GurbakhashSBhandal7ਸਾਦਗੀ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਆਤਮ-ਸਨਮਾਨ, ਜਿਹੜਾ ਹੋਰ ਨਿੱਖਰਦਾ ਹੈ। ਇਸਦੇ ...
(31 ਮਈ 2026)


ਮਾਰਚ ਦਾ ਕੋਸਾ ਕੋਸਾ ਦਿਨ ਸੀ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕਰੀਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ
ਡਾ. ਐਡਮ ਨੂੰ ਸਟਾਰਬੱਕਸ ਕਾਫ਼ੀ ਹਾਊਸ ਵਿੱਚ ਦੋ ਵਜੇ ਮਿਲਣਾ ਸੀ। ਜਦੋਂ ਮੈਂ ਕੌਫ਼ੀ ਹਾਊਸ ਵਿੱਚ ਪੰਜ ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾ. ਐਡਮ ਨੁੱਕਰ ਦੇ ਟੇਬਲ ’ਤੇ ਆਪਣਾ ਕੌਫ਼ੀ ਦਾ ਕੱਪ ਲਈ ਬੈਠੇ ਮੇਰੀ ਉਡੀਕ ਕਰ ਰਹੇ ਸਨ। ਦਰਅਸਲ ਇਸ ਮੁਲਕ ਵਿੱਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਅਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਲਈ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ ਹੈ। ਵੈਸੇ ਵੀ ਯੂਨੀਵਰਸਿਟੀ ਵਿੱਚ ਚੇਅਰ ਵਾਸਤੇ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹਨ। ਅਸੀਂ ਬੜੇ ਤਪਾਕ ਨਾਲ ਇੱਕ ਦੂਜੇ ਨੂੰ ਮਿਲੇ। ਦਰਅਸਲ ਅਸੀਂ ਇੱਕ ਵਾਰ ਪਹਿਲਾਂ ਵੀ ਮਿਲ ਚੁੱਕੇ ਸਾਂ ਜਦੋਂ ਮੈਂ ਆਪਣੇ ਚੋਣਵੇਂ ਲੇਖਾਂ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਿਤਾਬ ਉਨ੍ਹਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ’ਤੇ ਡਾ. ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਲਈ ਮਿਲਣ ਦਾ ਸਬੱਬ ਬਣਾਇਆ ਸੀ।

ਮਿਲ ਬੈਠਣ ਲਈ ਅਜਿਹੀ ਥਾਂ ਸਭ ਤੋਂ ਵਧੀਆ ਹੁੰਦੀ ਹੈ ਕਿਉਂਕਿ ਤੁਸੀਂ ਕੌਫ਼ੀ ਦੇ ਘੁੱਟ ਭਰਦੇ ਅਕਾਦਮਿਕ ਵਿਸ਼ਿਆਂ ’ਤੇ ਡੂੰਘੀ ਅਤੇ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫ਼ੀ ਪੀਵੋਗੇ ਤਾਂ ਉਸਨੇ ਕਿਹਾ, “ਮੈਂ ਤਾਂ ਆਪਣੀ ਕੌਫ਼ੀ ਪੀ ਰਿਹਾ ਹਾਂ। ਮੈਂ ਕੌਫ਼ੀ ਪੀਂਦਿਆਂ ਆਪਣੇ ਦਫਤਰ ਵਿੱਚ ਰੁੱਝਿਆ ਹੋਇਆ ਸਾਂ। ਫਿਰ ਮੈਂਨੂੰ ਆਪਣੀ ਮੀਟਿੰਗ ਦਾ ਖ਼ਿਆਲ ਆਇਆ ਤਾਂ ਮੈਂ ਆਪਣਾ ਕੌਫੀ ਦਾ ਕੱਪ ਨਾਲ ਹੀ ਲੈ ਕੇ ਆ ਗਿਆ।”

ਅਸਲ ਵਿੱਚ ਹਰ ਪ੍ਰੋਫੈਸਰ ਕੌਫੀ ਦੀ ਮਸ਼ੀਨ ਆਪਣੇ ਕਮਰੇ ਵਿੱਚ ਹੀ ਰੱਖਦਾ ਅਤੇ ਜਦੋਂ ਵੀ ਚਿੱਤ ਕਰੇ ਆਪਣੀ ਕੌਫ਼ੀ ਖ਼ੁਦ ਬਣਾ ਕੇ ਪੀ ਲੈਂਦਾ। ਅਜਿਹਾ ਨਹੀਂ ਕਿ ਸੇਵਾਦਾਰ ਨੂੰ ਹਾਕ ਮਾਰੋ ਕਿ ਮੇਰੀ ਲਈ ਚਾਹ ਜਾਂ ਕੌਫ਼ੀ ਲੈ ਕੇ ਆ। ਮੈਂਨੂੰ ਪਹਿਲੀ ਵਾਰ ਬਹੁਤ ਅਚੰਭਾ ਲੱਗਾ ਸੀ ਜਦੋਂ ਮੈਂ ਡੀਨ ਸਾਇੰਸਜ਼ ਡਾ. ਵਾਈਟ ਨੂੰ ਪਹਿਲੀ ਵਾਰ ਉਸਦੇ ਦਫਤਰ ਮਿਲਣ ਗਿਆ ਤਾਂ ਉਸਨੇ ਆਪਣੇ ਹੱਥੀਂ ਮੇਰੇ ਅਤੇ ਆਪਣੇ ਲਈ ਕੌਫ਼ੀ ਬਣਾਈ। ਕੌਫ਼ੀ ਪੀਂਦਿਆਂ ਹੀ ਉਸਨੇ ਮੇਰੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਸਾਨੂੰ ਇੱਕ ਫਿਜਿਕਸ ਦੇ ਟੀਚਰ ਦੀ ਲੋੜ ਹੈ ਜਿਹੜਾ ਕੁਝ ਕੋਰਸ ਪੜ੍ਹਾ ਸਕੇ।

