“ਸਵਰਨ ਸਿੰਘ ਭੰਗੂ ਜ਼ਿੰਦਗੀ ਦੇ ਆਖਰੀ ਪਲਾਂ ਤਕ ਦੇਸ਼ ਦੀ ਸਿੱਖਿਆ ਦੀ ਮੰਦਹਾਲੀ ਪ੍ਰਤੀ ...”
(7 ਜੂਨ 2026)

ਲੇਖਕ, ਪੱਤਰਕਾਰ, ਬੁੱਧੀਜੀਵੀ, ਸਿੱਖਿਆ ਸ਼ਾਸ਼ਤਰੀ, ਸੰਵੇਦਨਸ਼ੀਲ ਮਨੁੱਖ ਅਤੇ ਆਪਣੀ ਜ਼ਿੰਦਗੀ ਵਿੱਚ ਹਰ ਵੇਲੇ ਲੋਕ ਹਿਤਾਂ ਲਈ ਸੰਘਰਸ਼ਸ਼ੀਲ ਰਹੇ ਸਵਰਨ ਸਿੰਘ ਭੰਗੂ ਦੇ ਇਸ ਦੁਨੀਆ ਤੋਂ ਆਪਣੀ ਜ਼ਿੰਦਗੀ ਦਾ ਸਫਰ ਪੂਰਾ ਕਰਕੇ ਬੇਵਕਤ ਤੁਰ ਜਾਣ ਦੀ ਖਬਰ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਕੇ ਉਨ੍ਹਾਂ ਦੇ ਮਿੱਤਰਾਂ ਸੱਜਣਾਂ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਰੱਖਣ ਵਾਲੇ ਅਤੇ ਹੋਰ ਲੋਕਾਂ ਤਕ ਪਹੁੰਚੀ ਤਾਂ ਸਭ ਦੇ ਮੂੰਹੋਂ ਇਹੋ ਸ਼ਬਦ ਨਿਕਲੇ, ਇਹ ਕੀ ਭਾਣਾ ਵਰਤ ਗਿਆ?’ ਚਾਰੇ ਪਾਸੇ ਚੁੱਪ ਅਤੇ ਮਾਤਮ ਦਾ ਮਾਹੌਲ ਪਸਰ ਗਿਆ। ਜਿਸ ਵਿਅਕਤੀ ਤਕ ਵੀ ਭੰਗੂ ਸਾਹਿਬ ਦੇ ਅਕਾਲ ਚਲਾਣੇ ਦੀ ਖਬਰ ਪਹੁੰਚੀ, ਉਸ ਨੂੰ ਲੱਗਾ ਕਿ ਉਸ ਨੂੰ ਨਿੱਜੀ ਘਾਟਾ ਪਿਆ ਹੈ। ਹਰ ਇੱਕ ਦੇ ਮੂੰਹੋਂ ਇਹੋ ਸ਼ਬਦ ਨਿਕਲੇ, ਉਹ ਗਰੀਬਾਂ ਦਾ ਹਮਦਰਦ ਸੀ, ਮਿੱਤਰ ਪਿਆਰਾ ਰਾਂਗਲਾ ਸੱਜਣ ਸੀ ਅਤੇ ਆਪਣੇ ਲਈ, ਘੱਟ ਦੂਜਿਆਂ ਲਈ ਜ਼ਿਆਦਾ ਜਿਊਣ ਵਾਲਾ ਇਨਸਾਨ ਸੀ। ਸਿਰਫ ਇੱਕ ਦਿਨ ਪਹਿਲਾਂ ਭੰਗੂ ਸਾਹਿਬ ਨਾਲ ਫੋਨ ਉੱਤੇ ਹੋਈ ਲੰਬੀ ਗੱਲ ਤੋਂ ਲੱਗ ਹੀ ਨਹੀਂ ਰਿਹਾ ਸੀ ਕਿ ਇਹ ਉਨ੍ਹਾਂ ਨਾਲ ਆਖਰੀ ਗੱਲਬਾਤ ਹੋਵੇਗੀ।
ਇੱਕ ਜਨਵਰੀ 1955 ਨੂੰ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਕਿਸਾਨੀ ਪਰਿਵਾਰ ਵਿੱਚ ਜਨਮੇ ਸਵਰਨ ਸਿੰਘ ਭੰਗੂ ਸ਼੍ਰੀ ਚਮਕੌਰ ਸਾਹਿਬ ਤੋਂ ਅੱਠ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਚੂਹੜ ਮਾਜਰਾ ਦੇ ਜੰਮਪਲ ਸਨ। ਉਨ੍ਹਾਂ ਨੇ ਬਿਨਾਂ ਰਸਮਾਂ ਅਤੇ ਦਾਜ ਤੋਂ ਇੱਕ ਦੂਜੇ ਦੇ ਹਾਰ ਪਾਕੇ ਆਦਰਸ਼ ਵਿਆਹ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੀ ਪਤਨੀ ਪੰਜਾਬੀ ਅਧਿਆਪਕਾ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਪੰਜਾਬੀ ਫਿਲਮਾਂ ਦੀ ਨਾਮਵਰ ਅਦਾਕਾਰਾ ਹੈ। ਉਨ੍ਹਾਂ ਦਾ ਪੁੱਤਰ ਅਮਰਜੀਤ ਪਾਲੀ ਆਸਟ੍ਰੇਲੀਆ ਵਿੱਚ ਵੱਸ ਚੁੱਕਾ ਹੈ। ਉਨ੍ਹਾਂ ਦੀ ਨੂੰਹ ਆਸਟ੍ਰੇਲੀਆ ਵਿੱਚ ਨੌਕਰੀ ਕਰਦੀ ਹੈ। ਉਹ ਲੰਬੇ ਸਮੇਂ ਤਕ ਨਾਮੀ ਅਖਬਾਰ ਅਜੀਤ ਦੇ ਸਟਾਫ ਰਿਪੋਰਟਰ ਵੀ ਰਹੇ ਹਨ।
