Lakhwinder S Raiya 7ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਮੈਂ ਸਕੂਲ ਸਮੇਂ ਤੋਂ ਪਹਿਲਾਂ ਜਾਂ ...
(16 ਜੁਲਾਈ 2026)

 

ਜ਼ਿੰਦਗੀ ਦਾ ਕੋਈ ਨਿਸ਼ਾਨਾ ਨਾ ਮਿਥਿਆ ਹੋਣ ਕਰਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦੁਚਿੱਤੀ ਵਿੱਚ ਸਾਂ ਕਿ ਹੁਣ ਆਉਣ ਵਾਲੀ ਜ਼ਿੰਦਗੀ ਲਈ ਕਿਹੜਾ ਰਾਹ ਚੁਣਿਆ ਜਾਵੇ। ਇਸੇ ਜੱਕੋਤੱਕੀ ਵਿੱਚ ਅਰਥਸ਼ਾਸਤਰ ਦੀ ਮਾਸਟਰ ਡਿਗਰੀ ਵਿੱਚ ਦਾਖਲਾ ਲੈਣ ਹਿਤ ਮੈਂ ਆਪਣੇ ਇਲਾਕੇ ਦੇ ਇੱਕ ਨਾਮਵਰ ਕਾਲਜ ਵਿੱਚ ਗਿਆ। ਉਸ ਕਾਲਜ ਵਿੱਚ ਕਰੀਬ ਕਰੀਬ ਦਾਖਲਾ ਮਿਲ ਹੀ ਗਿਆ ਸੀ ਪਰ ਇਸ ਕਾਲਜ ਦੇ ਇੱਕ ਸੀਨੀਅਰ ਕਲਰਕ ਨੇ ਸਲਾਹ ਦਿੱਤੀ ਕਿ ਇਹ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਪ੍ਰੋਫੈਸ਼ਨਲ ਡਿਗਰੀ (ਬੀ.ਐਡ) ਕਰਨਾ ਕਾਫੀ ਬਿਹਤਰ ਰਹੇਗਾ। ਪੰਜਾਬ ਦੇ ਕਾਲਜਾਂ ਵਿੱਚ ਇਸ ਪ੍ਰੋਫੈਸ਼ਨਲ ਡਿਗਰੀ ਦੇ ਦਾਖਲੇ ਲਈ ਪ੍ਰਕਿਰਿਆ ਬੰਦ ਹੋ ਚੁੱਕੀ ਸੀ, ਜਿਸ ਕਰਕੇ ਸੋਪਰ (ਜੰਮੂ ਕਸ਼ਮੀਰ) ਮੁਸਲਿਮ ਐਜੂਕੇਸ਼ਨ ਟ੍ਰਸਟ ਕਾਲਜ ਵਿੱਚ ਬੀ.ਐੱਡ ਕਰਨ ਲਈ ਦਾਖਲਾ ਮਿਲ ਗਿਆ। ਇੱਥੇ ਦਾਖਲਾ ਤਾਂ ਸੌਖਾ ਹੀ ਮਿਲ ਗਿਆ ਸੀ ਪਰ ਮੀਡੀਅਮ ਅੰਗਰੇਜ਼ੀ ਹੋਣ ਕਰਕੇ ਪਹਿਲਾਂ ਪਹਿਲਾਂ ਇਹ ਡਿਗਰੀ ਪਾਸ ਕਰਨੀ ਕਾਫੀ ਔਖੀ ਜਾਪਣ ਲੱਗੀ। ਪਰ ਕਾਲਜ ਦੇ ਵਧੀਆ ਵਿੱਦਿਅਕ ਮਾਹੌਲ, ਵਧੀਆ ਵਾਤਾਵਰਣ, ਜਮਾਤੀਆਂ ਦੇ ਸਹਿਯੋਗ ਅਤੇ ਮਿਹਨਤ, ਲਗਨ ਸਦਕਾ ਇਹ ਡਿਗਰੀ ਚੰਗੇ ਨੰਬਰਾਂ ਨਾਲ ਪਾਸ ਕਰ ਹੀ ਲਈ।

