GurbakhashSBhandal7ਮੌਸਮਾਂ ਦੀ ਮਾਰ ਸਹਿੰਦਿਆਂ ਵੀ ਸਿਰ ਉੱਚਾ ਰੱਖਣ ਦਾ ਹੁਨਰ ਕਦੇ ਪਰਬਤਾਂ ਤੋਂ ਸਿੱਖਣਾ, ਫਿਰ ...
(1 ਅਪਰੈਲ 2024)


ਮਨੁੱਖ ਅਕਸਰ ਹੀ ਬੇਧਿਆਨਾ
, ਆਲੇ-ਦੁਆਲੇ ਤੋਂ ਬੇਨਿਆਜ਼ ਰਹਿੰਦਾ ਹੈਆਪਣੇ ਹੀ ਖ਼ਿਆਲਾਂ ਵਿੱਚ ਗਵਾਚਿਆ ਬੰਦਾ ਖੁਦ ਨੂੰ ਵੀ ਭੁੱਲ ਜਾਂਦਾ ਹੈਇਹ ਵੀ ਭੁੱਲ ਜਾਂਦਾ ਹੈ ਕਿ ਉਸਦੇ ਆਲੇ-ਦੁਆਲੇ ਕੀ ਹੋ ਰਿਹਾ ਏ? ਕਿਹੜੀਆਂ ਕਿਰਿਆਵਾਂ ਉਸਨੂੰ ਪ੍ਰਭਾਵਤ ਕਰਦੀਆਂ ਹਨ, ਕਿਹੜਾ ਵੇਲਾ ਹੈ ਅਤੇ ਕਿਹੜੀਆਂ ਰੁੱਤਾਂ ਦਾ ਰਾਗ ਹਵਾ ਵਿੱਚ ਗੂੰਜ ਰਿਹਾ ਹੈ

ਬੰਦਾ ਬਾਹਰ ਵੰਨੀਂ ਹੀ ਧਿਆਨ ਲਾਈ ਰੱਖਦਾ ਹੈ ਅਤੇ ਕਦੇ-ਕਦਾਈਂ ਹੀ ਅੰਦਰ ਵੱਲ ਨੂੰ ਮੁੜਦਾ ਹੈਪਰ ਜ਼ਿਆਦਤਰ ਉਸਦਾ ਧਿਆਨ ਨਾ ਤਾਂ ਬਾਹਰ ਵੱਲ ਹੁੰਦਾ ਹੈ ਅਤੇ ਨਾ ਹੀ ਅੰਦਰ ਵੱਲਉਹ ਆਪਣੀਆਂ ਹੀ ਸੋਚਾਂ ਵਿੱਚ ਗਵਾਚਾ, ਆਪਣੇ ਭਰਮ-ਭੁਲੇਖਿਆਂ ਅਤੇ ਗਿਣਤੀਆਂ ਮਿਣਤੀਆਂ ਵਿੱਚ ਉਲਝਿਆ ਹੀ ਜੀਵਨ ਨੂੰ ਅਜਾਈਂ ਗਵਾਉਂਦਾ ਹੈ ਦਰਅਸਲ ਬੰਦੇ ਨੂੰ ਪਤਾ ਹੀ ਨਹੀਂ ਲਗਦਾ ਕਿ ਉਹ ਕਿਉਂ ਜੀਅ ਰਿਹਾ ਹੈ? ਕਿਸ ਲਈ ਜੀਅ ਰਿਹਾ? ਕੀ ਕਰ ਰਿਹਾ? ਉਸਦੀ ਪਸੰਦ ਕੀ ਏ? ਉਸਦੀਆਂ ਤਰਜੀਹਾਂ ਕਿਹੜੀਆਂ ਹਨ? ਉਸਦੀ ਕਿਹੜੀ ਅਪੂਰਨ ਤਮੰਨਾ ਹੈ? ਉਸਦੀਆਂ ਮਨੋਕਾਮਾਨਵਾਂ ਨੇ ਕਿਹੜਾ ਮੋੜ ਕੱਟਣਾ ਹੈ? ਉਸਦੀ ਸੋਚ ਦਾ ਦਾਇਰਾ ਬਹੁਤ ਹੀ ਸੀਮਿਤ ਹੈਉਸਦੇ ਸੁਪਨਿਆਂ ਦਾ ਸੰਸਾਰ ਬਹੁਤ ਸੌੜਾਉਹ ਆਪਣੀਆਂ ਸੰਭਾਵਨਾਵਾਂ ਤੋਂ ਅਵੇਸਲਾ ਹੈਫਿਰ ਭਲਾ ਉਹ ਕਿਹੜੀਆਂ ਸਫਲਤਾਵਾਂ ਦਾ ਸ਼ਾਹ-ਅਸਵਾਰ ਬਣ ਸਕਦਾ ਹੈ?

ਬੰਦੇ ਨੂੰ ਇਹ ਤਾਂ ਗਿਆਨ ਹੀ ਨਹੀਂ ਕਿ ਉਸਦੀ ਜੀਵਨ ਸ਼ੈਲੀ ਕੀ ਹੈ? ਜ਼ਿੰਦਗੀ ਨੂੰ ਹੋਰ ਖੂਬਸੂਰਤ ਅਤੇ ਖੂਬਸੀਰਤ ਕਿਵੇਂ ਬਣਾਇਆ ਜਾ ਸਕਦਾ ਹੈ? ਕਿਹੜੇ ਤਰੀਕਿਆਂ ਨਾਲ ਉਹ ਸਮਾਜ ਵਿੱਚ ਯੋਗਦਾਨ ਪਾ ਕੇ ਇਸਦੀ ਸਾਰਥਿਕਤਾ ਅਤੇ ਸੁੰਦਰਤਾ ਨੂੰ ਹੋਰ ਨਿਖਾਰ ਸਕਦਾ ਹੈ?

