NavSangeetSingh7ਸਮਾਜ ਵਿੱਚ ਦੋ ਧੜੇ ਬਣ ਗਏ ਹਨ, ਸਮਰਥਕ ਅਤੇ ਵਿਰੋਧੀ। ਕੁੱਤੇ ਆਲੇ-ਦੁਆਲੇ ...StrayDogs1
(3 ਜੂਨ 2026)


StrayDogs1

 

 

 

  

ਕੌਣ ਹੋਵੇਗਾ ਸਾਡਾ ਅਗਲਾ ਸ਼ਿਕਾਰ?

ਇਨ੍ਹੀਂ ਦਿਨੀਂ ਦੇਸ਼ ਵਿੱਚ ਕੁੱਤੇ ਬਹੁਤ ਹੰਗਾਮਾ ਕਰ ਰਹੇ ਹਨ। ਲੋਕ ਆਪਣੇ ਅਜ਼ੀਜ਼ਾਂ ਨੂੰ ਉੰਨਾ ਪਿਆਰ ਨਹੀਂ ਕਰਦੇ
, ਜਿੰਨਾ ਉਹ ਕੁੱਤਿਆਂ ਨੂੰ ਕਰਦੇ ਹਨ। ਲੋਕ ਆਪਣੇ ਬੱਚੇ ਪਾਲਣ ਦੀ ਬਜਾਏ ਕੁੱਤੇ ਪਾਲਣੇ ਪਸੰਦ ਕਰਨ ਲੱਗੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਪਤਨੀਆਂ ਨੇ ਆਪਣੇ ਪਤੀਆਂ ਨੂੰ ਆਪਣਿਆਂ ਕਮਰਿਆਂ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਕੁੱਤੇ ਕਮਰੇ ਵਿੱਚ ਰੱਖਣ ਲੱਗ ਪਈਆਂ ਹਨ। ਪਤੀਆਂ ਦਾ ਵੀ ਇਹੋ ਹਾਲ ਹੈ। ਇਨਸਾਨ ਕੁੱਤਿਆਂ ’ਤੇ ਇਨਸਾਨਾਂ ਨਾਲੋਂ ਵੱਧ ਭਰੋਸਾ ਕਰਦੇ ਹਨ। ਕੁੱਤੇ ਹਮੇਸ਼ਾ ਵਫਾਦਾਰੀ ਦਾ ਪ੍ਰਤੀਕ ਰਹੇ ਹਨ। ਕੁੱਤਿਆਂ ਦਾ ਬਿਨਾਂ ਸ਼ਰਤ ਪਿਆਰ ਅੱਜ ਵੀ ਦੇਖਣ ਨੂੰ ਮਿਲਦਾ ਹੈ, ਜਦੋਂ ਕਿ ਇਹ ਗੁਣ ਮਨੁੱਖ ਵਿੱਚ ਖਤਮ ਹੋ ਗਿਆ ਹੈ।

ਕੁੱਤਿਆਂ ਵਿੱਚ ਕੱਟਣ ਦੀ ਪ੍ਰਵਿਰਤੀ ਹੁੰਦੀ ਹੈ। ਉਹ ਸਦੀਆਂ ਤੋਂ ਕੱਟਦੇ ਆ ਰਹੇ ਹਨ। ਸਮਾਜ ਵਿੱਚ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਪਿਛਲੇ ਕੁਝ ਸਮੇਂ ਤੋਂ ਕੁੱਤੇ ਜ਼ਿਆਦਾ ਹੀ ਵੱਢ ਰਹੇ ਹਨਹਰ ਰੋਜ਼ ਸ਼ਹਿਰਾਂ ਵਿੱਚ ਕੁੱਤੇ ਕਿਸੇ ਨਾ ਕਿਸੇ ਨੂੰ ਵੱਢਦੇ ਹਨ, ਅਤੇ ਸਿਰਫ ਥੋੜ੍ਹਾ ਜਿਹਾ ਨਹੀਂ, ਸਗੋਂ ਇੰਨਾ ਜ਼ਿਆਦਾ ਵੱਢ ਰਹੇ ਹਨ ਕਿ ਲੋਕ ਮਰ ਰਹੇ ਹਨ। ਕੁੱਤਿਆਂ ਨੇ ਬਹੁਤ ਸਾਰੇ ਛੋਟੇ-ਛੋਟੇ ਬੱਚਿਆਂ ਨੂੰ ਮਾਰ ਦਿੱਤਾ ਹੈ। ਪਿਛਲੇ ਦੋ ਸਾਲਾਂ ਤੋਂ ਦਿੱਲੀ ਵਿੱਚ ਕੁੱਤਿਆਂ ਦੇ ਵੱਢਣ ਦੀ ਘਟਨਾਵਾਂ ਵਧੀਆਂ ਹਨ2022 ਵਿੱਚ ਕੁੱਤਿਆਂ ਦੇ ਕੱਟਣ ਦੇ 6,700 ਮਾਮਲੇ ਸਾਹਮਣੇ ਆਏ ਸਨ ਅਤੇ 2024 ਵਿੱਚ ਇਹ ਅੰਕੜਾ 25 ਹਜ਼ਾਰ ਤਕ ਪਹੁੰਚ ਗਿਆ। ਹਰ ਰਾਜ ਵਿੱਚ ਇਹੋ ਸਥਿਤੀ ਹੈ। ਇਨ੍ਹਾਂ ਕੁੱਤਿਆਂ ਦੇ ਆਤੰਕ ਤੋਂ ਤੰਗ ਆ ਕੇ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹਿਰਾਂ ਨੂੰ ਇਨ੍ਹਾਂ ਤੋਂ ਮੁਕਤ ਕੀਤਾ ਜਾਵੇ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕੁੱਤਿਆਂ ਨੂੰ ਫੜ ਕੇ ‘ਡੌਗ ਸ਼ੈਲਟਰ’ ਵਿੱਚ ਰੱਖਿਆ ਜਾਵੇ। ਜਿਵੇਂ ਹੀ ਇਹ ਹੁਕਮ ਆਇਆ, ਕੁੱਤਾ-ਪ੍ਰੇਮੀ ਸੜਕਾਂ ’ਤੇ ਉੱਤਰ ਆਏ। ਵੱਡੇ-ਵੱਡੇ ਨਾਅਰਿਆਂ ਵਾਲੇ ਤਖਤੀਆਂ ਫੜ ਕੇ ਕਹਿਣ ਲੱਗ ਪਏ, “ਇਹ ਅਵਾਰਾ ਨਹੀਂ, ਇਹ ਸਾਡੇ ਹਨ।”

ਫਿਰ ਦੂਸਰੇ ਕਹਿਣ ਲੱਗ ਪਏ, ਜੇ ਇਹ ਤੁਹਾਡੇ ਹਨ ਤਾਂ ਇਨ੍ਹਾਂ ਨੂੰ ਆਪਣੇ ਘਰੀਂ ਲੈ ਜਾਓ।”

ਕੁੱਤਿਆਂ ਦੇ ਪ੍ਰੇਮੀ ਕੁੱਤਿਆਂ ਨੂੰ ਘਰੀਂ ਵੀ ਨਹੀਂ ਲਿਜਾਣਗੇ, ਕਿਉਂਕਿ ਅਜਿਹੀ ਜ਼ਿੰਮੇਵਾਰੀ ਕੌਣ ਲੈ ਸਕਦਾ ਹੈ? ਕਈਆਂ ਦਾ ਕੁੱਤਾ-ਪ੍ਰੇਮ ਤਾਂ ਸਿਰਫ ਇਸ ਲਈ ਹੈ ਕਿਉਂਕਿ ਪੰਡਿਤ ਜੀ ਨੇ ਉਨ੍ਹਾਂ ਦੀ ਹਾਲਤ ਦੇਖਣ ਪਿੱਛੋਂ ਕਿਹਾ ਹੈ ਕਿ ਕੁੱਤੇ ਨੂੰ ਦੁੱਧ ਪਿਆਉਣਾ ਹੈ। ਘਿਓ-ਸ਼ੱਕਰ ਵਾਲੀ ਰੋਟੀ ਖੁਆਉਣ ਨੂੰ ਕਿਹਾ ਹੈ। ਜਿਨ੍ਹਾਂ ਦੇ ਆਪਣਿਆਂ ਦੀ ਜਾਨ ਕੁੱਤਿਆਂ ਕਰਕੇ ਚਲੀ ਗਈ ਹੈ, ਉਹ ਕੁੱਤਿਆਂ ਨੂੰ ਵੇਖਣਾ ਵੀ ਨਹੀਂ ਚਾਹੁੰਦੇ। ਸਮਾਜ ਵਿੱਚ ਦੋ ਧੜੇ ਬਣ ਗਏ ਹਨ, ਸਮਰਥਕ ਅਤੇ ਵਿਰੋਧੀ। ਕੁੱਤੇ ਆਲੇ-ਦੁਆਲੇ ਦੇਖ ਰਹੇ ਹਨ ਕਿ ਲੋਕ ਉਨ੍ਹਾਂ ਬਾਰੇ ਕੀ ਫੈਸਲਾ ਲੈ ਰਹੇ ਹਨ।

