“ਮੈਂ ਦੂਰੋਂ ਬਾਈ ਦੀ ਕਾਰ ਆਉਂਦੀ ਵੇਖੀ ਤੇ ਬੀਬੀ ਨੂੰ ਕਿਹਾ, “ਮੈਂ ਹੁਣ ਚੱਲਦਾ ਹਾਂ, ਘੰਟੇ ਤਕ ...”
(19 ਫਰਵਰੀ 2023)
ਇਸ ਸਮੇਂ ਪਾਠਕ: 109.
ਉਹ ਜਦੋਂ ਵੀ ਮੈਨੂੰ ਮਿਲਦਾ, ਹਮੇਸ਼ਾ ਠਿੱਠ ਕਰਨ ਦੀ ਕੋਸ਼ਿਸ਼ ਕਰਦਾ। ਘਟੀਆ ਤੇ ਨੀਵੀਂ ਪੱਧਰ ਦੇ ਮਜ਼ਾਕ ਕਰਦਾ। ਹਾਲਾਂਕਿ ਮੈਂ ਉਹਨੂੰ ਕਦੇ ਵੀ ਕੁਝ ਨਹੀਂ ਸੀ ਕਿਹਾ। ਹੌਲੀ-ਹੌਲੀ ਮੈਂ ਉਹਨੂੰ ਮਿਲਣਾ ਘੱਟ ਕਰ ਦਿੱਤਾ। ਫਿਰ ਪਤਾ ਲੱਗਿਆ ਕਿ ਉਹ ਆਪਣੇ ਪਰਿਵਾਰ ਸਮੇਤ ਅਮਰੀਕਾ ਚਲਾ ਗਿਆ ਹੈ। ਪਰ ਸਾਲ-ਛਿਮਾਹੀ ਉਹ ਪੰਜਾਬ ਜ਼ਰੂਰ ਗੇੜਾ ਮਾਰਦਾ। ਮੈਨੂੰ ਉਸ ਬਾਰੇ ਏਧਰੋਂ-ਓਧਰੋਂ ਦੱਸ ਪੈਂਦੀ ਤਾਂ ਮੈਂ ਕੋਸ਼ਿਸ਼ ਕਰਦਾ ਕਿ ਉਹਦੇ ਸਾਹਮਣੇ ਨਾ ਹੋਇਆ ਜਾਵੇ। ਕਿਸੇ-ਕਿਸੇ ਵਾਰੀ ਤਾਂ ਉਹਦਾ ਪੰਜਾਬ-ਗੇੜਾ ਮੈਨੂੰ ਬਿਨਾਂ ਮਿਲਿਆਂ ਹੀ ਲੰਘ ਜਾਂਦਾ। ਪਰ ਐਤਕੀਂ ਮਜਬੂਰੀ-ਵੱਸ ਮੈਨੂੰ ਉਹਦੇ ਸਾਹਮਣੇ ਹੋਣਾ ਪਿਆ।
ਉਹਦੀ ਇੱਕ ਰਿਸ਼ਤੇਦਾਰ ਬੀਬੀ ਸਾਡੇ ਕੋਲ ਆਈ ਹੋਈ ਸੀ। ਵਿਚਾਰੀ ਦਾ ਅੱਗੇ-ਪਿੱਛੇ ਕੋਈ ਨਹੀਂ ਸੀ, ਨਾ ਪੇਕੇ ਨਾ ਸਹੁਰੇ। ਕਦੇ-ਕਦਾਈਂ ਸਾਡੇ ਕੋਲ਼ ਆਉਂਦੀ ਤਾਂ ਆਪਣੇ ਪੇਕਿਆਂ-ਸਹੁਰਿਆਂ ਦੀਆਂ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੀ। ਐਤਕੀਂ ਜਦੋਂ ਉਹ ਆਈ ਤਾਂ ਉਹਨੂੰ ਪਤਾ ਲੱਗਿਆ ਕਿ ਅਮਰੀਕਾ ਵਾਲਾ ਬਾਈ ਆਇਆ ਹੋਇਆ ਹੈ। ਬੀਬੀ ਨੇ ਮੈਨੂੰ ਮਿਲਾ ਕੇ ਲਿਆਉਣ ਦਾ ਤਰਲਾ ਜਿਹਾ ਕੀਤਾ। ਮੈਨੂੰ ਤਰਸ ਆ ਗਿਆ। ਭਾਵੇਂ ਮੈਂ ਜਾਣਾ ਨਹੀਂ ਸੀ ਚਾਹੁੰਦਾ।