ਬੰਦਾ ਨੂੰ ਚਾਹੀਦਾ ਹੈ ਕਿ ਸਵੇਰ ਨੂੰ ਸੈਰ ’ਤੇ ਨਿਕਲੇ, ਮੌਲਦੀ ਕੁਦਰਤ ਨੂੰ ਨਿਹਾਰੇਬਿਰਖ਼ਾਂ ’ਤੇ ਪੰਛੀਆਂ ਦੀ ਰਾਗਣੀ ਸੁਣੇਪੱਤਿਆਂ ਵਿੱਚੋਂ ਸਰਕਦੀ ਹਵਾ ਦੀਆਂ ਸੁਰਾਂ ਵਿੱਚ ਖੁਦ ਨੂੰ ਸਰੂਰੇਨਿਖਰੇ ਅੰਬਰ ਦੀ ਪਾਕੀਜ਼ਗੀ ਨੂੰ ਆਪਣੇ ਅੰਦਰ ਉਤਾਰੇਚੋਗ ਦੀ ਭਾਲ ਵਿੱਚ ਨਿਕਲੇ ਪੰਛੀਆਂ ਦੀਆਂ ਡਾਰਾਂ ਨੂੰ ਦੇਖੇਸਰਘੀ ਦੀ ਫੁੱਟ ਰਹੀ ਲੋਅ ਵਾਂਗ ਆਪਣੇ ਮਨ ਵਿੱਚ ਚਾਨਣ ਦੀ ਚਿਣਗ ਲਾਵੇ ਜਦੋਂ ਬੰਦਾ ਆਲੇ-ਦੁਆਲੇ ਪਸਰੀ ਕੁਦਰਤ ਨਾਲ ਇਕਸੁਰ ਹੋ ਕੇ ਆਪਣੀਆਂ ਸੋਚਾਂ, ਸੰਵੇਦਨਾਵਾਂ ਅਤੇ ਸੁਪਨਿਆਂ ਵਿੱਚ ਤਾਜ਼ਗੀ ਭਰਦਾ ਹੈ ਤਾਂ ਉਸਦੇ ਪੈਰਾਂ ਵਿੱਚ ਸਫਰ ਉੱਗਣਾ ਲਾਜ਼ਮੀ ਹੁੰਦਾ ਹੈਉਸਨੂੰ ਅਹਿਸਾਸ ਹੁੰਦਾ ਹੈ ਕਿ ਕੁਦਰਤ ਦੀ ਖੂਬਸੂਰਤੀ ਵਿੱਚੋਂ ਮਨ ਦੀ ਖੂਬਸੂਰਤੀ ਕਿਵੇਂ ਪੈਦਾ ਹੁੰਦੀ ਹੈ ਅਤੇ ਬੰਦੇ ਦੇ ਮਨ ਅਤੇ ਰੂਹ ਵਿੱਚ ਖੇੜਾ ਕਿੰਝ ਪੈਦਾ ਹੁੰਦਾ ਹੈ।

ਕਦੇ ਦਰਿਆ ਦੇ ਕੰਢੇ ਬੈਠ ਕੇ ਵਿਅਰਥ ਸੋਚਾਂ ਦੀਆਂ ਘੁੰਮਣ-ਘੇਰੀਆਂ ਵਿੱਚ ਗਵਾਚਣ ਦੀ ਬਜਾਏ ਵਗ ਰਹੇ ਦਰਿਆ ਦੀ ਤੋਰ ਵਾਂਗ ਆਪਣੇ ਜੀਵਨ ਨੂੰ ਤੁਰਦੇ ਰਹਿਣ ਦੀ ਆਦਤ ਬਖਸ਼ਣੀ, ਇਸਦੀਆਂ ਲਹਿਰਾਂ ਵਿੱਚ ਪੈਦਾ ਹੋ ਰਹੇ ਸੁਰ-ਸੰਗੀਤ ਨੂੰ ਮਾਣਨ ਅਤੇ ਲਹਿਰਾਂ ਵਾਂਗ ਇੱਕ ਦੂਜੇ ਨਾਲ ਲਿਪਟ ਕੇ ਆਪਣਿਆਂ ਵਿੱਚ ਸਮਾਉਣ ਦੀ ਆਦਤ ਨੂੰ ਮਨ ਵਿੱਚ ਪੈਦਾ ਕਰਨਾਆਪਣਿਆਂ ਵਿੱਚ ਸਮਾ ਜਾਣ ਦੀ ਸੋਝੀ ਮਨ ਵਿੱਚ ਪੈਦਾ ਹੋ ਜਾਵੇ ਤਾਂ ਮਨ ਵਿੱਚ ਪੈਦਾ ਹੋਣ ਵਾਲੀ ਨਫਰਤ, ਘਿਰਣਾ, ਦੁਸ਼ਮਣੀ ਅਤੇ ਦਵੈਤ ਮਨ ਦੀ ਜੂਹੇ ਕਦੇ ਨਹੀਂ ਪੈਦਾ ਹੋਵੇਗੀਪਾਣੀ ਵਿੱਚ ਪਈ ਕੋਈ ਲਕੀਰ ਕਦੇ ਵੀ ਥਿਰ ਨਹੀਂ ਰਹਿੰਦੀਪਾਣੀ ਵਿੱਚ ਕਦੇ ਨਹੀਂ ਪੈਂਦੀਆਂ ਵੰਡੀਆਂਦੋਹਾਂ ਕੰਢਿਆਂ ਦੇ ਆਪਸੀ ਮੋਹ ਨੂੰ ਆਪਣੀ ਕਰਮ-ਸ਼ੈਲੀ ਦਾ ਅਧਾਰ ਬਣਾਉਣਾ ਜੋ ਦਰਿਆ ਨੂੰ ਬੁੱਕਲ ਵਿੱਚ ਲੈ ਕੇ ਇਸਨੂੰ ਰੂਪ ਅਤੇ ਰਵਾਨਗੀ ਦਿੰਦੇਬੰਦੇ ਨੂੰ ਸੋਚਣਾ ਚਾਹੀਦਾ ਕਿ ਕੀ ਉਸਨੇ ਕਦੇ ਦਰਿਆ ਬਣ ਕੇ ਰੱਕੜ ਨੂੰ ਭਾਗ ਲਾਏ? ਕਿਸੇ ਦੀ ਪਿਆਸ ਬੁਝਾਈ ਜਾਂ ਪਾਣੀ ਵਾਂਗ ਮਨਾਂ ਵਿਚਲੀਆਂ ਅਦਿੱਖ ਲਕੀਰਾਂ ਨੂੰ ਮਿਟਾਉਣ ਦੀ ਚੇਸ਼ਟਾ ਮਨ ਵਿੱਚ ਪੈਦਾ ਕੀਤੀ ਵਗਦੇ ਪਾਣੀਆਂ ਵਰਗੀ ਤਾਸੀਰ ਤੋਂ ਬੰਦਾ ਬਹੁਤ ਕੁਝ ਸਿੱਖ ਸਕਦਾ ਹੈਪਰ ਬੰਦਾ ਕੁਝ ਸਿੱਖਣ ਦੀ ਬਜਾਏ ਕਈ ਵਾਰ ਪਾਣੀਆਂ ਨੂੰ ਸਿਖਾਉਣ ਤੁਰ ਪੈਂਦਾ ਹੈ ਤਾਂ ਹੀ ਦਰਿਆਵਾਂ ਵਿੱਚ ਬਰੇਤੇ ਉੱਗਦੇ ਹਨ

