Lakhwinder S Raiya 7ਇਹ ਮਾਣਮੱਤਾ ਇਨਸਾਨ ਆਪਣੀ ਇੱਛਾ ਦੀ ਪੂਰਤੀ ਕਰਵਾਉਣ ਹਿਤ ਪੈਦਲ ਹੀ ਦਿੱਲੀ ...”DashrathManjhiMountain1
(12 ਮਾਰਚ 2026)




DashrathManjhiMountain2
DashrathManjhiMountain1ਹੱਥਾਂ ਦੀ ਤਾਕਤ ਦਾ ਕਮਾਲ

ਦ੍ਰਿੜ੍ਹ ਸੰਕਲਪ, ਇੱਛਾ ਸ਼ਕਤੀ, ਹਿੰਮਤ, ਲਗਨ ਅਤੇ ਮਿਹਨਤ ਦੇ ਗੁਣਾਂ ਦਾ ਸੁਮੇਲ ਅਸੰਭਵ ਨੂੰ ਸੰਭਵ ਬਣਾਉਣ ਦੇ ਸਮਰੱਥ ਹੁੰਦਾ ਹੈ ਇਨ੍ਹਾਂ ਗੁਣਾਂ ਦੇ ਧਾਰਨੀ ਕੁਝ ਅਜਿਹਾ ਕਰ ਗੁਜ਼ਰਦੇ ਹਨ ਕਿ ਜਿਸ ਮਾਣਮੱਤੀ ਕਾਰਗੁਜ਼ਾਰੀ ਨਾਲ ਦੁਨੀਆਂ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਕਈ ਵਾਰ ਉਨ੍ਹਾਂ ਦੇ ਕਾਰਜ ਕਾਲ ਸਮੇਂ ਕਾਰਜਸ਼ੀਲ ਨਾਇਕ/ਨਾਇਕਾਵਾਂ ਨੂੰ ਸਨਕੀ, ਹਠੀ, ਜ਼ਿੱਦੀ, ਝੱਲਾ, ਕਮਲਾ, ਸ਼ੁਦਾਈ ਆਦਿ ਵਰਗੇ ਕੌੜੇ ਸ਼ਬਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਆਪਣੀ ਪੱਕੀ ਧੁਨ ਦੇ ਸ਼ਾਹ ਅਸਵਾਰ ਬਣਦੇ ਹੋਏ ਇਹ ਮਾਣਮੱਤੇ ਲੋਕ ਦੁਨੀਆਂ ਦੀਆਂ ਟਕੋਰਾਂ ਦੀ ਪ੍ਰਵਾਹ ਕੀਤੇ ਬਗੈਰ ਸਿਰਫ ਆਪਣੀ ਮਿਹਨਤ ਵਿੱਚ ਮਗਨ ਮੰਜ਼ਿਲ ਵਿੱਚ ਵਧਦੇ ਰਹਿੰਦੇ ਹਨਫਿਰ ਸਾਲਾਂ ਬੱਧੀ ਲੰਮੀ ਸਖ਼ਤ ਘਾਲਣਾ ਨਾਲ ਆਪਣਾ ਮਿਸ਼ਨ ਪ੍ਰਾਪਤ ਕਰਕੇ ਆਪਣੇ ਦ੍ਰਿੜ੍ਹ ਇਰਾਦੇ ਦਾ ਲੋਹਾ ਮਨਵਾ ਹੀ ਲੈਂਦੇ ਹਨ ਅਜਿਹੀ ਪ੍ਰਤਿਭਾ ਦੇ ਮਾਲਕ ਅਤੇ ਪਹਾੜ ਨਾਲ ਮੱਥਾ ਲਾਉਣ ਵਾਲੇ ਮਹਾਂਬਲੀ ਦਸ਼ਰਥ ਮਾਂਝੀ ਦਾ ਜਨਮ 14 ਜਨਵਰੀ 1934 ਵਿੱਚ ਬਿਹਾਰ ਦੇ ਪਿੰਡ ਗਹਿਲੋਰ (ਗਯਾ) ਵਿੱਚ ‌ਹੋਇਆਇਸ ਮਾਣਮੱਤੇ ਦਾ ਜੀਵਨ ਇਤਿਹਾਸ ਫਰੋਲਣਤੇ ਉਸ ਦੁਆਰਾ ਪੂਰਾ ਕੀਤਾ ਮਿਸ਼ਨ ਇੱਕ ਚਾਨਣ ਮੁਨਾਰੇ ਦੇ ਰੂਪ ਆਣ ਪ੍ਰਗਟ ਹੁੰਦਾ ਹੈ

