“ਜੇ 30 ਸਾਲ ਵਿੱਚ ਪੁਰਾਣੀ ਸਬਾਤ ਦੀ ਡਾਟ ਢਾਹ ਕੇ ਪੱਕਾ ਲੈਂਟਰ ਨਹੀਂ ਪਿਆ ਤਾਂ ਆਉਂਦੇ ...”
(9 ਜੁਲਾਈ 2025)
ਕੁਝ ਦਿਨ ਪਹਿਲਾਂ ਹੀ ਮੈਂ ਆਪਣਾ 52ਵਾਂ ਜਨਮ ਦਿਨ ਲੰਘਾ ਕੇ, 53ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਬੱਚੇ ਵੱਡੇ ਹੋ ਗਏ ਹਨ। ਮੇਰੇ ਨਾ-ਚਾਹੁੰਦੇ ਵੀ ਬੱਚੇ ਬਰਥ-ਡੇ ਕੇਕ ਲੈ ਆਏ। ਹੱਥ ਵਿੱਚ ਪਲਾਸਟਿਕ ਦਾ ਚਾਕੂ ਫੜੀ ਮੈਂ ਅਣਮੰਨੇ ਜਿਹੇ ਮਨ ਨਾਲ ਰੰਗ ਬਰੰਗਾ ‘ਹੈਪੀ ਬਰਥਡੇ ਪਾਪਾ’ ਵਾਲਾ ਕੇਕ ਕੱਟ ਦਿੱਤਾ। ਬੱਚੇ ਪੂਰੇ ਚਾਅ ਨਾਲ ਤਾੜੀਆਂ ਵਜਾਉਂਦੇ, ‘ਹੈਪੀ ਬਰਥਡੇ ਪਾਪਾ’ ... ਦਾ ਸਮੂਹ ਗੀਤ ਗੁਣ-ਗੁਣਾਉਣ ਲੱਗੇ। ਪਤਨੀ ਰਸੋਈ ਵਿੱਚੋਂ ਖਾਣ ਵਾਲੀਆਂ ਚੀਜ਼ਾਂ, ਵੱਖ-ਵੱਖ ਪਲੇਟਾਂ ਵਿੱਚ ਪਾ ਕੇ ਲੈ ਆਈ।
ਉਮਰ ਦਾ ਬੀਤ ਰਿਹਾ ਹਰ ਇੱਕ ਸਾਲ ਹੁਣ ਕਿਸੇ ਖੁਸ਼ੀ ਦਾ ਸਬੱਬ ਨਹੀਂ, ਸਗੋਂ ਦੀਵੇ ਵਿੱਚੋਂ ਮੁੱਕਦੇ ਜਾਂਦੇ ਤੇਲ ਦੀ ਯਾਦ ਦਿਵਾਉਂਦਾ ਹੈ। ਮੈਂ ਕਦੇ ਭਵਿੱਖ ਦੀਆਂ ਚਿੰਤਾਵਾਂ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਂਦਾ, ਕਦੇ ਅਤੀਤ ਦੇ ਸਿਆਹ ਹਨੇਰਿਆਂ ਵਿੱਚ ਡਿੱਕ-ਡੋਲੇ ਖਾਣ ਲਗਦਾ। 27-28 ਵਰ੍ਹਿਆਂ ਦਾ ਸੰਘਰਸ਼ ਭਰਿਆ ਜੀਵਨ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਿਅ। ਬੀਤੇ ਦੇ ਵਰਕਿਆਂ ’ਤੇ ਅਸਫਲਤਾਵਾਂ ਦੇ ਅਨੇਕ ਬਦ-ਨੁਮਾ ਦਾਗ ਮੂੰਹ-ਚਿੜਾਉਣ ਲੱਗੇ। ਕਾਲੇ ਬੱਦਲਾਂ ਵਰਗੇ ਘੋਰ ਸਿਆਹ ਅਤੀਤ ਦੇ ਅਸਮਾਨ ਵਿੱਚ ਮਹਿਜ਼ ਇੱਕ-ਦੁੱਕਾ ਸਕੂਨ ਦੇ ਪਲ ਤਾਰਿਆਂ ਵਾਂਗ ਜਗਮਗਾ ਰਹੇ ਹਨ। ਇਹੀ ਮੇਰੀ ਜ਼ਿੰਦਗੀ ਦਾ ਹਾਸਲ ਹਨ, ਜਿਨ੍ਹਾਂ ’ਤੇ ਮੈਂ ਮਾਣ ਕਰ ਸਕਦਾ ਹਾਂ। ਸ਼ਾਇਦ ਇਹ ਦਾਸਤਾਨ ਮੇਰੇ ਇਕੱਲੇ ਦੀ ਨਹੀਂ, ਸਗੋਂ ਮੇਰੀ ਪੀੜ੍ਹੀ ਦੇ ਬਹੁਤ ਸਾਰੇ ਹੇਠਲੇ ਦਰਜੇ ਦੇ ਮੱਧਵਰਗੀ ਬਾਪਾਂ ਦੀ ਹੋਣੀ ਦੀ ਲਖਾਇਕ ਹੋਵੇਗੀ। ਹੁਣ ਚਿੰਤਾਵਾਂ ਅਤੇ ਜ਼ਿੰਮੇਵਾਰੀਆਂ ਦਾ ਭੰਨਿਆ ਸਰੀਰ, ਥਕੇਵਾਂ ਅਤੇ ਅਕੇਵਾਂ ਮੰਨਣ ਲੱਗ ਪਿਆ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀ ਦਾ ਅਰਥ ਹੈ, “ਭਾਗ ਮਿਲਖਾ ਭਾਗ।” ਪ੍ਰਾਈਵੇਟ ਨੌਕਰੀ ਕਰਦਿਆਂ ਸਕੂਨ ਭਰੀ ਜ਼ਿੰਦਗੀ ਦੀ ਕਿਆਸ ਕਰਨੀ ਵੀ ਬੇ-ਮਾਇਨੀ ਹੈ। ਮੈਨੂੰ ‘ਰਾਬਰਟ ਕਿਓਸਿਕੀ’ ਦੀ ਪੁਸਤਕ ‘ਰਿਚ ਡੈਡ, ਪੂਅਰ ਡੈਡ’ ਯਾਦ ਆਉਂਦੀ ਹੈ। ਮੈਨੂੰ ਖਿਆਲ ਆਇਆ, ਵੱਡੀ ਬੇਟੀ ਦੀ ਸ਼ਾਦੀ ਕਰਨੀ ਹੈ, ਹੋਰ ਦੋ ਸਾਲਾਂ ਨੂੰ ਛੋਟੀ ਵੀ ਪੜ੍ਹਨ ਲਈ ਬਾਹਰ ਚਲੀ ਜਾਵੇਗੀ। … ਚੰਗੀ ਭਲੀ, ਤੁਰੀ ਫਿਰਦੀ ਡੀਜ਼ਲ ਵਾਲੀ ਕਾਰ ਨੂੰ ਬਦਲਾਉਣ ਲਈ ਦਿੱਲੀ ਵਾਲਾ ਮੰਤਰੀ ਦਬਕੇ ਮਾਰੀ ਜਾਂਦੇ ਹਨ, ਕਿਸ਼ਤਾਂ ’ਤੇ ਲੈ-ਲੈ ਕੇ ਹਰੇਕ ਕਮਰੇ ਵਿੱਚ ਲਵਾਏ ਏ.ਸੀ. ਬਿਜਲੀ ਦੇ ਬਿੱਲਾਂ ਦੇ ਫੱਟੇ ਚੱਕੀ ਜਾਂਦੇ ਹਨ। ਉੱਤੋਂ ਨਿੱਤ-ਦਿਹਾੜੀ ਦੇ ਖਰਚੇ ਜਿਊਣ ਨਹੀਂ ਦਿੰਦੇ। ਉਂਜ ਆਕਾਸ਼ਵਾਣੀ ਅਤੇ ਨਿਊਜ਼ ਚੈਨਲਜ਼ ’ਤੇ ਖਬਰਾਂ ਪੜ੍ਹਨ ਵਾਲੀਆਂ ਬੀਬੀਆਂ ਨੂੰ ਪਤਾ ਨਹੀਂ ਇਹ ਅੰਕੜੇ ਕੌਣ ਦੇ ਜਾਂਦਾ ਹੈ - ਭਾਰਤੀ ਲੋਕ ਲਗਾਤਾਰ ਖੁਸ਼ਹਾਲ ਹੋ ਰਹੇ ਹਨ ... ਪ੍ਰਤੀ ਵਿਅਕਤੀ ਆਮਦਨ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਸ਼ਾਇਦ ਉਹ ਕਸੇ ਹੋਰ ਭਾਰਤੀਆਂ ਦੀ ਗੱਲ ਕਰਦੀਆਂ ਹੋਣ, ਭਾਰਤ ਵਿੱਚ ਕਿਹੜਾ ਇਕੱਲਾ ਮੈਂ ਰਹਿੰਦਾ ਹਾਂ? ਇੱਥੇ ਤਾਂ ਚੰਗੇ ਭਲੇ ਦੋਂਹ ਜੀਆਂ ਦੀ ਤਨਖਾਹ ਨਾਲ ਰਾੜਾ-ਬੀੜਾ ਹੀ ਮਸਾਂ ਹੁੰਦਾ ਹੈ। ਸ਼ਾਇਦ ਰਸੂਲ ਹਮਜ਼ਾਤੋਵ ਵੀ ਸ਼ਾਇਦ ਘੁਮਾ-ਫਿਰਾ ਕੇ ਮੈਨੂੰ ਹੀ ਕਹਿੰਦਾ ਹੋਵੇ, “ਬੱਚੂ ਜੇ ਸਾਰੀ ਉਮਰ ਜੁੱਤੀਆਂ ਘਸਾ ਕੇ ਚਾਰ ਧੇਲੇ ਨਹੀਂ ਜੁੜੇ ਤਾਂ ਰਹਿੰਦੇ ਚਾਰ ਸਾਲਾਂ ਵਿੱਚ ਕਿਹੜੀ ਭਾਨ ’ਕੱਠੀ ਕਰ ਲਵੇਂਗਾ? ... ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। ਉਂਜ ਹੈ ਤਾਂ ਕੌੜੀ ਸਚਾਈ, ਜੇ ਅਜੇ ਤਕ ਨਹੀਂ ਬਣੇ ਨਹੀਂ ਤਾਂ ਕਾਕਾ ਜੀ, ਬਚੀ ਉਮਰ ਵਿੱਚ ਬਣਨੇ ਵੀ ਨਹੀਂ ... ਮੇਰੇ ਦਿਮਾਗ ਦੇ ਕਿਸੇ ਕੋਨੇ ਵਿੱਚ ਜ਼ੋਰ ਦੀ ਆਵਾਜ਼ ਆਈ।
ਮੈਂ ਬੀਤੇ ਦੀ ਘਟਾਓ ਅਤੇ ਆਉਣ ਵਾਲੇ ਸਮੇਂ ਦੀ ਤਕਸੀਮ ਵਿੱਚ ਹੋਰ ਗਹਿਰਾ ਉੱਤਰਦਾ ਚਲਾ ਗਿਆ। ਸੰਸਾਰ ਦੁੱਖਾਂ ਦਾ ਘਰ ਹੈ ... ਇੱਛਾਵਾਂ ਦਾ ਕੋਈ ਅੰਤ ਨਹੀਂ ... ਦੁਨੀਆਂ ਜਿੱਤੀ ਨਹੀਂ ਜਾ ਸਕਦੀ ... ਪਤਾ ਨਹੀਂ ਕੀ-ਕੁਝ, ਇੱਕੋ ਸਮੇਂ ਮੇਰੇ ਦਿਮਾਗ ਵਿੱਚ ਵਾ-ਵਰੋਲਾ ਬਣਕੇ ਘੁੰਮਣ ਲੱਗ।
ਵੱਡੀ ਬੇਟੀ ਨੇ ਪੁੱਛਿਆ, “ਪਾਪਾ, ਇੱਕ ਸਮੋਸਾ ਹੋਰ ਲਵੋਂਗੇ?”