ਡਾ. ਐਡਮ ਉੱਠਦਿਆਂ ਹੋਇਆ ਕਹਿਣ ਲੱਗਾ ਕਿ ਚਲੋ! ਤੁਹਾਡੇ ਲਈ ਕੌਫ਼ੀ ਲੈ ਆਈਏ ਤੇ ਫਿਰ ਬੈਠਦੇ ਹਾਂ। ਇੱਥੇ ਇਹ ਵੀ ਰਿਵਾਜ਼ ਹੈ ਕਿ ਹਰ ਵਿਅਕਤੀ ਆਪਣੀ ਕੌਫ਼ੀ ਦੇ ਪੈਸੇ ਖ਼ੁਦ ਦਿੰਦਾ ਹੈ। ਜਦੋਂ ਮੈਂ ਆਪਣੀ ਕੌਫੀ ਲੈ ਕੇ ਟੇਬਲ ’ਤੇ ਬੈਠਾ ਤਾਂ ਚਾਣਚੱਕ ਹੀ ਮੇਰੀ ਨਿਗਾਹ ਉਸਦੇ ਕੌਫ਼ੀ ਦੇ ਕੱਪ ’ਤੇ ਪਈ ਜਿਸਦੀ ਡੰਡੀ ਹੀ ਨਹੀਂ ਸੀ। ਉਹ ਪੁਰ ਖਲੂਸ ਅੰਦਾਜ਼ ਵਿੱਚ ਆਪਣੇ ਕੱਪ ਵਿੱਚ ਕੌਫ਼ੀ ਦਾ ਅਨੰਦ ਮਾਣਦਾ ਮੇਰੀ ਕਿਤਾਬ ਬਾਰੇ ਆਪਣੇ ਵਿਚਾਰ ਦੱਸਣ ਲੱਗਾ, “ਮੈਂਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੋਈ ਫਿਜ਼ਿਕਸ ਦਾ ਪ੍ਰੋਫੈਸਰ ਫਿਲਾਸਫ਼ੀ, ਮਨੋਵਿਗਿਆਨ, ਸਮਾਜਿਕ ਵਿਗਿਆਨ, ਵਿਗਿਆਨ, ਮਾਨਵੀ ਕਦਰਾਂ-ਕੀਮਤਾਂ, ਵਿਅਕਤੀਤਵ ਵਿਕਾਸ, ਜ਼ਿੰਦਗੀ, ਮਨੁੱਖੀ ਭਾਵਨਾਵਾਂ, ਧਰਮ, ਕੁਦਰਤ ਆਦਿ ਦੇ ਸੁੰਦਰ ਅਤੇ ਵੱਖਰੇ ਸੁਮੇਲ ਰਾਹੀਂ ਆਪਣੇ ਖ਼ਿਆਲਾਂ ਨੂੰ ਕਾਵਿਕ ਰੂਪ ਵਿੱਚ ਪ੍ਰਗਟ ਕਰ ਸਕਦਾ ਹੈ। ਭਾਵੇਂ ਮੈਂ ਪੰਜਾਬੀ ਰਹਿਤਲ ਬਾਰੇ ਕੁਝ ਨਹੀਂ ਜਾਣਦਾ ਪਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂਨੂੰ ਲਗਦਾ ਹੈ ਕਿ ਮੈਂ ਬੜਾ ਕੁਝ ਉਸ ਵਿਰਾਸਤ ਅਤੇ ਸਮਾਜ ਬਾਰੇ ਜਾਣ ਲਿਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਦਿਨ ਇੰਗਲਿਸ਼ ਕਰੀਏਟਿਵ ਰਾਈਟਿੰਗ ਵਾਲੇ ਵਿਦਿਆਰਥੀਆਂ ਨਾਲ ਤੁਹਾਡਾ ਰੂਬਰੂ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਲਿਖਣ ਪ੍ਰੀਕਿਰਿਆ ਅਤੇ ਤੁਹਾਡੇ ਨਾਲ ਵਿਚਾਰ ਵਟਾਂਦਰੇ ਨਾਲ ਉਹ ਆਪਣੀ ਲਿਖਣ ਪ੍ਰਤਿਭਾ ਨੂੰ ਨਿਖਾਰ ਸਕਣ। ਵੈਸੇ ਵੀ ਅੰਗਰੇਜ਼ੀ ਤੋਂ ਵੱਖਰੀ ਸਾਹਿਤਕ ਲੇਖਣੀ ਪੜ੍ਹਨ ਨਾਲ ਤੁਹਾਨੂੰ ਕਈ ਪਸਾਰ ਅਜਿਹੇ ਮਿਲ ਜਾਂਦੇ ਹਨ, ਜਿਨ੍ਹਾਂ ਬਾਰੇ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ।”

