JagtarSSmalsar7ਮੌਜੂਦਾ ਸਮੇਂ ਦੌਰਾਨ ਹੋਰ ਪਾਰਟੀਆਂ ਦੇ ਮੁਕਾਬਲੇ ਭਾਜਪਾ ਦੀਆਂ ਰਾਜਨੀਤਿਕ ...
(17 ਜੂਨ 2026)

ਭਾਰਤੀ ਜਨਤਾ ਪਾਰਟੀ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਆਪਣੀਆਂ ਚੋਣ ਸਰਗਰਮੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਹਨਇਨ੍ਹਾਂ ਚੋਣਾਂ ਦੀ ਕਮਾਨ ਭਾਜਪਾ ਹਾਈਕਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੌਂਪੀ ਜਾ ਚੁੱਕੀ ਹੈਉਹ ਲਗਾਤਾਰ ਲੋਕਾਂ ਨਾਲ ਮੁਲਾਕਾਤਾਂ ਕਰਕੇ ਅਤੇ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਲਈ ਜ਼ੋਰਦਾਰ ਯਤਨ ਕਰ ਰਹੇ ਹਨ

ਪੰਜਾਬ ਵਿੱਚ ਸਥਿਤ ਅਹਿਮ ਧਾਰਮਿਕ ਡੇਰੇ ਭਾਵੇਂ ਸਿੱਧੇ ਰੂਪ ਵਿੱਚ ਰਾਜਨੀਤੀ ਤੋਂ ਦੂਰ ਰਹਿਣ ਦਾ ਦਾਅਵਾ ਕਰਦੇ ਹਨ ਪਰ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਡੇਰਿਆਂ ਦੀ ਭੂਮਿਕਾ ਵੀ ਅਹਿਮ ਰਹਿੰਦੀ ਹੈਪਿਛਲੀਆਂ ਚੋਣਾਂ ਦੌਰਾਨ ਰਾਜਨੀਤੀ ਵਿੱਚ ਡੇਰਿਆਂ ਦੀ ਭੂਮਿਕਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਵਿੱਚ ਵੀ ਸਪਸ਼ਟ ਤੌਰ ’ਤੇ ਦੇਖੀ ਗਈ ਹੈਇਸੇ ਕਰਕੇ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸਾਰੇ ਸਿਆਸਤਦਾਨ ਡੇਰਿਆਂ ਵਿੱਚ ਸ਼ਰਧਾ ਭੇਟ ਕਰਨ ਲਈ ਆਉਂਦੇ ਹਨਧਾਰਮਿਕ ਡੇਰਿਆਂ ਦਾ ਹਮੇਸ਼ਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਮਜ਼ਬੂਤ ਪ੍ਰਭਾਵ ਰਿਹਾ ਹੈਉਹ ਸਿੱਧੇ ਅਤੇ ਅਸਿੱਧੇ ਤੌਰ ’ਤੇ ਹਰ ਚੋਣ ਨੂੰ ਪ੍ਰਭਾਵਿਤ ਕਰਦੇ ਹਨਸਾਰੀਆਂ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਡੇਰਿਆਂ ਨਾਲ ਸੰਪਰਕ ਕਰਦੀਆਂ ਹਨਇਹ ਉਨ੍ਹਾਂ ਦਾ ਇੱਕ ਮਹੱਤਵਪੂਰਨ ਵੋਟ ਬੈਂਕ ਹੁੰਦਾ ਹੈਡੇਰਿਆਂ ਦੇ ਪ੍ਰਭਾਵ ਵਿੱਚ ਰਾਜਨੀਤਿਕ ਪਾਰਟੀਆਂ ਦੇ ਰਾਹ ਨੂੰ ਬਦਲਣ ਦੀ ਸਮਰੱਥਾ ਹੈਇਸਦੀ ਪੁਸ਼ਟੀ ਪਿਛਲੀਆਂ ਕਈ ਚੋਣਾਂ ਵਿੱਚ ਦੇਖਣ ਨੂੰ ਮਿਲੀ ਹੈ

ਇਹ ਰੁਝਾਨ ਇਸ ਵਾਰ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਹੈ ਇਸ ਲਈ ਹੁਣ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਦੇ ਆਗੂਆਂ ਨਾਲ ਮੁਲਾਕਾਤਾਂ ਕਰਕੇ ਪੰਜਾਬ ਵਿੱਚ ਭਾਜਪਾ ਦੇ ਗਰਾਫ ਨੂੰ ਉੱਚਾ ਚੁੱਕਣ ਦੇ ਪਾਰਟੀ ਵੱਲੋਂ ਯਤਨ ਤੇਜ਼ ਕਰ ਦਿੱਤੇ ਗਏ ਹਨਇਸਦਾ ਨਤੀਜਾ ਭਾਵੇਂ ਕੁਝ ਵੀ ਨਿਕਲੇ ਪਰ ਭਾਜਪਾ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਵੱਖਰਾ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈਲੰਘੀ 6 ਜੂਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਨਾਮਧਾਰੀ ਪੰਥ ਦੇ ਸਤਿਗੁਰੂ ਉਦੈ ਸਿੰਘ ਦਰਮਿਆਨ ਵੀ ਚੰਡੀਗੜ੍ਹ ਵਿਖੇ ਮੁਲਾਕਾਤ ਹੋ ਚੁੱਕੀ ਹੈਇਸ ਮੁਲਾਕਾਤ ਨੂੰ ਲੈ ਕੇ ਸਮਾਜਿਕ, ਧਾਰਮਿਕ ਅਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨਸਿਰਸਾ ਜ਼ਿਲ੍ਹਾ ਤੋਂ ਲੈ ਕੇ ਪੰਜਾਬ ਤਕ ਇਸ ਮੀਟਿੰਗ ਨੂੰ ਵਿਸ਼ੇਸ਼ ਮੁਲਾਕਾਤ ਵਜੋਂ ਦੇਖਿਆ ਜਾ ਰਿਹਾ ਹੈਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਸੰਤ ਕਬੀਰ ਕੁਟੀਆ ਵਿੱਚ ਕਰੀਬ 45 ਮਿੰਟ ਤਕ ਚੱਲੀ ਇਸ ਮੀਟਿੰਗ ਨੂੰ ਭਾਵੇਂ ਸ਼ਿਸ਼ਟਾਚਾਰ ਮੁਲਾਕਾਤ ਕਰਾਰ ਦਿੱਤਾ ਗਿਆ ਹੈ ਪਰ ਸਮੇਂ, ਸਥਾਨ ਅਤੇ ਦੋਵਾਂ ਸ਼ਖਸੀਅਤਾਂ ਦੀ ਸਮਾਜਿਕ ਭੂਮਿਕਾ ਨੂੰ ਦੇਖਦਿਆਂ ਇਸਦੇ ਵਿਆਪਕ ਸੰਕੇਤਾਂ ਦੀ ਚਰਚਾ ਹੋ ਰਹੀ ਹੈਮੀਟਿੰਗ ਦੌਰਾਨ ਪੰਜਾਬ ਦੀ ਸਮਾਜਿਕ ਸਥਿਤੀ, ਨਸ਼ਿਆਂ ਦੀ ਸਮੱਸਿਆ, ਨਸ਼ਾ ਮੁਕਤੀ ਮੁਹਿੰਮਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈਨਾਮਧਾਰੀ ਭਾਈਚਾਰਾ ਲੰਮੇ ਸਮੇਂ ਤੋਂ ਸਮਾਜਿਕ ਸੁਧਾਰਾਂ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ

ਨਾਮਧਾਰੀ ਪੰਥ ਦਾ ਪ੍ਰਭਾਵ ਪੰਜਾਬ ਦੇ ਲੁਧਿਆਣਾ, ਸ੍ਰੀ ਫਤਿਹਗੜ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਪਟਿਆਲਾ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤਕ ਫੈਲਿਆ ਹੋਇਆ ਹੈਅਜਿਹੇ ਵਿੱਚ ਸੰਤ ਕਬੀਰ ਕੁਟੀਆ ਵਿੱਚ ਹੋਇਆ ਇਹ ਸੰਵਾਦ ਸਿਰਫ ਧਾਰਮਿਕ ਮੁਲਾਕਾਤ ਤਕ ਸੀਮਿਤ ਨਹੀਂ ਮੰਨਿਆ ਜਾ ਰਿਹਾ ਸਗੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਸਦੇ ਸਮਾਜਿਕ ਅਤੇ ਸਿਆਸੀ ਪੱਖਾਂ ’ਤੇ ਵੀ ਚਰਚਾ ਹੋ ਰਹੀ ਹੈਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਤਿਗੁਰੂ ਉਦੈ ਸਿੰਘ ਵਿਚਾਲੇ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋ ਚੁੱਕੀ ਹੈਮੁੱਖ ਮੰਤਰੀ ਭੈਣੀ ਸਾਹਿਬ ਸਥਿਤ ਨਾਮਧਾਰੀ ਦਰਬਾਰ ਦਾ ਦੌਰਾ ਵੀ ਕਰ ਚੁੱਕੇ ਹਨਇਸ ਤੋਂ ਇਲਾਵਾ ਸਿਰਸਾ ਦੇ ਜੀਵਨ ਨਗਰ ਖੇਤਰ ਦੇ ਮਸਤਾਨਗੜ੍ਹ ਡੇਰੇ ਵਿੱਚ ਹੋਏ ਹੋਲਾ ਮੁਹੱਲਾ ਸਮਾਗਮ ਦੌਰਾਨ ਵੀ ਦੋਵਾਂ ਦੀ ਮੁਲਾਕਾਤ ਹੋਈ ਸੀ

ਸਿਆਸੀ ਜਾਣਕਾਰਾਂ ਅਨੁਸਾਰ ਮੁੱਖ ਮੰਤਰੀ ਸੈਣੀ ਦੇ ਸਮਾਜਿਕ ਸੰਵਾਦ ਪ੍ਰੋਗਰਾਮਾਂ ਨੂੰ ਪੰਜਾਬ ਵਿੱਚ ਵੱਖ-ਵੱਖ ਵਰਗਾਂ ਨਾਲ ਸੰਪਰਕ ਵਧਾਉਣ ਦੇ ਯਤਨਾਂ ਵਜੋਂ ਵੀ ਦੇਖਿਆ ਜਾ ਰਿਹਾ ਹੈਉਨ੍ਹਾਂ ਦੀ ਪੰਜਾਬੀ ਪਿਛੋਕੜ ਅਤੇ ਸਹਿਜ ਸੰਵਾਦ ਸ਼ੈਲੀ ਨੂੰ ਵੀ ਪੰਜਾਬ ਵਿੱਚ ਲੋਕ ਸੰਪਰਕ ਦੇ ਨਜ਼ਰੀਏ ਨਾਲ ਅਹਿਮ ਮੰਨਿਆ ਜਾ ਰਿਹਾ ਹੈਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਤਿਗੁਰੂ ਉਦੈ ਸਿੰਘ ਦਰਮਿਆਨ ਵਧ ਰਹੇ ਸੰਵਾਦ ਦੇ ਆਉਣ ਵਾਲੇ ਸਮੇਂ ਵਿੱਚ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਚਰਚਾ ਹੁਣ ਸਿਆਸੀ ਗਲਿਆਰਿਆਂ ਵਿੱਚ ਆਮ ਹੋਣ ਲੱਗੀ ਹੈ

ਇਹ ਕੋਈ ਪਹਿਲਾ ਮੌਕਾ ਵੀ ਨਹੀਂ ਜਦੋਂ ਭਾਜਪਾ ਵੱਲੋਂ ਕਿਸੇ ਧਾਰਮਿਕ ਸੰਸਥਾ ਦੇ ਮੁਖੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਮੁਲਾਕਾਤਾਂ ਦਾ ਇਹ ਦੌਰ ਲਗਾਤਾਰ ਜਾਰੀ ਹੈ

