RavinderChote7ਮੁੱਖ ਅਧਿਆਪਕ ਨੇ ਉਸ ਲੜਕੇ ਨੂੰ ਪੁੱਛਿਆ, “ਦੱਸ ਬਈ ਤੂੰ ਇਸ ਨੂੰ ਘੜੀ ਲੈ ਕੇ ...
(31 ਮਈ 2026)


ਇਹ ਗੱਲ ਹਿੰਦੁਸਤਾਨ ਅਤੇ ਚੀਨ ਦੀ ਯੰਗ ਤੋਂ ਬਾਅਦ 1962-63 ਦੀ ਹੋਵੇਗੀ ਜਦੋਂ ਮੈਂ ਅਜੇ ਤੀਜੀ ਚੌਥੀ ਵਿੱਚ ਪੜ੍ਹਦਾ ਸੀ
ਸਾਡੇ ਸਕੂਲ ਵਿੱਚ ਇੱਕ ਅਧਿਆਪਕਾ ਜਲੰਧਰੋਂ ਨਵੀਂ ਬਦਲ ਕੇ ਆਈ ਸੀਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਨੂੰ ਜਲੰਧਰ ਤੋਂ ਇੱਕ ਬੱਸ ਹੀ ਆਉਂਦੀ ਜਾਂਦੀ ਸੀਉਸ ਅਧਿਆਪਕਾ ਨੂੰ ਅਸੀਂ ਸਾਰੇ ਬੱਚੇ ਬਹੁਤ ਪਿਆਰ ਕਰਦੇ ਸਾਂ ਕਿਉਂਕਿ ਉਹ ਹਰ ਬੱਚੇ ਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੀ ਸੀ ਉਸਦੀ ਅਵਾਜ਼ ਬਹੁਤ ਮਿੱਠੀ ਸੀਚੀਨ ਦੀ ਯੰਗ ਤੋਂ ਕੁਝ ਸਮਾਂ ਪਹਿਲਾਂ ਉਹ ਸਾਨੂੰ ਪਿੰਡ ਵਿੱਚ ਕਤਾਰਾਂ ਵਿੱਚ ਲੈਕੇ ਜਾਂਦੀ ਸੀਉਹ ਆਪਣੀ ਮਿੱਠੀ ਅਵਾਜ਼ ਵਿੱਚ ਅੱਗੇ ਅੱਗੇ ਬੋਲਦੀ ਸੀ “ਹਿੰਦੀ ਚੀਨੀ ਭਾਈ ਭਾਈ” ਅਤੇ ਉਸਦੇ ਪਿੱਛੇ ਪਿੱਛੇ ਅਸੀਂ ਸਾਰੇ ਬੱਚੇ “ਹਿੰਦੀ ਚੀਨੀ ਭਾਈ ਭਾਈ” ਉੱਚੀ ਉੱਚੀ ਬੋਲਦੇ ਸਾਰੇ ਪਿੰਡ ਵਿੱਚ ਅਸੀਂ ਗੇੜਾ ਲਾਉਂਦੇਸਾਨੂੰ ਇਸ ਪਰੇਡ ਦਾ ਬਹੁਤ ਮਜ਼ਾ ਆਉਂਦਾ