ਬਹੁਤ ਹੀ ਲਾਹੇਵੰਦ ਰਹੀ ਇਹ ਸਾਡੀ ਗੱਲਬਾਤ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਅਸੀਂ ਘੰਟੇ ਦੀ ਮਿਲਣੀ ਤੋਂ ਬਾਅਦ ਆਪੋ-ਆਪਣੇ ਵਿਭਾਗਾਂ ਨੂੰ ਤੁਰ ਪਏ।

ਡਾ. ਐਡਮ ਦੀ ਸ਼ਖਸੀਅਤ ਕਮਾਲ ਦੀ ਨਿਰਉਚੇਚ ਸੀ। ਆਪਣੀ ਮਸਤੀ ਵਿੱਚ ਰੰਗਿਆ ਹੋਇਆ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨੇ ਵੱਡੇ ਰੁਤਬੇ ਵਾਲਾ ਸ਼ਖਸ ਤੁਹਾਡੇ ਨਾਲ ਬੜੇ ਸਹਿਜ ਨਾਲ ਉੱਚ-ਦਰਜੇ ਦੀ ਗੱਲਬਾਤ ਕਰ ਰਿਹਾ ਹੈ। ਅਜਿਹੇ ਲੋਕ ਹੀ ਦਰਅਸਲ ਆਪਣੀ ਸਾਦਗੀ ਅਤੇ ਹਲੀਮੀ ਵਿੱਚੋਂ ਆਪਣੀ ਮਹਾਨਤਾ ਦੇ ਦਰਸ਼ਨ ਕਰਵਾਉਂਦੇ ਹਨ। ਉਨ੍ਹਾਂ ਲਈ ਟੁੱਟੀ ਡੰਡੀ ਵਾਲਾ ਕੱਪ ਕੋਈ ਮਹੱਤਵ ਨਹੀਂ ਰੱਖਦਾ, ਸਗੋਂ ਮਹੱਤਵ ਰੱਖਦਾ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਕਿਰਦਾਰ ਕੀ ਹੈ, ਤੁਸੀਂ ਆਪਣੀ ਵਡੱਤਣ ਨੂੰ ਕਿਵੇਂ ਮਿਣਦੇ ਹੋ ਅਤੇ ਤੁਹਾਡੀਆਂ ਤਰਜੀਹਾਂ ਕੀ ਹਨ

ਯਾਦ ਰਹੇ ਕਿ ਕੱਪ ਅਹਿਮ ਨਹੀਂ ਹੁੰਦਾ ਸਗੋਂ ਅਹਿਮ ਹੁੰਦਾ ਕਿ ਕੱਪ ਵਿਚਲੀ ਚਾਹ ਜਾਂ ਕੌਫੀ ਕਿਸਨੇ ਤਿਆਰ ਕੀਤੀ? ਕਿਹੜੀਆਂ ਭਾਵਨਾਵਾਂ ਇਸ ਵਿੱਚ ਸਮੋਈਆਂ ਹੋਈਆਂ ਹਨ? ਇਸ ਕੱਪ ਸਦਕਾ ਕਿਹੜੇ ਮੁੱਲਵਾਨ ਵਿਚਾਰਾਂ ਨੇ ਜਨਮ ਲਿਆ? ਕਿਹੜੀ ਲਿਖਤ ਦਾ ਵਿਚਾਰ ਮਨ ਵਿੱਚ ਪਨਪਿਆ? ਕਿਹੜੇ ਖ਼ਿਆਲਾਂ ਨੇ ਉਡਾਣ ਭਰੀ? ਕਿਹੜੀਆਂ ਤਰਜੀਹਾਂ ਨੇ ਤਦਬੀਰਾਂ ਦਾ ਰੂਪ ਵਟਾਉਣ ਲਈ ਉੱਸਲਵੱਟੇ ਲਏ ਜਿਨ੍ਹਾਂ ਨੇ ਆਖਰ ਨੂੰ ਤਕਦੀਰ ਬਣਨਾ ਹੈ?

