PardeepKauraDr7ਰਾਤ ਨੂੰ ਸੌਣ ਲੱਗਿਆਂ ਕਈ ਵਾਰ ਕਬੀਲਦਾਰੀ ਦੇ ਝਮੇਲੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੀ ...
(5 ਜੂਨ 2026)


ਬਦਲਾਅ ਜ਼ਿੰਦਗੀ ਦਾ ਨਿਯਮ ਹੈ
, ਪ੍ਰੰਤੂ ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੀ ਤੁਲਨਾ ਵਿੱਚ ਇੱਕੀਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਬਹੁਤ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨਇਹ ਸਿਲਸਲਾ ਨਿਰੰਤਰ ਬਾਦਸਤੂਰ ਜਾਰੀ ਹੈਰਹਿਣ ਸਹਿਣ, ਪਹਿਨਣ ਪਚਰਣ, ਸੋਚਣ ਸਮਝਣ, ਗੱਲ ਕੀ ਮਨੁੱਖੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ, ਭਾਵ ਸਮੁੱਚੀ ਜੀਵਨ-ਪੱਧਤੀ ਹੀ ਬਦਲ ਗਈ ਹੈ। ਪ੍ਰੰਤੂ ਇਸ ਸਭ ਕੁਝ ਦੇ ਦਰਮਿਆਨ ਵੀ ਬਹੁਤ ਕੁਝ ਅਜਿਹਾ ਵਾਪਰਦਾ ਅਤੇ ਸਾਡੇ ਅਵਚੇਤਨ ਵਿੱਚ ਜਮ੍ਹਾਂ ਹੁੰਦਾ ਰਿਹਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਆਪ ਮੁਹਾਰੇ ਅੱਗੇ ਚਲਦਾ ਰਹਿੰਦਾ ਹੈ। ਕਾਰਲ ਗੁਸਟੋਵ ਯੁੰਗ ਇਸ ਨੂੰ ‘ਸਮੂਹਿਕ ਅਵਚੇਤਨ’ ਦਾ ਨਾਂ ਦਿੰਦਾ ਹੈ

ਛੋਟੇ ਹੁੰਦਿਆਂ ਘਰ ਦੇ ਕੱਚੇ ਵਿਹੜੇ, ਜਿਸ ਵਿੱਚੋਂ ਅਸਮਾਨ ਦਾ ਇਕੱਲਾ-ਇਕੱਲਾ ਤਾਰਾ ਦਿਸਦਾ ਹੁੰਦਾ ਸੀ ਅਤੇ ਬਹੁਤ ਵਾਰ ਉਨ੍ਹਾਂ ਤਾਰਿਆਂ ਦੀ ਬਣਤਰ ਨੂੰ ਦਾਦੀ ਤੋਂ ਸੁਣੀ ਕਿਸੇ ਕਹਾਣੀ ਨਾਲ ਜੋੜਦੇ-ਜੋੜਦੇ ਸੌਂ ਜਾਂਦੇ ਸੀਗਰਮੀ ਦੇ ਰੁੱਤੇ ਖੁੱਲ੍ਹੇ ਵਿਹੜੇ ਵਿੱਚ, ਬਾਹਰ ਨੀਲੇ ਅਸਮਾਨ ਦੀ ਖੁੱਲ੍ਹੀ ਛੱਤ ਥੱਲੇ ਸਾਰੇ ਪਰਿਵਾਰ ਦੀਆਂ ਮੰਜੀਆਂ ਦੀ ਲੰਮੀ ਕਤਾਰ ਲਾ ਲੈਣੀਇਨ੍ਹਾਂ ਮੰਜੀਆਂ ਦੀ ਕਤਾਰ ਦੇ ਸਾਹਮਣੇ ਟੇਬਲ-ਫੈਨ ਇਸ ਆਸ ਨਾਲ ਲਗਾ ਲੈਣਾ ਕਿ ਜੇ ਰਾਤ ਨੂੰ ਬਿਜਲੀ ਦਾ ਕੱਟ (ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਬਿਜਲੀ ਦੇ ਕੱਟ ਰਾਤ ਨੂੰ ਹੀ ਲਾਏ ਜਾਂਦੇ ਸਨ) ਨਾ ਲੱਗਿਆ ਤਾਂ ਨਜ਼ਾਰਾ ਹੀ ਆ ਜਾਊ ਅਤੇ ਸਾਰੀ ਰਾਤ ਮੌਜ ਨਾਲ ਸੌਂਵਾਂਗੇਪਹਿਲਾਂ ਤਾਂ ਪੱਖੇ ਦੇ ਅੱਗੇ ਸਭ ਤੋਂ ਪਹਿਲੇ ਮੰਜੇ ’ਤੇ ਸੌਣ ਲਈ ਭੈਣ-ਭਰਾਵਾਂ ਵਿੱਚ ਲੜਾਈ-ਝਗੜਾ ਹੋਣਾ ਅਤੇ ਫਿਰ ਪਾਪਾ ਜੀ ਦੀ ਘੁਰਕੀ ਸੁਣ ਕੇ ਛੇਤੀ ਨਾਲ ਜਿਹੜਾ, ਜਿਹੜੇ ਮੰਜੇ ’ਤੇ ਪਿਆ ਹੁੰਦਾਂ, ਉਸੇ ’ਤੇ ਸੌਂ ਜਾਂਦਾ ਸੀ

ਪਾਪਾ ਜੀ ਕਈ ਵਾਰ ਸਾਰੀ-ਸਾਰੀ ਰਾਤ ਤੁਰੇ ਫਿਰਦੇ ਰਹਿੰਦੇ ਅਤੇ ਅਕਸਰ ਸਵੇਰੇ ਸਾਝਰੇ ਹੀ ਉੱਠ ਪੈਂਦੇਉੱਠਣ ਸਾਰ ਉਹ ਸਾਨੂੰ ਆਪਣੀਆਂ-ਆਪਣੀਆਂ ਮੰਜੀਆਂ ’ਤੇ ਚਾਦਰਾਂ ਵਿੱਚ ਵੀ ਇਕੱਠੇ ਹੋ ਕੇ ਪਏ ਦੇਖ ਕੇ ਪੱਖੇ ਦੀ ਸਪੀਡ ਘਟਾ ਦਿੰਦੇ, ਖੰਗੂਰੇ ਮਾਰਦੇ ਤੁਰੇ-ਫਿਰਦੇ। ਕਦੇ ਪਾਣੀ ਵਾਲੀ ਟੂਟੀ ਥੱਲੇ ਸਿਲਵਰ ਦੀ ਬਾਲਟੀ ਲਾਉਣ ਦੀ ਆਵਾਜ਼, ਕਦੇ ਟੋਕਰਾ ਚੁੱਕ ਕੇ ਗਊ ਦੀ ਖੁਰਲੀ ਵਿੱਚੋਂ ਰਾਤ ਦਾ ਚਾਰਾ ਕੱਢਦਿਆਂ ਗਾਂ ਨੂੰ ਬੁਚਕਾਰਨਾ, ਕਦੇ ਸੰਨ੍ਹੀ ਰਲਾ ਕੇ ਧਾਰ ਕੱਢਣਾ। ਆਪਣੀ ਚਾਦਰ, ਦਰੀ ਇਕੱਠੀ ਕਰਕੇ ਅੰਦਰ ਸਾਂਭ ਆਉਣਾ ਅਤੇ ਮੰਜੀ ਚੁੱਕ ਕੇ ਦਰਵਾਜੇ ਵਿੱਚ ਖੜ੍ਹੀ ਕਰ ਦੇਣੀ। ਆਪਣਾ ਸਾਈਕਲ ਸਾਫ ਕਰਨਾ ਅਤੇ ਬਹੁਤ ਵਾਰ ਸਾਡੇ ਉੱਠਣ ਤੋਂ ਪਹਿਲਾਂ ਨਹਾ-ਧੋ ਕੇ ਸਕੂਲ ਜਾਣ ਲਈ ਤਿਆਰ ਹੋ ਜਾਣਾ