ਅਸੀਂ ਕਾਰ ’ਤੇ ਉਹਦੇ ਘਰ ਵੱਲ ਨੂੰ ਹੋ ਤੁਰੇ। ਪਰ ਇੱਕ ਤਰਕੀਬ ਬਣਾਈ ਕਿ ਬੀਬੀ ਨੂੰ ਉਹਦੇ ਘਰ ਦੇ ਨੇੜੇ ਉਤਾਰ ਕੇ ਮੈਂ ਕਿਧਰੇ ਹੋਰ ਚਲਾ ਜਾਵਾਂਗਾ ਤੇ ਫਿਰ ਘੰਟੇ-ਦੋ ਘੰਟੇ ਪਿੱਛੋਂ ਉਹਨੂੰ ਲੈ ਆਵਾਂਗਾ। ਪਰ ਇੱਕ ਗੜਬੜ ਹੋ ਗਈ। ਇੰਨੇ ਸਾਲਾਂ ਬਾਅਦ ਜਾਣ ਕਰਕੇ ਨਾ ਤਾਂ ਮੈਨੂੰ ਉਹਦੇ ਘਰ ਦਾ ਰਾਹ ਯਾਦ ਆਇਆ ਤੇ ਨਾ ਹੀ ਧੁੰਦਲੀ ਨਜ਼ਰ ਕਰਕੇ ਬੀਬੀ ਨੂੰ ਹੀ ਪਤਾ ਲੱਗਿਆ।
ਆਖ਼ਰ ਉਹਨੂੰ ਫੋਨ ਕਰਨਾ ਪਿਆ। ਬੀਬੀ ਕੋਲ ਫੋਨ ਵੀ ਨਹੀਂ ਸੀ। ਉਹਨੇ ਮੇਰੇ ਫੋਨ ’ਤੇ ਬਾਈ ਨੂੰ ਫੋਨ ਕੀਤਾ ਤਾਂ ਉਹਦਾ ਜਵਾਬ ਆਇਆ, “ਤੁਸੀਂ ਜਿੱਥੇ ਹੋ, ਮੈਨੂੰ ਦੱਸੋ। ਮੈਂ ਆ ਕੇ ਲੈ ਜਾਂਦਾ ਹਾਂ।” ਹੁਣ ਹੋਰ ਮੁਸ਼ਕਿਲ ਹੋ ਗਈ। ਬੀਬੀ ਨੂੰ ਇਕੱਲੀ ਨੂੰ ਕਿੱਥੇ ਖੜ੍ਹਾਉਂਦਾ। ਉਹਦੇ ਕੋਲ ਫੋਨ ਵੀ ਨਹੀਂ ਸੀ ਤੇ ਜੇ ਬਾਈ ਨੂੰ ਉਹਦੇ ਟਿਕਾਣੇ ਦਾ ਪਤਾ ਨਾ ਲੱਗਿਆ ਤਾਂ ਉਹ ਦੁਬਾਰਾ ਫੋਨ ਕਰੇਗਾ, ਜੋ ਮੇਰੇ ਕੋਲ ਸੀ। ਖ਼ੈਰ ਮੈਂ ਦੁਚਿੱਤੀ ਜਿਹੀ ਵਿੱਚ ਬੀਬੀ ਕੋਲ ਖੜ੍ਹ ਗਿਆ ਤੇ ਉੰਨਾ ਚਿਰ ਖੜ੍ਹੇ ਰਹਿਣ ਬਾਰੇ ਸੋਚਿਆ, ਜਦੋਂ ਤਕ ਬਾਈ ਨਾ ਆ ਜਾਵੇ! ਮੈਂ ਦੂਰੋਂ ਬਾਈ ਦੀ ਕਾਰ ਆਉਂਦੀ ਵੇਖੀ ਤੇ ਬੀਬੀ ਨੂੰ ਕਿਹਾ, “ਮੈਂ ਹੁਣ ਚੱਲਦਾ ਹਾਂ, ਘੰਟੇ ਤਕ ਇੱਥੇ ਹੀ ਆ ਜਾਈਂ, ਮੈਂ ਆ ਕੇ ਲੈ ਜਾਵਾਂਗਾ।” ਪਰ ਸਾਡੇ ਗੱਲਾਂ ਕਰਦੇ ਕਰਦੇ ਬਾਈ ਉੱਥੇ ਆ ਗਿਆ ਤੇ ਮੈਨੂੰ ਵੀ ਘਰ ਚੱਲਣ ਨੂੰ ਕਿਹਾ।
ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਮਜਬੂਰੀ-ਵੱਸ ਜਾਣਾ ਪਿਆ। ਬੀਬੀ ਮੇਰੀ ਕਾਰ ਵਿੱਚ ਸੀ। ਬਾਈ ਨੇ ਆਪਣੀ ਕਾਰ ਮੂਹਰੇ ਲਾ ਲਈ। ਮੈਂ ਬੀਬੀ ਨੂੰ ਉਹਦੇ ਘਰ ਅੱਗੇ ਉਤਾਰ ਕੇ ਲੰਘਣਾ ਚਾਹਿਆ ਪਰ ਬਾਈ ਝੱਟ ਮੇਰੀ ਕਾਰ ਕੋਲ ਆ ਗਿਆ ਤੇ ਮੈਨੂੰ ਘਰ ਅੰਦਰ ਲੈ ਗਿਆ। ਘਰੇ ਕੋਈ ਨਹੀਂ ਸੀ। ਉਹ ਇਕੱਲਾ ਹੀ ਅਮਰੀਕਾ ਤੋਂ ਜ਼ਮੀਨ ਦੇ ਜ਼ਰੂਰੀ ਕੰਮਾਂ ਲਈ ਆਇਆ ਸੀ। ਉਹਨੇ ਸਾਨੂੰ ਕੋਲਡ ਡਰਿੰਕ ਪਿਆਇਆ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਪੀਤਾ ਤਾਂ ਕਿ ਉਹਨੂੰ ਕੋਈ ਮਜ਼ਾਕ ਕਰਨ ਦਾ ਮੌਕਾ ਨਾ ਮਿਲ ਜਾਵੇ।
ਸਰਸਰੀ ਗੱਲਾਂ ਕਰਦਿਆਂ ਉਹ ਆਪਣੀ ‘ਫਾਰਮ’ ਵਿੱਚ ਆ ਗਿਆ, “ਹੋਰ ਬਾਈ, ਕਿਵੇਂ ਚਲਦਾ ਅੱਜਕੱਲ੍ਹ? ਰਿਟਾਇਰਮੈਂਟ ਪਿੱਛੋਂ … … ਕੀ ਕਰਦੈਂ ਅੱਜਕੱਲ੍ਹ … … ਤੇਰੇ ਤਾਂ ਸਾਰੇ ਦੰਦ ਟੁੱਟੇ ਪਏ ਨੇ, ਆਹ ਵੇਖ ਮੇਰੇ ਸਾਰੇ ਪੂਰੇ ਨੇ … … ਵਾਲ ਡਾਈ ਕਰਦੈਂ? ਵੇਖ, ਮੇਰੇ ਸਾਰੇ ਵਾਲ ਚਿੱਟੇ ਹੋ ਗਏ … ਬੜਾ ਲਿੱਸਾ ਹੋ ਗਿਐਂ, ਮੈਂ ਤੈਥੋਂ ਦਸ ਸਾਲ ਵੱਡਾ ਹਾਂ … … ਅਜੇ ਵੀ ਸਿਹਤ ਵੇਖ … …” ਤੇ ਮੈਂ ‘ਹਾਂ-ਹੂੰ’ ਕਰਕੇ ਟਾਲਦਾ ਰਿਹਾ। ਪਰ ਉਹ ਤਾਂ ਜਿਵੇਂ ਸੋਚੀ ਬੈਠਾ ਸੀ, ਕਿ ਇਹ ਪ੍ਰਤੀਕਰਮ ਕਿਉਂ ਨਹੀਂ ਕਰਦਾ? ਹੋਰ ਬਹੁਤ ਸਾਰੀਆਂ ਊਟ ਪਟਾਂਗ ਗੱਲਾਂ ਕਰਨ ਪਿੱਛੋਂ ਉਹਨੇ ਕਿਹਾ, “ਮਾਰ ਕਦੇ ਅਮਰੀਕਾ ਗੇੜਾ, ਉੱਥੇ ਬੜੀਆਂ ਸਹੂਲਤਾਂ ਨੇ, ਇੱਥੇ ਕੀ ਹੈ ਇੰਡੀਆ ਵਿੱਚ? ਐਵੇਂ ਜੂਨ ਗਾਲਣੀ … … ਫਾਰਨ ਦੀ ਦਾਰੂ, ਮੇਮਾਂ, ਝੀਲਾਂ, ਸਮੁੰਦਰ, ਨਜ਼ਾਰੇ, ਐਸ਼ ਹੀ ਐਸ਼ … …।”