ਅਜਿਹੇ ਹੀ ਵੱਡੇ ਲੋਕ ਹੁੰਦੇ ਹਨ ਜਿਹੜੇ ਆਮ ਹੁੰਦਿਆਂ ਵੀ ਖਾਸ ਹੁੰਦੇ। ਜਿਹੜੇ ਸਧਾਰਨ ਹੁੰਦਿਆਂ ਵੀ ਬਹੁਤ ਅਸਧਾਰਨ ਹੁੰਦੇ ਹਨ। ਜਿਨ੍ਹਾਂ ਦੀ ਜ਼ਹੀਨ ਸੋਚ ਸੰਕੀਰਨਤਾ ਵਿੱਚ ਕੈਦ ਨਹੀਂ ਹੁੰਦੀ ਸਗੋਂ ਉਨ੍ਹਾਂ ਦੀ ਸੋਚ ਦਾ ਫੈਲਾਅ ਅੰਬਰ ਤੀਕ ਹੁੰਦਾ ਹੈ। ਅਜਿਹੇ ਲੋਕ ਉਹ ਹੁੰਦੇ ਜਿਨ੍ਹਾਂ ਦੀ ਕੌਫ਼ੀ ਬਹੁਤੀ ਵਾਰ ਠੰਢੀ ਹੋ ਜਾਂਦੀ ਕਿਉਂਕਿ ਉਨ੍ਹਾਂ ਲਈ ਕੌਫ਼ੀ ਜਾਂ ਚਾਹ ਭੁੱਲ ਹੀ ਜਾਂਦੀ ਹੈ। ਉਨ੍ਹਾਂ ਦੇ ਮਨ ਵਿੱਚ ਆਇਆ ਵਿਚਾਰਾਂ ਦਾ ਪ੍ਰਵਾਹ, ਨਵੇਂ ਖ਼ਿਆਲਾਂ ਦਾ ਫੈਲਾਅ ਜਾਂ ਮਸਤਕ ਵਿੱਚ ਫੁਰ ਰਹੇ ਫੁਰਨਿਆਂ ਦਾ ਅਜਿਹਾ ਜਲਵਾ ਹੁੰਦਾ ਕਿ ਉਹ ਆਪਣੇ ਆਪ ਵਿੱਚ ਗਵਾਚੇ ਚੌਗਿਰਦੇ ਤੋਂ ਬੇਖਬਰ ਆਪਣੀ ਭਵਿੱਖਮੁਖੀ ਸੋਚ, ਵਿਲੱਖਣ ਨਜ਼ਰੀਆ ਅਤੇ ਚਿਤੰਨ ਦਿੱਬ-ਦ੍ਰਿਸ਼ਟੀ ਰਾਹੀਂ ਅਜਿਹਾ ਚਿਤਵ ਜਾਂਦੇ ਹਨ, ਜਿਸ ਬਾਰੇ ਆਮ ਵਿਅਕਤੀ ਤਾਂ ਸੋਚ ਹੀ ਨਹੀਂ ਸਕਦਾ।

ਬੜੇ ਬੌਣੇ ਹੁੰਦੇ ਹਨ ਉਹ ਲੋਕ ਜੋ ਦਿਖਾਵੇ ਦਾ ਪ੍ਰਪੰਚ ਰਚਾ ਕੇ ਖੁਦ ਨੂੰ ਵੱਡਾ ਕਰਦੇ ਹਨ। ਮਹਿੰਗੇ ਕੱਪ-ਪਲੇਟਾਂ ਅਤੇ ਚਮਚਿਆਂ ਨਾਲ ਚਾਹ ਜਾਂ ਕੌਫ਼ੀ ਪੀਣ ਦਾ ਢਕਵੰਜ ਕਰਨ ਵਾਲੇ ਅੰਦਰੋਂ ਬਹੁਤ ਖੋਖਲੇ ਹੁੰਦੇ ਹਨ। ਉਹ ਦਿਖਾਵੇ ਰਾਹੀਂ ਹੀ ਕਿਸੇ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਿ ਮਹਾਨ ਲੋਕ ਦਿਖਾਵਾ ਨਹੀਂ ਕਰਦੇ। ਉਨ੍ਹਾਂ ਦਾ ਕਾਰਜ ਹੀ ਉਨ੍ਹਾਂ ਦਾ ਕਰਮ ਹੁੰਦਾ। ਉਹ ਕੁਝ ਵੀ ਨਾ ਦੱਸ/ਦਿਖਾ ਕੇ ਕੁਝ ਅਜਿਹਾ ਕਰ ਜਾਂਦੇ ਕਿ ਸਮਾਜ ਨੂੰ ਉਨ੍ਹਾਂ ਦੀ ਅਹਿਮੀਅਤ ਅਤੇ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।

ਪਹਿਲੇ ਸਮਿਆਂ ਵਿੱਚ ਪਿੱਤਲ ਦੇ ਗਲਾਸਾਂ ਜਾਂ ਮਿੱਟੀ ਦੇ ਕਸੋਰਿਆਂ ਵਿੱਚ ਚਾਹ ਪੀਣ ਵਾਲੇ ਵੀ ਬਹੁਤ ਮਹਾਨ ਲੋਕ ਹੋਏ। ਕਿਸੇ ਖਾਸ ਮਹਿਮਾਨ ਜਾਂ ਵਿਅਕਤੀ ਲਈ ਕੱਪ ਹੁੰਦੇ ਸਨ। ਪਰ ਅਸੀਂ ਪੰਜਾਬੀ ਦਿਖਾਵੇ ਵਿੱਚ ਅਜਿਹੇ ਉਲਝ ਗਏ ਕਿ ਇਹ ਸਾਡੀ ਜ਼ਿੰਦਗੀ ਲਈ ਜੰਜਾਲ ਬਣ ਗਿਆ। ਸਾਨੂੰ ਕੁਝ ਤਾਂ ਇਸ ਸਮਾਜ ਕੋਲੋਂ ਸਿੱਖਣਾ ਚਾਹੀਦਾ ਕਿ ਆਮ ਰਹਿ ਕੇ ਵੀ ਖਾਸ ਬਣਿਆ ਜਾ ਸਕਦਾ ਹੈ ਬਸ਼ਰਤੇ ਕਿ ਬੰਦੇ ਵਿੱਚ ਮਨੁੱਖੀ ਗੁਣ ਹੋਣ। ਉਸਦੇ ਵਿਅਕਤੀਤਵ ਦਾ ਪ੍ਰਤਾਪ ਹੋਵੇ। ਉਸਦੇ ਸ਼ਖਸੀ ਕਿਰਦਾਰ ਦਾ ਜਲੌਅ ਹੋਵੇ। ਉਸਦੇ ਮਨ ਵਿੱਚ ਕਿਸੇ ਲਈ ਦਰਦ-ਭਾਵਨਾ ਹੋਵੇ। ਕਿਸੇ ਦੀ ਪੀੜਾ ਦੇਖ ਅੱਖਾਂ ਵਿੱਚ ਹੰਝੂ ਆ ਜਾਣ ਜਾਂ ਕਿਸੇ ਦੀਆਂ ਤੜਫਦੀਆਂ ਆਂਦਰਾਂ ਲਈ ਮਰ੍ਹਮ ਬਣਨ ਦਾ ਉੱਦਮ ਹੋਵੇ।