ਆਪਣੀ ਇਸ ਦਿਨ-ਚਰਿਆ ਦੇ ਦੌਰਾਨ ਸਾਨੂੰ ਜਗਾਉਣ ਲਈ ਉਨ੍ਹਾਂ ਨੇ ਆਉਂਦੇ ਜਾਂਦੇ ਕਦੇ ਮੇਰਾ ਅਤੇ ਕਦੇ ਭੈਣਾਂ ਦਾ ਨਾਂ ਲੈ ਕੇ ਉੱਠਣ ਲਈ ਆਵਾਜ਼ ਮਾਰਨੀ, ਪਰ ਅਸੀਂ ਮਚਲ ਕੇ ਮੂੰਹ ਉੱਪਰ ਚਾਦਰ ਖਿੱਚ ਲੈਣੀਕਦੇ ਉਨ੍ਹਾਂ ਨੇ ਚਾਦਰ ਖਿੱਚਣੀ ਅਤੇ ਕਦੇ ਅੱਕ ਕੇ ‘ਕਿੰਨੀ ਕਿੰਨੀ ਧੁੱਪ ਚੜ੍ਹ ਆਉਣ’ ਅਤੇ ‘ਸਕੂਲ ਜਾਣ ਦੀ ਦੀ ਗੱਲ ਕਰਦਿਆਂ’ ਉਠਾਉਣ ਦੀ ਕੋਸ਼ਿਸ਼ ਕਰਨੀਪਰ ਅਸੀਂ ਬਚਪਨ ਦੀ ਬੇਪਰਵਾਹੀ ਵਿੱਚ ਮਸਤ, ਮਚਲ ਕੇ ਉੰਨੀ ਦੇਰ ਪਏ ਹੀ ਰਹਿਣਾ, ਜਦੋਂ ਤਕ ਉੱਠਣਾ ਮਜਬੂਰੀ ਨਾ ਬਣ ਜਾਣਾ

“ਪਾਪਾ ਜੀ ਐਨੀ ਸਵੇਰੇ-ਸਵੇਰੇ ਕਿਉਂ ਉੱਠ ਜਾਂਦੇ ਨੇ... ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?” ਅਸੀਂ ਸੋਚਦੇ। ਅਸੀਂ ਤਿੰਨੇ ਭੈਣ-ਭਰਾ ਅਕਸਰ ਪਾਪਾ ਜੀ ਦੇ ਸਵੇਰੇ-ਸਵੇਰੇ ਉੱਠ ਕੇ ਇਸ ਤਰ੍ਹਾਂ ਪੱਖਾ ਘਟਾਉਣ ਜਾਂ ਬੰਦ ਕਰਨ ਬਾਰੇ ਗੱਲ ਕਰਦੇਸਾਨੂੰ ਉਨ੍ਹਾਂ ਦੇ ਇਸ ਤਰ੍ਹਾਂ ਸਵੇਰੇ-ਸਵੇਰੇ ਉੱਠਕੇ ਕਰਨ ਵਾਲੇ ਸਾਰੇ ਕੰਮ ਫਜ਼ੂਲ ਅਤੇ ਸਾਡੀ ਨੀਂਦ ਵਿੱਚ ਖਲਲ ਜਾਪਦੇ, ਪਰ ਕਾਰਨ ਕੋਈ ਸਮਝ ਨਾ ਪੈਂਦਾ ਅਤੇ ਨਾ ਹੀ ਪਾਪਾ ਜੀ ਤੋਂ ਪੁੱਛਣ ਦੀ ਹਿੰਮਤ ਪੈਂਦੀ