ਬੰਦਾ ਖੇਤਾਂ ਵਿੱਚ ਫਿਰਦਾ, ਵੱਟ ’ਤੇ ਟਹਿਲਦਿਆਂ ਸਿਰਫ ਖੇਤਾਂ ਤੇ ਕਬਜ਼ੇ ਦੀ ਭਾਵਨਾ ਲੈ ਕੇ ਨਿਕਲਦਾਕਦੇ ਵੀ ਉਹ ਖੇਤਾਂ ਦੀ ਹਰਿਆਵਲ ਨੂੰ ਆਪਣੇ ਮਨ ਦੀ ਬੈਰਾਨਗੀ ਦੇ ਨਾਮ ਨਹੀਂ ਕਰਦਾਨਾ ਹੀ ਉਸਨੂੰ ਅਹਿਸਾਸ ਹੁੰਦਾ ਕਿ ਆਡਾਂ ਵਿੱਚ ਵਗਦਾ ਪਾਣੀ ਫਸਲਾਂ ਦੀ ਜਿੰਦ ਜਾਨ ਹੋ, ਕਿਸਾਨ ਦੀਆਂ ਕਿਸਮਤ ਦੀਆਂ ਰੇਖਾਵਾਂ ਲਿਖਦਾ ਹੇ ਅਤੇ ਖਾਲੀ ਕੋਠੜੀ ਵਿੱਚ ਬੋਹਲ ਲਾਉਂਦਾ ਹੈਬੰਦੇ ਜੰਮਣ ਵਾਲੀਆਂ ਜ਼ਮੀਨਾਂ ਦੀਆਂ ਵੰਡੀਆਂ ਪਾਉਣ ਵਾਲੇ ਸ਼ਖਸ ਨੂੰ ਇਹ ਯਾਦ ਨਹੀਂ ਰਹਿੰਦਾ ਕਿ ਪੈਰਾਂ ਹੇਠ ਮਿੱਧੀ ਜਾ ਰਹੀ ਮਿੱਟੀ ਨੇ ’ਕੇਰਾਂ ਤੇਰੇ ਉੱਪਰ ਪੈ ਕੇ ਤੇਰੀ ਮਿੱਟੀ ਨੂੰ ਆਪਣੇ ਵਿੱਚ ਮਿਲਾ ਲੈਣਾ ਹੈਮਿੱਟੀ ਵਿੱਚ ਨਿਮਣ ਵਾਲਿਆ! ਕਾਹਦਾ ਮਾਣ ਕਰੇਂਦਾ ਤੂੰ ਮਿੱਟੀ ਦਾਤੇਰੇ ਹੱਥਾਂ ਵਿੱਚ ਮਿੱਟੀ ਨੇ ਕਿਸਮਤ ਲਿਖੀ ਅਤੇ ਤੇਰੀ ਹਊਮੈਂ ਨੇ ਵੀ ਮਿੱਟੀ ਹੋਣਾਆਪਣੇ ਆਪ ਨੂੰ ਮਿੱਟੀ ਦਾ ਆੜੀ ਸਮਝੇਂਗਾ ਤਾਂ ਇਹ ਮਿੱਟੀ ਤੇਰੀਆਂ ਸੁੱਖਾਂ ਸੁੱਖਦੀ, ਤੇਰੀ ਤਲੀ ’ਤੇ ਉੱਗ ਕੇ ਸੋਨਾ ਵੀ ਬਣ ਸਕਦੀ ਏਤੂੰ ਸੋਚੀਂ ਕਿ ਇਸ ਮਿੱਟੀ ਵਿੱਚ ਕਬਰਾਂ ਉਗਾਉਣ ਦੀ ਸੋਚਣ ਵਾਲਾ ਆਖਰ ਨੂੰ ਖੁਦ ਵੀ ਇੱਕ ਕਬਰ ਹੀ ਬਣ ਜਾਂਦਾ ਹੈਮਿੱਟੀ ਦਾ ਮਾਣ ਨਹੀਂ ਕਰੀਦਾ ਸਗੋਂ ਮਿੱਟੀ ਨੂੰ ਮਾਣ ਦੇਈਦਾ, ਤਾਂ ਹੀ ਬੰਦਾ ਉਸ ਮਾਣ ਦਾ ਹਾਣੀ ਹੋ ਸਕਦਾ ਹੈ

