“ਦਰਬਾਰੀ ਮੀਡੀਆ ਜਾਂ ਅੰਧ ਭਗਤ ਭਾਵੇਂ ਕੁਝ ਵੀ ਕਹਿਣ ਹਕੀਕਤ ਦੁਨੀਆ ...”
(25 ਜੂਨ 2026)
ਲਗਭਗ 15 ਮਹੀਨਿਆਂ ਬਾਅਦ ਜੀ-7 ਦੀ ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ, ਕਿਉਂਕਿ ਭਾਰਤ ਇਸ ਗਰੁੱਪ ਦਾ ਮੈਂਬਰ ਨਹੀਂ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਵੀ ਕੁਝ ਸਮੇਂ ਲਈ ਗੱਲਬਾਤ ਹੋਈ। ਗੋਦੀ ਮੀਡੀਆ ਅਤੇ ਅੰਧ ਭਗਤ ਮੰਡਲੀ ਵੱਲੋਂ ਇਸ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਤੱਥ ਕੁਝ ਹੋਰ ਹੀ ਹਨ।
ਪੀਐੱਮ ਮੋਦੀ-ਟਰੰਪ ਮੁਲਾਕਾਤ ਬਾਰੇ ਡੌਨਲਡ ਟਰੰਪ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਬਹੁਤ ਹੀ ਆਕਰਸ਼ਕ ਦਿਖਾਈ ਦੇਣ ਵਾਲੇ ਅਤੇ ਸਖਤ ਵਿਅਕਤੀ ਹਨ। ਉਹ ਬਹੁਤ ਹੀ ਸਖਤ ਵਾਰਤਾਕਾਰ ਹਨ। ਦਰਅਸਲ ਉਹ ਸਭ ਤੋਂ ਸਖਤ ਲੋਕਾਂ ਵਿੱਚੋਂ ਇੱਕ ਹਨ। ਉਹ ਸਭ ਤੋਂ ਆਕਰਸ਼ਕ ਦਿਸਣ ਵਾਲੇ ਵਿਅਕਤੀ ਹਨ। ਉਹ ਬਹੁਤ ਵਧੀਆ ਲਗਦੇ ਹਨ। ਉਹ ਕਿਸੇ ਪਰੀ ਵਾਂਗ ਦਿਸਦੇ ਹਨ, ਪਰ ਅਸਲ ਵਿੱਚ ਉਹ ਉੰਨੇ ਹੀ ਸਖਤ ਹਨ ਜਿੰਨਾ ਕੋਈ ਹੋ ਸਕਦਾ ਹੈ। ਉਹ ਇੰਨੇ ਚੰਗੇ ਦਿਸਦੇ ਹਨ ਕਿ ਹੈਰਾਨੀ ਹੁੰਦੀ ਹੈ। ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ। ਲੋਕ ਕਹਿੰਦੇ ਹਨ, ‘ਉਹ ਕਿੰਨੇ ਚੰਗੇ ਇਨਸਾਨ ਹਨ।’ ਮੈਂ ਕਹਿੰਦਾ ਹਾਂ, ‘ਉਹ ਬਹੁਤ ਸਖਤ ਹਨ।’ ... ਅਸੀਂ ਭਵਿੱਖ ਵਿੱਚ ਕਦੇ ਭਾਰਤ ਵੀ ਆਵਾਂਗੇ।”
ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਵਿੱਚ ਕਿਤੇ ਵੀ ਕੋਈ ਗੰਭੀਰਤਾ ਨਜ਼ਰ ਨਹੀਂ ਆਉਂਦੀ। ਸਾਰਾ ਸੰਸਾਰ ਜਾਣਦਾ ਹੈ ਕਿ ਟਰੰਪ ਇੱਕ ਗੱਲ ਕਹਿੰਦੇ ਹਨ ਅਤੇ ਕੁਝ ਘੰਟਿਆਂ ਬਾਅਦ ਉਸੇ ਗੱਲ ਤੋਂ ਮੁੱਕਰ ਜਾਂਦੇ ਹਨ।
