“ਰੋਗਣ ਦੀ ‘ਹਿੰਸਕ’ ਹਾਲਤ ਨੂੰ ਦੇਖਕੇ ਫੂਕਾਂਵਾਲੇ ਬਾਬੇ ਦਾ ਪੁੱਤਰ, ਜੋ ਹੱਥ ਹੌਲਾ ਕਰਨ ਦਾ ...”
(19 ਜੂਨ 2026)
ਫੂਕਾਂਵਾਲੇ ਬਾਬੇ ਦੀ ਜਦੋਂ ਆਪਣੀ ਫੂਕ ਨਿਕਲੀ ਤਾਂ ਸਿਵਿਆਂ ਵਿੱਚ ਉਸ ਨੂੰ ਫੂਕਣ ਸਮੇਂ ਦੋ ਕਿਸਮ ਦੇ ਪ੍ਰਤੀਕਰਮ ਸੁਣਨ ਨੂੰ ਮਿਲੇ। ਜਿਨ੍ਹਾਂ ‘ਮਰੀਜ਼ਾਂ’ ਦਾ ਬਾਬਾ ਫੂਕ ਮਾਰ ਕੇ ਇਲਾਜ ਕਰਦਾ ਸੀ, ਉਹ ਉਦਾਸ/ਮਾਯੂਸ ਸਨ। ਇਹ ਉਹ ਲੋਕ ਸਨ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਨੂੰ ‘ਉਪਰਲੀ’ ਜਾਂ ਕਹਿ ਲਵੋ ‘ਓਪਰੀ’ ਆਉਂਦੀ ਸੀ। ਇਨ੍ਹਾਂ ਵਿੱਚ ਵਧੇਰੇ ਗਿਣਤੀ ਔਰਤਾਂ ਦੀ ਹੁੰਦੀ ਸੀ। ਉਹਨੀਂ ਦਿਨੀਂ ਔਰਤ ਹੀ ਸਭ ਤੋਂ ਜ਼ਿਆਦਾ ਦੁਖਿਆਰੀ, ਪੀੜਿਤ, ਅੜੀ-ਥੁੜੀ ਅਤੇ ਸਤਾਈ ਹੋਈ ਹੁੰਦੀ ਸੀ, ਸੋ ਉੱਪਰਲੀ ਹਵਾ ਵੀ ਬਹੁਤੀ ਔਰਤਾਂ ਨੂੰ ਹੀ ਆਉਂਦੀ ਸੀ! ਤੇ ਜਾਂ ਹਮਾਤੜਾਂ ਦੇ ਘਰੀਂ, ਜਿੱਥੇ ਰੋਟੀ ਦੇ ਲਾਲੇ ਪਏ ਰਹਿੰਦੇ ਸਨ।
ਹਵਾਵਾਂ ਕਈ ਕਿਸਮ ਦੀਆਂ ਹੁੰਦੀਆਂ ਹਨ। ਵਗਣ ਵਾਲੀ ਹਵਾ ਤਾਂ ਹੁੰਦੀ ਹੀ ਹੈ ਪਰ ਹਵਾ ਲੱਗ ਵੀ ਜਾਂਦੀ ਹੈ ਤੇ ਬੰਦਾ ਹਵਾ ਵਿੱਚ ਉਡਣ ਵੀ ਲੱਗ ਜਾਂਦਾ ਹੈ। ਪਰ ਇੱਥੇ ਆਪਾਂ ਸਿਰਫ ਉੱਪਰਲੀ ਅਤੇ ਹੇਠਲੀ ਹਵਾ ਵਿਚਲੇ ਫਰਕ ਦੀ ਹੀ ਗੱਲ ਕਰਨੀ ਹੈ। ਉੱਪਰਲੀ ਹਵਾ ਆਉਂਦੀ ਹੈ, ਹੇਠਲੀ ਹਵਾ ਨਿਕਲਦੀ ਹੈ! ਹਵਾ ਜੇ ‘ਉੱਪਰੋਂ’ ਆ ਜਾਏ ਤਾਂ ਔਰਤ/ਮਰਦ ਆਪ ਵੀ ਘੁੰਮਣ ਲੱਗ ਜਾਂਦੇ ਹਨ ਅਤੇ ਹੋਰਾਂ ਨੂੰ ਵੀ ਘੁਮਾਉਣ ਲੱਗ ਜਾਂਦੇ ਹਨ। ਹੇਠਲੀ ਹਵਾ ਕੇਵਲ ਦੂਸਰਿਆਂ ਨੂੰ ਘੁਮਾਉਂਦੀ ਹੈ, “ਆਪ ਆਏ, ਹਵਾੜ੍ਹ ਆਈ।”