ਉਪਰੰਤ ਇੱਕ ਪ੍ਰਾਈਵੇਟ ਸਕੂਲ ਪਹੁੰਚ ਕੀਤੀ, ਜਿੱਥੋਂ ਕੁਝ ਸੇਵਾ ਫਲ ਵੀ ’ਤੇ ਪੜ੍ਹਾਉਣ ਤਜਰਬਾ ਵੀ ਹਾਸਲ ਹੋਣ ਲੱਗਾ। ਇਸਦੇ ਨਾਲ ਨਾਲ ਵਿਦਿਆਰਥੀਆਂ ਤੋਂ ਵੀ ਕੁਝ ਨਾ ਕੁਝ ਨਵਾਂ ਸਿੱਖਣ ਦਾ ਮੌਕਾ ਵੀ ਮਿਲੀ ਜਾਂਦਾ, ਜੋ ਪੜ੍ਹਾਉਣ ਤਜਰਬੇ ਨੂੰ ਹੋਰ ਨਿਖਾਰਨ ਵਿੱਚ ਸਹਾਈ ਹੁੰਦਾ ਗਿਆ ਤੇ ਫਿਰ ਤਜਰਬੇ ਦੇ ਨਿਖਾਰ ਕਰਕੇ ਉਸ ਸਮੇਂ ਦਾ ਬੀ ਐੱਡ ਗ੍ਰੇਡ‌ ਵਜੋਂ ਸੇਵਾ ਫਲ ਵੀ ਮਿਲਣ ਲੱਗ ਪਿਆ। ਫਿਰ ਵੀ ਸਰਕਾਰੀ ਅਧਿਆਪਕ ਬਣਨ ਦੀ ਤੀਬਰ ਇੱਛਾ ਬਰਕਰਾਰ ਸੀ। ਇਹ ਆਸਾਮੀਆਂ ਨਿਕਲਣ ਦੀ ਉਤਸੁਕਤਾ ਭਰੀ ਉਡੀਕ ਵਿੱਚ ਕਰੀਬ ਛੇ ਸਾਲ ਦਾ ਸਮਾਂ ਲੰਘ ਗਿਆ। ਇਸ ਸਮੇਂ ਦੌਰਾਨ ਐਡੀਸ਼ਨਲ ਮੈਥ (ਵਾਧੂ ਵਿਸ਼ੇ ਗਣਿਤ) ਪਾਸ ਕਰਕੇ ਮੈਂ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਵਿੱਚ ਹੋਰ ਵਾਧਾ ਵੀ ਕਰ ਲਿਆ ਸੀ। ਆਖਰ ਸਰਕਾਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਅਖਬਾਰੀ ਇਸ਼ਤਿਹਾਰ ਆ ਹੀ ਗਿਆ। ਅਪਲਾਈ ਕੀਤਾ ਇੰਟਰਵਿਊ ਹੋਣ ਦੇ ਕਰੀਬ ਦੋ ਸਾਲ ਬਾਅਦ ਸਰਕਾਰੀ ਅਧਿਆਪਕ ਬਣਨ ਦਾ ਮਾਣ ਮਿਲ ਗਿਆ। ਪਰ ਇਸ ਮਾਣ ਭਰੀ ਖੁਸ਼ੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਇਸ ਭਰਤੀ ਵਿਰੁੱਧ ਹਾਈਕੋਰਟ ਵਿੱਚ ਰਿਟ ਪਟੀਸ਼ਨ ਹੋ ਗਈ ਕਿ ਇਸ਼ਤਿਹਾਰ ਵਿੱਚ ਦਰਸਾਈਆਂ ਗਈਆਂ ਅਸਾਮੀਆਂ ਦੀ ਗਿਣਤੀ ਤੋਂ ਕਈ ਗੁਣਾ ਵੱਧ ਅਧਿਆਪਕਾਂ ਦੀ ਕੀਤੀ ਗਈ ਭਰਤੀ ਗੈਰ ਕਾਨੂੰਨੀ ਹੈ। ਮਨ ਨੂੰ ਧੁੜਕੂ ਜਿਹਾ ਲੱਗ ਗਿਆ ਪਤਾ ਨਹੀਂ ਹੁਣ ਕੀ ਬਣੂੰ? ਹਾਈਕੋਰਟ ਨੇ ਸਿੱਖਿਆ ਵਿਭਾਗ ਤੋਂ ਇਸ ਭਰਤੀ ਸੰਬੰਧੀ ਰਿਕਾਰਡ ਤਲਬ ਕਰ ਲਿਆ ਤੇ ਮੈਰਿਟ ਅਨੁਸਾਰ ਛਾਣਬੀਣ ਕਰਦਿਆਂ ਇਸ਼ਤਿਹਾਰ ਵਿੱਚ ਦਰਸਾਈਆਂ ਆਸਾਮੀਆਂ ਤੋਂ ਵੱਧ ਭਰਤੀ ਕੀਤੇ ਗਏ ਰੈਗੂਲਰ ਅਧਿਆਪਕਾਂ ਨੂੰ ਕੱਢਣ ਦਾ ਆਦੇਸ਼ ਕਰ ਦਿੱਤਾ। ਪਰ ਰੱਖੇ ਗਏ ਅਧਿਆਪਕਾਂ ਦੀ ਮੈਰਿਟ ਸੂਚੀ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੇ ਵੱਖ ਵੱਖ ਅਖਬਾਰਾਂ ਵਿੱਚ ਪ੍ਰਕਾਸ਼ਤ ਕਰ ਦਿੱਤਾ ਗਿਆ। ਮੈਰਿਟ ਅਨੁਸਾਰ ਭਾਵੇਂ ਮੇਰੀ ਅਧਿਆਪਨ ਦੀ ਨੌਕਰੀ ਬਚੀ ਰਹੀ ਪਰ ਬਾਕੀ ਅਧਿਆਪਕ ਸਾਥੀਆਂ ਨਾਲ ਵਾਪਰਨ ਵਾਲੇ ਇਸ ਦੁਖਾਂਤ ਦਾ ਮਨ ਨੂੰ ਬਹੁਤ ਧੱਕਾ ਲੱਗਾ।

ਸਿੱਖਿਆ ਵਿਭਾਗ ਵੱਲੋਂ ਕੱਢੇ ਜਾਣ ਵਾਲੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਐਡਹਾਕ ਤੌਰ ’ਤੇ ਜਾਰੀ ਰੱਖਣ ਲਈ ਅਪੀਲ ਰਾਹੀਂ ਹਾਈਕੋਰਟ ਤੋਂ ਮਨਜ਼ੂਰੀ ਲੈ ਲਈ, ਜਿਸ ਨਾਲ ਹੋਣ ਵਾਲੀ ਇਸ ਛਾਂਟੀ ਦੇ ਪੀੜਿਤ ਅਧਿਆਪਕਾਂ ਨੂੰ ਕੁਝ ਰਾਹਤ ਵੀ ਜ਼ਰੂਰ ਮਿਲ ਗਈ ਤੇ ਸਕੂਲਾਂ ਵਿੱਚ ਵਾਧੂ ਖਾਲੀ ਅਸਾਮੀਆਂ ਹੋਣ ਦੇ ਬਾਵਜੂਦ ਘੱਟ ਆਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਨਲਾਇਕੀ ’ਤੇ ਵੀ ਕੁਝ ਪਰਦਾ ਪੈ ਗਿਆ। ਵੈਸੇ ਸਰਕਾਰੀ ਵਿਭਾਗਾਂ ਵਿੱਚ ਐਡਹਾਕ (ਕੱਚਿਆਂ) ਤੋਂ ਪੱਕੇ ਕਰਨ ਦੀ ਕਵਾਇਦ ਹੈ ਪਰ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਇਤਿਹਾਸ ਇੱਕ ਨਿਰਾਲੀ ਘਟਨਾ ਵਾਪਰੀ ਸੀ ਕਿ ਰੈਗੂਲਰ (ਪੱਕੇ) ਰੱਖੇ ਅਧਿਆਪਕਾਂ ਨੂੰ ਐਡਹਾਕ (ਕੱਚਾ) ਕਰ ਦੇਣਾ।