ਸਮੁੰਦਰ ਦੇ ਕੰਢੇ ’ਤੇ ਬੈਠ ਕੇ ਸਮੁੰਦਰ ਦੀ ਲਹਿਰਾਂ ਗਿਣਨ ਵਾਲਿਆ! ਇਨ੍ਹਾਂ ਲਹਿਰਾਂ ਵਿੱਚ ਜੀਵਨ ਧੜਕਦਾ ਹੈਲਹਿਰਾਂ ਬਾਰ ਬਾਰ ਕੰਢਿਆਂ ਨੂੰ ਮਿਲਣ ਲਈ ਅਹੁਲਦੀਆਂ ਹਨਰੇਤ ਨੂੰ ਭਿਉਂਦੀਆਂ, ਚੁੰਮਦੀਆਂ ਅਤੇ ਫਿਰ ਪਰਤਦੀਆਂ ਹਨਇਹ ਵਰਤਾਰਾ ਉਨ੍ਹਾਂ ਦੇ ਜੀਵਨ ਦਾ ਅਧਾਰ ਹੈਕੰਢੇ ’ਤੇ ਬਿੱਖਰੇ ਘੋਗਿਆਂ ਅਤੇ ਸਿੱਪੀਆਂ ਨੂੰ ਕਦੇ ਨੇੜਿਉਂ ਨਿਹਾਰੀਂ ਤਾਂ ਤੈਂਨੂੰ ਅਹਿਸਾਸ ਹੋਵੇਗਾ ਕਿ ਇਨ੍ਹਾਂ ਵਿੱਚ ਵੀ ਜੀਵਨ ਧੜਕਦਾ ਹੈ ਜਦੋਂ ਬੱਚੇ ਇਨ੍ਹਾਂ ਨੂੰ ਇਕੱਠੇ ਕਰਕੇ ਆਪਣੇ ਕਮਰਿਆਂ ਵਿੱਚ ਸਜਾਉਂਦੇ ਹਨ, ਉਨ੍ਹਾਂ ਦੇ ਮਨਾਂ ਵਿੱਚ ਘੋਗੇ-ਸਿੱਪੀਆਂ ਵਿੱਚ ਪੈਦਾ ਹੋਣ ਵਾਲੇ ਹੀਰਿਆਂ ਦੀ ਤਮੰਨਾ ਹੁੰਦੀ ਹੈਸਮੁੰਦਰ ਨੂੰ ਦੂਰ ਤੀਕ ਦੇਖਦਿਆਂ ਇਸਦੀ ਵਿਸ਼ਾਲਤਾ ਅਤੇ ਡੁੰਘਾਈ ਵਿੱਚੋਂ ਬੰਦਾ ਬਹੁਤ ਕੁਝ ਸਿੱਖ ਸਕਦਾ ਹੈਆਪਣੀ ਸੋਚ ਦੇ ਫੈਲਾਅ ਅਤੇ ਮਨ ਦੀਆਂ ਅਸੀਮ ਪਰਤਾਂ ਨੂੰ ਫਰੋਲ ਕੇ ਬੰਦਾ ਆਪਣੇ ਅੰਦਰਲੀ ਧਰਾਤਲ ਵਿੱਚੋਂ ਮਾਣਕ-ਮੋਤੀਆਂ ਦਾ ਖਜ਼ਾਨਾ ਪ੍ਰਾਪਤ ਕਰ ਸਕਦਾ ਹੈਪਰ ਬੰਦੇ ਦੀ ਸੋਚ ਸਤਹੀ ਹੀ ਹੁੰਦੀ ਹੈਉਹ ਸਮੁੰਦਰੀ ਕਾਇਨਾਤ ਨੂੰ ਉਪਰੀ ਨਜ਼ਰ ਨਾਲ ਦੇਖ ਕੇ ਖਾਲੀ ਹੱਥ ਪਰਤ ਆਉਂਦਾ ਹੈਸਮੁੰਦਰ ਕੋਲੋਂ ਪਰਤਣ ਲੱਗਿਆਂ ਬੰਦੇ ਨੂੰ ਚਾਹੀਦਾ ਹੈ ਕਿ ਸਮੁੰਦਰ ਵਰਗੀ ਸ਼ੀਲਤਾ, ਤਰਲਤਾ ਅਤੇ ਚੰਨ ਨੂੰ ਮਿਲਣ ਦੀ ਤਾਂਘ ਮਨ ਵਿੱਚ ਪੈਦਾ ਕਰਦਾ ਰਹੇਸ਼ਾਂਤ ਰਾਤ ਨੂੰ ਸਮੁੰਦਰ ਵਿੱਚ ਉੱਤਰੇ ਚੰਨ ਦੀ ਸਮੁੰਦਰ ਨਾਲ ਕੀਤੀ ਗੁਫਤਗੂ ਵਾਂਗ ਆਪਣੇ ਅੰਦਰਲੇ ਸਮੁੰਦਰ ਨਾਲ ਵੀ ਸੰਵਾਦ ਰਚਾਇਆ ਕਰੇ