ਮੈਨੂੰ ਕੁਝ ਨਹੀਂ ਸੁੱਝਾ, ਹਾਂ ਆਖਾਂ ਜਾਂ ਨਾ। ਮੈਥੋਂ ਜਵਾਬ ਹੀ ਨਾ ਦਿੱਤਾ ਗਿਆ। ਛੋਟੀ ਬੇਟੀ ਨੇ ਆਪ-ਮੁਹਾਰੇ ਵੱਡੀ ਸਾਰੀ ਪੈਟੀਜ਼ ਮੇਰੀ ਪਲੇਟ ਵਿੱਚ ਰੱਖ ਕੇ ਟਮਾਟੋ-ਸੋਸ ਵਾਲੀ ਬੋਤਲ ਮੂਧੀ ਕਰ ਦਿੱਤੀ। ਇਹ ਸਾਰੇ ਕੁਝ ਇੱਕ ਵਾਰ ਮੇਰੀ ਸੋਚਾਂ ਦੀ ਲੜੀ ਵਿੱਚ ਵਿਘਨ ਜਿਹਾ ਪਾ ਦਿੱਤਾ। ਮੇਰਾ ਡਰਾਇੰਗ ਰੂਮ ਵਿੱਚੋਂ ਉੱਠ ਕੇ ਬਾਹਰ ਚਲੇ ਜਾਣ ਨੂੰ ਦਿਲ ਕਾਹਲਾ ਪੈਣ ਲੱਗ। ਇਸ ਤਰ੍ਹਾਂ ਕਰਨਾ ਸਾਰਿਆਂ ਨੂੰ ਬਹੁਤ ਬੁਰਾ ਲੱਗੇਗਾ, ਇਹ ਸੋਚ ਕੇ ਮੈਂ ਦਿਮਾਗ ਵਿੱਚ ਖਰੂਦ ਮਚਾ ਰਹੇ ਵਿਚਾਰਾਂ ਦੇ ਜਵਾਰ-ਭਾਟੇ ਦੀਆਂ ਲਹਿਰਾਂ ਨੂੰ ਸ਼ਾਂਤ ਕਰਨ ਦੇ ਆਹਰ ਵਿੱਚ ਜੁੱਟ ਗਿਆ। ... ਦੋ ਹੀ ਰਾਹ ਬਚੇ ਨੇ ... ਇੱਕ ਤਾਂ ਉਹੀ ਕਿ ਇੱਕ ਵਾਰ ਫਿਰ ਜ਼ਿੰਦਗੀ ਦੀ ਕੁੱਤੇ-ਦੌੜ ਦਾ ਹਿੱਸਾ ਬਣ ਜਾਈਏ। ਜਿਹੜਾ ਘੱਟਾ ਪਿਛਲੇ 30 ਸਾਲਾਂ ਤੋਂ ਢੋਈ ਜਾਂਦੇ ਹਾਂ, ਉਸ ਨੂੰ ਮਾਲਕ ਦੀ ਰਜ਼ਾ ਸਮਝ ਕੇ ਇੱਕ ਨੀਮ-ਬੇਹੋਸ਼ੀ ਵਾਲੀ ਜ਼ਿੰਦਗੀ ਦੇ ਮਾਇਆ ਦੇ ਚੱਕਰ-ਚੂੰਡੇ ਵਿੱਚ ਫਿਰ ਤੋਂ ਜੁੱਟ ਜਾਈਏ। ਸਿਹਤ ਅਤੇ ਮਾਨਸਿਕ ਸ਼ਾਂਤੀ ਦਾਅ ’ਤੇ ਲਾ ਕੇ, ਤਣਾਓ ਭਰੀ ਜ਼ਿੰਦਗੀ ਜਿਊਂਦੇ ਹੋਏ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ। ਆਪਣੇ ‘ਅਹੰ’ ਨੂੰ ਪੱਠੇ ਪਾਉਣ ਲਈ ਕਿਸ਼ਤਾਂ ’ਤੇ ਹੋਰ ਮਹਿੰਗੀ ਬਿਪਤਾ ਸਹੇੜੀ ਜਾਵੇ ਅਤੇ ਰਹਿੰਦੀ ਉਮਰ ਕਿਸ਼ਤਾਂ ਤਾਰੀਆਂ ਜਾਣ। ਮੂੰਗੀ ਦੀ ਦਾਲ ਨਾਲ ਤਵੇ ਦੀ ਗਰਮ ਰੋਟੀ ਦੀ ਥਾਂ, ਡੋਮੀਨੋਜ਼ ਤੋਂ ਪੀਜ਼ੇ ਮੰਗਵਾ ਕੇ ਖਾਧੇ ਜਾਣ ਅਤੇ ਵਟਸਐਪ ’ਤੇ ਸਟੇਟਸ ਪਾਉਣ ਖਾਤਰ ਮਹਿੰਗੇ ਰੈਸਟੋਰੈਂਟ ’ਤੇ ਖਾਣਾ ਖਾ ਕੇ ਛਿੱਲ ਲੁਹਾਈ ਜਾਵੇ। ਟੌਹਰ-ਟੱਪੇ ਲਈ ਹੱਥ ਵਿੱਚ ਮਹਿੰਗਾ ਮੋਬਾਇਲ ਰੱਖਿਆ ਜਾਵੇ। ਕੰਮ ਤੋਂ ਅੱਕੇ-ਥੱਕੇ ਘਰਾਂ ਨੂੰ ਆਈਏ ਅਤੇ ਗੱਲ-ਗੱਲ ’ਤੇ ਕਦੇ ਬੱਚਿਆਂ ਨੂੰ ਅਤੇ ਕਦੇ ਘਰਵਾਲੀ ਨੂੰ ਖਾਣ ਨੂੰ ਪਈਏ। ਪਹਿਲਾਂ ਕੋਈ ਵੱਡੀ ਸਾਰੀ ਬਿਮਾਰੀ ਲਵਾ ਕੇ ਸਿਹਤ ਦਾਅ ’ਤੇ ਲਾਈ ਜਾਵੇ ਅਤੇ ਫਿਰ ਮਹਿੰਗੇ ਡਾਕਟਰ ਦੇ ਇਲਾਜ ਵਿੱਚ ਕਮਾਈ ਖਰਚੀ ਜਾਵੇ। ਦਿਮਾਗ ਦੀ ਸਮਝ ਅਤੇ ਮਨ ਦੀ ਭਟਕਣ ਵਿੱਚ ਵਿਰੋਧਾਭਾਸੀ ਟਕਰਾਓ ਹੋਣ ਲੱਗ। ਮਨ ਕਹਿੰਦਾ ਹੈ ਬੱਲਿਆ! ਇੱਕ ਵਾਰ ਫਿਰ ਦੇਖ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਅਤੇ ਬਣ ਜਾ ਕੋਹਲੂ ਦਾ ਬੈਲ।
ਉਂਜ ਮਨ ਕੋਲ ਦਿਮਾਗ ਦੇ ਇਸ ਤਰਕ ਦਾ ਕੋਈ ਤੋੜ ਨਹੀਂ ਕਿ ਜੇ 30 ਸਾਲ ਵਿੱਚ ਪੁਰਾਣੀ ਸਬਾਤ ਦੀ ਡਾਟ ਢਾਹ ਕੇ ਪੱਕਾ ਲੈਂਟਰ ਨਹੀਂ ਪਿਆ ਤਾਂ ਆਉਂਦੇ ਪੰਜਾਂ-ਸੱਤਾਂ ਸਾਲਾਂ ਵਿੱਚ ਕਿਹੜੇ ਚੁਬਾਰੇ ਪੈ ਜਾਣਗੇ? ... ਦੂਰੋਂ ਲਾਊਡ ਸਪੀਕਰ ਵਿੱਚੋਂ ਆਵਾਜ਼ ਆਉਂਦੀ ਹੈ, “ਪਿੱਛਾ ਪਿੱਛੇ ਛੁੱਟਿਆ ਸੱਜਣਾ, ਅੱਗਾ ਢੁੱਕਿਆ ਕੋਲ ... ਮਨਾਂ ਵੇ ਸਾਂਈ-ਸਾਂਈ ਬੋਲ।” ਮਨ ਦੂਸਰੇ ਰਸਤੇ ਵੱਲ ਅਹੁਲਿਆ, ਦੁਨੀਆਂ ਜਿੱਤੀ ਨਹੀਂ ਜਾ ਸਕਦੀ …। ਮਿਰਗ-ਤ੍ਰਿਸ਼ਨਾ ਦੀ ਭਟਕਣ ਸੰਸਾਰਕ ਵਸਤਾਂ ਨੂੰ ਪਾਉਣ ਨਾਲ ਮਿਟਦੀ ਨਹੀਂ, ਸਗੋਂ ਹੋਰ ਪ੍ਰਚੰਡ ਹੁੰਦੀ ਹੈ। ਇੱਛਾਵਾਂ ਦਾ ਕੋਈ ਅੰਤ ਨਹੀਂ। ਆਖਰ ਸਚਾਈ ਤਾਂ ਇਹੀ ਹੈ ਜੋ ਕਿ ਇੱਕ ਦਿਨ ਤਾਂ ਸਵੀਕਾਰ ਕਰਨੀ ਹੀ ਪੈਣੀ ਹੈ। ‘ਮਨਿ ਜੀਤੈ ਜਗੁ ਜੀਤ।’ ਫਿਰ ਠੀਕ ਹੈ, ਅੱਜ ਤੋਂ ਹੀ ਸਾਦ-ਮੁਰਾਦੀ ਅਤੇ ਸਿੱਧ-ਪੱਧਰੀ ਜ਼ਿੰਦਗੀ ਦੀ ਸ਼ੁਰੂਆਤ ਕਰ ... ਸੋਚ-ਵਿਚਾਰ ਦੀ ਕਸ਼ਮਕਸ਼ ਵਿੱਚੋਂ ਬਾਹਰ ਨਿਕਲਦਿਅਅਂ ਮੈਂ ਮਨੋ-ਮਨ ਫੈਸਲਾ ਕੀਤ।