ਉਹ ਅਧਿਆਪਕਾ ਜਲੰਧਰੋਂ ਹਰ ਰੋਜ਼ ਨਹੀਂ ਆ ਸਕਦੀ ਸੀ, ਇਸ ਲਈ ਉਸਨੂੰ ਪਿੰਡ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿਣਾ ਪਿਆਉਹ ਮਕਾਨ ਪਿੰਡ ਦੇ ਵਿਚਕਾਰਲੇ ਖੂਹ ਤੋਂ ਅਗਲੀਆਂ ਦੋ ਗਲੀਆਂ ਛੱਡ ਕੇ ਤੀਸਰੀ ਗਲੀ ਵਿੱਚ ਸੀਉਸ ਨੂੰ ਆਪਣੇ ਘਰ ਜਾਣ ਲਈ ਸਾਡੇ ਘਰ ਦੇ ਨੇੜੇ ਦੀ ਲੰਘਣਾ ਪੈਂਦਾ ਸੀ ਕਿਉਂਕਿ ਸਾਡਾ ਘਰ ਖੂਹ ਦੇ ਨੇੜੇ ਸੀਇਸ ਖੂਹ ਤੋਂ ਸਾਰਾ ਪਿੰਡ ਪਾਣੀ ਭਰਦਾ ਸੀ ਕਿਉਂਕਿ ਨਲਕੇ ਅਜੇ ਪਿੰਡ ਦੇ ਇੱਕ ਦੋਂਹ ਘਰਾਂ ਵਿੱਚ ਹੀ ਲੱਗੇ ਸਨਸਾਰੇ ਲੋਕ ਇਸ ਖੂਹ ਤੋਂ ਪਾਣੀ ਭਰ ਕੇ ਆਪਣੇ ਘਰ ਨੂੰ ਸਵੇਰੇ ਸਵੇਰੇ ਲੈ ਕੇ ਜਾਂਦੇ ਸਨਇੱਕ ਦਿਨ ਉਹੀ ਅਧਿਆਪਕਾ ਖੂਹ ਦੇ ਕੋਲੋਂ ਲੰਘ ਰਹੀ ਸੀ ਤਾਂ ਉਸਦੀ ਗੁੱਟ ਘੜੀ ਖੁੱਲ੍ਹ ਕੇ ਕਿਤੇ ਡਿਗ ਪਈਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਹ ਘੜੀ ਨੂੰ ਕੌਣ ਲੈ ਗਿਆਦੂਸਰੇ ਦਿਨ ਉਸਨੇ ਸਕੂਲ ਵਿੱਚ ਜਾ ਕੇ ਜਿਹੜੇ ਬੱਚੇ ਸਾਡੇ ਘਰਾਂ ਦੇ ਆਲੇ ਦੁਆਲੇ ਦੇ ਸਨ, ਉਹਨਾਂ ਨੂੰ ਪੁੱਛਿਆ ਕਿ ਕੱਲ੍ਹ ਮੇਰੀ ਘੜੀ ਗੁੰਮ ਹੋ ਗਈ ਹੈ, ਜੇਕਰ ਕਿਸੇ ਬੱਚੇ ਨੇ ਦੇਖੀ ਹੋਵੇ ਤਾਂ ਮੈਨੂੰ ਦੱਸੇ। ਮੈਂ ਉਸਨੂੰ ਇਨਾਮ ਵੀ ਦੇਵਾਂਗੀਇੰਨੇ ਨੂੰ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਇੱਕ ਬੱਚਾ ਉੱਠ ਕੇ ਖੜ੍ਹਾ ਹੋ ਗਿਆਉਸਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਘੜੀ ਕੌਣ ਲੈ ਕੇ ਗਿਆਅਧਿਆਪਕਾਂ ਨੇ ਪੁੱਛਿਆ ਕਿ ਉਹ ਕੌਣ ਹੈ? ਉਸ ਲੜਕੇ ਨੇ ਮੇਰੇ ਵੱਲ ਉਂਗਲੀ ਕਰਕੇ ਝੱਟ ਕਹਿ ਦਿੱਤਾ, “ਇਹ ਘੜੀ ਲੈ ਕੇ ਆਪਣੇ ਘਰ ਨੂੰ ਜਾਂਦਾ ਸੀ।”

ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਮੈਨੂੰ ਬਿਲਕੁਲ ਕੁਝ ਵੀ ਪਤਾ ਨਹੀਂ ਸੀਅਖੀਰ ਗੱਲ ਹੌਲੀ ਹੌਲੀ ਸਾਡੇ ਘਰ ਤਕ ਵੀ ਪਹੁੰਚ ਗਈਉਦੋਂ ਸਮਾਂ ਹੁੰਦਾ ਸੀ ਕਿ ਅਧਿਆਪਕ ਦੀ ਕਹੀ ਗੱਲ ਸਾਡੇ ਮਾਪੇ ਬਿਲਕੁਲ ਸਹੀ ਮੰਨਦੇ ਸਨਜਿਹੜੀ ਗੱਲ ਅਧਿਆਪਕ ਕਹਿ ਦੇਵੇ, ਉਹ ਮਾਪਿਆਂ ਲਈ ਪੱਥਰ ’ਤੇ ਲਕੀਰ ਹੁੰਦੀ ਸੀਮੇਰੇ ਮਾਪਿਆਂ ਨੇ ਮੈਨੂੰ ਪੁੱਛਿਆ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀਇਸ ਕਰਕੇ ਮੈਂ ਕੁਝ ਨਹੀਂ ਦੱਸ ਸਕਿਆ। ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾਤਿੰਨ ਦਿਨ ਮੇਰੇ ਘਰ ਵਾਲਿਆਂ ਤੋਂ ਲਗਾਤਾਰ ਮੇਰੇ ਘੁੱਟ ਪੈਂਦੀ ਰਹੀਮੈਂ ਰੋਂਦਾ ਰਿਹਾ ਪਰ ਮੈਂ ਕੀ ਦੱਸਦਾ? ਮੈਨੂੰ ਕੁਝ ਵੀ ਪਤਾ ਨਹੀਂ ਸੀ ਅਖੀਰ ਗੱਲ ਸਕੂਲ ਦੇ ਬਾਕੀ ਅਧਿਆਪਕਾਂ ਤਕ ਵੀ ਪਹੁੰਚ ਗਈਉਹ ਵੀ ਸਾਰੇ ਮੈਨੂੰ ਬੁਰਾ ਭਲਾ ਕਹਿਣ ਲੱਗੇ ਪਰ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮੈਂ ਆਪਣੀ ਗੱਲ ਕਿਸ ਨੂੰ ਦੱਸਾਂ, ਮੈਨੂੰ ਬਿਲਕੁਲ ਨਹੀਂ ਪਤਾ

ਅਖੀਰ ਇੱਕ ਦਿਨ ਸਾਡੇ ਮੁੱਖ ਅਧਿਆਪਕ ਜੀ ਨੇ ਮੈਨੂੰ ਆਪਣੇ ਦਫਤਰ ਵਿੱਚ ਬੁਲਾਇਆਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਪੁੱਤਰ ਦੱਸ ਦੇ ਕਿ ਤੂੰ ਘੜੀ ਵੇਖੀ ਹੈ? ਘਰ ਵੀ ਕੁੱਟ ਖਾ ਰਿਹਾ ਏਂ ਤੇ ਇੱਥੇ ਸਕੂਲ ਵਿੱਚ ਵੀ ਕੁੱਟ ਖਾ ਰਿਹਾ ਏਂਮੈਂ ਸਿਵਾਏ ਰੋਣ ਤੋਂ ਹੋਰ ਕੋਈ ਸਫਾਈ ਪੇਸ਼ ਨਾ ਕਰ ਸਕਿਆਫਿਰ ਮੈਂ ਰੋਂਦੇ ਰੋਂਦੇ ਨੇ ਕਿਹਾ, “ਜੀ, ਜਿਹੜਾ ਬੱਚਾ ਕਹਿੰਦਾ ਹੈ ਕਿ ਮੈਂ ਘੜੀ ਲੈ ਕੇ ਗਿਆ ਹਾਂ, ਉਸ ਨੂੰ ਆਪਣੇ ਕੋਲ ਬੁਲਾਓ ਤੇ ਉਸ ਨੂੰ ਹੀ ਪੁੱਛੋ ਕਿ ਉਸਨੇ ਕਦੋਂ ਦੇਖਿਆ ਹੈ ਮੈਨੂੰ ਘੜੀ ਲੈ ਕੇ ਜਾਂਦੇ ਨੂੰ।”

ਮੁੱਖ ਅਧਿਆਪਕ ਜੀ ਨੇ ਉਸ ਲੜਕੇ ਨੂੰ ਦਫਤਰ ਵਿੱਚ ਬੁਲਾ ਲਿਆ ਅਤੇ ਨਾਲ ਹੀ ਮੇਰੀ ਅਧਿਆਪਕਾ ਨੂੰ ਵੀਮੁੱਖ ਅਧਿਆਪਕ ਨੇ ਉਸ ਲੜਕੇ ਨੂੰ ਪੁੱਛਿਆ, “ਦੱਸ ਬਈ ਤੂੰ ਇਸ ਨੂੰ ਘੜੀ ਲੈ ਕੇ ਜਾਂਦੇ ਨੂੰ ਕਦੋਂ ਦੇਖਿਆ ਸੀ?”

