“ਪਰ ਉਹ ਚੁੱਪ-ਚਾਪ ਖੜ੍ਹ ਗਿਆ। ਮੇਰੇ ਬਾਰ ਬਾਰ ਕਹਿਣ ਅਤੇ ਸਖਤ ਲਹਿਜੇ ਦੇ ਬਾਵਜੂਦ ...”
(8 ਜੂਨ 2026)
ਆਪਣੇ 36 ਸਾਲ ਦੇ ਕਾਲਜ ਅਧਿਆਪਨ ਦੌਰਾਨ ਮੈਂ ਦੇਖਿਆ ਕਿ ਇੱਕ ਅਧਿਆਪਕ ਸਿਖਾਂਦਰੂਆਂ ਨੂੰ ਬੜਾ ਕੁਝ ਸਿਖਾਉਂਦਾ ਹੈ ਪਰ ਉਹਨਾਂ ਕੋਲੋਂ ਵੀ ਕਈ ਕੁਝ ਸਿੱਖਦਾ ਹੈ। ਇਹ ਸਿੱਖਿਆ ਉਸ ਸਤਰ ਵਰਗੀ ਨਹੀਂ ਜੋ ‘ਫਿਜ਼ੀਸ਼ੀਅਨ ਹੀਲ ਦਾਈਸੈਲਫ’ (ਚਿਕਿਤਿਸਕਾ, ਆਪਣਾ ਇਲਾਜ ਕਰ!) ਦੇ ਬਰਾਬਰ ‘ਟੀਚਰ, ਟੀਚ ਦਾਈਸੈਲਫ’ (ਅਧਿਆਪਕਾ, ਆਪਣੇ ਆਪ ਨੂੰ ਪੜ੍ਹਾ) ਵਾਂਗ ਹੋਵੇ। ਸਗੋਂ ਇੱਕ ਕਾਬਿਲ ਡਾਕਟਰ ਜਿਵੇਂ ਆਪਣੇ ਆਪ ਨੂੰ ਅੱਪਡੇਟ ਕਰਦਾ ਰਹਿੰਦਾ ਹੈ, ਉਂਵੇਂ ਹੀ ਇੱਕ ਚੰਗੇ ਅਧਿਆਪਕ ਦੇ ਆਪਣੇ ਆਪ ਨੂੰ ਅਪਡੇਟ ਕਰਨ ਵਾਂਗ ਹੈ। ਦਰਅਸਲ ਅਧਿਆਪਕ ਸਾਰੀ ਉਮਰ ਆਪ ਵੀ ਵਿਦਿਆਰਥੀ ਰਹਿੰਦਾ ਹੈ, ਭਾਵੇਂ ਉਸਦਾ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੁੰਦਾ ਹੈ।
ਵਿਲੀਅਮ ਆਰਥਰ ਵਾਰਡ ਅਨੁਸਾਰ, “ਇੱਕ ਸਧਾਰਨ ਅਧਿਆਪਕ ਦਸਦਾ ਹੈ, ਚੰਗਾ ਅਧਿਆਪਕ ਵਿਆਖਿਆ ਕਰਦਾ ਹੈ, “ਵਧੀਆ ਅਧਿਆਪਕ ਵਰਨਣ ਕਰਦਾ ਹੈ ਅਤੇ ਮਹਾਨ ਅਧਿਆਪਕ ਪ੍ਰੇਰਤ ਕਰਦਾ ਹੈ।”
ਪਰ ਮੇਰਾ ਅਨੁਭਵ ਹੈ ਕਿ ਅਧਿਆਪਕ ਵੀ ਵਿਦਿਆਰਥੀਆਂ ਤੋਂ ਸਿੱਖਦਾ ਹੈ। ਸਧਾਰਨ ਵਿਦਿਆਰਥੀ ਸਾਨੂੰ ਉਹ ਗੁਰ ਸਿਖਾਉਂਦੇ ਹਨ ਜਿਸ ਨਾਲ ਅਸੀਂ ਉਹਨਾਂ ਨੂੰ ਤਰਾਸ਼ ਸਕੀਏ, ਚੰਗੇ ਵਿਦਿਆਰਥੀ ਸਾਨੂੰ ਸਿਆਣੇ ਸਰੋਤੇ ਬਣਨ ਦਾ ਸਬਕ ਸਿਖਾਉਂਦੇ ਹਨ, ਹੋਣਹਾਰ ਵਿਦਿਆਰਥੀ ਸਾਨੂੰ ਜੋਸ਼ ਨਾਲ ਪੜ੍ਹਾਉਣ ਦਾ ਹੁਲਾਰਾ ਦਿੰਦੇ ਹਨ ਅਤੇ ਬਹੁਤ ਹੁਸ਼ਿਆਰ ਵਿਦਿਆਰਥੀ ਸਾਨੂੰ ਹਰ ਵੇਲੇ ਸੁਚੇਤ ਸਬਕ ਦੇਣ ਲਈ ਨਿਰੰਤਰ ਅਪਡੇਟਿੰਗ ਦੀ ਸਿੱਖਿਆ ਦਿੰਦੇ ਹਨ।
ਇਸ ਤੋਂ ਬਿਨਾਂ ਵੀ ਅਸੀਂ ਸਿਖਾਂਦਰੂਆਂ ਕੋਲੋਂ ਹੋਰ ਕਈ ਕੁਝ ਸਿੱਖਦੇ ਹਾਂ। ਸੱਚ ਜਾਣਿਉਂ, ਮੈਂ ਧਾਰਮਿਕ ਸਿਧਾਂਤ ਦਸਵੰਧ ਕੱਢਣ ਦੇ ਵਿਵਹਾਰਕ ਪੱਖ ਨੂੰ ਕਿਸੇ ਧਰਮ-ਸਥਲ ਤੋਂ ਨਹੀਂ ਸਗੋਂ ਕਲਾਸਰੂਮ ਵਿੱਚੋਂ ਸਿੱਖਿਆ। ਤੇ ਸਿਖਾਇਆ ਵੀ ਇੱਕ ਸਿਖਿਆਰਥੀ ਨੇ! ਹਾਂ, ਕੋਈ ਸਿੱਧਾ ਸਬਕ ਨਹੀਂ ਦਿੱਤਾ ਸਗੋਂ ਆਪਣੀ ਜ਼ਿੰਦਗੀ ਦੇ ਤਲਖ ਤਜਰਬੇ ਰਾਹੀਂ ਸਿਖਾਇਆ।
ਉਹ ਵਿਦਿਆਰਥੀ ਬੜਾ ਹੁਸ਼ਿਆਰ ਸੀ, ਹਰ ਸਵਾਲ ਦਾ ਫੱਟ ਜਵਾਬ ਦਿੰਦਾ ਸੀ। ਸਲਾਨਾ ਇਮਤਿਹਾਨ ਕਰੀਬ ਆ ਰਹੇ ਸਨ। ਮੈਂ ਅੰਗਰੇਜ਼ੀ ਦੇ ਪਾਠਕ੍ਰਮ ਦੀ ਦੁਹਰਾਈ ਕਰਵਾ ਰਿਹਾ ਸੀ। ਇੱਕ ਪ੍ਰਸ਼ਨ ਪੁੱਛਿਆ, ਜਿਸਦਾ ਜਵਾਬ ਅਕਾਦਮਿਕ ਵਰ੍ਹੇ ਦੇ ਉਸ ਪਹਿਰ ਦੇਣਾ ਉਸ ਵਰਗੇ ਵਿਦਿਆਰਥੀ ਲਈ ਖਬੇ ਹੱਥ ਦਾ ਕੰਮ ਸੀ। ਪਰ ਉਹ ਚੁੱਪ-ਚਾਪ ਖੜ੍ਹ ਗਿਆ। ਮੇਰੇ ਬਾਰ ਬਾਰ ਕਹਿਣ ਅਤੇ ਸਖਤ ਲਹਿਜੇ ਦੇ ਬਾਵਜੂਦ ਉਸਨੇ ਕੋਈ ਜਵਾਬ ਨਹੀਂ ਦਿੱਤਾ, ਘਗਿਆਈ ਜਿਹੀ ਅਵਾਜ਼ ਵਿੱਚ ਬੱਸ ਐਨਾ ਹੀ ਕਿਹਾ ਕਿ ਉਸਨੇ ਤਾਂ ਸਲਾਨਾ ਪੇਪਰ ਹੀ ਨਹੀਂ ਦੇਣੇ।
ਮੈਂ ਬੜਾ ਫਿਕਰਮੰਦ ਹੋਇਆ ਕਿ ਐਨਾ ਲਾਇਕ ਵਿਦਿਆਰਥੀ ਭਲਾ ਅਜਿਹਾ ਕਿਉਂ ਕਰਨ ਲੱਗਾ ਹੈ। ਕਲਾਸ ਤੋਂ ਬਾਹਰ ਜਦੋਂ ਮੈਂ ਉਸ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਅੱਖਾਂ ਭਰ ਕੇ ਕਹਿਣ ਲੱਗਾ ਕਿ ਉਸਦੀ ਮਾਂ ਨੇ ਮਿਹਨਤ ਮਜ਼ਦੂਰੀ ਕਰਕੇ ਦਾਖਲੇ ਲਈ ਪੈਸੇ ਜੋੜੇ ਸਨ ਪਰ ਉਸਦੇ ਨਸ਼ੇੜੀ ਪਿਉ ਨੇ ਉਸ ਰਾਸ਼ੀ ਨੂੰ ਸ਼ਰਾਬ ਉੱਪਰ ਖਰਚ ਮਾਰਿਆ ਹੈ। ਇਸ ਲਈ ਉਸ ਕੋਲ ਦਾਖਲਾ ਫੀਸ ਨਾ ਹੋਣ ਕਾਰਨ ਉਹ ਪੇਪਰ ਨਹੀਂ ਦੇਵੇਗਾ ਅਤੇ ਪੜ੍ਹਾਈ ਅਧਵਾਟੇ ਛੱਡ ਦੇਵੇਗਾ।