ਸਾਡਾ ਇੱਕ ਕੋਰਟ ਕੇਸ ਚੱਲ ਰਿਹਾ ਹੈ। ਅੱਠ ਸਾਲ ਹੋ ਗਏ ਹਨ। ਇਨਸਾਨਾਂ ਦੇ ਮੁਕੱਦਮੇ ਕਈ-ਕਈ ਸਾਲ ਚਲਦੇ ਰਹਿੰਦੇ ਹਨ। ਸਾਡੇ ਇੱਥੇ ਨਿਆਂ ਦੀ ਰਫਤਾਰ ਥੋੜ੍ਹੀ ਮੱਧਮ ਹੈ। ਕੁੱਤਿਆਂ ਨੇ ਦਸ ਦਿਨਾਂ ਵਿੱਚ ਆਪਣਾ ਕੇਸ ਜਿੱਤ ਲਿਆ ਹੈ। ਲੋਕਾਂ ਨੇ ਲੱਡੂ ਵੰਡੇ ਅਤੇ ਸਰਕਾਰ ਨੂੰ ਕਿਹਾ, “ਕੁੱਤਿਆਂ ਨੂੰ ਨਹੀਂ, ਭ੍ਰਿਸ਼ਟਾਚਾਰ ਨੂੰ ਖਤਮ ਕਰੋ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, “ਫੜੇ ਗਏ ਕੁੱਤਿਆਂ ਦੀ ਨਸਬੰਦੀ ਕਰਕੇ ਛੱਡ ਦਿੱਤਾ ਜਾਵੇਗਾ ਅਤੇ ਖਤਰਨਾਕ ਕੁੱਤਿਆਂ ਨੂੰ ਕੈਦ ਵਿੱਚ ਰੱਖਿਆ ਜਾਵੇਗਾ।”

