“ਪੁਲ ਉਪਰ ਮਾਸੀ ਉਦੋਂ ਤਕ ਖੜ੍ਹੀ ਰਹੀ ਜਦੋਂ ਤਕ ਮੈਂ ਅੱਖਾਂ ਤੋਂ ਓਝਲ ਨਾ ਹੋ ਗਿਆ ...”
(30 ਅਪਰੈਲ 2026)
ਰਿਸ਼ਤਿਆਂ ਵਿੱਚ ਮਿਠਾਸ ਭਰੀ ਹੋਵੇ ਤਾਂ ਮਨ ਨੂੰ ਅੰਦਰੋਂ ਸਕੂਨ ਦਾ ਅਹਿਸਾਸ ਹੁੰਦਾ ਹੈ। ਇਹ ਜੋ ਮਨੁੱਖੀ ਜੀਵਨ ਹੈ ਇਹ ਰਿਸ਼ਤਿਆਂ ਦੇ ਲਗਾਅ ਉੱਪਰ ਹੀ ਅਧਾਰਿਤ ਹੈ। ਜੇਕਰ ਰਿਸ਼ਤਿਆਂ ਵਿੱਚ ਮਿਠਾਸ ਨਹੀਂ ਤਾਂ ਜੀਵਨ ਨਿਰਾਰਥਕ ਲਗਦਾ ਹੈ। ਰਿਸ਼ਤਾ ਭਾਵੇਂ ਪਤੀ-ਪਤਨੀ ਦਾ ਹੋਵੇ, ਮਾਂ ਬਾਪ ਦਾ ਹੋਵੇ, ਘਰ ਦੇ ਹੋਰ ਪਰਿਵਾਰ ਦੇ ਮੈਂਬਰਾਂ ਨਾਲ ਹੋਵੇ, ਉਸ ਵਿੱਚ ਮਿਠਾਸ ਹੋਣੀ ਬਹੁਤ ਮਾਅਨੇ ਰੱਖਦੀ ਹੈ। ਇਸ ਤੋਂ ਵੀ ਅੱਗੇ ਹੋਰ ਨੇੜੇ ਦੇ ਰਿਸ਼ਤੇ ਜਿਵੇਂ ਮਾਂ ਦੀ ਭੈਣ ਮਾਸੀ, ਪਿਓ ਦੀ ਭੈਣ ਭੂਆ, ਦਾਦਾ ਦਾਦੀ, ਨਾਨਾ ਨਾਨੀ, ਮਾਮਾ ਮਾਮੀ ਅਤੇ ਆਪਣੀ ਭੈਣ, ਇਹ ਸਾਰੇ ਰਿਸ਼ਤੇ ਮਿਠਾਸ ਦੀ ਤਬੱਕੋ ਰੱਖਦੇ ਹਨ। ਜੇਕਰ ਇਨ੍ਹਾਂ ਰਿਸ਼ਤਿਆਂ ਵਿੱਚ ਮਿਠਾਸ ਦਾ ਅਹਿਸਾਸ ਨਹੀਂ ਤਾਂ ਜੀਵਨ ਫਿੱਕਾ ਫਿੱਕਾ ਲਗਦਾ ਹੈ। ਛੇਵੇਂ ਸੱਤਵੇਂ ਦਹਾਕੇ ਤਕ ਇਨ੍ਹਾਂ ਰਿਸ਼ਤਿਆਂ ਵਿੱਚ ਬਹੁਤ ਅਪਣੱਤ ਸੀ। ਇਹ ਅਪਣੱਤ ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗਰਜ਼ ਤੋਂ ਹੁੰਦੀ ਸੀ। ਇਹ ਸਿਰਫ ਤੇ ਸਿਰਫ ਰਿਸ਼ਤਿਆਂ ਉੱਪਰ ਅਧਾਰਿਤ ਸੀ। ਅੱਠਵੇਂ ਦਹਾਕੇ ਤੋਂ ਬਾਅਦ, ਜਦੋਂ ਖੇਤੀਬਾੜੀ ਦਾ ਵਪਾਰੀਕਰਨ ਹੋਇਆ, ਅਧੁਨਿਕਤਾ ਦਾ ਪਸਾਰ ਹੋਇਆ, ਇਨ੍ਹਾਂ ਰਿਸ਼ਤਿਆਂ ਵਿੱਚ ਗਰਜ਼ ਅਤੇ ਮਤਲਬ ਆ ਕੇ ਖੜ੍ਹ ਗਿਆ। ਰਿਸ਼ਤੇ ਲੋੜਾਂ ਉੱਪਰ ਅਤੇ ਪੈਸੇ ਉੱਪਰ ਆਕੇ ਖੜ੍ਹ ਗਏ। ਮਿਠਾਸ ਦੀ ਜਗ੍ਹਾ ਫਿੱਕੇਪਣ ਅਤੇ ਕੁੜੱਤਣ ਨੇ ਲੈ ਲਈ। ਇਸ ਕਰਕੇ ਹਰ ਵਿਅਕਤੀ ਚਿੰਤਾਤੁਰ ਹੈ, ਪਰੇਸ਼ਾਨ ਹੈ। ਮੂੰਹ ’ਤੇ ਰੌਣਕ ਨਹੀਂ। ਜਿਸ ਕਿਸੇ ਨਾਲ ਵੀ ਕੋਈ ਆਪਣਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਅੱਗੋਂ ਆਪਣੇ ਦੁੱਖਾਂ ਦੀ ਗਠੜੀ ਖੋਲ੍ਹ ਕੇ ਬੈਠ ਜਾਂਦਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਰਿਸ਼ਤਿਆਂ ਵਿੱਚ ਮਿਠਾਸ ਦਾ ਖ਼ਤਮ ਹੋਣਾ ਹੈ।
ਮੈਂ ਛੇਵੀਂ ਜਮਾਤ ਤਕ ਆਪਣੇ ਪਿੰਡ ਦਾਦਾ ਦਾਦੀ ਕੋਲ ਰਹਿ ਕੇ ਪੜ੍ਹਿਆ। ਪਿਤਾ ਜੀ ਦੀ ਨੌਕਰੀ ਹੋਣ ਕਾਰਨ ਮਾਤਾ ਜੀ ਨਾਲ ਹੀ ਸੁਨਾਮ ਰਹਿੰਦੇ ਸਨ। ਮੇਰੇ ਪਿੰਡ ਤੋਂ 6-7 ਕਿਲੋਮੀਟਰ ਦੂਰ ਮੇਰੀ ਮਾਸੀ ਦਾ ਸੌਹਰਾ ਪਿੰਡ ਸੀ। ਮਾਸੀ ਮੇਰੀ ਮਾਤਾ ਤੋਂ ਅੱਠ ਕੁ ਸਾਲ ਵੱਡੀ ਹੋਣੀ ਹੈ। ਇੱਕ ਮਾਸੀ ਜੋ ਮੇਰੇ ਮਾਤਾ ਤੋਂ ਛੋਟੀ ਸੀ, ਉਹ ਦੂਰ ਸੁਨਾਮ ਤੋਂ ਪਰੇ ਵਿਆਹੀ ਹੋਈ ਸੀ। ਮੈਨੂੰ ਦੋਵੇਂ ਬਹੁਤ ਪਿਆਰ ਕਰਦੀਆਂ ਸਨ। ਪਰ ਨੇੜੇ ਵਾਲੀ ਵੱਡੀ ਮਾਸੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਇੱਕ ਤਾਂ ਉਹ ਨੇੜੇ ਸੀ, ਮੇਰੀ ਪਹੁੰਚ ਵਿੱਚ ਸੀ, ਦੂਸਰਾ ਨਾਨਕੇ ਪਰਿਵਾਰ ਵਿੱਚ ਸਭ ਤੋਂ ਵੱਡੀ ਹੋਣ ਕਰਕੇ ਬਹੁਤ ਚਾਹੁੰਦੀ ਸੀ। ਗਰਮੀਆਂ ਦੀਆਂ ਛੁੱਟੀਆਂ ਹੋਣ, ਭਾਵੇਂ ਸਰਦੀਆਂ ਦੀਆਂ ਛੁੱਟੀਆਂ ਹੋਣ ਜਾਂ ਤਿੰਨ ਚਾਰ ਛੁੱਟੀਆਂ ਇਕੱਠੀਆਂ ਆ ਜਾਣ, ਮੈਂ ਪਿੰਡੋਂ ਪੈਦਲ ਹੀ ਮਾਸੀ ਕੋਲ ਚਲਾ ਜਾਂਦਾ। ਭਲੇ ਜ਼ਮਾਨੇ ਸਨ, ਰਸਤਿਆਂ ਵਿੱਚ ਕੋਈ ਡਰ ਭੈਅ ਨਹੀਂ ਹੁੰਦਾ ਸੀ। ਕੱਚੇ ਪਹੇ ਸਨ, ਟਿੱਬਿਆਂ ਦਾ ਰਾਹ ਹੁੰਦਾ ਸੀ, ਹੱਥ ਵਿੱਚ ਡੰਡਾ ਫੜਕੇ ਖੇਲ੍ਹਦੇ ਕੁੱਦਦੇ ਮਾਸੀ ਦੇ ਪਿੰਡ ਪਹੁੰਚ ਜਾਂਦੇ।
ਇੱਕ ਵਾਰ ਤਿੰਨ ਚਾਰ ਛੁੱਟੀਆਂ ਇਕੱਠੀਆਂ ਆ ਗਈਆਂ। ਮੈਂ ਆਪਣੀ ਦਾਦੀ ਤੋਂ ਮਾਸੀ ਕੋਲ ਜਾਣ ਦੀ ਇਜਾਜ਼ਤ ਲੈ ਲਈ। ਉਹ ਕਹਿਣ ਲੱਗੀ, ਵਗ ਤਾਂ ਜਾਹ ਪਰ ਸਕੂਲ ਖੁੱਲ੍ਹਦਿਆਂ ਨੂੰ ਮੁੜ ਆਈਂ। ਮੈਂ ਤੜਕੇ ਦੀ ਹਾਜ਼ਰੀ ਰੋਟੀ ਖਾਕੇ ਤੇ ਹੱਥ ਵਿੱਚ ਅਣਘੜ ਜਿਹਾ ਡੰਡਾ ਲੈਕੇ ਮਾਸੀ ਦੇ ਪਿੰਡ ਖਨਾਲ ਕਲਾਂ ਵੱਲ ਤੁਰ ਪਿਆ। ਪਹਿਲਾ ਪਿੰਡ ਅਕਬਰਪੁਰ ਆਉਂਦਾ ਸੀ। ਇਹ ਤਿੰਨ ਕੁ ਕਿਲੋਮੀਟਰ ਸੀ। ਟਿੱਬਿਆਂ ਵਿੱਚੋਂ ਦੀ ਕੱਚਾ ਰਸਤਾ ਸੀ। ਆਲੇ ਦੁਆਲੇ ਬਾਜਰੇ ਕਪਾਹਾਂ ਅਤੇ ਹੋਰ ਸੌਣੀ ਦੀਆਂ ਫਸਲਾਂ ਜਿਵੇਂ, ਮੂੰਗੀ, ਗੁਆਰਾ, ਸਣ ਅਤੇ ਕਿਤੇ ਕਣਕ ਬੀਜਣ ਲਈ ਸੰਨਮੀਆਂ ਰਾਖਵੀਆਂ ਜ਼ਮੀਨਾਂ ਖਾਲੀ ਪਈਆਂ ਸਨ। ਮੈਂ ਤੁਰਦਾ ਗਿਆ। ਰਸਤੇ ਵਿੱਚ ਕਦੇ ਕੋਈ ਗੱਡੇ ਵਾਲਾ ਮਿਲ ਜਾਂਦਾ, ਕੋਈ ਖੇਤ ਹੱਲ ਜੋਤਣ ਲਈ ਹੱਲ-ਪੰਜਾਲੀ ਲਿਜਾਂਦਾ ਮਿਲ ਜਾਂਦਾ। ਕਿਤੇ ਕੋਈ ਪਹੇ ਦੇ ਆਲੇ ਦੁਆਲੇ ਕੀਤੀ ਬਨੇੜ ’ਤੇ ਉੱਗੇ ਮਲ੍ਹਿਆਂ ਅਤੇ ਝਾੜੀਆਂ ਵਿੱਚ ਬੱਕਰੀਆਂ ਚਾਰਦਾ ਮਿਲ ਜਾਂਦਾ। ਜੇਕਰ ਜਾਣ ਪਛਾਣ ਵਾਲਾ ਮਿਲ ਜਾਂਦਾ ਤਾਂ ਪੁੱਛਦਾ, “ਮਛੋਹਰਾ! ਕਿੱਥੇ ਚਲਿਐਂ?” ਤਾਂ ਮੈਂ ਹੁੱਬਕੇ ਦੱਸਦਾ ਕਿ ਬੜੀ ਖਨਾਲ ਮਾਸੀ ਨੂੰ ਮਿਲਣ ਚੱਲਿਆਂ। ਪੁੱਛਣ ਵਾਲਾ ਮੁਸਕਰਾ ਕੇ ਚੁੱਪ ਕਰ ਜਾਂਦਾ। ਨਦਾਮਪੁਰ ਨਹਿਰ ਵਿੱਚੋਂ ਨਿਕਲੇ ਸੂਏ (ਰਜਵਾਹੇ) ਨੂੰ ਪਾਰ ਕਰਦਿਆਂ ਅਕਬਰਪੁਰ ਥੋੜ੍ਹੀ ਦੂਰ ਰਹਿ ਗਿਆ ਸੀ। ਮੈਂ ਚੱਕਵੇਂ ਪੈਰੀਂ ਹੋ ਗਿਆ ਕਿਉਂਕਿ ਆਵਾਜਾਈ ਹੁਣ ਘੱਟ ਸੀ। ਮੈਂ ਅਕਬਰਪੁਰ ਪਿੰਡ ਪਹੁੰਚ ਗਿਆ। ਪਿੰਡ ਲੰਘ ਕੇ ਅੱਗੇ ਨਹਿਰ ਸੀ। ਅਸੀਂ ਇਸ ਨੂੰ ਨਦਾਮਪੁਰ ਵਾਲੀ ਨਹਿਰ ਕਹਿੰਦੇ ਸੀ। ਇਹ ਅੱਗੇ ਸੂਲਰ ਘਰਾਟ ਹੋ ਕੇ ਲਹਿਰੇਗਾਗੇ ਵੱਲ ਨਿਕਲ ਜਾਂਦੀ ਸੀ। ਪੁਲ ਪਾਰ ਕਰਦਿਆਂ ਇਸ ਨਹਿਰ ਵਿੱਚੋਂ ਇੱਕ ਨਹਿਰ ਨੁਮਾ ਰਜਵਾਹਾ ਖਨਾਲਕਲਾਂ ਵੱਲ ਜਾਂਦਾ ਸੀ। ਉਸਦੇ ਨਾਲ ਨਾਲ ਕੱਚਾ ਪਹਿਆ ਸੀ। ਮੈਂ ਉਸ ਪਹੇ ਉੱਪਰ ਚੱਲ ਪਿਆ। ਦੋ ਕੁ ਕਿਲੋਮੀਟਰ ਚੱਲ ਕੇ ਇਸ ਰਜਵਾਹੇ ਪਾਰ ਬਿਜਲਪੁਰ ਪਿੰਡ ਸੀ। ਇੱਥੋਂ ਬੜੀ ਖਨਾਲ ਥੋੜ੍ਹੀ ਦੂਰ ਰਹਿ ਗਈ ਸੀ। ਅੱਧੇ ਘੰਟੇ ਵਿੱਚ ਮੈਂ ਪਿੰਡ ਪਹੁੰਚ ਗਿਆ। ਇਨ੍ਹਾਂ ਰਸਤਿਆਂ ਦਾ ਤੇ ਮਾਸੀ ਦੇ ਘਰ ਦਾ ਮੈਨੂੰ ਪਤਾ ਸੀ ਕਿਉਂਕਿ ਮੈਂ ਆਪਣੀ ਮਾਤਾ ਨਾਲ ਪਹਿਲਾਂ ਵੀ ਇੱਕ ਦੋ ਵਾਰ ਇੱਥੇ ਆਇਆ ਸੀ।