ਮੈਂ 30 ਸਾਲ ਤੋਂ ਜ਼ਿਆਦਾ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ ਪਿਛਲੇ ਦਸ ਸਾਲਾਂ ਤੋਂ ਅਮਰੀਕਾ ਦੀ ਯੂਨਵਿਰਸਿਟੀ ਵਿੱਚ ਪੜ੍ਹਾ ਰਿਹਾ ਹਾਂ। ਪਤਾ ਲਗਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ ਇਹ ਦੇਸ਼ ਇੰਨਾ ਉੱਨਤ ਕਿਉਂ ਹੈ? ਸਭ ਤੋਂ ਪ੍ਰਮੁੱਖ ਹੈ ਅਧਿਆਪਕ/ਪ੍ਰੋਫੈਸਰ ਦਾ ਕਿਰਦਾਰ ਜੋ ਇੰਨਾ ਉੱਚਾ ਤੇ ਸੁੱਚਾ ਹੈ ਕਿ ਕੋਈ ਵੀ ਉਸ ’ਤੇ ਉਂਗਲ ਨਹੀਂ ਚੁੱਕ ਸਕਦਾ। ਉਹ ਖੁਦ ਇਮਤਿਹਾਨਾਂ ਦੇ ਪੇਪਰ ਤਿਆਰ ਕਰਦਾ ਹੈ। ਖੁਦ ਨੰਬਰ ਦਿੰਦਾ ਹੈ ਅਤੇ ਸੈਮਿਸਟਰ ਦੇ ਅਖ਼ੀਰ ਵਿੱਚ ਗਰੇਡ ਦਿੰਦਾ ਹੈ, ਜਿਸ ਵਿੱਚ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਅਤੇ ਨਾ ਹੀ ਗਰੇਡ ਬਦਲਣ ਨੂੰ ਕਹੇਗਾ। ਕੀ ਅਜਿਹਾ ਪੰਜਾਬ ਵਿੱਚ ਸੰਭਵ ਹੋ ਸਕਦਾ ਹੈ। ਕਲਾਸ ਵਿੱਚ ਕੋਈ ਪ੍ਰੋਫੈਸਰ ਇੱਕ ਮਿੰਟ ਲੇਟ ਨਹੀਂ ਹੁੰਦਾ। ਅਗਰ ਉਸਨੇ ਛੁੱਟੀ ਲੈਣੀ ਹੈ ਤਾਂ ਉਸਨੂੰ ਅਗਾਊਂ ਦੱਸਣਾ ਪਵੇਗਾ ਕਿ ਕੋਈ ਦੂਸਰਾ ਪ੍ਰੋ. ਉਸਦੀ ਕਲਾਸ ਵਿੱਚ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਇੱਕ ਦਿਨ ਵੀ ਖਰਾਬ ਨਾ ਹੋਵੇ। ਕੋਈ ਵੀ ਵਿਦਿਅਰਥੀ ਐਮਰਜੈਂਸੀ ਦੀ ਹਾਲਾਤ ਵਿੱਚ ਆਪਣਾ ਇਮਤਿਾਹਨ ਮਿਥੀ ਤਰੀਖ ਤੋਂ ਬਾਅਦ ਵੀ ਆਪਣੇ ਪ੍ਰੋਫੈਸਰ ਦੀ ਸਹਿਮਤੀ ਨਾਲ ਦੇ ਸਕਦਾ ਹੈ ਪਰ ਉਹ ਇੰਨਾ ਦਿਆਨਤਦਾਰ ਹੁੰਦਾ ਕਿ ਪਹਿਲੇ ਹੋਏ ਇਮਤਿਹਾਨ ਬਾਰੇ ਉਸਨੂੰ ਕੋਈ ਵੀ ਇਲਮ ਨਹੀਂ ਹੁੰਦਾ। ਕੋਈ ਵੀ ਵਿਦਿਆਰਥੀ ਘੱਟ ਗਰੇਡ ਦੀ ਸ਼ੱਕ ਪੈਣ ’ਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ ਹੈ। ਵੈਸੇ ਉਸਨੂੰ ਆਪਣੇ ਗਰੇਡਾਂ ਦਾ ਖੁਦ ਵੀ ਪਤਾ ਹੁੰਦਾ ਕਿ ਕਿਸ ਵੇਲੇ ਉਸਦਾ ਕਿਹੜਾ ਗਰੇਡ ਹੈ ਅਤੇ ਆਪਣੇ ਗਰੇਡਾਂ ਨੂੰ ਕਿਵੇਂ ਸੁਧਾਰਨਾ ਹੈ? ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕਬੋਰਡ ਅਤੇ ਪ੍ਰੋਫੈਸਰ ਨੇ ਨਾਲੋ ਨਾਲ ਆਨ-ਲਾਈਨ ਅੱਪਡੇਟ ਕਰਨਾ ਹੁੰਦਾ ਹੈ। ਪ੍ਰੋਫੈਸਰ ਬਹੁਤ ਹੀ ਪਾਰਦਰਸ਼ੀ ਹੁੰਦਾ ਅਤੇ ਇਸ ਕਰਕੇ ਹਰ ਵਿਦਿਆਰਥੀ ਆਪਣੇ ਪ੍ਰੋਫੈਸਰ ਦਾ ਬਹੁਤ ਅਦਬ ਅਤੇ ਸਤਿਕਾਰ ਕਰਦਾ ਹੈ। ਉਹ ਸਰ ਨਹੀਂ ਸਗੋਂ ਤੁਹਾਡਾ ਨਾਮ ਲੈ ਕੇ ਮਿੱਤਰ ਵਾਂਗ ਤੁਹਾਨੂੰ ਸੰਬੋਧਨ ਕਰਦਾ ਹੈ। ਕਈ ਵਾਰ ਕੁਝ ਵਿਦਿਆਰਥੀ ਆਪਣੀਆਂ ਨਿੱਜੀ ਪਰੇਸ਼ਾਨੀਆਂ ਜਾਂ ਮਜਬੂਰੀਆਂ ਵੀ ਆਪਣੇ ਪ੍ਰੋਫੈਸਰਾਂ ਨਾਲ ਸਾਂਝੀਆਂ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਫਲਾਣਾ ਵਿਦਿਆਰਥੀ ਕਲਾਸ ਵਿੱਚ ਕੁਝ ਦਿਨਾਂ ਲਈ ਗੈਰ-ਹਾਜ਼ਰ ਕਿਉਂ ਸੀ? ਪੰਜਾਬ ਦੇ ਵਿੱਦਿਅਕ ਅਦਾਰਿਆਂ ’ਤੇ ਕਾਬਜ਼ ਕੁਝ ਕੁ ਬਿਮਾਰ ਮਾਨਸਿਕਤਾ ਵਾਲੇ ਲੋਕ ਪੀਐੱਚਡੀ ਤਕ ਦੀਆਂ ਡਿਗਰੀਆਂ ਦਿਵਾਉਣ ਲਈ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ। ਪ੍ਰੋਫੈਸਰ/ਅਧਿਆਪਕ ਦੇ ਕਿਰਦਾਰ ’ਤੇ ਉੱਠੇ ਪ੍ਰਸ਼ਨ ਕਿਸੇ ਸਿਸਟਮ ਨੂੰ ਪਲੀਤ ਹੋਣ ਤੋਂ ਕਿਵੇਂ ਬਚਾਉਣਗੇ?