ਬੰਦਾ ਪਹਾੜਾਂ ’ਤੇ ਜਾਂਦਾ ਹੈ ਪਰ ਪਹਾੜਾਂ ਤੋਂ ਕੁਝ ਸਿੱਖੇ ਬਗੈਰ ਹੀ ਪਰਤ ਆਉਂਦਾ ਹੈਕਦੇ ਪਹਾੜਾਂ ਦੀਆਂ ਬਰਫ਼ਾਂ ਲੱਦੀਆਂ ਚੋਟੀਆਂ ਨੂੰ ਤੱਕਣਾ, ਕਿਵੇਂ ਉਹ ਅੰਬਰ ਨੂੰ ਛੂਹਣ ਲਈ ਕਾਹਲੀਆਂ ਹਨ? ਮੌਸਮਾਂ ਦੀ ਮਾਰ ਸਹਿੰਦਿਆਂ ਵੀ ਸਿਰ ਉੱਚਾ ਰੱਖਣ ਦਾ ਹੁਨਰ ਕਦੇ ਪਰਬਤਾਂ ਤੋਂ ਸਿੱਖਣਾ, ਫਿਰ ਅਹਿਸਾਸ ਹੋਵੇਗਾ ਕਿ ਸਿਰ ਉੱਚਾ ਰੱਖਣ ਲਈ ਕਿੰਨਾ ਮੁੱਲ ਤਾਰਨਾ ਪੈਂਦਾ ਹੈ? ਪਰ ਕਿੰਨਾ ਗਰਭ ਹੁੰਦਾ ਹੈ ਸਿਰ ਉੱਚਾ ਚੁੱਕੇ ਜਿਊਣ ਦਾਪਹਾੜ ਹੀ ਦੱਸਦੇ ਹਨ ਕਿ ਸਿਖਰ ’ਤੇ ਪਹੁੰਚਣ ਲਈ ਬੜੇ ਟੇਢੇ-ਮੇਢੇ ਅਤੇ ਬਿਖੜੇ ਪੈਂਡਿਆਂ ਨਾਲ ਹੀ ਸਿਖਰ ’ਤੇ ਪਹੁੰਚਿਆ ਜਾ ਸਕਦਾ ਹੈਬੇਹਿੰਮਤੇ ਲੋਕ ਤਾਂ ਅੱਧ ਵਿਚਕਾਰੋਂ ਹੀ ਹੌਸਲਾ ਹਾਰਕੇ ਵਾਪਸ ਪਰਤ ਆਉਂਦੇ ਹਨਪਰਬਤਾਂ ਨੂੰ ਆਪਣਾ ਯਾਰ ਬਣਾਉਣ ਵਾਲੇ ਹੀ ਪਰਬਤੀ ਜੇਰੇ ਦੇ ਮਾਲਕ ਹੁੰਦੇ ਹਨ, ਜਿਨ੍ਹਾਂ ਦੀ ਸੋਚ ਵਿੱਚ ਉਚੇਰੇ ਦਿਸਹੱਦਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਦਮ ਹੁੰਦਾ ਹੈ

ਟਿੱਕੀ ਹੋਈ ਰਾਤ ਵਿੱਚ ਘਰ ਦੀ ਛੱਤ ’ਤੇ ਆਪਣੇ ਹਮਸਫਰ ਨਾਲ ਮੰਜੇ ’ਤੇ ਲੇਟਿਆ ਸ਼ਖਸ ਸੋਚਦਾ ਹੈ ਕਿ ਚਾਨਣੀ ਰਾਤ ਵਿੱਚ ਚੰਨ ਵਰਗਾ ਸਾਥ ਮਾਣਨ ਦਾ ਅਕਹਿ ਅਨੰਦ ਵਿਰਲਿਆਂ ਦੇ ਹਿੱਸੇ ਆਉਂਦਾ ਹੈਪਰ ਅੰਬਰ ਵਿੱਚ ਦੀਵਿਆਂ ਦੇ ਥਾਲ ਦੀ ਰੌਸ਼ਨੀ ਵਿੱਚ ਖੁਦ ਨੂੰ ਦੁੱਧ ਧੋਤਾ ਸਮਝਦਿਆਂ ਵੀ ਤਾਰਿਆਂ ਭਰੇ ਅੰਬਰ ਦੀ ਸਿਫਤ ਸਲਾਹ ਕਰਨ ਦਾ ਚੇਤੇ ਨਹੀਂ ਆਉਂਦਾਉਸਨੂੰ ਇਹ ਧਿਆਨ ਹੀ ਨਹੀਂ ਰਹਿੰਦਾ ਕਿ ਅਗਰ ਚਾਨਣੀ ਨਾ ਹੁੰਦੀ ਤਾਂ ਆਪਣੇ ਸੱਜਣ ਦੇ ਮੁੱਖੜੇ ਨੂੰ ਕਿੰਝ ਨਿਹਾਰਦਾ? ਤਾਰਿਆਂ ਵਰਗੀ ਕੋਸੀ ਗੁਫਤਗੂ ਕਿੰਝ ਰਚਾਉਂਦਾ? ਛੱਤ ’ਤੇ ਉੱਤਰੇ ਚੰਨ ਦੀ ਰਸਭਿੰਨੀ ਗੱਲਬਾਤ ਵਿੱਚੋਂ ਉਸਨੂੰ ਜਿਊਣ ਦਾ ਹੁਨਰ ਕਿੰਝ ਮਿਲਦਾ? ਅਸਮਾਨ ਵਿੱਚ ਟੁੱਟਦੇ ਤਾਰੇ ਨੂੰ ਦੇਖ ਕੇ ਉਸਨੂੰ ਇਹ ਸਮਝ ਬਿਲਕੁਲ ਨਹੀਂ ਪੈਂਦੀ ਕਿ ਪਤਾ ਨਹੀਂ ਜੀਵਨ ਦੇ ਕਿਸ ਮੋੜ ’ਤੇ ਪਲ ਭਰ ਵਿੱਚ ਟੁੱਟਦੇ ਤਾਰੇ ਵਾਂਗ ਚਾਨਣ ਦੀ ਲੀਕ ਪੈਦਾ ਕਰ ਕੇ ਰਾਖ ਬਣ ਕੇ ਧਰਤ ’ਤੇ ਬਿਖਰ ਜਾਣਾ ਹੈਕਿਸੇ ਨੂੰ ਯਾਦ ਨਹੀਂ ਰਹਿਣਾ ਕਿ ਕਦੇ ਕੋਈ ਤਾਰਾ ਹੁੰਦਾ ਸੀ ਜੋ ਧਰਤ ਦੀ ਜੂਹ ਵਿੱਚ ਆ, ਰੌਸ਼ਨੀ ਬਖੇਰ ਸਦਾ ਲਈ ਧਰਤ ਦਾ ਹਿੱਸਾ ਹੀ ਬਣ ਗਿਆਜੀਵਨ ਦੇ ਰਾਂਗਲੇ ਪਲਾਂ ਨੂੰ ਮਾਣਦਿਆਂ, ਆਲੇ-ਦੁਆਲੇ ਵਿੱਚੋਂ ਜ਼ਿੰਦਗੀ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰਕੇ ਹੀ ਬੰਦਾ ਆਪਣੀ ਜ਼ਿੰਦਗੀ ਨੂੰ ਹੋਰ ਰੰਗੀਨ ਅਤੇ ਹੁਸੀਨ ਵੀ ਬਣਾ ਸਕਦਾ ਹੈ ਪਰ ਬੰਦੇ ਨੂੰ ਕੌਣ ਇਹ ਰਮਜ਼ਾਂ ਸਮਝਾਵੇ?