ਸੂਝਵਾਨ ਅਤੇ ਸੁਚਾਰੂ ਸੋਚ ਵਾਲੇ ਲੋਕ ਰਾਹਤ ਮਹਿਸੂਸ ਕਰ ਰਹੇ ਸਨ ਕਿ ‘ਚਲੋ ਸ਼ੁਕਰ ਹੈ, ਫੂਕਾਂਵਾਲੇ ਬਾਬੇ ਤੋਂ ਖਹਿੜਾ ਛੁੱਟਿਆ ਕਿਉਂਕਿ ਉਹ ਤੰਤਰਾਂ-ਮੰਤਰਾਂ ਦੇ ਵਹਿਮ-ਭਰਮਾਂ ਨੂੰ ਬੇਮੁਹਾਰੀ ਹਵਾ ਦਿੰਦਾ ਰਹਿੰਦਾ ਸੀ। ਭਾਵੇਂ ਉਸ ਲਈ ਕਾਲਾ ਅੱਖਰ ਮੱਝ ਬਰਾਬਰ ਸੀ, ਪਰ ਲੋਕ ਉਸ ਨੂੰ ‘ਸਿਆਣਾ’ ਸੱਦਦੇ ਸਨ!
ਫੂਕਾਂਵਾਲਾ ਬਾਬਾ ਆਪਣੀ ਇਸ ‘ਫੂਕੀ ਕਲਾ’ ਉੱਪਰ ਬੜੀ ਫੂਕ ਛਕਦਾ ਹੁੰਦਾ ਸੀ। ਉਹ ਤਾਂ ਇਸ ਹਨੇਰੇ ਵਾਲੀ ‘ਵਿੱਦਿਆ’ ਉੱਪਰ ਐਨਾ ਮਾਣ ਕਰਦਾ ਸੀ ਕਿ ਉਹ ਹਵਾ ਦੇ ਘੋੜੇ ’ਤੇ ਸਵਾਰ ਰਹਿੰਦਾ ਸੀ। ਇਸ ਕਲਾ ਵਿੱਚ ਆਪਣੀ ਹਵਾ ਬੱਝਣ ਕਾਰਨ ਉਸ ਨੇ ਤੀਂਘੜ ਕੇ ਪਹਿਲਾਂ ਆਪਣੇ ਪੁੱਤ ਤੇ ਫਿਰ ਆਪਣੇ ਪੋਤੇ ਨੂੰ ਇਹ ਮੁੱਲਵਾਨ ਵਿਰਾਸਤ ‘ਇੰਤਕਾਲ’ ਕਰਨ ਦਾ ਯਤਨ ਕੀਤਾ ਸੀ। ਉਸਦਾ ਪੁੱਤਰ, ਜੋ ਅਗਾਂਹਵਧੂ ਸੋਚ ਨੂੰ ਪ੍ਰਣਾਇਆ ਹੋਇਆ ਸੀ, ਆਪਣੇ ਬਾਪ ਦੇ ਟੇਟੇ ਨਾ ਚੜ੍ਹਿਆ ਤਾਂ ਉਸਨੇ ਆਪਣੇ ਨੌਜਵਾਨ ਪਾੜ੍ਹੇ ਪੋਤੇ ਨੂੰ ਇਹ ਕਲਾ ਸਿਖਾਉਣ ਦਾ ਯਤਨ ਕੀਤਾ। ਪਰ ਉਹ ਇਸ ਵਿੱਚ ਵੀ ਸਫਲ ਨਾ ਹੋਇਆ ਕਿਉਂਕਿ ਉਸਦੀ ਨੂੰਹ, ਭਾਵ ਪੋਤੇ ਦੀ ਮਾਂ, ਇੱਕ ਗੁਰਸਿੱਖ ਪਰਿਵਾਰ ਦੀ ਬੇਟੀ ਸੀ ਤੇ ਅਜਿਹੇ ਮੰਤਰਾਂ-ਤੰਤਰਾਂ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਸੀ ਕਰਦੀ, ਬਲਕਿ ਸ਼ਬਦ-ਗੁਰੂ ਵਿੱਚ ਹੀ ਸਗਵੇਂ ਦਾ ਸਗਵਾਂ ਭਰੋਸਾ ਰੱਖਦੀ ਸੀ। “ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ।” (ਸ.ਗ.ਗ.ਸ. ਅੰਗ-634)।