ਮੈਨੂੰ ਸੁਤੇ ਸਿੱਧ ਹੀ ਇੱਕ ਪੁਰਾਣੀ ਚੀਨੀ ਕਹਾਵਤ ਯਾਦ ਆ ਗਈ- “ਹਨੇਰੇ ਨੂੰ ਕੋਸਣ ਨਾਲੋਂ ਇੱਕ ਮੋਮਬਤੀ ਜਗਾ ਲੈਣਾ ਬਿਹਤਰ ਹੁੰਦਾ ਹੀ।” (ਇਸ ਕਹਾਵਤ ਦਾ ਹਵਾਲਾ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ ਕੈਨੇਡੀ ਨੇ 1960-61 ਵਿੱਚ ਆਪਣੇ ਪ੍ਰਵਾਨਗੀ\ਸਵੀਕਿਰਤੀ ਭਾਸ਼ਣ ਸਮੇਂ ਵੀ ਦਿੱਤਾ ਸੀ।) ਮੈਨੂੰ ਗੁਰਬਾਣੀ ਦੀਆਂ ਟੂਕਾਂ ਵੀ ਚੇਤੇ ਆਈਆਂ- “ਦੀਵਾ ਬਲੈ ਅੰਧੇਰਾ ਜਾਇ।” (ਅੰਗ-791) ਅਤੇ “ਅੰਧਿਆਰੇ ਦੀਪਕੁ ਚਹੀਐ।” (ਅੰਗ-655)
ਮੈਂ ਉਸ ਨੂੰ ਤੁਰੰਤ ਦਾਖਲਾ ਫੀਸ ਦੀ ਰਾਸ਼ੀ ਫੜਾਈ ਅਤੇ ਦਫਤਰ ਜਮ੍ਹਾਂ ਕਰਵਾਉਣ ਲਈ ਕਿਹਾ। ਉਸਨੇ ਬੜੀ ਹਿਚਕਿਚਾਹਟ ਨਾਲ ਉਹ ਰਾਸ਼ੀ ਲਈ ਤੇ ਜਮ੍ਹਾਂ ਕਰਵਾ ਦਿੱਤੀ। ਪੇਪਰ ਦਿੱਤੇ, ਚੰਗੇ ਨੰਬਰਾਂ ਨਾਲ ਪਾਸ ਹੋ ਗਿਆ।
ਇਸ ਘਟਨਾ ਮਗਰੋਂ ਮੈਂ ਇਹ ਨੇਮ ਬਣਾ ਲਿਆ ਕਿ ਸਾਲ ਦੇ ਅਖੀਰ ਵਿੱਚ ਜਦੋਂ ਦਾਖਲਾ ਫੀਸ ਭੇਜੀ ਜਾਂਦੀ ਸੀ ਤਾਂ ਕੁਝ ਰਾਸ਼ੀ ਮੈਂ ਲੋੜਵੰਦ ਪਰ ਹੋਣਹਾਰ ਵਿਦਿਆਰਥੀਆਂ ਲਈ ਰਾਖਵੀਂ ਰੱਖ ਲੈਂਦਾ ਅਤੇ ਜਿਸ ਕਿਸੇ ਨੂੰ ਵੀ ਜ਼ਰੂਰਤ ਹੁੰਦੀ, ਉਸਦੀ ਮਾਇਕ ਸਹਾਇਤਾ ਕਰ ਦਿੰਦਾ।
ਅਜਿਹਾ ਕਰਨ ਨਾਲ ਮੈਨੂੰ ਬੜਾ ਹੀ ਆਤਮਿਕ ਅਨੰਦ ਮਿਲਦਾ। ਮੈਨੂੰ ਲਗਦਾ ਜਿਵੇਂ ਮੈਂ ਕੋਈ ਪਾਠ-ਪੂਜਾ ਕਰ ਲਈ ਹੋਵੇ! ਗੁਰਬਾਣੀ ਦਾ ਤਾਂ ਫਰਮਾਨ ਹੈ- “ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ।” (ਸ.ਗ.ਗ.ਸ.ਅੰਗ-1245)