ਟੁੱਟੀ ਡੰਡੀ ਵਾਲਾ ਕੱਪ ਖਾਸ ਨਹੀਂ ਸੀ, ਸਗੋਂ ਖਾਸ ਸੀ ਮਿਲ-ਬੈਠਣ ਦਾ ਸਬੱਬ, ਉਸ ਵਕਤ ਦੌਰਾਨ ਹੋਈ ਬਹੁਤ ਹੀ ਲਾਹੇਵੰਦ ਗੱਲਬਾਤ, ਇੱਕ ਦੂਜੇ ਨੂੰ ਸਮਝਣ ਦੀ ਸੋਝੀ। ਇੱਕ ਦੂਜੇ ਦੇ ਸੱਭਿਆਚਾਰ ਦੀਆਂ ਪਰਤਾਂ ਨੂੰ ਫਰੋਲਣਾ ਅਤੇ ਸਾਹਿਤਕ ਸਬੰਧਾਂ ਰਾਹੀਂ ਸਾਹਿਤਕ ਉਤਪਤੀ ਦਾ ਮੌਕਾ ਸਿਰਜਣਾ। ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਕਦਰ ਕਰਨੀ। ਆਹਮੋ-ਸਾਹਮਣੇ ਬੈਠ ਕੇ ਵਿਚਾਰਾਂ ਦਾ ਅਦਾਨ-ਪ੍ਰਦਾਨ। ਇਸ ਰਾਹੀਂ ਅਜਿਹਾ ਸਿੱਟਾ ਕੱਢਣਾ ਤਾਂ ਕਿ ਨਵੀਂ ਕਲਮਕਾਰੀ ਅਜਿਹੀ ਲਿਖਤ ਨੂੰ ਜਨਮ ਦੇਵੇ ਜੋ ਜਾਤੀ ਵਖਰੇਵਿਆਂ ਅਤੇ ਸੱਭਿਆਚਾਰਕ ਵਿਭਿੰਨਤਾ ਤੋਂ ਉੱਪਰ ਉੱਠ ਕੇ ਆਪਣੀ ਨਰੋਈ ਪਛਾਣ ਬਣਾਵੇ। ਇੱਕ ਦੂਜੇ ਨੂੰ ਉਤਸ਼ਾਹਿਤ ਅਤੇ ਪ੍ਰੇਰਤ ਕਰਨ ਦਾ ਉੱਦਮ। ਇੱਕ ਦੂਜੇ ਦੀਆਂ ਕੀਰਤੀਆਂ ਵਿੱਚੋਂ ਆਪਣੇ ਆਪ ਨੂੰ ਪਛਾਣਨ ਦਾ ਹੁਨਰ। ਇਹੀ ਹੁਨਰ ਦਰਅਸਲ ਸਾਡੇ ਵਿਅਕਤੀਤਵ ਵਿਕਾਸ ਦਾ ਸਭ ਤੋਂ ਪ੍ਰਮੁੱਖ ਸਰੋਤ ਹੁੰਦਾ ਹੈ। ਇਸ ਤੋਂ ਅਸੀਂ ਪਛੜ ਗਏ ਕਿਉਂਕਿ ਅਸੀਂ ਸਾਹਿਤਕ ਖੇਤਰ ਵਿੱਚ ਨਿੱਕੇ ਨਿੱਕੇ ਸੌੜੇ ਦਾਇਰਿਆਂ ਵਿੱਚ ਸਿਮਟ ਗਏ। ਆਪਣੀ ਹਊਮੈਂ ਨੂੰ ਪੱਠੇ ਪਾਉਣ ਅਤੇ ਖੁਦ ਦੀ ਉਸਤਤ ਕਰਵਾਉਣ ਤੀਕ ਹੀ ਸੀਮਿਤ ਹੋ ਗਏ ਤਾਂ ਹੀ ਸਾਡੀਆਂ ਸਾਹਿਤਕ ਲਿਖਤਾਂ ਦਾ ਮਿਆਰ ਉਹ ਨਹੀਂ ਬਣ ਸਕਿਆ ਜਿਹੜਾ ਸਚਿਆਰੀ ਅਤੇ ਨਿਆਰੀ ਪਰਖ-ਪੜਚੋਲ ਨੂੰ ਅਪਣਾ ਕੇ, ਆਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਅਤੇ ਹਰ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਅਤੇ ਸਮਝ ਕੇ ਕਿਸੇ ਸਾਹਿਤਕ ਸੋਚ ਨੂੰ ਸ਼ਬਦਾਂ ਵਿੱਚ ਪਰੋਇਆ ਜਾਂਦਾ ਹੈ। ਸਧਾਰਨਤਾ ਅਤੇ ਹਲੀਮੀ ਰੁਤਬਿਆਂ ਅਤੇ ਅਮੀਰੀ ਨਾਲੋਂ ਵੀ ਜ਼ਿਆਦਾ ਖੁਸ਼ੀ ਅਤੇ ਖੇੜਾ ਤੁਹਾਡੀ ਝੋਲੀ ਪਾਉਂਦੀ ਹੈ, ਜਿਹੜਾ ਧਨ ਨਾਲ ਨਹੀਂ ਖਰੀਦਿਆ ਜਾ ਸਕਦਾ।