ਉਨ੍ਹਾਂ ਦਾ ਇਹ ਕਹਿਣਾ ਕਿ “ਜੇ ਭਾਰਤ ’ਤੇ ਹਮਲਾ ਹੋਇਆ ਤਾਂ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੋਵੇਗਾ” ਹੈਰਾਨੀ ਵਾਲੀ ਗੱਲ ਹੈ। ਪਿਛਲੇ ਸਮੇਂ ਦੌਰਾਨ ਉਹ ਲਗਾਤਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਫ ਮੁਨੀਰ ਨੂੰ ਆਪਣੇ ਦੇਸ਼ ਬੁਲਾ ਕੇ ਦਾਅਵਤਾਂ ਦਿੰਦੇ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਵਿੱਚ ਪਾ ਕੇ ਇਰਾਨ ਨਾਲ ਸਮਝੌਤੇ ਦੀ ਗੱਲ ਵੀ ਸ਼ੁਰੂ ਕੀਤੀ। ਦੁਨੀਆ ਦੇ ਕਈ ਦੇਸ਼ ਅੱਜ ਇਹ ਮੰਨ ਰਹੇ ਹਨ ਕਿ ਪਾਕਿਸਤਾਨ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਰ ਇਸ ਸਾਰੀ ਪ੍ਰਕਿਰਿਆ ਵਿੱਚ ਭਾਰਤ ਦਾ ਕੋਈ ਸਥਾਨ ਨਹੀਂ ਰਿਹਾ, ਜਦਕਿ ਹੁਣ ਤਕ ਵਿਸ਼ਵ ਸ਼ਾਂਤੀ ਲਈ ਭਾਰਤ ਦੀ ਭੂਮਿਕਾ ਅਗਵਾਈ ਵਾਲੀਆਂ ਕਤਾਰਾਂ ਵਿੱਚ ਗਿਣੀ ਜਾਂਦੀ ਸੀ।
ਪ੍ਰਧਾਨ ਮੰਤਰੀ 25 ਫਰਵਰੀ ਨੂੰ ਇਜ਼ਰਾਈਲ ਗਏ ਅਤੇ ਉੱਥੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਇਜ਼ਰਾਈਲ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਅੱਗੇ ਵੀ ਹਰ ਹਾਲਤ ਵਿੱਚ ਖੜ੍ਹੇ ਰਹਾਂਗੇ। ਅਜਿਹੀ ਸਥਿਤੀ ਵਿੱਚ ਕੋਈ ਹੋਰ ਦੇਸ਼ ਸਾਡੇ ’ਤੇ ਕਿਵੇਂ ਭਰੋਸਾ ਕਰੇਗਾ? ਇਸੇ ਕਾਰਨ ਜਦੋਂ ਤੇਲ ਦੇਣ ਦੀ ਗੱਲ ਆਈ ਤਾਂ ਇਰਾਨ ਨੇ ਇਹ ਕਹਿ ਕੇ ਤੇਲ ਦਿੱਤਾ ਕਿ ਸਾਨੂੰ ਭਾਰਤੀ ਲੋਕਾਂ ਦੀ ਚਿੰਤਾ ਹੈ, ਇਸ ਲਈ ਤੇਲ ਦੇ ਰਹੇ ਹਾਂ। ਭਾਰਤ ਸਰਕਾਰ ਨੂੰ ਉਨ੍ਹਾਂ ਨੇ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ।
ਨਰਿੰਦਰ ਮੋਦੀ ਨੇ ਨਾ ਤਾਂ ਆਯਾਤੁੱਲਾ ਖਾਮੇਨੇਈ ਦੀ ਮੌਤ ’ਤੇ, ਨਾ ਹੀ ਲਗਭਗ 170 ਬੱਚਿਆਂ ਦੀ ਮੌਤ ’ਤੇ ਅਤੇ ਨਾ ਹੀ ਇਰਾਨੀ ਜਹਾਜ਼ ’ਤੇ ਅਮਰੀਕੀ ਪਣਡੁੱਬੀ ਵੱਲੋਂ ਹਮਲਾ ਕਰਕੇ ਉਸ ਨੂੰ ਡੁੱਬੋਣ ਅਤੇ ਮਲਾਹਾਂ ਦੀ ਮੌਤ ਬਾਰੇ ਕੋਈ ਸੰਵੇਦਨਾ ਪ੍ਰਗਟ ਕੀਤੀ। ਅਜਿਹੇ ਵਿੱਚ ਕਿਹੜਾ ਦੇਸ਼ ਤੁਹਾਨੂੰ ਅਹਿਮੀਅਤ ਦੇਵੇਗਾ?