ਵਾਲ ਵਾਲ ਇਸ ਦੁਖਾਂਤ ਤੋਂ ਬਚਣ ਪਿੱਛੋਂ ਮੈਂ ਫਿਰ ਸਿੱਖਣ ਸਿਖਾਉਣ ਦੇ ਆਪਣੇ ਇਸ ਅਧਿਆਪਨ ਕਿੱਤੇ ਨਾਲ ਤਨੋਂ ਮਨੋਂ ਜੁੜਦਿਆਂ ਅਨੰਦ ਲੈਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤੋਂ ਹੀ ਮੈਂ ਮਨ ਵਿੱਚ ਇਹ ਧਾਰਨਾ ਬਣਾ ਲਈ ਸੀ ਕਿ ਮਿਲਦੇ ਸੇਵਾ ਫਲ (ਤਨਖਾਹ) ਨੂੰ ਵੱਧ ਤੋਂ ਵੱਧ ਹਲਾਲ ਦੀ ਕਮਾਈ ਬਣਾਉਣ ਦਾ ਪੂਰਾ ਯਤਨ ਕਰਾਂਗਾ। ਪੜ੍ਹਾਉਣ ਵਿਧੀ ਨੂੰ ਰੋਚਿਕ ਬਣਾਉਣ ਲਈ ਮੈਂ ਵੱਧ ਤੋਂ ਵੱਧ ‘ਖੇਡੋ ਤੇ ਸਿੱਖੋ’ ਵਿਧੀਆਂ ਦੀ ਵਰਤੋਂ ਕਰਨ ਲੱਗਾ, ਜਿਸ ਨਾਲ ਵਿਦਿਆਰਥੀਆਂ ਵਿੱਚ ਬੜੇ ਚਾਅ ਨਾਲ ਕਲਾਸਾਂ ਲਾਉਣ ਦਾ ਰੁਝਾਨ ਅਤੇ ਕੁਝ ਨਾ ਕੁਝ ਨਵਾਂ ਸਿੱਖਣ ਲਈ ਉਤਸ਼ਾਹ ਵਧਣ ਲੱਗਾ। ਮੇਰੇ ਅਤੇ ਵਿਦਿਆਰਥੀਆਂ ਵਿੱਚ ਇੱਕ ਨਿੱਘਾ ਰਿਸ਼ਤਾ ਉਤਪੰਨ ਹੋਣ ਲੱਗਾ। ਭਾਵੇਂ ਕਿ ਵਿਦਿਆਰਥੀਆਂ ਦੀਆਂ ਸ਼ਰਾਰਤਾਂ ਪ੍ਰਤੀ ਮੈਂ ਕਾਫੀ ਸਖਤ ਸਾਂ ਪਰ ਵਿੱਦਿਅਕ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਜੁੜਦੇ ਵਿਦਿਆਰਥੀਆਂ ਦੇ ਮਿਹਨਤ ਦਾ ਚਕਦਰਦਾਨ ਵੀ ਪੂਰਾ ਸਾਂ। ਵਿਦਿਆਰਥੀਆਂ ਅਤੇ ਮੇਰੇ ਵਿਚਾਲੇ ਇੱਕ ਅਨੋਖਾ ਸਨੇਹ ਭਰਿਆ ਰਿਸ਼ਤਾ ਵੀ ਜੁੜ ਗਿਆ। ਕਈ ਵਿਦਿਆਰਥੀ ਤਾਂ ਮੇਰੇ ਨਾਲ ਆਪਣੀਆਂ ਨਿੱਜੀ ਸਮੱਸਿਆਵਾਂ ਅਤੇ ਮਜਬੂਰੀਆਂ ਵੀ ਸਾਂਝੀਆਂ ਕਰ ਲੈਂਦੇ ਤਾਂ ਮੈਂ ਵੀ ਆਪਣੀ ਔਕਾਤ ਅਨੁਸਾਰ ਉਨ੍ਹਾਂ ਦੀ ਕਿਸੇ ਨਾ ਰੂਪ ਵਿੱਚ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ।

ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਤਕ ਵਿੱਦਿਅਕ ਅਤੇ ਹੋਰ ਗਤੀਵਿਧੀਆਂ ਦੇ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਮੈਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਸਕੂਲ ਸਮੇਂ ਤੋਂ ਬਾਅਦ ਕਰਵਾਉਣੀ ਨੂੰ ਹੀ ਤਰਜੀਹ ਦਿੰਦਾ ਤਾਂ ਕਿ ਭਾਗੀਦਾਰ ਵਿਦਿਆਰਥੀਆਂ ਦੀ ਆਮ ਪੜ੍ਹਾਈ ਵਿੱਚ ਕਿਸੇ ਵੀ ਤਰ੍ਹਾਂ ਦਾ ਦੁਰਪ੍ਰਭਾਵ ਨਾ ਪਵੇ। ਸਕੂਲ ਪ੍ਰਸ਼ਾਸਨ ਤੋਂ ਸਹਿਯੋਗ ਲੈਂਦਿਆਂ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਯੋਗ ਪ੍ਰਬੰਧ ਕਰਕੇ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਉਣੀ ਨੂੰ ਆਪਣਾ ਜ਼ਰੂਰੀ ਫਰਜ਼ ਸਮਝਦਾ। ਵਿਦਿਆਰਥੀਆਂ ਨੇ ਵੀ ਹਿੰਮਤ, ਲਗਨ ਅਤੇ ਮਿਹਨਤ ਨਾਲ ਕੋਈ ਨਾ ਕੋਈ ਪ੍ਰਾਪਤੀ ਕਰ ਹੀ ਜਾਣੀ, ਜਿਸ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਵਿੱਚ ਮੇਰੇ ਪ੍ਰਤੀ ਲਗਾਵ ਭਰਿਆ ਵਿਸ਼ਵਾਸ ਬਣਦਾ ਗਿਆ। ਮੁੰਡੇ, ਕੁੜੀਆਂ (ਵਿਦਿਆਰਥੀਆਂ) ਨੂੰ ਕਿਸੇ ਮੁਕਾਬਲੇ ਦੀ ਤਿਆਰੀ ਲਈ ਸ਼ਾਮਾਂ ਵੀ ਪੈ ਜਾਂਦੀਆਂ ਤਾਂ ਵਿਦਿਆਰਥੀਆਂ ਦੇ ਮਾਪੇ ਕੋਈ ਉਜਰ ਨਾ ਕਰਦੇ ਸਗੋਂ ਮਾਣ ਕਰਦੇ ਸਾਡੇ ਬੱਚੇ ਕੁਝ ਨਾ ਕੁਝ ਨਵਾਂ ਖੱਟਣ ਦੀ ਤਿਆਰੀ ਕਰ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਸਮੇਂ ਸਮੇਂ ਹੁੰਦੇ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਵਜੋਂ ਨਤੀਜੇ ਤੋਂ ਪਹਿਲਾਂ ਹੀ ਕਿਆਸ ਅਰਾਈਆਂ ਲੱਗ ਹੀ ਜਾਂਦੀਆਂ ਕਿ ਫਲਾਣੇ ਸਕੂਲ ਦੇ ਵਿਦਿਆਰਥੀਆਂ ਨੇ ਜਿੱਤਣਾ ਹੀ ਜਿੱਤਣਾ ਹੈ। ਇਹ ਕਿਆਸ ਅਰਾਈਆਂ ਲਗਭਗ ਸੱਚ ਹੀ ਹੋ ਨਿੱਬੜਦੀਆਂ, ਜਿਸ ਨਾਲ ਮੇਰੇ ਸਕੂਲ ਦੇ ਨਾਲ ਨਾਲ ਮੇਰੀ ਸੋਭਾ ਵੀ ਹੁੰਦੀ। ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਮੈਨੂੰ ਵੀ ਮਾਣ ਤਾਣ ਭਰਿਆ ਸਾਬਾਸ਼ ਦਾ ਥਾਪੜਾ ਮਿਲਣ ਲੱਗਾ, ਜਿਸ ਨਾਲ ਉਤਸ਼ਾਹ ਵਧਣ ਨਾਲ ਪੜ੍ਹਨ ਪੜ੍ਹਾਉਣ ਦੀ ਸਮਰਪਿਤ ਭਾਵਨਾ ਹੋਰ ਵਧਦੀ ਗਈ। ਸਮੇਂ ਸਮੇਂ ਲਗਦੇ ਅਧਿਆਪਕ ਸੈਮੀਨਾਰਾਂ ਦੌਰਾਨ ਵੀ ਮੇਰੇ ਤਿਆਰ ਕੀਤੇ ਜਾਂਦੇ ਲਰਨਿੰਗ ਮਟੀਰੀਅਲ (ਮਾਡਲ ਆਦਿ) ਅਕਸਰ ਵਿਸ਼ੇਸ਼ ਖਿੱਚ ਦਾ ਕਾਰਨ ਵੀ ਬਣਦੇ ਅਤੇ ਸਾਰਥਿਕ ਨਤੀਜਿਆਂ ਲਈ ਸਹਾਈ ਵੀ ਹੁੰਦੇ। ਮੇਰੇ ਪੜ੍ਹਨ ਲਿਖਣ ਦੇ ਆਪਣੇ ਸ਼ੌਕ ਖਾਸ ਕਰਕੇ ਵੱਖ ਵੱਖ ਅਖਬਾਰਾਂ/ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਜਾਂ ਛੇਵੀਂ ਤੋਂ ਗਿਆਰ੍ਹਵੀਂ ਤਕ ਜਮਾਤਾਂ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ) ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਲਿਖਤਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਾ ਤਾਂ ਉਨ੍ਹਾਂ ਵਿੱਚ ਵੀ ਕੁਝ ਨਾ ਕੁਝ ਸਿਰਜਣ/ਲਿਖਣ ਦੀ ਤਾਂਘ ਜਾਗਦੀ। ਫਿਰ ਲੇਖਕ ਵਿਦਿਆਰਥੀਆਂ ਦੀਆਂ ਰਚਨਾਵਾਂ ਵੱਖ ਵੱਖ ਬਾਲ ਰਿਸਾਲਿਆਂ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਵੀ ਹੋਣ ਲੱਗ ਪਈਆਂ।

ਆਪਣੇ ਵਿਸ਼ਿਆਂ (ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ) ਰੋਚਿਕ ਬਣਾਉਣ ਖਾਤਰ ਅਭਿਆਸ ਲਈ ਤਿਆਰ ਕੀਤੇ ਚਾਰਟ/ਮਾਡਲ, ਅੰਗਰੇਜ਼ੀ-ਐੱਸ.ਐੱਸ.