“ਪਾਪਾ, ਅੱਜ ਬਾਹਰ ਖਾਣਾ ਖਾਣ ਚੱਲਦੇ ਹਾਂ।” ਬੇਟੀਆਂ ਆਖਣ ਲੱਗੀਆਂ।
“ਨਹੀਂ ਬੇਟਾ, ਤੇਰੀ ਮੰਮੀ ਮੂੰਗੀ ਦੀ ਦਾਲ ਬਹੁਤ ਸੁਆਦ ਬਣਾਉਂਦੀ ਐ। ਅੱਜ ਤਵੇ ਦੇ ਗਰਮ-ਗਰਮ ਫੁਲਕੇ, ਦਾਲ ਨਾਲ ਖਾਵਾਂਗੇ।” ਆਖ ਮੈਂ ਚਹਿਕ ਉੱਠਿਆ।
“ਨਹੀਂ ਪਾਪਾ! ਕੇਕ, ਪੈਟੀਜ਼, ਸਮੋਸਾ, ਪੀਜ਼ਾ, ਬਹੁਤ ਕੁਝ ਖਾ ਲਿਆ। ਅਸੀਂ ਤਾਂ ਤੁਹਾਡੇ ਕਰਕੇ ਕਹਿੰਦੀਆਂ ਸੀ।” ਕਹਿਕੇ ਉਹ ਆਪਣੇ ਕਮਰੇ ਵੱਲ ਚਲੀਆਂ ਗਈਆਂ। ਪਤਨੀ ਮੂੰਹ ਮਸੋਸ ਕੇ ਰਸੋਈ ਵੱਲ ਨੂੰ ਹੋ ਤੁਰੀ। ਜਿਵੇਂ ਮੈਂ ਉਨ੍ਹਾਂ ਦੀ ਕਿਸੇ ਵੱਡੀ ਪਲਾਨਿੰਗ ਉੱਤੇ ਪਾਣੀ ਫੇਰ ਦਿੱਤਾ ਹੋਵੇ।
ਕੁਝ ਦੇਰ ਬਾਅਦ ਪਤਨੀ ਆ ਕੇ ਪੁੱਛਣ ਲੱਗੀ, “ਮੈਂ ਪੁੱਛਦੀ ਆਂ ... ਥੋਨੂੰ ਹੋਇਆ ਕੀ ਗਿਆ ਅੱਜ? ਬੱਚਿਆਂ ਨੇ ਐਨੀ ਰੀਝ ਨਾਲ ਪਤਾ ਨਹੀਂ ਕੀ ਕੁਝ ਮੰਗਵਾਇਆ ਸੀ, ਤੇ ਤੁਸੀਂ ਮੂੰਹ ਸੁਜਾ ਕੇ ਬੈਠੇ ਰਹੇ। ਹੁਣ ਫਿਰ ਗੁੰਮ-ਸੁੰਮ ਹੋਏ ਕੀ ਸੋਚੀ ਜਾਂਦੇ ਓਂ?” ਉਸਦੀ ਆਵਾਜ਼ ਵਿੱਚ ਤਲਖੀ ਅਤੇ ਖਿਝ ਸਾਫ ਝਲਕਦੀ ਸੀ।
“ਕੁਛ ਨਹੀਂ, ਸ਼ਾਇਦ ਮੈਂ ਗਲਤ ਫੈਸਲਾ ਕਰ ਬੈਠਾ ਸੀ ... ਹੁਣ ਸਭ ਠੀਕ ਐ। ਤੂੰ ਵੀ ਹੋ ਜਾ ਤਿਆਰ ਅਤੇ ਬੱਚਿਆਂ ਨੂੰ ਵੀ ਮਾਰ ਅਵਾਜ, ਆਪਾਂ ਬਾਹਰ ਰੋਟੀ ਖਾਣ ਚੱਲਦੇ ਹਾਂ।” ਮੈਂ ਆਪਣੀ ਆਤਮਾ ਦੀ ਆਵਾਜ਼ ਨੂੰ ਅਣਸੁਣਿਆ ਕਰਕੇ ਫਿੱਕੀ ਜਿਹੀ ਹਾਸੀ ਹੱਸਦਾ ਹੋਇਆ ਤਿਆਰ ਹੋਣ ਲਈ ਬੈੱਡਰੂਮ ਵੱਲ ਚਲਾ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)