ਹੁਣ ਇੱਕ ਕੁੱਤਿਆਂ ਦੇ ਮੰਤਰੀ ਨੇ ਪੁੱਛਿਆ ਹੈ, “ਇਹ ਕਿਵੇਂ ਨਿਰਧਾਰਤ ਕੀਤਾ ਜਾਵੇਗਾ ਕਿ ਕੁੱਤਾ ਕਿੰਨਾ ਖਤਰਨਾਕ ਹੈ?” ਸ਼ਾਇਦ ਕੋਈ ਥਰਮਾਮੀਟਰ ਬਣਾਇਆ ਜਾਵੇ। ਇਸ ਪੈਮਾਨੇ ’ਤੇ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜੋ ਵੀ ਕੁੱਤਿਆਂ ਨੂੰ ਫੜਨ ਤੋਂ ਰੋਕੇਗਾ, ਉਸ ਵਿਅਕਤੀ ਨੂੰ ਪੱਚੀ ਹਜ਼ਾਰ ਰੁਪਏ ਅਤੇ ਕਿਸੇ ਵੀ ਸੰਸਥਾ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਹੁਕਮ ਨਾਲ ਬਹੁਤ ਹਲਚਲ ਮੱਚੀ ਹੋਈ ਹੈ। ਲੋਕ ਮਨੁੱਖਾਂ ਨਾਲੋਂ ਕੁੱਤਿਆਂ ਬਾਰੇ ਜ਼ਿਆਦਾ ਚਿੰਤਿਤ ਹਨ। ਮੇਰਾ ਦੇਸ਼ ਕਿੰਨਾ ਦਿਆਲੂ ਹੈ! ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਕੁੱਤਿਆਂ ਨੂੰ ਖਾਣਾ ਖੁਆਉਣ ਲਈ ਇੱਕ ਜਗ੍ਹਾ ਨਿਰਧਾਰਤ ਕੀਤੀ ਜਾਵੇਗੀ। ਕਿਸੇ ਵੀ ਹਾਲਤ ਵਿੱਚ ਕੋਈ ਵੀ ਸੰਸਥਾ ਜਾਂ ਵਿਅਕਤੀ ਸੜਕ ਉੱਤੇ ਕੁੱਤਿਆਂ ਨੂੰ ਖਾਣਾ ਨਹੀਂ ਖੁਆਏਗਾ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਹੁਤ ਸਾਰੇ ਲੋਕਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਕੁੱਤੇ ਖੁਸ਼ ਹਨ ਕਿ ਲੋਕ ਉਨ੍ਹਾਂ ਲਈ ਕੁੱਤਿਆਂ ਵਾਂਗ ਲੜ ਰਹੇ ਹਨ। ਅਖਬਾਰਾਂ ਦੀਆਂ ਸੁਰਖੀਆਂ ਵਿੱਚ ਉਨ੍ਹਾਂ ਦਾ ਨਾਂ ਹੈ। ਮੈਂ ਕੁੱਤਿਆਂ ਦੇ ਸਰਦਾਰ ਨੂੰ ਪੁੱਛਿਆ, “ਅੱਜਕੱਲ੍ਹ ਬੜੇ ਛਾਏ ਹੋਏ ਹੋ! ਕਵੀਆਂ ਵਾਂਗ ਹਰ ਅਖਬਾਰ ਵਿੱਚ ਤੁਹਾਡੀ ਫੋਟੋ ਹੈ। ਖੂਬ ਚਰਚਾ ਹੈ।”

ਉਸਨੇ ਬੜੇ ਮਾਣ ਨਾਲ ਕਿਹਾ, “ਹਰ ਕੁੱਤੇ ਦਾ ਸਮਾਂ ਆਉਂਦਾ ਹੈ। ਸਾਡਾ ਸਮਾਂ ਕਈ ਸਾਲਾਂ ਬਾਅਦ ਆਇਆ ਹੈ।”

ਮੈਂ ਹੈਰਾਨੀ ਨਾਲ ਪੁੱਛਿਆ, “ਪਹਿਲਾਂ ਵੀ ਸੀ?”

ਹੁਣ ਉਹਦੀ ਆਵਾਜ਼ ਮਾਣ ਨਾਲ ਭਰ ਗਈ। ਉਹ ਬੋਲਿਆ, “ਕੀ ਤੁਸੀਂ ਸਾਈਂ ਬੁੱਲੇ ਸ਼ਾਹ ਦਾ ਨਾਂ ਸੁਣਿਆ ਹੈ? ਪੰਜਾਬੀ ਸਾਹਿਤ ਵਿੱਚ ਉਨ੍ਹਾਂ ਨੇ ਸਾਨੂੰ ਤੁਹਾਡੇ ਤੋਂ ਉੱਪਰ ਲਿਖਿਆ ਹੈ।”

ਫਿਰ ਉਸ ਕੁੱਤੇ ਨੇ ਉੱਚੀ-ਉੱਚੀ ਗਾਉਣਾ ਸ਼ੁਰੂ ਕਰ ਦਿੱਤਾ:

ਰਾਤੀਂ ਜਾਗਣ ਕਰਨ ਇਬਾਦਤ,
ਰਾਤੀਂ ਜਾਗਣ ਕੁੱਤੇ,
ਕੁੱਤੇ ਸਾਥੋਂ ਉੱਤੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ

Phone: (91 - 94176 - 92015)
Email: (navsangeetsingh1957@gmail.com)