ਇਹ ਵੀ ਸਾਨੂੰ ਪਤਾ ਹੈ ਕਿ ਅਪਰੇਸ਼ਨ ਸੰਧੂਰ ਤੋਂ ਬਾਅਦ ਡੌਨਲਡ ਟਰੰਪ ਨੇ ਅਣਗਿਣਤ ਵਾਰ ਇਹ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੱਧਸਥਤਾ ਕਰਕੇ ਯੁੱਧ ਰੁਕਵਾਇਆ ਹੈ। ਇੱਕ ਵਾਰ ਵੀ ਨਰਿੰਦਰ ਮੋਦੀ ਨੇ ਟਰੰਪ ਦੇ ਇਸ ਬਿਆਨ ਨੂੰ ਚੁਣੌਤੀ ਨਹੀਂ ਦਿੱਤੀ। ਜੇ ਸੱਚਮੁੱਚ ਅਪਰੇਸ਼ਨ ਸੰਧੂਰ ਪਹਿਲਗਾਮ ਵਿੱਚ ਲੋਕਾਂ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੇ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ ਤਾਂ ਫਿਰ ਅਮਰੀਕਾ ਉਸ ਵੇਲੇ ਕਿੱਥੇ ਸੀ? ਉਸਨੇ ਭਾਰਤ ਦਾ ਸਾਥ ਕਿਉਂ ਨਹੀਂ ਦਿੱਤਾ? ਸਾਨੂੰ ਦੁਨੀਆ ਭਰ ਵਿੱਚ ਆਪਣੇ ਦਲ ਕਿਉਂ ਭੇਜਣੇ ਪਏ ਤਾਂ ਜੋ ਉਹ ਅਪਰੇਸ਼ਨ ਸਿੰਦੂਰ ਦੀ ਸਚਾਈ ਦੁਨੀਆ ਸਾਹਮਣੇ ਰੱਖ ਸਕਣ? ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦਲਾਂ ਨੂੰ ਕਿਸੇ ਵੀ ਦੇਸ਼ ਵਿੱਚ ਖਾਸ ਤਵੱਜੋ ਨਹੀਂ ਮਿਲੀ।
ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਕੰਮ ਕਰ ਰਹੇ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਸਿਰਫ ਆਮ ਤੌਰ ’ਤੇ ਉਠਾਇਆ। ਉਨ੍ਹਾਂ ਨੇ ਅਮਰੀਕੀ ਸੁਰੱਖਿਆ ਬਲਾਂ ਵੱਲੋਂ ਤਿੰਨ ਮਲਾਹਾਂ ਦੀ ਹੱਤਿਆ ਦੇ ਮਾਮਲੇ ’ਤੇ ਇੱਕ ਵਾਰ ਵੀ ਵਿਰੋਧ ਦਰਜ ਨਹੀਂ ਕਰਵਾਇਆ। ਉਨ੍ਹਾਂ ਨੇ ਸਿਰਫ ਇਹ ਆਸ ਪ੍ਰਗਟ ਕੀਤੀ ਕਿ ਮਲਾਹਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇਗੀ। ਇਸਦੇ ਜਵਾਬ ਵਿੱਚ ਡੌਨਲਡ ਟਰੰਪ ਨੇ ਕਿਹਾ ਕਿ ਇਹ ਬਹੁਤ ਮੁਸ਼ਕਿਲ ਕੰਮ ਹੈ ਅਤੇ ਇਸ ਵਿੱਚ ਖਤਰੇ ਵੀ ਬਹੁਤ ਹਨ। ਉਨ੍ਹਾਂ ਨੇ ਨਾ ਕੋਈ ਅਫਸੋਸ ਜਿਤਾਇਆ ਅਤੇ ਨਾ ਹੀ ਕੋਈ ਪੱਕਾ ਭਰੋਸਾ ਦਿੱਤਾ।