ਉਹ ਲੜਕਾ ਬੋਲਿਆ, “ਜੀ ਸਨਿੱਚਰਵਾਰ ਵਾਲੇ ਦਿਨ ਇਹ ਘੜੀ ਲੈ ਕੇ ਆਪਣੇ ਘਰ ਨੂੰ ਜਾ ਰਿਹਾ ਸੀਪਰ ਇਸ ਤੋਂ ਘੜੀ ਚੰਗੀ ਤਰ੍ਹਾਂ ਚੁੱਕ ਨਹੀਂ ਸੀ ਹੁੰਦੀਰਾਹ ਵਿੱਚ ਤਿੰਨ ਚਾਰ ਵਾਰੀ ਘੜੀ ਇਹਨੇ ਥੱਲੇ ਰੱਖੀਫਿਰ ਚੁੱਕਦਾ, ਮੋਢੇ ’ਤੇ ਰੱਖ ਲੈਂਦਾ ਸੀਉਸ ਘੜੀ ਵਿੱਚੋਂ ਪਾਣੀ ਡੁੱਲ੍ਹ ਡੁੱਲ੍ਹ ਕੇ ਇਸਦੇ ਕੱਪੜੇ ਸਾਰੇ ਗਿਲੇ ਹੋ ਗਏ ਸਨਉਸੇ ਦਿਨ ਮੈਂ ਇਸ ਨੂੰ ਦੇਖਿਆ ਸੀ ਕਿ ਇਹ ਘੜੀ ਵਿੱਚ ਪਾਣੀ ਭਰ ਕੇ ਖੂਹ ਤੋਂ ਘਰ ਨੂੰ ਜਾ ਰਿਹਾ।”

ਸਾਰੀ ਗੱਲ ਉਹਨਾਂ ਨੂੰ ਸਪਸ਼ਟ ਹੋ ਗਈ ਕਿ ਇਹ ਤਾਂ ਪਾਣੀ ਵਾਲੀ ਘੜੀ ਦੀ ਗੱਲ ਕਰਦਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਮੈਂ ਉਸ ਦਿਨ ਘਰੋਂ ਘੜੀ ਲੈ ਕੇ ਉਹਦੇ ਵਿੱਚ ਪਾਣੀ ਭਰ ਕੇ ਘਰ ਲੈ ਕੇ ਗਿਆ ਸੀਦੋਵੇਂ, ਮੁੱਖ ਅਧਿਆਪਕ ਅਤੇ ਅਧਿਆਪਕਾ ਹੱਸਦੇ ਵੀ ਰਹੇ, ਮੇਰੇ ਪਈ ਕੁੱਟ ਲਈ ਪਛਤਾਉਂਦੇ ਵੀ ਰਹੇ ਕਿਉਂਕਿ ਮੈਨੂੰ ਤਿੰਨ ਦਿਨ ਲਗਾਤਾਰ ਘਰ ਵਿੱਚ ਕੁੱਟਿਆ ਗਿਆ ਸੀ। ਇਸਦੇ ਨਾਲ ਹੀ ਸਕੂਲ ਵਿੱਚ ਵੀ ਮੇਰੀ ਕਈ ਦਿਨ ਬੁਰੀ ਹਾਲਤ ਹੁੰਦੀ ਰਹੀਮੈਂ ਅਧਿਆਪਕਾਂ ਦੀ ਨਜ਼ਰ ਵਿੱਚ ਬਹੁਤ ਡਿਗਿਆ ਮਹਿਸੂਸ ਕੀਤਾਮੇਰੇ ਬਾਲ-ਮਨ ’ਤੇ ਇਸਦਾ ਬਹੁਤ ਗੂੜ੍ਹਾ ਅਸਰ ਹੋਇਆ ਸੀਇਸਦੇ ਬਦਲੇ ਵਿੱਚ ਉਸ ਅਧਿਆਪਕਾਂ ਨੇ ਜਿੰਨਾ ਚਿਰ ਉਹ ਸਾਡੇ ਸਕੂਲ ਵਿੱਚ ਰਹੀ, ਉਸਨੇ ਮੈਨੂੰ ਬੜਾ ਪਿਆਰ ਨਾਲ ਪੜ੍ਹਾਇਆ ਅਤੇ ਮੇਰਾ ਹਰ ਤਰ੍ਹਾਂ ਧਿਆਨ ਰੱਖਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)

More articles from this author