ਲੈਬ. ਤੇ ਗਰਾਊਂਡ ਮੈਪ ਦੀ ਸਥਾਪਨਾ ਅਤੇ ਮੇਰੇ ਅਧਿਆਪਨ ਕਾਰਜ ਦੀ ਚਰਚਾ ਸਿੱਖਿਆ ਵਿਭਾਗ ਵਿੱਚ ਛਿੜਨ ਲੱਗੀ। ਸਮੇਂ ਸਮੇਂ ਬਲਾਕ ਮੈਂਟਰ (ਬੀ ਐੱਮ) ਅਤੇ ਹੋਰ ਸਿੱਖਿਆ ਅਧਿਕਾਰੀਆਂ ਵੱਲੋਂ ਹੁੰਦੇ ਅਚਨਚੇਤੀ ਨਿਰੀਖਣਾਂ ਦੀ ‘ਗੁਡ ਬੁੱਕ’ ਵਿੱਚ ਨਾਂ ਆ ਜਾਣ ਕਰਕੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਨਾਲ ਸ਼ਾਬਾਸ਼ ਦਾ ਥਾਪੜਾ ਦੇ ਦਿੱਤਾ।

ਵੱਖ ਵੱਖ ਸਕੂਲ ਅਧਿਆਪਕਾਂ ਦੀ ਰਾਜ ਪੁਰਸਕਾਰ (ਸਟੇਟ ਅਵਾਰਡ) ਚੋਣ ਲਈ ਸਟੇਟ ਪੱਧਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਦੀ ਗਠਿਤ ਟੀਮ ਮੇਰੇ ਸਕੂਲ ਪਹੁੰਚੀ ਤਾਂ ਟਾਈਮ ਟੇਬਲ ਅਨੁਸਾਰ ਮੇਰੇ ਵੱਲੋਂ ਪੜ੍ਹਾਈਆਂ ਜਾਂਦੀਆਂ ਕਲਾਸਾਂ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਅਤੇ ਮੇਰੀ ਕਾਰਜ ਸ਼ੈਲੀ ਦੇ ਪਿਛੋਕੜ ਦੀ ਪ੍ਰੋਫਾਈਲ ਵੀ ਚੈੱਕ ਕੀਤੀ ਤਾਂ ਉਸ ਨਿਰੀਖਕ ਟੀਮ ਦੇ ਮੁਖੀ ਨੇ ਆਖ ਹੀ ਦਿੱਤਾ “ਕੰਮ ਬੋਲਦਾ ਹੈ।” ਤੇ ਉਸ ਸਾਲ ਪੰਜਾਬ ਭਰ ਵਿੱਚ ਸਟੇਟ ਅਵਾਰਡ ਲਈ ਚੁਣੇ ਗਏ ਮਾਸਟਰ ਕੇਡਰ ਅਧਿਆਪਕ ਦੀ ਸੂਚੀ ਵਿੱਚ ਮੇਰਾ ਨਾਂਅ ਸਭ ਤੋਂ ਉੱਪਰ ਸੀ ਤੇ ਮੈਨੂੰ ਵੀ ਤਸੱਲੀ ਭਰੀ ਖੁਸ਼ੀ ਇਹ ਹੋਈ ਕਿ ਇੱਥੇ ਵੀ ਕੋਈ ਸਿਫਾਰਸ਼ ਦੀ ਥਾਂ ਵਾਕਿਆ ਹੀ “ਕੰਮ ਹੀ ਬੋਲਿਆ” ਸੀ। ਡਿਪਟੀ ਕਮਿਸ਼ਨਰ ਦੇ ਕੰਪਲੈਕਸ ਵਿੱਚ “ਸਿੱਖਿਆ ਵਿਭਾਗ ਦੇ ਮਾਣ ਅਤੇ ਸ਼ਾਨ ਅਧਿਆਪਕ ਰਾਜ ਪੁਰਸਕਾਰ ਵਿਜੇਤਾ’ ਦੇ ਸਿਰਲੇਖ ਹੇਠ ਲੱਗੇ ਬੈਨਰ ਦੀਆਂ ਤਸਵੀਰਾਂ ਵਿੱਚ ਸ਼ੁਮਾਰ ਮੇਰੀ ਤਸਵੀਰ ਹੁਣ (ਸੇਵਾ ਮੁਕਤੀ ਤੋਂ ਬਾਅਦ) ਵੀ ਜ਼ਿੰਦਗੀ ਵਿੱਚ ਅਧਿਅਪਨ ਦੇ ਸੁਨਹਿਰੀ ਦਿਨਾਂ ਦਾ ਇੱਕ ਵੱਖਰਾ ਹੀ ਗੁਦਗੁਦੀ ਭਰਿਆ ਸਕੂਨ ਭਰ ਰਹੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)