ਬੀਬੀ ਸਾਡੇ ਨੇੜੇ ਹੀ ਬੈਠੀ ਸੀ। ਜਦੋਂ ਉਹ ਮੇਰੇ ਨਾਲ ‘ਭਕਾਈ’ ਮਾਰ ਰਿਹਾ ਸੀ, ਬੀਬੀ ਮੇਰੀ ਹਾਲਤ ਵੇਖ ਕੇ ਲਾਚਾਰ ਜਿਹੀ ਹੋਈ ਬੈਠੀ ਸੀ। ਬਾਈ ਨੇ ਬਹੁਤ ਜ਼ੋਰ ਲਾਇਆ ਕਿ ਮੈਨੂੰ ਉਤੇਜਿਤ ਕਰੇ, ਪਰ ਉਹ ਸਫ਼ਲ ਨਾ ਹੋ ਸਕਿਆ। ਮੈਂ ਮਨ ਵਿੱਚ ਪੱਕੀ ਧਾਰੀ ਹੋਈ ਸੀ ਕਿ ਬੀਬੀ ਦੇ ਸਾਹਮਣੇ ਜਲੂਸ ਨਹੀਂ ਕੱਢਣਾ ਤੇ ਮੈਂ ਸਫਲ ਵੀ ਰਿਹਾ।
ਬਾਈ ਵਿਚਾਰਾ ਹੱਥ ਮਲਦਾ ਹੀ ਰਹਿ ਗਿਆ ਕਿ ਸ਼ਿਕਾਰ ਆਇਆ ਵੀ ਪਰ ਜਾਲ਼ ਵਿੱਚ ਨਹੀਂ ਫਸਿਆ। ਮੈਨੂੰ ਪਿਤਾ ਜੀ ਦੀ ਇਹ ਗੱਲ ਅੱਜ ਸਾਖਿਆਤ ਸਹੀ ਜਾਪ ਰਹੀ ਸੀ- ‘ਇਕ ਚੁੱਪ ਸੌ ਸੁੱਖ।’ ਜੇ ਮੈਂ ਵੀ ਉਹਦੀਆਂ ਗੱਲਾਂ ਦਾ ਜਵਾਬ ਦੇਣ ਲੱਗਦਾ, ‘ਤੂੰ-ਤੂੰ ਮੈਂ-ਮੈਂ’ ਹੋ ਜਾਣੀ ਸੀ। ਫਿਰ ਬਾਬਾ ਫ਼ਰੀਦ ਜੀ ਦੇ ਸ਼ਲੋਕ ਪੜ੍ਹਾਉਣ ਦਾ ਕੀ ਫ਼ਾਇਦਾ ਹੋਣਾ ਸੀ- “ਫ਼ਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨਿ ਨ ਹਢਾਇ॥ ਦੇਹੀ ਰੋਗ ਨਾਲ ਲਗਈ ਪਲੈ ਸਭ ਕਿਛੁ ਪਾਇ॥” ਅੱਜ ਅਸਲ ਵਿੱਚ ਮੈਂ ਬਾਬਾ ਫ਼ਰੀਦ ਦੇ ਸ਼ਲੋਕ ਨੂੰ ਕਮਾਇਆ ਸੀ, ਪਹਿਲਾਂ ਤਾਂ ਸਿਰਫ਼ ਪੜ੍ਹਾ ਕੇ ਹੀ ਸਾਰ ਲੈਂਦਾ ਸਾਂ। ਉਨ੍ਹਾਂ ਦੀ ਸਿੱਖਿਆ ’ਤੇ ਅਮਲ ਕਰਕੇ ਮੈਂ ਖੁਦ ਨੂੰ ਮਾਣਮੱਤਾ ਮਹਿਸੂਸ ਕਰ ਰਿਹਾ ਸਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3805)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)