ਦਸ਼ਰਥ ਮਾਂਝੀ ਬਿਹਾਰ ਦੇ ਪਿੰਡ ਗਹਿਲੋਰ ਦਾ ਆਮ ਕਿਰਤੀ/ਮਜ਼ਦੂਰ ਵਿਅਕਤੀ ਸੀ, ਜਿਹੜਾ ਗ਼ਰੀਬੀ ਦੀ ਹਾਲਤ ਨਾਲ ਦੋ ਚਾਰ ਹੁੰਦਾ ਹੋਇਆ ਆਪਣੇ ਪਰਿਵਾਰ ਨਾਲ ਆਪਣਾ ਡੰਗ ਟਪਾ ਰਿਹਾ ਸੀਇਹ ਪਿੰਡ ਸੁਖ ਸਹੂਲਤਾਂ ਤੋਂ ਕਾਫੀ ਹੱਦ ਤਕ ਵਿਰਵਾ ਸੀਇਸ ਪਿੰਡ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਇਸ ਪਿੰਡ ਦੇ ਲੋਕਾਂ ਨੂੰ ਰੋਜ਼ਮਰਾ ਦੀਆਂ ਲੋੜਾਂ ਪੂਰਾ ਕਰਨ ਹਿਤ ਅਤੇ ਖਾਸ ਕਰਕੇ ਸਿਹਤ ਨਾਲ ਸੰਬੰਧਤ ਮੁਸ਼ਕਲਾਂ ਨੂੰ ਲੈ ਕੇ ਕਸਬੇ ਵਜ਼ੀਰਾਬਾਦ ਜਾਣਾ ਪੈਂਦਾ ਸੀਪਰ ਇਸ ਰਸਤੇ ਵਿੱਚ ਇੱਕ ਉੱਚਾ ਉੱਭੜ ਖਾਬੜ ਪਥਰੀਲਾ ਪਹਾੜ ਇੱਕ ਵੱਡੀ ਰੁਕਾਵਟ ਬਣਿਆ ਖੜ੍ਹਾ ਸੀਇਸ ਪਹਾੜ ਦੇ ਦੁਆਲਿਓਂ ਦੀ ਵਿੰਗਾ ਟੇਢਾ ਤਿੱਖੀ ਉਤਰਾਈ-ਚੜ੍ਹਾਈ ਵਾਲਾ ਡੰਡੀ ਨੁਮਾ ਤੰਗ ਰਸਤਾ ਸੀਇਸ ਬਿਖੜੇ ਅਤੇ ਲਮੇਰੇ ਪੈਂਡੇ ਨੂੰ ਤੈਅ ਕਰਕੇ ਹੀ ਸਿਹਤ ਸਹੂਲਤਾਂ ਲੈਣ ਹਸਪਤਾਲ ਪਹੁੰਚਿਆ ਜਾ ਸਕਦਾ ਸੀ ਇੱਥੋਂ ਤੀਕ ਕਿ ਲੋਕਾਂ ਨੂੰ ਪੀਣ ਲਈ ਪਾਣੀ ਵੀ ਇਸਦੇ ਪਹਾੜ ਦੇ ਪਾਰਲੇ ਪਾਸਿਓਂ ਇਸੇ ਰਸਤੇ ਹੀ ਲਿਆਉਣਾ ਪੈਂਦਾ ਸੀ

ਘਰ ਪਰਿਵਾਰ ਲਈ ਮਾਂਝੀ ਦੀ ਗਰਭਵਤੀ ਪਤਨੀ ਫਲਗੁਣੀ ਦੇਵੀ ਵੀ ਪਾਣੀ ਦਾ ਘੜਾ ਇਸੇ ਖਤਰਨਾਕ ਰਸਤੇ ਰਾਹੀਂ ਲਿਆ ਰਹੀ ਸੀ ਕਿ ਉਸਦਾ ਪੈਰ ਤਿਲ੍ਹਕਣ ਕਰਕੇ ਖੱਡ ਵੱਲ ਲੁੜ੍ਹਕ ਗਈਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ ਤਾਂ ਉਸਨੂੰ ਇਲਾਜ ਵਾਸਤੇ ਵਜ਼ੀਰਾਬਾਦ ਹਸਪਤਾਲ ਲਿਜਾਣਾ ਪਿਆਰਾਹ ਵਿੱਚ ਰੁਕਾਵਟ ਬਣੇ ਪਹਾੜ ਦੀ ਵਜਾਹ ਕਰਕੇ ਵਜ਼ੀਰਾਬਾਦ ਹਸਪਤਾਲ ਪਹੁੰਚਣ ਦੇ ਕਰੀਬ 55 ਕਿਲੋਮੀਟਰ ਦਾ ਲੰਮੇ ਪੈਂਡੇ ਨੂੰ ਪੂਰਾ ਕਰਦਿਆਂ ਫਲਗੁਣੀ ਦੇਵੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈਪਤਨੀ ਦੀ ਅਚਨਚੇਤੀ ਮੌਤ ਦੇ ਸਦਮੇ ਨਾਲ ਮਾਂਝੀ ਕਾਫੀ ਝੰਜੋੜਿਆ ਗਿਆ ਤੇ ਸੋਚਣ ਲੱਗਾ ਕਾਸ਼! ਕੋਈ ਸਹੀ ਰਸਤਾ ਹੁੰਦਾ ਤੇ ਵੇਲੇ ਸਿਰ ਹਸਪਤਾਲ ਪਹੁੰਚਾਉਣ ਨਾਲ ਉਸਦੀ ਪਤਨੀ ਬੇਵਕਤੀ ਮੌਤ ਤੋਂ ਬਚ ਸਕਦੀਉਸ ਵਕਤ ਦੇ 27 ਸਾਲ ਗੱਭਰੂ ਮਾਂਝੀ ਨੇ ਆਪਣੀ ਪਤਨੀ ਦੇ ਵਿਛੜਨ ਦੇ ਵਿਯੋਗ ਵਿੱਚ ਲਮੇਰੇ ਪੈਂਡੇ ਨੂੰ ਘਟਾਉਣ ਲਈ ਪਹਾੜ ਨਾਲ ਹੀ ਮੱਥਾ ਲਾਉਣ ਦੀ ਠਾਣ ਲਈਸੋ ਉਸਨੇ ਆਪਣੀ ਪਿਆਰੀ ਪਤਨੀ ਦੀ ਨਿੱਘੀ ਯਾਦ ਮਨ ਵਿੱਚ ਵਸਾਉਂਦਿਆਂ ਪਹਾੜੀ ਨੂੰ ਚੀਰਨ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ ਤਾਂ ਕਿ ਕਿਸੇ ਹੋਰ ਨੂੰ ਬੇਵਕਤੀ ਮੌਤ ਦੇ ਪੰਜੇ ਤੋਂ ਬਚਾਇਆ ਜਾ ਸਕੇ

ਸੋ ਮਾਂਝੀ ਨੇ ਆਪਣੀ ਨਿੱਜੀ ਜਾਇਦਾਦ ਕੁਝ ਬੱਕਰੀਆਂ ਆਦਿ ਵੇਚ ਕੇ ਪਹਾੜ ਤੋੜਨ ਲਈ ਸੰਦ, ਹਥੌੜਾ, ਛੈਣੀ ਤੇ ਸਬਲ ਆਦਿ ਖਰੀਦੇਫਿਰ ਪੂਰੇ ਸਿਰੜੀ ਹਠ ਨਾਲ ਪਹਾੜੀ ਦੇ 25 ਤੋਂ 30 ਫੁੱਟ ਉੱਚੇ ਸਿਰ ਨੂੰ ਚੀਰਨ ਦੇ ਸਖ਼ਤ ਅਤੇ ਜੋਖ਼ਮ ਭਰੇ ਕੰਮ ਲਈ ਜੁੱਟ ਪਿਆਆਖਿਆ ਜਾਂਦਾ ਹੈ ਕਿ ਇਹ ਮਾਣਮੱਤਾ ਆਪਣੀ ਰੋਜ਼ੀ ਰੋਟੀ ਚਲਦੀ ਰੱਖਣ ਲਈ ਅੱਧਾ ਦਿਨ ਮਿਹਨਤ ਮਜ਼ਦੂਰੀ ਕਰਦਾ ਤੇ ਬਾਕੀ ਦਾ ਅੱਧਾ ਦਿਨ ਪਹਾੜੀ ਕੱਟਣਤੇ ਲਾ ਦਿੰਦਾ