ਅਮਰੀਕਾ ਦੀ ਦਿਲਚਸਪੀ ਸਿਰਫ ਵਪਾਰ ਕਰਨ ਵਿੱਚ ਹੈ। ਪਿਛਲੇ ਸਮੇਂ ਤੋਂ ਅਮਰੀਕਾ ਨਾਲ ਵਪਾਰਕ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਅਤੇ ਹੁਣ ਉਸ ਨੂੰ ਅੰਤਿਮ ਰੂਪ ਦੇਣ ਦਾ ਸਮਾਂ ਆ ਗਿਆ ਹੈ। ਇਸ ਲਈ ਹੀ ਹੁਣ ਨਰਿੰਦਰ ਮੋਦੀ ਡੌਨਲਡ ਟਰੰਪ ਨੂੰ ਪਰੀਆਂ ਵਰਗੇ ਦਿਸਣ ਲੱਗੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵੱਲੋਂ ਸਾਡੇ ਮਲਾਹਾਂ ਦੀ ਹੱਤਿਆ ਬਾਰੇ ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇੱਕ ਤਰ੍ਹਾਂ ਨਾਲ ਇਨ੍ਹਾਂ ਹੱਤਿਆਵਾਂ ਨੂੰ ਜਾਇਜ਼ ਠਹਿਰਾਇਆ ਸੀ, ਤਦ ਵੀ ਇੱਕ ਸ਼ਬਦ ਨਹੀਂ ਕਿਹਾ ਅਤੇ ਨਾ ਹੀ ਟਰੰਪ ਨੂੰ ਸਪਸ਼ਟ ਸ਼ਬਦਾਂ ਵਿੱਚ ਇਸਦਾ ਵਿਰੋਧ ਕਰਨ ਲਈ ਕਿਹਾ।
ਇੱਕ ਗੱਲ ਜਿਸ ਲਈ ਡੌਨਲਡ ਟਰੰਪ ਨੇ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਉਹ ਇਹ ਸੀ ਕਿ ਨਰਿੰਦਰ ਮੋਦੀ ਭਾਰਤ ਤੋਂ ਅਮਰੀਕਾ ਵਿੱਚ ਨਿਵੇਸ਼ ਲੈ ਕੇ ਆ ਰਹੇ ਹਨ। ਇਹ ਤਾਂ ਉਲਟੀ ਗੰਗਾ ਵਗਾਉਣ ਵਾਲੀ ਗੱਲ ਹੋਈ। ਇੱਕ ਪਾਸੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਦੇਸ਼ ਵਿੱਚ ਆਰਥਿਕ ਸੰਕਟ ਹੈ ਅਤੇ ਦੂਜੇ ਪਾਸੇ ਦੇਸ਼ ਦਾ ਪੈਸਾ ਅਮਰੀਕਾ ਵਿੱਚ ਨਿਵੇਸ਼ ਲਈ ਭੇਜ ਰਹੇ ਹਨ। ਹੋਰ ਵੀ ਚਿੰਤਾਜਨਕ ਗੱਲ ਇਹ ਸੀ ਕਿ ਨਰਿੰਦਰ ਮੋਦੀ ਡੌਨਲਡ ਟਰੰਪ ਨੂੰ ਵਾਰ-ਵਾਰ “ਮਹਾਮਹਿਮ” (ਐਕਸੀਲੈਂਸੀ) ਕਹਿ ਕੇ ਸੰਬੋਧਨ ਕਰਦੇ ਰਹੇ। ਨਾਲ ਹੀ ਉਨ੍ਹਾਂ ਦੇ ਹੱਥ ਵਿੱਚ ਪਰਚੀਆਂ ਸਨ ਜਿਨ੍ਹਾਂ ਨੂੰ ਉਹ ਵਾਰ-ਵਾਰ ਦੇਖ ਰਹੇ ਸਨ ਕਿ ਕੀ ਗੱਲ ਕਰਨੀ ਹੈ। ਕੀ ਨਰਿੰਦਰ ਮੋਦੀ ਹੁਣ ਭੁੱਲਣ ਲੱਗ ਪਏ ਹਨ?