ਫਿਰ ਮੇਰਾ ਸੇਵਾ-ਮੁਕਤੀ ਦਾ ਸਮਾਂ ਆ ਗਿਆ। ਮੈਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ। ਨੌਕਰੀ ਦੇ ਆਖਰੀ ਸਾਲ ਜੋ ਰਾਸ਼ੀ ਮੈਂ ਲੋੜਵੰਦ ਵਿਦਿਆਰਥੀਆਂ ਨੂੰ ਦੇਣੀ ਸੀ, ਦੇ ਚੁੱਕਾ ਸੀ। ਪਰ ਅਚਾਨਕ ਇੱਕ ਦਿਨ ਇੱਕ ਵਿਦਿਆਰਥੀ ਆਇਆ, ਉਸਨੇ ਦਾਖਲਾ ਫੀਸ ਨਾ ਭਰ ਸਕਣ ਦੀ ਮਜਬੂਰੀ ਦੱਸਦਿਆਂ ਮਾਇਕ ਸਹਾਇਤਾ ਦੇਣ ਲਈ ਕਿਹਾ। ਮੇਰੇ ਇਹ ਜਵਾਬ ਦੇਣ ’ਤੇ ਕਿ ‘ਮੈਂ ਤਾਂ ਪਹਿਲਾਂ ਹੀ ਇਸ ਸੰਬੰਧੀ ਰੱਖੀ ਸਾਰੀ ਰਾਸ਼ੀ ਵੰਡ ਚੁੱਕਾ ਹਾਂ ਅਤੇ ਕੁਝ ਦਿਨਾਂ ਬਾਅਦ ਮੈਂ ਸੇਵਾ-ਮੁਕਤ ਹੋ ਜਾਣਾ ਹੈ’ ਉਹ ਬਹੁਤ ਪਰੇਸ਼ਾਨ ਹੋਇਆ। ਉਸਦੀਆਂ ਅੱਖਾਂ ਭਰ ਆਈਆਂ। ਮੈਂ ਉਸਦੀ ਦਾਖਲਾ ਫੀਸ ਦੀ ਰਾਸ਼ੀ ਉਸ ਨੂੰ ਸੌਂਪੀ ਤਾਂ ਉਹ ਝਬਦੇ ਦਫਤਰ ਜਮ੍ਹਾਂ ਕਰਵਾ ਕੇ ਫਿਰ ਮੇਰੇ ਕੋਲ ਆ ਗਿਆ। ਸਤਿਕਾਰ ਨਾਲ ਝੁਕ ਕੇ ਕਹਿਣ ਲੱਗਾ, “ਸਰ, ਜੇ ਜ਼ਿੰਦਗੀ ਵਿੱਚ ਮੈਂ ਚਾਰ ਪੈਸੇ ਕਮਾਉਣ ਜੋਗਾ ਹੋਇਆ ਤਾਂ ਮੈਂ ਵੀ ਤੁਹਾਡੇ ਵਾਂਗ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਕਰਿਆ ਕਰਾਂਗਾ।”
ਮੈਂ ਮਹਿਸੂਸ ਕੀਤਾ ਕਿ ਵਾਕਿਆ ਹੀ ‘ਦੀਪ ਸੇ ਦੀਪ ਜਲੇ!’ ਮੈਨੂੰ 1964 ਦੀ ਹਿੰਦੀ ਫਿਲਮ ‘ਸੰਤ ਗਿਆਨੇਸ਼ਵਰ’ ਦਾ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਯਾਦ ਆ ਗਿਆ, “ਜੋਤ ਸੇ ਜੋਤ ਜਗਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ!” ਨਾਲ ਹੀ 2023 ਦੀ ਇੱਕ ਹੋਰ ਹਿੰਦੀ ਫਿਲਮ ‘ਟਵੈਲਫਥ ਫੇਲ’ ਦੇ ਨਾਇਕ ਦੀ ਕੁਟੇਸ਼ਨ ਵੀ ਚੇਤੇ ਆਈ ਕਿ “ਜੇ ਮੈਂ ਧਰਤੀ ਨੂੰ ਰੁਸ਼ਨਾਉਣ ਵਾਲਾ ਸੂਰਜ ਨਹੀਂ ਬਣ ਸਕਦਾ ਤਾਂ ਵੀ ਮੈਂ ਲੈਂਪ ਤਾਂ ਬਣ ਹੀ ਸਕਦਾ ਹਾਂ ਤੇ ਆਪਣੀ ਵੀਹੀ/ਗਲੀ ਵਿੱਚ ਚਾਨਣ ਕਰ ਸਕਦਾ ਜਾਂ!”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