ਉਸਦੇ ਇਸ ਕੰਮ ਦਾ ਕਈ ਮਸ਼ਖਰੀਏ ਮਜ਼ਾਕ ਵੀ ਉਡਾਉਂਦੇ  ਅਤੇ ਸਨਕੀ, ਪਾਗ਼ਲ ਤਕ ਵੀ ਆਖ ਦਿੰਦੇਉਹ ਕਹਿੰਦੇ, ਪਹਾੜ ਨੂੰ ਢਾਹੁੰਦਿਆਂ-ਢਾਹੁੰਦਿਆਂ ਇਸਨੇ ਖੁਦ ਹੀ ਢਹਿ (ਮਰ ਖਪ) ਜਾਣਾ ਹੈਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਅਨੁਸਾਰ ਮਾਂਝੀ ਬਗੈਰ ਕਿਸੇ ਦੀ ਪ੍ਰਵਾਹ ਕੀਤਿਆਂ ਆਪਣੇ ਮਨ ਵਿੱਚ ਧਾਰੇ ਕੰਮ ਦੀ ਸਫਲਤਾ ਲਈ ਕਰੀਬ ਦੋ ਦੋਹਾਕਿਆਂ ਦੇ ਵੱਧ ਸਮੇਂ ਤਕ ਕਈ ਔਕੜਾਂ/ਮੁਸ਼ਕਲਾਂ ਦੇ ਬਾਵਜੂਦ ਵੀ ਡਟਿਆ ਰਿਹਾ ਤੇ ਫਿਰ, “ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਹੂ” ਅਨੁਸਾਰ ਆਖਰ ਮਾਂਝੀ ਨੂੰ ਵੀ ਆਪਣੇ ਹਠ/ਜਨੂੰਨ ਯਾਨੀ ਸਖ਼ਤ ਘਾਲਣਾ ਨਾਲ ਆਪਣੇ ਆਸ਼ੇ ਵਿੱਚ 1982 ਵਿੱਚ ਫਤਿਹ ਨਸੀਬ ਹੋ ਹੀ ਗਈ ਜਦੋਂ ਉਸਨੇ 300 ਫੁੱਟ ਉੱਚੇ ਅਤੇ 360 ਫੁੱਟ ਲੰਮੇ ਸਖ਼ਤ ਪਥਰੀਲੇ ਸੀਨੇ ਵਾਲੀ ਪਹਾੜੀ ਦੇ 25 ਤੋਂ 30 ਫੁੱਟ ਉੱਚੇ ਸਿਰ ਨੂੰ ਦੁਫਾੜ ਕਰਕੇ 30 ਫੁੱਟ ਰਾਹ ਤਿਆਰ ਕਰ ਲਿਆ ਤੇ ਦੁਨੀਆਂ ਸਾਹਮਣੇ ਆਪਣੇ ਹੱਥਾਂ ਦੀ ਤਾਕਤ ਦੀ ਇੱਕ ਨਵੇਕਲੀ ਮਿਸਾਲ ਕਾਇਮ ਕਰ ਦਿੱਤੀਵਰਨਣਯੋਗ ਯੋਗ ਹੈ ਕਿ ਇਸ ਮਾਣ ਮਤੇ ਵੱਲੋਂ ਪਹਾੜੀ ਤੋੜਨ ਦੇ ਆਮ ਸੰਦਾਂ ਤੋਂ ਸਿਵਾਏ ਕਿਸੇ ਖਾਸ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਗਈ ਸੀ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੇਸ਼ਕ ਬਹੁਤ ਸਾਰੇ ਈਰਖਾਲੂ ਲੋਕਾਂ ਵੱਲੋਂ ਉਸਦੇ ਨੇਕ ਕੰਮ ਵਿੱਚ ਅੜਿੱਕਾ ਵੀ ਡਾਹਿਆ ਜਾਂਦਾ ਰਿਹਾ ਪਰ ਮਾਂਝੀ ਦੇ ਨਾਇਕ ਵਜੋਂ ਉੱਭਰਨ ਪਿੱਛੋਂ ਉਸਦੀ ਹਿੰਮਤ ਦੇ ਕਦਰਦਾਨ ਕੁਝ ਆਮ ਲੋਕਾਂ ਵੱਲੋਂ ਗਾਹੇ ਬਗਾਹੇ ਉਸ ਨੂੰ ਸਹਿਯੋਗ ਵੀ ਕੀਤਾ ਜਾਣ ਲੱਗ ਪਿਆ ਸੀ