ਹਲੀਮੀ ਤੁਹਾਡੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਹੈ। ਜਦੋਂ ਬੰਦੇ ਦੇ ਮਨ ਵਿੱਚ ਆ ਜਾਵੇ ਕਿ ਉਹ ਸਰਬ ਕਲਾ ਸੰਪੂਰਨ ਅਤੇ ਸਮਰੱਥ ਹੈ ਤਾਂ ਸਮਝੋ ਉਸਨੇ ਆਪਣੇ ਵਿਅਕਤੀਤਵ ਦੇ ਵਿਕਾਸ ਨੂੰ ਰੋਕ ਲਿਆ ਹੈ। ਸਾਦਗੀ ਵਿੱਚ ਹੰਕਾਰ ਨਹੀਂ ਹੁੰਦਾ। ਹਲੀਮੀ ਵਿੱਚ ਗਰੂਰ ਨਹੀਂ ਹੋ ਸਕਦਾ ਅਤੇ ਅਪਣੱਤ ਵਿੱਚ ਦਵੈਸ਼ ਨਹੀਂ ਹੁੰਦਾ। ਪਰ ਇਸ ਵਿੱਚ ਬੰਦਿਆਈ ਅਤੇ ਭਲਿਆਈ ਦਾ ਗੂੜ੍ਹਾ ਰੰਗ ਹੁੰਦਾ ਹੈ, ਜਿਹੜਾ ਮਨੁੱਖੀ ਚੰਗਿਆਈ ਦਾ ਮੂਲ ਅਧਾਰ ਬਣਦਾ ਹੈ।