ਅਜਿਹਾ ਲੱਗ ਰਿਹਾ ਸੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਦਬਾਅ ਹੇਠ ਬੈਠੇ ਹੋਣ। ਪ੍ਰੈੱਸ ਕਾਨਫਰੰਸ ਵਿੱਚ ਸਾਰੇ ਸਵਾਲਾਂ ਦੇ ਜਵਾਬ ਡੌਨਲਡ ਟਰੰਪ ਨੇ ਦਿੱਤੇ, ਇੱਕ ਵਾਰ ਵੀ ਨਰਿੰਦਰ ਮੋਦੀ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਇਹ ਵੀ ਬਹੁਤ ਅਜੀਬ ਲੱਗਿਆ ਜਦੋਂ ਡੌਨਲਡ ਟਰੰਪ ਨੇ ਲਿੰਗ ਬਦਲਣ (ਜੈਂਡਰ ਟ੍ਰਾਂਜ਼ੀਸ਼ਨ) ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ ਨਾਲ ਕਾਫੀ ਨੁਕਸਾਨ ਹੁੰਦਾ ਹੈ ਅਤੇ ਉਹ ਇਸ ਨੂੰ ਮਾਨਤਾ ਨਹੀਂ ਦਿੰਦੇ। ਇਸ ’ਤੇ ਪ੍ਰਧਾਨ ਮੰਤਰੀ ਹੱਸਣ ਲੱਗ ਪਏ। ਅਜਿਹਾ ਲਗਦਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਗੱਲ ਦੀ ਸਮਝ ਹੀ ਨਹੀਂ ਆਈ। ਦਰਬਾਰੀ ਮੀਡੀਆ ਜਾਂ ਅੰਧ ਭਗਤ ਭਾਵੇਂ ਕੁਝ ਵੀ ਕਹਿਣ ਹਕੀਕਤ ਦੁਨੀਆ ਦੇ ਸਾਹਮਣੇ ਹੈ। ਅੰਧ ਭਗਤਾਂ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਪਹਿਲਾਂ ਉਹ ਟਰੰਪ ਦੇ ਹੱਕ ਵਿੱਚ ਹਵਨ ਕਰਦੇ ਸਨ, ਫਿਰ ਜਦੋਂ ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਫ ਮੁਨੀਰ ਨਾਲ ਮੁਲਾਕਾਤ ਕੀਤੀ ਤਾਂ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਏ। ਹੁਣ ਜਦੋਂ ਅਮਰੀਕਾ ਨੇ ਆਪਣੀ ਵਿਦੇਸ਼ ਨੀਤੀ ਵਿੱਚ ਤਬਦੀਲੀ ਕੀਤੀ ਹੈ ਤਾਂ ਇਨ੍ਹਾਂ ਅੰਧ ਭਗਤਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ।
ਇਸ ਸਮੇਂ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਕਾਰਨ ਦੁਨੀਆ ਵਿੱਚ ਭਾਰਤ ਦੀ ਸਾਖ ਬਹੁਤ ਹੇਠਾਂ ਡਿਗ ਗਈ ਹੈ ਅਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