ਮਾਂਝੀ ਦੀ ਲੰਮੇ ਸਮੇਂ ਦੀ ਸਖ਼ਤ ਘਾਲਣਾ ਨੇ ਬਣੇ ਰਸਤੇ ਨੇ ਪਹਿਲੇ ਵਲ ਵਲੇਵੇਂ ਵਾਲੇ 60-70 ਕਿਲੋਮੀਟਰ ਦੇ ਪੈਂਡੇ ਨੂੰ ਕਾਫੀ ਘਟਾ ਕੇ ਛੋਟਾ ਕਰ ਦਿੱਤਾ, ਜਿਸਦਾ ਫਾਇਦਾ ਉਸਦੇ ਪਿੰਡ ਗਹਿਲੋਰ ਅਤੇ ਇਸਦੇ ਨੇੜੇ ਤੇੜ ਦੇ ਦਰਜਨਾਂ ਪਿੰਡਾਂ ਨੂੰ ਹੋਇਆਇਨ੍ਹਾਂ ਪਿੰਡਾਂ ਤੋਂ ਵਜ਼ੀਰਾਬਾਦ ਦਾ ਫ਼ਾਸਲਾ ਸੁੰਗੜ ਕੇ ਸਿਰਫ 10-15 ਕਿਲੋਮੀਟਰ ਦਾ ਹੀ ਰਹਿ ਗਿਆਪਰ ਇਸ ਸੌੜੀ ਸਿਆਸੀ ਦੁਨੀਆਂ ਦੀ ਹਮੇਸ਼ਾ ਫਿਤਰਤ ਰਹੀ ਹੈ ਕਿ ਜਿਊਂਦੇ ਜੀਅ ਭਲੇ ਪੁਰਸ਼ਾਂ ਦੀਆਂ ਸੋਚ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਪਰ ਮਰਨ ਉਪਰੰਤ ਬਥੇਰੇ ਪਲਾਲ (ਪਖੰਡ)ਕੀਤੇ ਜਾਂਦੇ ਹਨ ਇਵੇਂ ਹੀਮਾਊਂਟੇਨ ਮੈਨ’ ਮਾਂਝੀ ਦੀ ਪ੍ਰਬਲ ਇੱਛਾ ਇਹੀ ਸੀ ਕਿ ਸਰਕਾਰੀ ਤੰਤਰ ਉਸ ਵੱਲੋਂ ਤਿਆਰ ਕੀਤੇ ਇਸ ਕੱਚੇ ਰਾਹ ਨੂੰ ਪੱਕੀ ਸੜਕ ਦਾ ਰੂਪ ਦੇਵੇ ਅਤੇ ਉਸਦੇ ਪਿੰਡ ਵਿੱਚ ਹਸਪਤਾਲ ਅਤੇ ਹੋਰ ਰੋਜ਼ਮਰਾ ਦੀਆਂ ਸਹੂਲਤਾਂ ਉਪਲਬਧ ਕਰਾਵੇਸਰਕਾਰੀ ਤੰਤਰ ਵੱਲੋਂ ਕੀਤਾ ਸਮਾਜ ਭਲਾਈ ਦਾ ਇਹ ਕੰਮ ਹੀ ਉਸਦੀ ਸਿਰੜ ਭਰੀ ਮਿਹਨਤ ਦਾ ਅਸਲ ਮੁੱਲ ਹੋਵੇਗਾਪਰ ਇਸ ਪਾਗ਼ਲ (ਅਸਲ ਵਿੱਚ ਮਹਾਨ ਪੁਰਖ) ਦੀ ਮਹਾਨ ਕਾਰਗੁਜ਼ਾਰੀ ਨੂੰ ਸਿਆਸੀ ਤੰਤਰ ਪਛਾਣ ਨਾ ਕਰ ਸਕਿਆ ਤੇ ਨਾ ਹੀ ਉਸ ਇਸ ਅਨੋਖੇ ਕਰਮ ਦਾ ਮੁੱਲ ਚੁੱਕਾ ਸਕਿਆਇਹ ਮਾਣਮੱਤਾ ਇਨਸਾਨ ਆਪਣੀ ਇੱਛਾ ਦੀ ਪੂਰਤੀ ਕਰਵਾਉਣ ਹਿਤ ਪੈਦਲ ਹੀ ਦਿੱਲੀ ਪਹੁੰਚਿਆ ਅਤੇ ਸਮੇਂ ਦੇ ਸੱਤਾਧਾਰੀ ਨੇਤਾਵਾਂ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤਕ ਪਹੁੰਚ ਕਰਨ ਦਾ ਯਤਨ ਵੀ ਕੀਤਾ ਪਰ ਸੁਰੱਖਿਆ ਕਰਮਚਾਰੀਆਂ ਨੇ ਉਸਦੀ ਕੋਈ ਵਾਹ ਪੇਸ਼ ਨਾ ਜਾਣ ਦਿੱਤੀ ਤੇ ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਇਆਸਰਕਾਰੀ ਤੰਤਰ ਵੱਲੋਂ ਸਮਾਜ ਸੇਵਾ ਦੇ ਨੇਕ ਕੰਮ ਪੂਰਾ ਹੋਣ ਦੀ ਸਿੱਕ ਦਿਲ ਵਿੱਚ ਲੈ ਕੇ ਇਹ ਮਾਣਮੱਤਾ 73 ਸਾਲ ਦੀ ਉਮਰ ਵਿੱਚ 17 ਅਗਸਤ 2007 ਨੂੰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ

ਇਸ ਮਾਣਮੱਤੇ ਦੀ ਮੌਤ ਤੋਂ ਬਾਅਦ ਉਸ ਅਖੌਤੀ ‘ਕਮਲੇ, ਝੱਲੇ’ (ਅਸਲ ਵਿੱਚ ਲੋਕ ਨਾਇਕ ਮਾਂਝੀ) ਨੂੰਪਰਬਤ ਪੁਰਖ (ਮਾਊਂਟਨ ਮੈਨ)’ ਦਾ ਖ਼ਿਤਾਬ ਵੀ ਦਿੱਤਾ ਗਿਆ ਅਤੇ ਇਸ ਕੱਚੇ ਰਾਹ ਨੂੰ ਪੱਕੀ ਸੜਕ ਵਿੱਚ ਬਦਲਣ ਅਤੇ ਪਿੰਡ ਵਿੱਚ ਕੁਝ ਸਹੂਲਤਾਂ ਦੇ ਕੇ ਉਸਦੀ ਇੱਛਾ ਨੂੰ ਕਾਫੀ ਹੱਦ ਤਕ ਪੂਰਾ ਵੀ ਕਰ ਦਿੱਤਾ ਗਿਆਅੱਜ ਉਸ ਮਹਾਨ ਸਿਰੜੀ ਦੀ ਯਾਦ ਵਿੱਚ ਯਾਦਗਾਰ ਰੋਡ ਗੇਟ ਸੁਸ਼ੋਭਿਤ ਹੈ, ਜੋ ਦ੍ਰਿੜ੍ਹ ਸੰਕਲਪ, ਇੱਛਾ ਸ਼ਕਤੀ, ਹਿੰਮਤ, ਲਗਨ ਅਤੇ ਮਿਹਨਤ ਨੂੰ ਸਿਜਦਾ ਕਰਦਾ ਅਤੇ ਲੋਕਾਈ ਨੂੰ ਹੱਥਾਂ ਦੀ ਤਾਕਤ ਦੇ ਕਮਾਲ ਦਾ ਸੁਨੇਹਾ ਦਿੰਦਾ ਵੀ ਪ੍ਰਤੀਤ ਹੁੰਦਾ ਹੈ

(ਮਾਸਟਰ ਲਖਵਿੰਦਰ ਸਿੰਘ ਰਈਆ, ਹਵੇਲੀਆਣਾ, ਜ਼ਿਲ੍ਹਾ ਅੰਮ੍ਰਿਤਸਰ, (ਸਟੇਟ ਐਵਾਰਡੀ) ਹਾਲ ਵਾਸੀ ਸਿਡਨੀ ਆਸਟ੍ਰੇਲੀਆ।)

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)