ਅਜੀਤ ਅਖਬਾਰ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਸੰਬੰਧੀ ਚੇਤਨ ਕਰਨ ਵਾਲੇ ਉਨ੍ਹਾਂ ਦੇ ਲੇਖ ਵੀ ਛਪਦੇ ਰਹੇ। ਉਹ ਹਰ ਵਿਸ਼ੇ ਉੱਤੇ ਵੱਖ-ਵੱਖ ਅਖਬਾਰਾਂ ਵਿੱਚ ਲੇਖ ਲਿਖਦੇ ਰਹੇ। ਸਿੱਖਿਆ ਅਤੇ ਸਮਾਜਿਕ ਮੁੱਦਿਆਂ ਨੂੰ ਲੈਕੇ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਪਾਠਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਗਈਆਂ। ਉਨ੍ਹਾਂ ਨੇ ਡੁਬਈ ਵਿੱਚ ਤਿੰਨ ਸਾਲ ਮਜ਼ਦੂਰੀ ਕੀਤੀ। ਡੁਬਈ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪ੍ਰਗਟਾਉਣ ਵਾਲੀ ਪੁਸਤਕ ‘ਮੈ ਨਾਸਤਿਕ ਕਿਉਂ ਹਾਂ’ ਨੂੰ ਪੜ੍ਹਕੇ ਉਨ੍ਹਾਂ ਨੇ ਪ੍ਰਗਤੀਵਾਦੀ ਵਿਚਾਰਧਾਰਾ ਵਾਲੀ ਪਾਰਟੀ ਨਾਲ ਜੁੜਨ ਦਾ ਮਨ ਬਣਾ ਲਿਆ।
ਸਵਰਨ ਸਿੰਘ ਭੰਗੂ ਨੇ ਆਪਣੇ ਦੇਸ਼ ਵਿੱਚ ਆਕੇ ਇੱਕ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਸ਼ੁਰੂ ਕੀਤਾ ਪਰ ਉਸ ਕਿੱਤੇ ਤੋਂ ਸੰਤੁਸ਼ਟੀ ਨਾ ਮਿਲਣ ਕਾਰਨ ਉਹ ਇੱਕ ਇਨਕਲਾਬੀ ਪਾਰਟੀ ਦੇ ਕੁਲਵਰਤੀ ਕਾਰਜਕਰਤਾ ਬਣ ਗਏ। ਉਨ੍ਹਾਂ ਨੇ 60 ਵਾਰ ਖੂਨ ਦਾਨ ਕੀਤਾ। ਉਨ੍ਹਾਂ ਨੇ ਮੌਤ ਤੋਂ ਬਾਅਦ ਆਪਣਾ ਸਰੀਰ ਦਾਨ ਕੀਤਾ ਹੋਇਆ ਹੈ। ਆਪਣੀ ਜਾਇਦਾਦ ਦਾ ਕਾਫੀ ਹਿੱਸਾ ਇੱਕ ਸੰਸਥਾ ਨੂੰ ਦਾਨ ਕੀਤਾ ਹੋਇਆ ਹੈ। ਉਨ੍ਹਾਂ ਉੱਤੇ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਵਿਚਾਰਾਂ ਦਾ ਬਹੁਤ ਪ੍ਰਭਾਵ ਸੀ। ਉਨ੍ਹਾਂ ਨੇ ਆਪਣੀ ਪਤਨੀ ਦੀ ਨਾਟਕ ਖੇਡਣ ਦੀ ਦਿਲਚਸਪੀ ਨੂੰ ਦੇਖਦਿਆਂ ਉਸ ਨੂੰ ਨਾਟਕ ਖੇਡਣ ਲਈ ਉਤਸ਼ਾਹਿਤ ਕੀਤਾ। ਭੰਗੂ ਸਾਹਿਬ ਦੇ ਯੋਗਦਾਨ ਕਾਰਨ ਹੀ ਅੱਜ ਉਹ ਦੇਸ ਵਿਦੇਸ਼ ਵਿੱਚ ਇੱਕ ਚਰਚਿਤ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ।