ਫੂਕਾਂਵਾਲਾ ਬਾਬਾ ਹੱਥ ਹੌਲਾ ਕਰਨ ਦਾ ਮਾਹਿਰ ਸੀ। ਉਸਦਾ ਆਪਣਾ ਹੱਥ ਤਾਂ ਕਾਫੀ ਭਾਰਾ ਸੀ ਪਰ ਉਹ ਅਗਲੇ ਨੂੰ ਆਪਣਾ ਹੱਥ ਦਿਖਾ ਕੇ ਉਸਦਾ ਹੱਥ ਹਲਕਾ ਕਰ ਦਿੰਦਾ ਸੀ! ਜਦੋਂ ਕਦੀ ਵੀ ਕੋਈ ‘ਉੱਪਰਲੀ ਹਵਾ’ ਦਾ ਰੋਗੀ ਜਾਂ ਰੋਗਣ ਉਸ ਕੋਲ ਆਉਂਦੇ ਜਾਂ ਲਿਆਏ ਜਾਂਦੇ ਤਾਂ ਉਹ ਸਬੰਧਤ ਮਰੀਜ਼ ਨੂੰ ਆਪਣੇ ਸਾਹਮਣੇ ਬਿਠਾ ਲੈਂਦਾ। ਆਪ ਪੈਰਾਂ ਭਾਰ ਬੈਠ ਕੇ ਆਪਣੇ ਸੱਜੇ ਹੱਥ ਨੂੰ ਹੇਠਾਂ-ਉੱਪਰ ਉਲਾਰਦਾ, ਲਹਿਰਾਉਂਦਾ, ਫਿਰ ਧਰਤੀ ’ਤੇ ਇਸ ਨਾਲ ਥਾਪ ਜਿਹੀ ਦਿੰਦਾ ਤੇ ਰੋਗੀ ਦੇ ਮੂੰਹ ਉੱਪਰ ਫੂਕ ਮਾਰਦਾ। ਇਹ ਪ੍ਰਕਿਰਿਆ ਉਹ ਕਈ ਵਾਰ ਦੁਹਰਾਉਂਦਾ। ਇਸ ਕਾਰਨ ਹੀ ਉਸਦੀ ਅੱਲ ‘ਫੂਕਾਂਵਾਲਾ ਬਾਬਾ’ ਪੈ ਗਈ ਸੀ।
ਫੂਕਾਂਵਾਲੇ ਬਾਬੇ ਦੀ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਬੜੀ ਮੰਗ ਸੀ। ਉਹ ਅਕਸਰ ਦੂਸਰੇ ਪਿੰਡਾਂ ਦੇ ‘ਉੱਪਰਲੀ ਹਵਾ-ਵਾਲੇ’ ਰੋਗੀਆਂ ਦਾ ‘ਝਾੜਾ ਕਰਨ’ ਜਾਂਦਾ ਰਹਿੰਦਾ ਸੀ। ਮੈਂ ਇੱਥੇ ਦਸ ਦਿਆਂ ਕਿ ਝਾੜਾ ਕਰਨਾ, ਹੱਥ ਹੌਲਾ ਕਰਨ ਨੂੰ ਹੀ ਕਹਿੰਦੇ ਹਨ। ਐਵੇਂ ਕੋਈ ਗੰਦਾ-ਮੰਦਾ ਝਾੜਾ ਨਾ ਸਮਝ ਲੈਣਾ। ਸਿਆਣੇ ਕਹਿੰਦੇ ਹਨ, “ਹੱਗਦਿਆਂ ਹੇਠਾਂ ਹੱਥ ਨਹੀਂ ਕਰੀਦੇ।”
