜਵਾਨ ਵਰਗ ਦੇ ਹੱਥਾਂ ਵਿੱਚ ਹਥਿਆਰ ਅਤੇ ਸੋਸ਼ਲ ਮੀਡੀਆ ਜ਼ਰੀਏ ਬੌਧਿਕਤਾ ਤੋਂ ਕੰਗਾਲ ਕਰਨਾ ਹੈ ਜਾਂ ਫਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨ ਲਈ ਝੰਡਾ ਚੁੱਕ ਕੇ ਭਗਤ ਸਿੰਘ ਦੇ ਦਰਸਾਏ ਮਾਰਗ ’ਤੇ ਚੱਲ ਕੇ ਭਗਤ ਸਿੰਘ ਦੀ ਸੋਚ ਅਤੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਣਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