ਨੌਜਵਾਨ ਔਲਾਦ ਆਪਣੇ ਮਾਂ-ਬਾਪ ਦੇ ਮੁੱਖੜੇ ਨਹੀਂ ਨਿਹਾਰਦੀਉਨ੍ਹਾਂ ਦੇ ਮੱਥਿਆਂ ’ਤੇ ਉੱਗ ਆਈਆਂ ਝੁਰੜੀਆਂ ਵਿੱਚੋਂ ਜੀਵਨ-ਪ੍ਰਾਪਤੀ ਦਾ ਇਤਿਹਾਸ ਨਹੀਂ ਪੜ੍ਹਦੀ ਸਗੋਂ ਉਨ੍ਹਾਂ ਦੇ ਬੁਢਾਪੇ ਨੂੰ ਕੋਸਣ ਲਗਦੀ ਹੈਕਦੇ ਉਹਨਾਂ ਦੇ ਪੈਰਾਂ ਵਿੱਚ ਉੱਗੀਆਂ ਬਿਆਈਆਂ ਵਿੱਚ ਜੀਵਨੀ ਪੈਂਡਿਆਂ ਦਾ ਇਤਿਹਾਸ ਪੜ੍ਹਨਾ ਤਾਂ ਸਮਝ ਲੱਗੇਗੀ ਕਿ ਕਿੰਨਾ ਔਖਾ ਹੁੰਦਾ ਹੈ ਨੰਗੇ ਪੈਰੀਂ ਕੱਚੇ-ਰਾਹਾਂ ਵਿੱਚੋਂ ਆਪਣੀਆਂ ਪੈੜਾਂ ਦੇ ਨਿਸ਼ਾਨ ਭਵਿੱਖ ਦੇ ਨਾਮ ਕਰਨੇਉਨ੍ਹਾਂ ਦੇ ਹੱਥਾਂ ਦੀ ਫਟੀਆਂ ਕੋਰਾਂ ਵਿੱਚੋਂ ਆਉਂਦੀ ਮਿਹਨਤ ਅਤੇ ਮੁਸ਼ੱਕਤ ਦੀਆਂ ਸੁਰਖ ਸਵੇਰ ਵਰਗੀਆਂ ਕਿਰਨਾਂ ਨਾਲ ਆਪਣੇ ਮਸਤਕ ਨੂੰ ਰੁਸ਼ਨਾਉਣਾ ਤਾਂ ਸਮਝ ਆਵੇਗੀ ਕਿ ਮਿਹਨਤ ਵਿੱਚੋਂ ਉੱਗੀਆਂ ਕਿਸਮਤ-ਲਕੀਰਾਂ ਨੂੰ ਨਿਹਾਰਨ ’ਤੇ ਕਿੰਨਾ ਸੁਖਨ ਅਤੇ ਸਕੂਨ ਮਿਲਦਾ ਹੈਇਹੀ ਸਕੂਨ ਅਗਰ ਬੰਦਾ ਆਪਣੇ ਬਜ਼ੁਰਗਾਂ ਕੋਲੋਂ ਹਾਸਲ ਕਰਕੇ ਆਪਣੀ ਅਗਲੇਰੀ ਪੀੜ੍ਹੀ ਦੇ ਨਾਮ ਲਾ ਦੇਵੇ ਤਾਂ ਬੰਦੇ ਦੀ ਸੋਚ ਦੇ ਵਾਰੇ ਜਾਈਦਾਪਰ ਬੰਦਾ ਤਾਂ ਪਤਾ ਨਹੀਂ ਕਿਹੜੀ ਬੁਣਤੀਆਂ ਵਿੱਚੋਂ ਨਿੱਜਵਾਦ ਦਾ ਭਰਮ ਪਾਲਦਾ, ਮਾਪਿਆਂ ਦੀ ਕਿਰਤ-ਸਾਧਨਾ ਨੂੰ ਚੁਰਾਉਣ ਦੀਆਂ ਚਾਲਾਂ ਹੀ ਚਲਦਾ ਰਹਿੰਦਾ ਹੈਭਲਾ! ਸਾਧਨਾ ਅਤੇ ਸਿਫਤ ਵੀ ਚੋਰੀ ਹੋ ਸਕਦੀ ਹੈ? ਕਿਰਤ ਅਤੇ ਕੀਰਤੀ ਨੂੰ ਹਥਿਆਉਣ ਵਾਲੇ ਸਿਰਫ ਆਪਣੇ ਲਈ ਕਬਰ ਦੀ ਖੁਦਾਈ ਦਾ ਇੰਤਜ਼ਾਮ ਕਰਦੇ ਹਨ। ਉਨ੍ਹਾਂ ਦੇ ਹੱਥ ਪੱਲੇ ਭਲਾ ਕੀ ਆਵੇਗਾ?

ਬੰਦਾ ਡੂੰਘੀ ਸ਼ਾਮ ਵਿੱਚ ਡੁੱਬ ਰਹੇ ਸੂਰਜ ਨੂੰ ਦੇਖਦਾ ਹੈਇਸਦੇ ਬਦਲਦੇ ਰੰਗਾਂ ਨੂੰ ਵੀ ਅੰਬਰ ਵਿੱਚ ਫੈਲਦੇ ਦੇਖਦਾ ਹੈ ਅਤੇ ਇਸ ਵਿੱਚ ਉਸਦੀ ਸਾਰੀ ਸੋਚ ਸਿਮਟ ਜਾਂਦੀ ਹੈਉਹ ਇਹ ਕਦੇ ਵੀ ਨਹੀਂ ਸੋਚਦਾ ਕਿ ਸੂਰਜ ਦੇ ਛੁਪਣ ਵਾਂਗ ਉਸਨੇ ਵੀ ਇਸ ਜਹਾਨ ਤੋਂ ਤੁਰ ਜਾਣਾ ਹੈਉਹ ਇਸ ਧਰਤ ਦੇ ਨਾਵੇਂ ਧੁੱਪ ਵਰਗਾ ਕੁਝ ਅਰਪਿਤ ਕਰਕੇ ਇਸ ਜਹਾਨ ਤੋਂ ਰੁਖਸਤ ਹੋਇਆ ਹੈ ਜਾਂ ਸਿਰਫ ਹਨੇਰੀ ਬਿਰਤੀ ਨੂੰ ਹੀ ਉਸਨੇ ਸਮਿਆਂ ਦੇ ਨਾਮ ਕੀਤਾ ਹੈ, ਇਸਨੇ ਹੀ ਉਸਦੀ ਜੀਵਨ-ਪ੍ਰਾਪਤੀ ਨੂੰ ਨਿਰਧਰਾਤ ਕਰਨਾ ਹੈਉਸਦੇ ਜਾਣ ਤੋਂ ਬਾਅਦ ਉਸਦੀ ਅਰਥੀ ਦੇ ਮਗਰ ਜਾ ਰਹੇ ਲੋਕ ਕੀ ਗੱਲਾਂ ਕਰਦੇ ਹਨ, ਇਹ ਬੰਦੇ ਦੀ ਅਸਲ ਵਿਰਾਸਤ ਹੁੰਦੀ ਹੈਪਰ ਬੰਦਾ ਨੂੰ ਤਾਂ ਇਸਦਾ ਕਦੇ ਖ਼ਿਆਲ ਹੀ ਨਹੀਂ ਆਉਂਦਾ ਕਿਉਂਕਿ ਉਸਦੇ ਮਨ ਦਾ ਵਹਿਮ ਹੁੰਦਾ ਕਿ ਸੂਰਜ ਹੀ ਛੁਪਿਆ ਹੈ, ਮੈਂ ਤਾਂ ਚਿਰੰਜੀਵ ਰਹਿਣਾ ਹੈ ਬੰਦਿਆ! ਕਦੇ ਸੂਰਜ ਦੀ ਯਾਤਰਾ ਵਰਗਾ ਕੁਝ ਤਾਂ ਕਰ ਕਿ ਬਨਸਪਤੀ ਮੌਲਦੀ ਰਹੇ ਅਤੇ ਧਰਤ ਨਿੱਘ ਅਤੇ ਰੌਸ਼ਨੀ ਵਿੱਚ ਖੁਦ ਦੀ ਧੰਨਭਾਗਤਾ ਦਾ ਰਾਗ ਗਾਉਂਦੀ ਰਹੇ ਤੁਰ ਜਾਣ ਵਾਲੇ ਦੀਆਂ ਇਹ ਯਾਦਾਂ ਹੀ ਹੁੰਦੀਆਂ ਹਨ ਕਿ ਉਹ ਕਈ ਯੁੱਗਾਂ ਤੀਕ ਮਰਨ ਤੋਂ ਬਾਅਦ ਵੀ ਜਿਊਂਦਾ ਰਹਿੰਦਾ ਹੈਕੁਝ ਲੋਕ ਤਾਂ ਜਿਊਂਦੇ ਵੀ ਮਰਿਆਂ ਬਰਾਬਰ ਹੀ ਹੁੰਦੇ ਹਨ ਬੰਦਿਆ ਕੁਝ ਤਾਂ ਸੋਚ ਵਿਚਾਰ ਕਿ ਕੇਹਾ ਹੈ ਤੇਰਾ ਵਿਵਹਾਰ, ਕੈਸੇ ਨੇ ਤੇਰੇ ਵਿਚਾਰ, ਕੀ ਰੰਗ ਖਿੜਾਉਂਦਾ ਹੈ ਤੇਰਾ ਕਿਰਦਾਰ ਅਤੇ ਕਿਸ ਰੂਪ ਵਿੱਚ ਤੈਂਨੂੰ ਯਾਦ ਕਰੇਗਾ ਸੰਸਾਰ?