ਇੱਕ ਫਰਵਰੀ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਰਵਿਦਾਸ ਜੈਅੰਤੀ ਮੌਕੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਡੇਰਾ ਪ੍ਰਮੁੱਖ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਆਦਮਪੁਰ ਏਅਰਪੋਰਟ ਦਾ ਨਾਮ ਬਦਲਕੇ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਕਰਨ ਦਾ ਐਲਾਨ ਕੀਤਾ ਸੀਪ੍ਰਧਾਨ ਮੰਤਰੀ ਦੀ ਇਸ ਪੰਜਾਬ ਫੇਰੀ ਨੂੰ ਵੀ ਸਿਆਸੀ ਹਲਕਿਆਂ ਵਿੱਚ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਡੇਰਾ ਸੱਚਖੰਡ ਬੱਲਾਂ ਦਾ ਵੀ ਪੰਜਾਬ ਦੇ ਦੁਆਬਾ ਖੇਤਰ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ ਸਹਿਤ ਕੁੱਲ ਕਰੀਬ 23 ਵਿਧਾਨ ਸਭਾ ਸੀਟਾਂ ’ਤੇ ਕਾਫੀ ਪ੍ਰਭਾਵ ਮੰਨਿਆ ਜਾ ਰਿਹਾ ਹੈਪੰਜਾਬ ਦਾ ਰਾਮਦਾਸੀਆ ਭਾਈਚਾਰਾ ਵੱਡੇ ਪੱਧਰ ’ਤੇ ਡੇਰਾ ਸੱਚਖੰਡ ਬੱਲਾਂ ਨਾਲ ਜੁੜਿਆ ਹੋਇਆ ਹੈ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 31 ਮਾਰਚ 2026 ਨੂੰ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵਿਖੇ ਵੀ ਡੇਰਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਚੁੱਕੇ ਹਨਇਸ ਤੋਂ ਪਹਿਲਾ 27 ਮਾਰਚ 2026 ਨੂੰ ਡੇਰਾ ਬਿਆਸ ਮੁਖੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਰਮਿਆਨ ਚੰਡੀਗੜ੍ਹ ਵਿਖੇ ਮੁਲਾਕਾਤ ਹੋ ਚੁੱਕੀ ਹੈਡੇਰਾ ਬਿਆਸ ਦਾ ਵੀ ਪੰਜਾਬ ਦੇ ਮਾਝਾ ਖੇਤਰ ਦੇ ਤਰਨਤਾਰਨ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਅਤੇ ਦੁਆਬਾ ਖੇਤਰ ਦੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੋਂ ਇਲਾਵਾ ਮਾਲਵਾ ਬੈਲਟ ਦੇ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆ ਵਿੱਚ ਪ੍ਰਭਾਵ ਹੈ

ਭਾਜਪਾ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਵਜੋਂ ਉਤਾਰੇ ਜਾ ਚੁੱਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਕੀ ਰੰਗ ਲਿਆਉਣਗੀਆਂ, ਭਾਵੇਂ ਇਹ ਭਵਿੱਖ ਦੱਸੇਗਾ ਪਰ ਮੌਜੂਦਾ ਸਮੇਂ ਦੌਰਾਨ ਹੋਰ ਪਾਰਟੀਆਂ ਦੇ ਮੁਕਾਬਲੇ ਭਾਜਪਾ ਦੀਆਂ ਰਾਜਨੀਤਿਕ ਸਰਗਰਮੀਆਂ ਪੰਜਾਬ ਵਿੱਚ ਪੂਰੀ ਤਰ੍ਹਾਂ ਤੇਜ਼ ਹਨ ਅਤੇ ਪਾਰਟੀ ਜੋੜ-ਤੋੜ ਦੀ ਰਾਜਨੀਤੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author