ਪਿੰਡ ਦਾ ਦਰਵਾਜ਼ਾ ਲੰਘਣ ਸਾਰ ਖੱਬੇ ਮਾਸੀ ਦਾ ਘਰ ਸੀ। ਵੱਡਾ ਸਾਰਾ ਲੱਕੜ ਦੇ ਤਖਤਿਆਂ ਦਾ ਬੂਹਾ ਸੀ। ਬੂਹੇ ਦੇ ਸੱਜੇ ਪਾਸੇ ਪੱਕੀਆਂ ਇੱਟਾਂ ਦੀ ਬੈਠਕ ਸੀ। ਬੂਹਾ ਵੜਨ ਸਾਰ ਵਰਾਂਡਾ ਸੀ। ਵਰਾਂਡੇ ਵਿੱਚ ਮਿੱਟੀ ਦਾ ਓਟਾ ਕਰਕੇ ਰਸੋਈ ਦਾ ਚੁੱਲ੍ਹਾ ਸੀ। ਰਸੋਈ ਦੇ ਨਾਲ ਹੀ ਵੱਡੀ ਸਵਾਤ ਸੀ। ਬੈਠਕ ਦੇ ਪਿਛਲੇ ਪਾਸੇ ਇੱਕ ਛੋਟਾ ਕਮਰਾ ਸੀ। ਮਕਾਨ ਭਾਵੇਂ ਸਾਰਾ ਕੱਚਾ ਸੀ ਪਰ ਲਿੱਪਿਆ ਪੋਚਿਆ ਸਾਫ ਸੁਥਰਾ ਸੀ। ਕੜੀਆਂ ਬਾਲਿਆਂ ਦੀ ਛੱਤ ਸ਼ਤੀਰਾਂ ਉੱਪਰ ਬਣੀ ਹੋਈ ਸੀ। ਇੱਕ ਲੰਬਾ ਜਿਹਾ ਕਮਰਾ ਰਸੋਈ ਦੇ ਖੱਬੇ ਪਾਸੇ ਬਣਿਆ ਹੋਇਆ ਸੀ, ਜਿਸ ਵਿੱਚ ਮਾਸੀ ਦੇ ਵੱਡੇ ਮੁੰਡੇ ਦਾ ਟਿਕਾਣਾ ਸੀ।
ਮੈਂ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੁੱਲ੍ਹਾ ਹੀ ਸੀ। ਮੈਂ ਅੰਦਰ ਲੰਘ ਗਿਆ। ਸਾਹਮਣੇ ਮਾਸੀ ਸ਼ਾਇਦ ਰੋਟੀ ਟੁੱਕ ਦਾ ਮੁਕਾ ਕੇ ਕਣਕ ਦਾ ਪੀਹਣਾ ਛੰਡ ਰਹੀ ਸੀ। ਮੈਂ ਕਿਹਾ, ਮਾਸੀ ਮੱਥਾ ਟੇਕਦਾਂ। ਮੈਨੂੰ ਦੇਖ ਕੇ ਮਾਸੀ ਭੌਚੱਕੀ ਰਹਿ ਗਈ। ਉੱਠਕੇ ਹੱਥ ਝਾੜ ਕੇ ਮੈਨੂੰ ਜੱਫੀ ਵਿੱਚ ਘੁੱਟ ਕੇ ਹਿੱਕ ਨਾਲ ਲਾ ਲਿਆ ਤੇ ਮੇਰਾ ਮੂੰਹ ਚੁੰਮਦੀ ਹੋਈ ਕਹਿਣ ਲੱਗੀ, ਨੀ ਮੈਂ ਸਦਕੇ ਮੇਰਾ ਲਾਡਲਾ ਚੌਥਾ ਪੁੱਤ ਅੱਜ ਕਿਵੇਂ ਆ ਬਹੁੜਿਆ? ਮੇਰੀ ਭੈਣ ਪਰਗਾਸੋ ਦੀ ਇੱਕੋ-ਇੱਕ ਨਿਸ਼ਾਨੀ, ਅੱਜ ਕਿਵੇਂ ਮਿਲਣ ਨੂੰ ਦਿਲ ਕਰ ਆਇਆ?”
ਮੈਂ ਕਿਹਾ, “ਮਾਸੀ! ਕਈ ਦਿਨਾਂ ਦੀਆਂ ਛੁੱਟੀਆਂ ਸੀ, ਮੈਂ ਸੋਚਿਆ, ਮਾਸੀ ਨੂੰ ਮਿਲ ਆਵਾਂ।”
ਮਾਸੀ ਦਾ ਚਾਅ ਨਾ ਚੱਕਿਆ ਜਾਵੇ। ਉਂਝ ਹੀ ਸੰਸ਼ੋਪੰਜ ਵਿੱਚ ਪਈ ਰਹੀ ਕਿ ਆਪਣੇ ਭਾਣਜੇ ਨੂੰ ਕਿੱਥੇ ਬਿਠਾਵਾਂ। ਮੈਂ ਉਹਦੇ ਕੋਲ ਪੀੜ੍ਹੀ ’ਤੇ ਬੈਠ ਗਿਆ। ਹੋਰ ਘਰ ਦੀਆਂ ਖੈਰ ਸੁੱਖ ਦੀਆਂ ਗੱਲਾਂ ਹੋਈਆਂ। ਐਨੇ ਵਿੱਚ ਉਸਨੇ ਆਪਣੀ ਨੂੰਹ ਨੂੰ ਆਵਾਜ਼ ਮਾਰੀ, “ਨੀ ਰਾਣੀ! ਤੌੜੀ ਵਿੱਚੋਂ ਦੁੱਧ ਲੈਕੇ ਸ਼ੱਕਰ ਮਿਲਾਕੇ ਲਿਆ, ਮੇਰਾ ਭਾਣਜਾ ਪੁੱਤ ਆਇਆ ਹੈ।”
ਰਾਣੀ ਦੁੱਧ ਲੈ ਆਈ। ਮੈਂ ਉਸ ਨੂੰ ਭਾਬੀ ਕਹਿ ਕੇ ਮੱਥਾ ਟੇਕਿਆ ਤੇ ਉਸਨੇ ਮੇਰਾ ਸਿਰ ਪਲੋਸ ਦਿੱਤਾ। ਕਿਸੇ ਵਿਆਹ ਵਾਲੇ ਘਰੋਂ ਲੱਡੂ ਸ਼ਕਰਪਾਰੇ ਭਾਜੀ ਆਈ ਹੋਈ ਸੀ, ਦੁੱਧ ਨਾਲ ਉਹ ਮੇਰੇ ਅੱਗੇ ਰੱਖ ਦਿੱਤੇ। ਲੱਡੂ ਤਾਜ਼ੇ ਹੋਣ ਕਰਕੇ ਸੁਆਦ ਹੀ ਬਹੁਤ ਸਨ। ਇਸ ਤਰ੍ਹਾਂ ਗੱਲਾਂਬਾਤਾਂ ਕਰਦੇ ਦੁਪਹਿਰ ਨਿਕਲ ਗਈ ਤੇ ਤਿੰਨ ਵਜੇ ਦੀ ਚਾਹ ਦਾ ਸਮਾਂ ਹੋ ਗਿਆ।
ਦਿੜਬੇ ਤੋਂ ਮੇਰਾ ਮਾਸੜ ਵੀ ਆ ਗਿਆ। ਮਾਸੀ ਦਾ ਮੁੰਡਾ ਫੌਜੀ ਛੁੱਟੀ ਆਇਆ ਹੋਇਆ ਸੀ, ਉਹ ਵੀ ਸੁਨਾਮੋਂ ਮੁੜ ਆਇਆ। ਘਰ ਸਭ ਨੂੰ ਚਾਅ ਚੜ੍ਹਿਆ ਤੇ ਲਹਿਰ-ਬਹਿਰ ਹੋ ਗਈ। ਸਭ ਨੇ ਰਲ ਕੇ ਚਾਹ ਪੀਤੀ। ਮੇਰੀ ਮਾਸੀ ਦੇ ਤਿੰਨ ਲੜਕੇ ਸਨ। ਸਭ ਤੋਂ ਵੱਡਾ ਖੇਤੀ ਕਰਦਾ ਸੀ, ਉਸ ਤੋਂ ਛੋਟਾ ਫੌਜ ਵਿੱਚ ਸੀ ਤੇ ਤੀਸਰਾ ਡੰਗਰਾਂ ਦਾ ਪਾਲੀ ਸੀ ਤੇ ਖੇਤੀ ਵਿੱਚ ਹੱਥ ਵਟਾਅ ਦਿੰਦਾ ਸੀ।