ਸਮਾਂ ਬੀਤਦਾ ਗਿਆਹੁਣ ਮੈਂ ਵੀ ਪਾਪਾ ਜੀ ਵਾਲੀ ਉਮਰ ਵਿੱਚ ਆ ਗਿਆ ਹਾਂਰਾਤ ਨੂੰ ਸੌਣ ਲੱਗਿਆਂ ਕਈ ਵਾਰ ਕਬੀਲਦਾਰੀ ਦੇ ਝਮੇਲੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੀ ਘੁੰਮਣਘੇਰੀ ਵਿੱਚ ਉਲਝਿਆਂ ਸੋਚਾਂ ਦੀ ਲੜੀ ਦਾ ਇੱਕ ਅਜਿਹਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਕਿ ਦੇਰ ਰਾਤ ਤਕ ਨੀਂਦ ਨਹੀਂ ਪੈਂਦੀਕਦੇ ਪਾਣੀ ਪੀਣ ਲਈ ਉਠੀਦਾ ਹੈ ਅਤੇ ਕਦੇ ਬਾਥਰੂਮ ਜਾਣ ਲਈਸੋਚਾਂ ਦੀ ਲੜੀ ਨੂੰ ਪ੍ਰਮਾਤਮਾ ਦੀ ਮਰਜ਼ੀ ’ਤੇ ਛੱਡਕੇ ਜੇ ਕਦੇ ਵੇਲੇ ਸਿਰ ਸੌਂ ਵੀ ਜਾਈਏ ਤਾਂ ਕਿਸੇ ਚਿੰਤਾ ਦੇ ਬੋਝ ਨਾਲ ਸਾਝਰੇ ਹੀ ਅੱਖ ਖੁੱਲ੍ਹ ਜਾਂਦੀ ਹੈਘੜੀ-ਮੁੜੀ ਸਿਰਹਾਣੇ ਪਏ ਮੋਬਾਇਲ ਨੂੰ ਚੁੱਕ ਕੇ ਟਾਈਮ ਦੇਖਦਾ ਹਾਂਸਮਾਂ ਬੀਤਣ ਵਿੱਚ ਹੀ ਨਹੀਂ ਆਉਂਦਾ। ਮਨ ਵਿੱਚ ਇੱਕ ਅਜੀਬ ਜਿਹੀ ਕਾਹਲ ਪੈਣ ਲਗਦੀ ਹੈਪਾਣੀ ਵਾਲੀ ਮੋਟਰ ਚਲਾ ਕੇ, ਪੌੜੀਆਂ ਚੜ੍ਹਕੇ ਦੂਸਰੀ ਮੰਜ਼ਿਲ ਦੀ ਛੱਤ ਉੱਪਰ ਟੈਂਕੀ ਵਿੱਚ ਪਾਣੀ ਦੇਖਣ ਤੁਰ ਪੈਂਦਾ ਹਾਂ ਕਿ ਬੇਟੀਆਂ ਦੇ ਕਮਰੇ ਕੋਲੋਂ ਲੰਘਦਿਆਂ, 18 ਡਿਗਰੀ ਟੈਂਪਰੇਚਰ ’ਤੇ ਏ.ਸੀ. ਚਲਾ ਕੇ ਕੰਬਲਾਂ ਵਿੱਚ ਕੁੰਗੜ ਕੇ (ਸੁੰਗੜ ਕੇ) ਸੁੱਤੀਆਂ ਦੇਖ ਕੇ ਇਕਦਮ ਮਨ ਵਿੱਚ ਵਿਚਾਰ ਹਲਚਲ ਪੈਦਾ ਕਰਦਾ ਹੈ, “ਇਨ੍ਹਾਂ ਨੂੰ ਸਰਦੀ ਲੱਗ ਰਹੀ ਹੈ… ਜ਼ੁਕਾਮ ਹੋ ਜਾਵੇਗਾ…’ ਕਾਹਲੀ ਨਾਲ ਏ.ਸੀ. ਬੰਦ ਕਰਕੇ ਪੱਖੇ ਦੀ ਸਪੀਡ ਘਟਾ ਦਿੰਦਾ ਹਾਂ। ਉੱਪਰੋਂ ਟੈਂਕੀ ਵਿੱਚੋਂ ਪਾਣੀ ਦੇ ਡੁੱਲ੍ਹਣ ਦੀ ਆਵਾਜ਼ ਸੁਣ ਕੇ ਕਾਹਲੀ ਨਾਲ ਮੋਟਰ ਬੰਦ ਕਰਨ ਲਈ ਹੇਠਾਂ ਵੱਲ ਦੌੜਦਾ ਹਾਂਗਮਲਿਆਂ ਨੂੰ ਪਾਣੀ ਦੇ ਕੇ, ਪੋਰਚ ਵਿੱਚ ਬੱਚਿਆਂ ਦੀ ਗੱਡੀ ਸਾਫ ਕਰਦਿਆਂ, ਪੌੜੀਆਂ ਉੱਤਰਦੀ ਬੇਟੀ ਦੀ ਆਵਾਜ਼ ਮੇਰੇ ਕੰਨੀ ਪੈਂਦੀ ਹੈ, “ਮੰਮਾ, ਸਾਡੇ ਕਮਰੇ ਦਾ ਏ.ਸੀ. ਤੁਸੀਂ ਬੰਦ ਕਰਕੇ ਆਏ ਸੀ?