ਸਵਰਨ ਸਿੰਘ ਭੰਗੂ ਜ਼ਿੰਦਗੀ ਦੇ ਆਖਰੀ ਪਲਾਂ ਤਕ ਦੇਸ਼ ਦੀ ਸਿੱਖਿਆ ਦੀ ਮੰਦਹਾਲੀ ਪ੍ਰਤੀ ਫਿਕਰਮੰਦ ਰਹੇ ’ਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਉਹ ਸ਼੍ਰੀ ਚਮਕੌਰ ਸਾਹਿਬ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਇਕੱਠਾ ਕਰਕੇ ਚੇਤਨਾ ਮਾਰਚ ਕੱਢਦੇ ਰਹੇ। ਉਨ੍ਹਾਂ ਨੇ 1996 ਵਿੱਚ ਪੇਂਡੂ ਸਿੱਖਿਆ ਪ੍ਰਤੀ ਸਰਕਾਰਾਂ ਦਾ ਧਿਆਉਣ ਦਿਵਾਉਣ ਲਈ ਪੇਂਡੂ ਸਕੂਲਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਦੀ ਗੱਲ ਕਰਦਾ ‘ਸਾਡੀ ਵੀ ਸੁਣੋ’ ਇੱਕ ਕਿਤਾਬਚਾ ਕੱਢਿਆ। ਉਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਬੱਸੀ ਗੁੱਜਰਾਂ ਵਿਖੇ ਕੰਗ ਮੈਮੋਰੀਅਲ ਨਾਂ ਦੀ ਇੱਕ ਸਿੱਖਿਆ ਸੰਸਥਾ ਖੋਲ੍ਹੀ। ਇਸ ਸਿੱਖਿਆ ਸੰਸਥਾ ਦਾ ਉਦੇਸ਼ ਨਿਸ਼ਕਾਮ ਸੇਵਾ ਅਤੇ ਪ੍ਰਤੀਬੱਧਤਾ ਨੂੰ ਮਿਥਿਆ ਗਿਆ। ਇਸ ਸੰਸਥਾ ਵਿੱਚ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਬਿਨਾਂ ਫੀਸ ਤੋਂ ਬਾਰ੍ਹਵੀਂ ਜਮਾਤ ਤਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸੰਸਥਾ ਤੋਂ ਪੜ੍ਹੇ ਹੋਏ ਬੱਚੇ ਡਾਕਟਰ, ਜੱਜ, ਪਾਇਲਟ, ਇੰਜਨੀਅਰ ਬਣ ਕੇ ਸੇਵਾ ਨਿਭਾ ਰਹੇ ਹਨ। ਇਸ ਸੰਸਥਾ ਵਿੱਚ ਸਮੇਂ-ਸਮੇਂ ’ਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਆਈ.ਏ. ਐੱਸ, ਆਈ. ਪੀ.ਐੱਸ, ਪੀ.ਸੀ.ਐੱਸ, ਸਿੱਖਿਆ ਮਾਹਿਰਾਂ ਅਤੇ ਹੋਰ ਪ੍ਰਬੁੱਧ ਵਿਅਕਤੀਆਂ ਨੂੰ ਬੁਲਾਇਆ ਜਾਂਦਾ ਹੈ। ਭੰਗੂ ਸਾਹਿਬ ਇਸ ਸੰਸਥਾ ਦੇ ਡਾਇਰੈਕਟਰ ਸਨ। ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀਆਂ ਸਿੱਖਿਆ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।

















































































