ਰਾਤ ਨੂੰ ਕਿਤੇ ਬੱਦਲਵਾਈ ਹੋ ਗਈ ਤੇ ਸਵੇਰ ਨੂੰ ਮੀਂਹ ਪੈਣ ਲੱਗ ਪਿਆ। ਸਭ ਤੋਂ ਛੋਟਾ ਮੀਂਹ ਪੈਂਦੇ ਵਿੱਚ ਵੀ ਕੋਠੇ ’ਤੇ ਪਿਆ ਰਿਹਾ। ਮਸਾਂ ਮਾਸੀ ਨੇ ਗਾਲ੍ਹਾਂ ਦੇ ਦੇ ਕੇ ਹੇਠਾਂ ਲਾਹਿਆ।
ਮੀਂਹ ਕਣੀਆਂ ਅਜੇ ਪੈ ਰਹੀਆਂ ਸਨ। ਮਾਸੀ ਨੇ ਸਾਡੇ ਲਈ ਖੀਰ ਬਣਾਈ ਤੇ ਪੂੜੇ ਲਾਹੁਣ ਲੱਗ ਪਈ। ਤਵੇ ਉੱਪਰ ਗੁੜ ਘੋਲੇ ਆਟੇ ਦੀ ਲਾਪਸੀ ਜਿਹੀ ਨੂੰ ਤਵੇ ਉੱਪਰ ਪਾ ਕੇ ਪਿੱਪਲ ਦੇ ਪੱਤੇ ਨੂੰ ਦੁਹਰਾ ਕਰਕੇ ਉਹਨੇ ਤਵੇ ਉੱਪਰ ਗੁੜ ਘੋਲਿਆ ਆਟਾ ਪਤਲਾ ਪਤਲਾ ਖਿੰਡਾ ਕੇ ਤੇ ਉਸਦੇ ਆਲੇ ਦੁਆਲੇ ਤੇਲ ਪਾ ਕੇ ਪੂੜੇ ਬਣਾਏ। ਸਾਰੇ ਖਾਣ ਬੈਠ ਗਏ। ਪੂੜੇ ਹੌਲੀ ਹੌਲੀ ਬਣਨ ਇਸ ਕਰਕੇ ਸਭ ਨੂੰ ਅੱਧਾ ਅੱਧਾ ਹੀ ਆਵੇ। ਸਾਰਿਆਂ ਨੇ ਰੱਜ ਕੇ ਪੂੜੇ ਖਾਧੇ। ਛੋਟਾ ਭਾਈ ਤਾਂ ਅਜੇ ਵੀ ਛਕੀ ਜਾ ਰਿਹਾ ਸੀ। ਉਸ ਨੂੰ ਰੱਜ ਨਹੀਂ ਆ ਰਿਹਾ ਸੀ। ਮਾਸੀ ਨੇ ਮਸਾਂ ਰਜਾ ਕੇ ਡੰਗਰ ਚਾਰਨ ਲਈ ਤੋਰਿਆ।
ਅਗਲੇ ਦਿਨ ਸੁੱਕ ਪਕਾ ਜਿਹਾ ਹੋ ਗਿਆ। ਸਾਰੇ ਜਣੇ ਕਪਾਹ ਚੁਗਣ ਲਈ ਸੂਏ ਪਾਰ ਰੋੜੀ ਵਾਲੇ ਖੇਤ ਚਲੇ ਗਏ। ਮੈਂ ਵੀ ਸਿਰ ਨਾਲ ਪੱਲੀ ਬੰਨ੍ਹ ਕੇ ਮਾਸੀ ਹੁਰਾਂ ਨਾਲ ਕਪਾਹ ਚੁਗਣ ਲੱਗ ਪਿਆ। ਉਦੋਂ ਕਪਾਹਾਂ ਘਰ ਦੇ ਮੈਂਬਰ ਹੀ ਚੁਗਦੇ ਹੁੰਦੇ ਸੀ ਜਾਂ ਇੱਕ ਦੋ ਚੋਣੀਆਂ ਦਿਹਾੜੀ ’ਤੇ ਲੈ ਜਾਂਦੇ। ਦੁਪਹਿਰ ਤਕ ਅੱਧਾ ਕਿੱਲਾ ਚੁਗ ਲਿਆ। ਫਿਰ ਟਾਹਲੀ ਦੀ ਛਾਂਵੇਂ ਬੈਠ ਕੇ ਦਮ ਲਿਆ ਤੇ ਕੱਦੂ ਦੀ ਭਾਜੀ ਨਾਲ ਰੋਟੀ ਖਾਧੀ। ਰੋਟੀ ਖਾਕੇ ਉੱਥੇ ਹੀ ਡਲਿਆਂ ਉੱਤੇ ਲਿਟ ਗਏ। ਅਜਿਹੀ ਨੀਂਦ ਆਈ ਕਿ ਅਜਿਹੀ ਨੀਂਦ ਹੁਣ ਡਨਲੱਪ ਦੇ ਗੱਦਿਆਂ ਤੇ ਵੀ ਨਹੀਂ ਆਉਂਦੀ। ਮਾਸੜ ਕੋਲ ਪੰਦਰਾਂ ਕਿੱਲੇ ਜ਼ਮੀਨ ਸੀ। ਅੱਠ ਕਿੱਲੇ ਰੋੜੀ ਵਾਲੇ ਖੇਤ ਤੇ ਸੱਤ ਕਿੱਲੇ ਛੋਟੀ ਖਨਾਲ ਦੇ ਰਸਤੇ ਉੱਤੇ ਸੀ। ਇੱਕ ਦਿਨ ਮੈਂ ਤੇ ਫੌਜੀ ਦੂਸਰੇ ਖੇਤ ਗੇੜਾ ਮਾਰਨ ਚਲੇ ਗਏ। ਪਿਆਰ ਤਾਂ ਭਾਵੇਂ ਮੈਨੂੰ ਸਾਰੇ ਕਰਦੇ ਸਨ ਪਰ ਫੌਜੀ ਨਾਲ ਪਿਆਰ ਤੇ ਯਰਾਨਾ ਜ਼ਿਆਦਾ ਸੀ।
ਸ਼ਾਮ ਨੂੰ ਮਾਸੀ ਨੇ ਕੜਾਹ ਪ੍ਰਸ਼ਾਦ ਬਣਾ ਲਿਆ। ਸਭ ਨੇ ਖੁਸ਼ੀ ਖੁਸ਼ੀ ਖਾਧਾ। ਮਾਸੀ ਨੇ ਸਾਰੇ ਦਿਨ ਕੁਝ ਨਾ ਕੁਝ ਬਣਾ ਕੇ ਮੇਰੀ ਬਹੁਤ ਸੇਵਾ ਕੀਤੀ। ਅਗਲੇ ਦਿਨ ਮੈਂ ਵਾਪਸ ਮੁੜਨਾ ਸੀ। ਮਾਸੀ ਦਾ ਤੋਰਨ ਨੂੰ ਦਿਲ ਨਾ ਕਰੇ। ਮੈਨੂੰ ਆਖੇ, “ਹੋਰ ਦੋ ਦਿਨ ਰਹਿ ਜਾ।” ਪਰ ਮੇਰਾ ਸਕੂਲ ਖੁੱਲ੍ਹਣਾ ਸੀ। ਤੁਰਨ ਵੇਲੇ ਇੱਕ ਵਾਰ ਫਿਰ ਮੈਨੂੰ ਗਲਵੱਕੜੀ ਵਿੱਚ ਲੈ ਲਿਆ। ਸ਼ਗਨ ਵਜੋਂ ਪੰਜ ਰੁਪਏ ਤੇ ਇੱਕ ਘਰ ਦਾ ਬੁਣਿਆ ਵਧੀਆ ਖੇਸ ਮੈਨੂੰ ਸੁਗਾਤ ਵਜੋਂ ਦਿੱਤਾ। ਮੈਨੂੰ ਉਹ ਸੂਏ ਦੇ ਪੁਲ ਤਕ ਛੱਡਣ ਲਈ ਅਕਬਰਪੁਰ ਦੇ ਰਾਹ ਤਕ ਆਈ। ਦੂਰ ਤਕ ਮੁੜ ਮੁੜ ਕੇ ਮੈਂ ਉਸਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਦੇਖਦਾ ਰਿਹਾ। ਪੁਲ ਉੱਪਰ ਮਾਸੀ ਉਦੋਂ ਤਕ ਖੜ੍ਹੀ ਰਹੀ ਜਦੋਂ ਤਕ ਮੈਂ ਅੱਖਾਂ ਤੋਂ ਓਝਲ ਨਾ ਹੋ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