ਅਚਾਨਕ ਇੱਕ ਪੁਰਾਣੀ ਰੋਗਣ ਨੂੰ ਉੱਪਰਲੀ ਹਵਾ ਦਾ ਦੌਰਾ ਪੈ ਗਿਆ। ਫੂਕਾਂਵਾਲਾ ਬਾਬਾ ਦੂਸਰੇ ਪਿੰਡ ਗਿਆ ਹੋਣ ਕਾਰਨ ਸਮੱਸਿਆ ਖੜ੍ਹੀ ਹੋ ਗਈ। ਆਖਰ ਹੁਣ ਹੱਥ ਹੌਲਾ ਕੌਣ ਕਰੂ? ਪਿੰਡ ਵਿੱਚ ਇਸ ਕਲਾ ਦਾ ਇੱਕੋ-ਇੱਕ ਮਾਹਿਰ ਸੀ ਤੇ ਉਹ ਕਿਧਰੇ ਹੋਰ ਗਿਆ ਹੋਇਆ ਸੀ। ਹਵਾ-ਵਾਲੀ ਰੋਗਣ ਬੜੀ ਆਕਰਮਕ ਅਤੇ ਹਿੰਸਕ ਹੋ ਰਹੀ ਸੀ। ਉਹ ਜੁੱਸਿਉਂ ਬੜੀ ਰਿਸ਼ਟ-ਪੁਸ਼ਟ ਤੇ ਕੱਦੋਂ ਬੜੀ ਉੱਚੀ-ਲੰਮੀ ਸੁਆਣੀ ਸੀ। ਘਰਦੇ ਉਸ ਨੂੰ ਕਾਬੂ ਕਰਨ ਵਿੱਚ ਬੇਵੱਸ ਸਨ।
ਰੋਗਣ ਦੀ ‘ਹਿੰਸਕ’ ਹਾਲਤ ਨੂੰ ਦੇਖਕੇ ਫੂਕਾਂਵਾਲੇ ਬਾਬੇ ਦਾ ਪੁੱਤਰ, ਜੋ ਹੱਥ ਹੌਲਾ ਕਰਨ ਦਾ ਇੱਲ-ਕੋਕੋ ਵੀ ਨਹੀਂ ਸੀ ਜਾਣਦਾ ਪਰ ਸਰੀਰੋਂ ਹੱਟਾ-ਕੱਟਾ ਸੀ, ਅਚਾਨਕ ਉੱਠਿਆ। ਬੜੇ ਜ਼ੋਰ ਨਾਲ ਉਸਨੇ ਹੁੰਦੜਹੇਲ, ਕੱਦ-ਕਾਠ ਵਾਲੀ ਰੋਗਣ ਨੂੰ ਡੌਲ਼ੇ ਤੋਂ ਐੇਨਾ ਘੁੱਟ ਕੇ ਫੜਿਆ ਕਿ ਰੋਗਣ ਠਠੰਬਰ ਜਿਹੀ ਗਈ। ਫਿਰ ਉਸਨੇ ਘੁਰੀ ਵੱਟਦਿਆਂ ਰੋਗਣ ਨੂੰ ਭਾਰਾ ਜਿਹਾ ਝਟਕਾ ਦਿੱਤਾ ’ਤੇ ਉਹ ਸ਼ਾਂਤ ਹੋ ਗਈ!
ਪਰ ਆਪਣੇ ‘ਫੂਕਾਂਵਾਲੇ ਬਾਬੇ’ (ਬਾਪ) ਅਤੇ ‘ਉੱਪਰਲੀ ਹਵਾ’ ਵਾਲੀ ਔਰਤ ਦੀ ਭੱਲ (ਭਰਮ) ਰੱਖਣ ਖਾਤਰ ਉਸ ਨੇ ਉਸ ਔਰਤ ਨੂੰ ਇੱਕ ਦਵਾ ਦੀ ਪੁੜੀ ਦੇ ਦਿੱਤੀ ਅਤੇ ਲੋਕਾਂ ਨੂੰ ਕਿਹਾ ਕਿ ਹੁਣ ਇਹ ਬਿਲਕੁਲ ਠੀਕ ਹੈ।
ਤੇ ਉਸ ਪੁੜੀ ਵਿੱਚ ਸਿਰਫ ਸਵਾਹ (ਰਾਖ) ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