ਖਿਡੌਣਾ ਬਣਿਆ ਬੱਚਾ ਖਿਡੌਣਿਆਂ ਨਾਲ ਖੇਡ ਰਿਹਾ ਹੈਨੇੜੇ ਬੈਠੇ ਸ਼ਖਸ ਨੂੰ ਇਸਦਾ ਕੋਈ ਇਲਮ ਨਹੀਂ ਕਿ ਬੱਚੇ ਦੀ ਮਾਸੂਮੀਅਤ ਦੇ ਕੀ ਅਰਥ ਨੇ? ਉਸਦੀ ਸੋਚ ਦੀ ਪਵਿੱਤਰਤਾ ਦਾ ਆਲਮ ਕੀ ਹੈ? ਉਸਦੇ ਪਾਕ ਵਿਚਾਰਾਂ ਵਿੱਚ ਕਿਹੜੀਆਂ ਧਾਰਨਾਵਾਂ ਪੈਦਾ ਹੋ ਰਹੀਆਂ ਹਨ? ਉਹ ਕਿਹੜੇ ਸੁਪਨਿਆਂ ਦਾ ਸੱਚ ਆਪਣੀ ਖੇਡ ਵਿੱਚੋਂ ਦੇਖ ਰਿਹਾ ਹੈ? ਉਸ ਵੱਲੋਂ ਕੋਰੇ ਕਾਗਜ਼ ’ਤੇ ਮਾਰੀਆਂ ਲਕੀਰਾਂ ਵਿੱਚੋਂ ਕਿਹੜੇ ਚਿੱਤਰ ਉਸਦੇ ਮਨ ਦੇ ਚਿੱਤਰਪੱਟ ’ਤੇ ਉੱਕਰੇ ਜਾ ਰਹੇ ਹਨ? ਉਹ ਆਪਣੇ ਖਿਡੌਣਿਆਂ ਨਾਲ ਕਿਸ ਕਿਸਮ ਦੀ ਵਾਰਤਾਲਾਪ ਕਰ ਰਿਹਾ ਹੈ? ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ ਖੁਦ ਹੀ ਪ੍ਰਸ਼ਨ ਅਤੇ ਖੁਦ ਹੀ ਜਵਾਬ ਬਣਦਾ ਹੈਉਸ ਨੂੰ ਭੁੱਖ ਜਾਂ ਪਿਆਸ ਦੀ ਕੋਈ ਪ੍ਰਵਾਹ ਨਹੀਂਉਹ ਕਦੇ ਕੰਧਾਂ ’ਤੇ ਚਿੱਤਰਕਾਰੀ ਕਰਨ ਲਗਦਾ ਹੈ, ਕਦੇ ਆਪਣੇ ਖਿਡੌਣਿਆਂ ਵਿੱਚੋਂ ਤਰ੍ਹਾਂ ਤਰ੍ਹਾਂ ਦੀ ਆਵਾਜਾਂ ਪੈਦਾ ਕਰਕੇ ਨੱਚਣ ਵੀ ਲਗਦਾ ਹੈਆਪਣੇ ਹੀ ਰੰਗ ਵਿੱਚ ਰੰਗਿਆ, ਦੁਨੀਆਂ ਤੋਂ ਬੇਨਿਆਜ਼ ਰਹਿ ਕੇ ਸੁਖਨ ਦਾ ਪੂਰਨ ਮੁਜੱਸਮਾ, ਬੇਫਿਕਰ ਜ਼ਿੰਦਗੀ ਦਾ ਚਿਰਾਗਜੇਕਰ ਬੱਚੇ ਨੂੰ ਦੇਖ ਕੇ ਉਸਦੇ ਕੋਲ ਬੈਠੇ ਸ਼ਖਸ ਦਾ ਜੀਅ ਬੱਚਾ ਬਣਨ ਨੂੰ ਨਹੀਂ ਕਰਦਾ ਤਾਂ ਸਮਝੋ ਕਿ ਉਸ ਸ਼ਖਸ ਦਾ ਅੰਦਰ ਮਰ ਚੁੱਕਾ ਹੈ ਅਤੇ ਉਹ ਜਿਊਂਦੀ ਲਾਸ਼ ਹੈਬੱਚੇ ਨੂੰ ਦੇਖ ਕੇ ਜਦੋਂ ਕੋਈ ਸ਼ਖਸ ਬੱਚਾ ਬਣਦਾ ਹੈ ਤਾਂ ਉਸਦੀ ਅੰਦਰਲੀ ਨਿਰਛੱਲਤਾ ਅਤੇ ਪਾਕੀਜ਼ ਬਿਰਤੀ ਉਛਲਦੀ ਹੈਉਹ ਆਪਣੀ ਅੰਦਰਲੀ ਕਾਲਖ ਧੋ ਕੇ ਬਚਪਨੇ ਰਾਹੀਂ ਆਪਣੀ ਜ਼ਿੰਦਗੀ ਨੂੰ ਦੇਖਣ, ਮਾਣਨ ਅਤੇ ਜਿਊਣ ਦੇ ਕਾਬਲ ਹੋ ਜਾਂਦਾ ਹੈਐ ਮਨੁੱਖ! ਕਦੇ ਬੱਚਿਆਂ ਵਿੱਚ ਬੱਚਾ ਬਣਨਾਤੈਨੂੰ ਪਤਾ ਲੱਗੇਗਾ ਕਿ ਅਜਿਹੀ ਅਕਹਿ ਅਤੇ ਅਨੰਦਤ ਅਵਸਥਾ ਬਹੁਤ ਵਿਰਲਿਆਂ ਦਾ ਨਸੀਬ ਹੁੰਦੀ ਹੈ ਅਤੇ ਤੂੰ ਵਿਰਲਿਆਂ ਵਿੱਚੋਂ ਵਿਰਲਾ ਬਣ ਜਾਵੇਂਗਾ।

ਬੰਦਿਆ! ਆਪਣੇ ਜੀਵਨ ਵਿੱਚ ਵਿਚਰਦਿਆਂ ਕਦੇ ਵੀ ਬੇਧਿਆਨੀ ਨਾਲ ਜੀਵਨ-ਰਾਹਾਂ ਦਾ ਪੈਂਡਾ ਤੈਅ ਨਾ ਕਰ, ਸਗੋਂ ਆਲੇ-ਦੁਆਲੇ ਦੇ ਵਰਤਾਰਿਆਂ ਦਾ ਹਿੱਸਾ ਬਣ ਕੇ, ਇਨ੍ਹਾਂ ਵਿੱਚੋਂ ਜੀਵਨ-ਜਾਚ ਦੀਆਂ ਦਾਤਾਂ ਗ੍ਰਹਿਣ ਕਰਕੇ ਆਪਣੇ ਜੀਵਨ ਦੀਆਂ ਤਰਜ਼ੀਹਾਂ ਮਿਥ, ਜ਼ਿੰਦਗੀ ਦਾ ਹਰ ਰੰਗ ਤੇਰੀਆਂ ਤਲੀ ’ਤੇ ਯੁਗ ਜਿਊਣ ਦਾ ਵਰਦਾਨ ਖੁਣੇਗਾ’ਕੇਰਾਂ ਆਪਣਾ ਨਜ਼ਰੀਆ ਤਾਂ ਬਦਲ, ਦੇਖਣਾ ਤੇਰੇ ਜੀਵਨ ਦੇ ਰੰਗ-ਢੰਗ ਹੀ ਬਦਲ ਜਾਣਗੇਬੇਅਰਥੀ, ਬੇਮਕਸਦੀ ਅਤੇ ਬੇਮਤਲਬੀ ਜ਼ਿੰਦਗੀ ਨੂੰ ਜਿਊਣ ਦਾ ਸੁਹਾਵਣਾ ਮਕਸਦ ਮਿਲ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਗੁਰਬਖ਼ਸ਼ ਸਿੰਘ ਭੰਡਾਲ

ਡਾ. ਗੁਰਬਖ਼ਸ਼ ਸਿੰਘ ਭੰਡਾਲ

Cleveland, Ohio, USA.
Whatsapp: (1 - 216 - 556 - 2080)
Email: (gb.bhandal@gmail.com)

More articles from this author