“ਨਹੀਂਛੱਤ ’ਤੇ ਟੈਂਕੀ ਦੇਖਣ ਜਾਂਦਿਆਂ ਤੇਰੇ ਪਾਪਾ ਨੇ ਨਾ ਕੀਤਾ ਹੋਵੇ?” ਪਤਨੀ ਜਵਾਬ ਦਿੰਦੀ ਹੈ

“ਪਾਪਾ ਸਵੇਰੇ ਐਨੀ ਜਲਦੀ ਕਿਉਂ ਉੱਠ ਜਾਂਦੇ ਐ… ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?” ਵੱਡੀ ਬੇਟੀ ਦੇ ਪਿੱਛੇ-ਪਿੱਛੇ ਆ ਰਹੀ ਛੋਟੀ ਬੇਟੀ, ਵੱਡੀ ਭੈਣ ਨੂੰ ਸਵਾਲ ਕਰਦੀ ਹੈ

ਬਚਪਨ ਵਿਚ ਸਾਡਾ ਵੀ ਤਾਂ ਆਪਣੇ ਪਾਪਾ ਜੀ ਨੂੰ ਇਹੀ ਸਵਾਲ ਹੁੰਦਾ ਸੀ, “ਪਾਪਾ ਜੀ, ਸਵੇਰੇ ਐਨੀ ਜਲਦੀ ਕਿਉਂ ਉੱਠ ਜਾਂਦੇ ਐ? ਇਨ੍ਹਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ?

ਪੁੱਤ! ਇਸ ਸਵਾਲ ਦਾ ਜਵਾਬ ਮੈਨੂੰ ‘ਅੱਜ’ 30 ਸਾਲ ਬਾਅਦ ਮਿਲਿਆ ਹੈ, ਸ਼ਾਇਦ ਥੋਨੂੰ ਵੀ ਆਪਣੇ ਸਵਾਲ ਦੇ ਜਵਾਬ ਲਈ 30 ਸਾਲ ਇੰਤਜ਼ਾਰ ਕਰਨਾ ਪਵੇ।” ਮੈਂ ਲੰਮਾ ਸਾਹ ਅੰਦਰ ਖਿੱਚਦਾ ਹੋਇਆ ਆਪਣੇ ਆਪ ਨੂੰ ਜਵਾਬ ਦਿੰਦਾ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Dr. Pardeep Kaura

Dr. Pardeep Kaura

Nirvana Estate, Bathinda, Punjab, India.
Whatsapp: (91 - 98156 - 64444)
Email: (pardeepkaura@gmail.com)