ਬੰਦਾ ਦੇ ਵਰਤਾਰਾ ਕਠੋਰ ਹੈ ਜਾਂ ਨਰਮ, ਉਸਦੀ ਬੋਲਬਾਣੀ ਕੌੜੀ ਜਾਂ ਮਿੱਠੀ, ਉਸਦੀ ਦਿੱਖ ਵਿੱਚ ਕਰੂਰਤਾ ਹੈ ਜਾਂ ਮਾਸੂਮੀਅਤ, ਉਸਦੇ ਨਜ਼ਰੀਏ ਵਿੱਚ ਸਾਵਾਂਪਣ ਜਾਂ ਅਸਾਵਾਂਪਣ, ਇਹ ਸਭ ਕੁਝ ਉਸਦੇ ਅੰਦਰ ਦਾ ਪ੍ਰਗਟਾਵਾ ਹੈ ਜਿਸ ਤੋਂ ਬੰਦਾ ਖੁਦ ਹੀ ਪਰਦਾ ਹਟਾ ਦਿੰਦਾ ਹੈ ਅਤੇ ਉਸਦਾ ਸੱਚ ਜੱਗ-ਜ਼ਾਹਰ ਹੋ ਜਾਂਦਾ ਹੈ। ਲੋੜ ਹੈ ਕਿ ਆਪਣੇ ਅੰਦਰਲੀ ਸੁੱਚਮ, ਸਾਦਗੀ ਅਤੇ ਹਲੀਮੀ ਨੂੰ ਜੀਵਨ ਦਾ ਨਜ਼ਰੀਆ ਬਣਾਓ, ਜ਼ਿੰਦਗੀ ਵਿੱਚ ਤੁਹਾਡੇ ਕਿਰਦਾਰ ਦੀ ਮਹਿਕ ਆਵੇਗੀ।

ਸਾਦਗੀ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਹੈ ਆਤਮ-ਸਨਮਾਨ, ਜਿਹੜਾ ਹੋਰ ਨਿੱਖਰਦਾ ਹੈ। ਇਸਦੇ ਰੋਸ਼ਨ ਪੱਖ ਵਿੱਚ ਤੁਸੀਂ ਆਪਣੀਆਂ ਰਾਹਾਂ ਨੂੰ ਚਾਨਣ-ਰੰਗੀਆਂ ਕਰ ਲੈਂਦੇ ਹੋ। ਸਧਾਰਨਤਾ ਕੋਈ ਮਾਨਵੀ ਕੰਮਜ਼ੋਰੀ ਨਹੀਂ, ਸਗੋਂ ਇਹ ਉਹ ਤਾਕਤ ਹੈ ਜਿਸ ਸਾਹਵੇਂ ਆਕੜ-ਖਾਂ ਵੀ ਸਿਰ ਝੁਕਾਉਣ ਲਈ ਮਜਬੂਰ ਹੋ ਜਾਂਦੇ ਹਨ। ਹਲੀਮੀ ਤਾਂ ਸਵੈਬੰਦਗੀ ਦਾ ਉਹ ਰੂਪ ਹੈ ਜਿਹੜਾ ਤੁਹਾਡੀ ਆਤਮਿਕ ਉਚਾਈ ਦਾ ਸਿਖਰ ਹੁੰਦੀ ਹੈ।

ਕਦੇ ਖੁਦ ਨੂੰ ਮਿਲਣਾ ਅਤੇ ਸੋਚਣਾ ਕਿ ਮੈਂ ਨਿਰਮਾਣਤਾ ਅਤੇ ਸਧਾਰਨਤਾ ਵਿੱਚੋਂ ਕਿੰਨਾ ਸੁਖਨ ਅਤੇ ਸਕੂਨ ਹਾਸਲ ਕੀਤਾ ਹੈ? ਕਦੇ ਖੁਦ ਨੂੰ ਅਮਰੂ ਨਿਮਾਣਾ, ਨਿਤਾਣਾ ਤੇ ਨਿਥਾਵਾਂ ਸਮਝਣ ਵਾਲੇ ਮਾਰਗ ਨੂੰ ਆਪਣੀ ਸੋਚ ਵਿੱਚ ਛੋਟੀ ਜਿਹੀ ਜਗਾ ਦੇਣੀ। ਉਚੇਚ ਨਾ ਕਰੋ ਆਪਣੀ ਨਿਰਮਾਣਤਾ ਦਾ ਸਗੋਂ ਆਪਣੀ ਸੋਚ ਅਤੇ ਮਨ ਦੀ ਧਾਰਨਾ ਨਾਲ ਆਪਣੇ ਆਪ ਨੂੰ ਛੋਟਾ ਸਮਝੋ; ਤੁਹਾਡੀ ਕਿਰਤਕਾਰੀ ਨੇ ਤੁਹਾਡੀ ਵਡੱਤਣ ਨੂੰ ਆਪਣੇ ਆਪ ਹੀ ਫੈਲਾਅ ਦੇਣਾ ਹੈ। ਐਵੇਂ ਕਾਹਤੋਂ ਆਪਣੇ ਆਪ ਨੂੰ ਅਡੰਬਰੀ ਸੰਸਾਰ ਵਿੱਚ ਉਲਝਾਉਂਦੇ ਹੋ? ਕਦੇ ਦਿਖਾਵੇ ਤੋਂ ਬਾਹਰ ਨਿਕਲਣਾ, ਦੇਖਣਾ, ਤੁਹਾਨੂੰ ਕਿੰਨੀ ਮਾਨਸਿਕ ਖੁਸ਼ੀ ਮਿਲੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

Cleveland, Ohio, USA.
Whatsapp: (1 - 216 - 556 - 2080)
Email: (gb.bhandal@gmail.com)

More articles from this author