HarjitSGill7ਇਸ ਯੁੱਧ ਨੂੰ ਲੈ ਕੇ ਬਣੇ ਹੋਏ ਭਾਰੀ ਤਣਾਅ ਦੇ ਵਿਚਕਾਰ ਅਮਨ ਲਈ ਗੱਲਬਾਤ ...
(30 ਅਪਰੈਲ 2026)


ਅਮਰੀਕਾ ਇਰਾਨ ਯੁੱਧ ਅਤੇ ਸ਼ਾਂਤੀ ਵਾਰਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਯੁੱਧ ਦੇ ਅਸਲ ਕਾਰਨ ਕੀ ਹਨ ਅਤੇ ਕਿਹੜੀਆਂ ਤਾਕਤਾਂ ਦੇ ਬਲਬੂਤੇ ਇਹ ਯੁੱਧ ਲੜਿਆ ਜਾ ਰਿਹਾ ਹੈ
ਇਹ ਟਕਰਾਅ ਕੇਵਲ ਦੋ ਦੇਸ਼ਾਂ ਵਿਚਕਾਰ ਨਹੀਂ, ਸਗੋਂ ਰੂਸ ਅਤੇ ਚੀਨ ਦੇ ਸਮਰਥਨ ਨਾਲ ਇਰਾਨ ਵੱਲੋਂ ਅਮਰੀਕਾ ਦੀ ਗਲੋਬਲ ਸਰਦਾਰੀ ਨੂੰ ਦਿੱਤੀ ਗਈ ਇੱਕ ਰਣਨੀਤਕ ਚੁਣੌਤੀ ਹੈਚੀਨ ਭਾਵੇਂ ਜ਼ਾਹਰਾ ਤੌਰ ਉੱਤੇ ਜੰਗ ਵਿੱਚ ਸ਼ਾਮਲ ਨਹੀਂ, ਪਰ ਪਰਦੇ ਪਿੱਛੇ ਉਸਦੀ ਭੂਮਿਕਾ ਇਰਾਨ ਦੇ ਹੱਕ ਵਿੱਚ ਭੁਗਤ ਰਹੀ ਹੈਇਹ ਯੁੱਧ ਇੱਕ ਮਨੋਵਿਗਿਆਨਕ ਅਤੇ ਆਰਥਿਕ ਜੰਗ ਵਜੋਂ ਸ਼ੁਰੂ ਹੋ ਕੇ ਹੁਣ ਇੱਕ ਸਰਗਰਮ ਫੌਜੀ ਟਕਰਾਅ ਵਿੱਚ ਬਦਲ ਚੁੱਕਾ ਹੈਦੁਨੀਆ ਭਰ ਵਿੱਚ ਇਸ ਯੁੱਧ ਦੇ ਵਿਸ਼ਲੇਸ਼ਣ ਬਾਰੇ ਬਿਰਤਾਂਤ ਸਿਰਜੇ ਜਾ ਰਹੇ ਹਨਇਸ ਯੁੱਧ ਦੌਰਾਨ ਇਹ ਗੱਲ ਵਿਸ਼ੇਸ਼ ਤੌਰ ਉੱਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਦੁਨੀਆ ਵਿੱਚ ਅੱਜ ਨਵੀਂ ਸਫਬੰਦੀ ਹੋ ਰਹੀ ਹੈ। ਹਰ ਮੁਲਕ ਆਪਣੇ ਹਿਤਾਂ ਨੂੰ ਸਾਹਮਣੇ ਰੱਖ ਕੇ ਯੁੱਧ ਵੱਲ ਅਤੇ ਇਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵਾਂ ਵੱਲ ਦੇਖ ਰਿਹਾ ਹੈਮੂਲ ਰੂਪ ਵਿੱਚ ਇਸ ਸਮੱਸਿਆ ਪਿੱਛੇ ਅਮਰੀਕਾ ਦੀ ਇਹ ਲਾਲਸਾ ਲੁਕੀ ਹੋਈ ਹੈ ਕਿ ਦੂਜੇ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਫੌਜੀ ਤਾਕਤ ਨਾਲ ਕਿਵੇਂ ਹਥਿਆਉਣਾ ਹੈਇਹ ਵਰਤਾਰਾ ਦਹਾਕਿਆਂ ਤੋਂ ਲਗਾਤਾਰ ਚਲਦਾ ਆ ਰਿਹਾ ਹੈਅਮਰੀਕਨ ਸੱਤਾ ’ਤੇ ਭਾਵੇਂ ਡੈਮੋਕਰੈਟ ਹੋਣ ਜਾਂ ਰਿਪਬਲਕਿਨ, ਲੁੱਟ ਅਤੇ ਕੁੱਟ ਦੀ ਪਾਲਿਸੀ ਕਦੀ ਨਹੀਂ ਬਦਲਦੀਪਰ ਟਰੰਪ ਦੀ ਆਮਦ ਨਾਲ ਲੁਕਵੇਂ ਮੰਤਵ ਖੁੱਲ੍ਹ ਕੇ ਸਾਹਮਣੇ ਆਏ ਹਨਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਟਰੰਪ ਭਾਵੇਂ ਝੂਠ ਬੋਲਣ ਵਿੱਚ ਨਿਪੁੰਨ ਹੈ, ਪਰ ਉਸਦਾ ਬੜਬੋਲਾਪਨ ਅਤੇ ਉੱਖੜਿਆ ਹੋਇਆ ਮਨ ਮਸਤਕ ਕਈ ਵਾਰ ਉਸ ਕੋਲੋਂ ਸੱਚ ਵੀ ਉਗਲਾ ਲੈਂਦਾ ਹੈਟਰੰਪ ਬੇਸ਼ਰਮੀ ਭਰੇ ਅੰਦਾਜ਼ ਵਿੱਚ ਬੇਝਿਜਕ ਹੋ ਕੇ ਕਹਿੰਦਾ ਹੈ ਅਮਰੀਕਾ ਨੂੰ ਇਰਾਨ ਦਾ ਤੇਲ ਚਾਹੀਦਾ ਹੈ, ਵੈਨਜਜ਼ਵੇਲਾ ਦਾ ਤੇਲ ਚਾਹੀਦਾ ਹੈ, ਗਰੀਨਲੈਂਡ ਦੇ ਰੇਅਰ ਮਿਨਰਲ ਚਾਹੀਦੇ ਹਨ ਕਨੇਡਾ ਅਮਰੀਕਾ ਦਾ ਇਕਵੰਝਵਾਂ ਸੂਬਾ ਬਣਨਾ ਚਾਹੀਦਾ ਹੈ

ਇਸ ਦੌੜ ਵਿੱਚ ਅਮਰੀਕਾ ਦੀ ਅਸਲੀ ਨੀਤੀ ਅਤੇ ਸਿਆਸਤ ਦੀ ਘੋਖ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਰਤਾਰਾ ਕੋਈ ਨਵਾਂ ਨਹੀਂ ਹੈਇਹ ਤਾਂ ਬੱਸ ਦੁਨੀਆ ਦੇ ਬਦਲਦੇ ਸਮੀਕਰਨਾਂ ਅਤੇ ਅਮਰੀਕਨ ਅਰਥਵਿਵਸਥਾ ਨੂੰ ਝਟਕਾ ਦੇ ਕੇ ਦੂਸਰੀਆਂ ਵਿਸ਼ਵ ਸ਼ਕਤੀਆਂ ਦੇ ਵੱਲੋਂ ਵਿੱਢਿਆ ਸ਼ੁਰੂਆਤੀ ਦੌਰ ਦਾ ਇੱਕ ਨਜ਼ਾਰਾ ਮਾਤਰ ਹੈਅੱਗੇ ਚੱਲ ਕੇ ਦੁਨੀਆ ਦੀ ਸ਼ਕਤੀਸ਼ਾਲੀ ਧਿਰ ਕਿਹੜੀ ਹੋਵੇਗੀ, ਦੁਨੀਆ ਦਾ ਨਵਾਂ ਵਰਲਡ ਆਰਡਰ ਕੀ ਹੋਵੇਗਾ, ਪੂੰਜੀਵਾਦ ਦਾ ਨਵਾਂ ਅਤੇ ਨਵੇਕਲਾ ਰੂਪ ਕੀ ਹੋਣ ਵਾਲਾ ਹੈ, ਕੀ ਇਸ ਯੁੱਧ ਨਾਲ ਅਮਰੀਕਨ ਅਜਾਰੇਦਾਰੀ ਦੇ ਬੀਤ ਚੁੱਕੇ ਇਤਿਹਾਸ ਦੀ ਇਬਾਰਤ ਲਿਖੀ ਜਾ ਰਹੀ ਹੈ, ਅਜਿਹੇ ਹੀ ਹੋਰ ਅਨੇਕਾਂ ਸਵਾਲ ਅੱਜ ਦੁਨੀਆ ਭਰ ਵਿੱਚ ਵਸਦੇ ਤਕਰੀਬਨ ਸਾਢੇ ਅੱਠ ਅਰਬ (8.3 Billion) ਲੋਕਾਂ ਨੂੰ ਦਰਪੇਸ਼ ਹਨਦੁਨੀਆ ਦੀ ਅਰਥਵਿਵਸਥਾ ਅਤੇ ਵਪਾਰਕ ਮੰਡੀ ਵਿੱਚ ਚੀਨ ਦੀ ਵੱਡੀ ਹਿੱਸੇਦਾਰੀ ਹੈ ਅਤੇ ਉਹ ਹਰ ਖੇਤਰ ਵਿੱਚ ਅਮਰੀਕਾ ਦੀ ਸਰਦਾਰੀ ਨੂੰ ਚੁਣੌਤੀ ਤਾਂ ਭਾਵੇਂ ਦੇ ਰਿਹਾ ਹੋਵੇ ਪਰ ਇਉਂ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਯੁੱਧ ਦੀ ਖ਼ਾਤਰ ਆਪਣੀ ਮੰਡੀ ਅਤੇ ਮੁਨਾਫੇ ਨੂੰ ਗੁਆਉਣਾ ਨਹੀਂ ਚਾਹੁੰਦਾਚੀਨ ਹਰ ਮਾਮਲੇ ਵਿੱਚ ਆਪਣੀ ਹੋਂਦ ਵੀ ਪੁਖਤਾ ਤੌਰ ’ਤੇ ਦਰਸਾਉਣਾ ਚਾਹੁੰਦਾ ਹੈਪਰ ਨਾਲ ਦੀ ਨਾਲ ਪਿਛਲੀਆਂ ਮਹਾਂ ਸ਼ਕਤੀਆਂ ਦੇ ਪਤਨ ਦੇ ਇਤਿਹਾਸ ਤੋਂ ਸਬਕ ਸਿੱਖਦਾ ਹੋਇਆ ਬਚ-ਬਚ ਕੇ ਅੱਗੇ ਵਧਣਾ ਲੋਚਦਾ ਹੈਚੀਨ ਇਹ ਜਾਣਦਾ ਹੈ ਕਿ ਬਾਹਰੀ ਹਾਲਾਤ ਦੇ ਨਾਲ ਨਾਲ ਬੀਤੇ ਯੁਗ ਦੇ ਸਮੇਂ ਦੁਨੀਆ ਦੀ ਵੱਡੀ ਮਹਾਂ ਸ਼ਕਤੀ ਗ੍ਰੇਟ ਬ੍ਰਿਟੇਨ ਅਤੇ ਉਸ ਤੋਂ ਬਾਅਦ ਸੋਵੀਅਤ ਯੂਨੀਅਨ ਦੀ ਲੋੜੋਂ ਵੱਧ ਵਿਸਤਾਰ ਕਰਨ ਦੀ ਨੀਤੀ ਕਰਕੇ ਅੰਦਰੋਂ ਵੀ ਟੁੱਟ-ਭੱਜ ਸ਼ੁਰੂ ਹੋ ਗਈ ਸੀਅਮਰੀਕਾ ਦਾ ਤੀਸਰਾ ਭਾਈਵਾਲ ਇਜ਼ਰਾਈਲ ਇਸ ਯੁੱਧ ਵਿੱਚ ਸਿਰਫ ਆਪਣਾ ਹੀ ਉੱਲੂ ਸਿੱਧਾ ਕਰ ਰਿਹਾ ਹੈਇਜ਼ਰਾਈਲ ਦੀ ਗਿਣੀ-ਮਿਥੀ ਚਾਲ (Calculated Move) ਇੱਕ ਦੁਰਸਾਹਸ (Misadventure) ਬਣਕੇ ਸਾਹਮਣੇ ਆਈ ਹੈ ਉਸਦੀ ਕੱਟੜਵਾਦੀ ਯਹੂਦੀ ਸਿਆਸੀ ਲੀਡਰਸ਼ਿੱਪ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਬੈਂਜਮਨ ਨੇਤਨਯਾਹੂ ਨੇ ਆਪਣੀ ਵਿਸ਼ਵ ਪ੍ਰਸਿੱਧ ਖਤਰਨਾਕ ਖ਼ੁਫ਼ੀਆ ਏਜੰਸੀ ਮਸਾਧ ਦੀਆਂ ਰਿਪੋਰਟਾਂ ਦੇ ਅਧਾਰ ’ਤੇ ਅਮਰੀਕਨ ਰਾਸ਼ਟਰਪਤੀ ਟਰੰਪ ਦੀਆਂ ਤਮਾਮ ਕਮਜ਼ੋਰੀਆਂ ਦੀ ਥਾਹ ਪਾ ਕੇ ਇਸ ਮਾਨਸਿਕ ਤੌਰ ’ਤੇ ਅਸੰਤੁਲਿਤ ਵਿਅਕਤੀ ਨੂੰ ਆਪਣੇ ਸਿਆਸੀ ਮਿਸ਼ਨ ਗ੍ਰੇਟਰ ਇਜ਼ਰਾਇਲ ਦੀ ਸਥਾਪਨਾ ਲਈ ਵਰਤਣ ਵਿੱਚ ਕਾਮਯਾਬ ਹੋ ਰਿਹਾ ਹੈਐਪਸਟੀਨ ਸ਼ਾਸਨ (Epstein regime) ਜਿਸ ਨੂੰ ਕੁਲੀਨ ਵਰਗ ਦੇ ਅਮੀਰ ਲੋਕਾਂ (Elite Class) ਅਜਾਸ਼ੀ ਲਈ ਬਣੀ ਇੱਕ ਕਲੱਬ ਦਾ ਨਾਂ ਵੀ ਦਿੱਤਾ ਜਾ ਰਿਹਾ ਹੈ; ਜਿਸ ਵਿੱਚ ਡੌਨਲਡ ਟਰੰਪ ਤੋਂ ਇਲਾਵਾ ਬਿੱਲ ਕਲਿੰਟਨ, ਪ੍ਰਿੰਸ ਐਂਡਰਿਊ, ਬਿੱਲ ਗੇਟਸ, ਐਲੋਨ ਮਸਕ ਅਤੇ ਰਿਚਰਡ ਬ੍ਰੈਨਸਨ ਵਰਗੇ ਵੱਡੇ ਅਤੇ ਮਹੱਤਵਪੂਰਨ ਨਾਂ ਸ਼ਾਮਲ ਹਨਇਸ ਲਿਸਟ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਦੀਪ ਪੁਰੀ ਸਮੇਤ ਕਈ ਹੋਰ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ ਅਤੇ ਇਹ ਕਿਆਸ ਅਰਾਈਆਂ ਹਨ ਕਿ ਇਸ ਡਰ ਤੋਂ ਮੋਦੀ ਦੀ ਬੋਲਤੀ ਬੰਦ ਹੈਆਪੋ ਆਪਣੇ ਢੰਗ ਨਾਲ ਹਰ ਕੋਈ ਸਿਆਸਤ ਦੀ ਗੰਦੀ ਖੇਡ ਖੇਡ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਘਿਨਾਉਣੇ ਕੰਮ ਵਿੱਚ ਸ਼ਾਮਲ ਨੇਤਾਵਾਂ ਦੀ ਬਲੈਕਮੇਲਿੰਗ ਵੀ ਹੋ ਰਹੀ ਹੈਖੁਦ ਟਰੰਪ ਕਹਿੰਦਾ ਹੈ ਕਿ ਜੇ ਮੈਂ ਸੱਚ ਬੋਲਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜਨੀਤਕ ਕੈਰੀਅਰ ਖਤਮ ਹੋ ਜਾਵੇਗਾ

ਇਸ ਵਿੱਚ ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਤਕਨੀਕ ਦੇ ਪੱਧਰ ’ਤੇ ਚੀਨ ਦੀ ਸਹਾਇਤਾ ਨਾਲ ਇਰਾਨ ਨੇ ਟਰੰਪ ਅਤੇ ਨੇਤਨਯਾਹੂ ਦੀਆਂ ਆਸਾਂ ਉਮੀਦਾਂ ਉੱਤੇ ਪਾਣੀ ਫੇਰਦੇ ਹੋਏ ਕਰਾਰਾ ਜਵਾਬ ਦਿੱਤਾ ਹੈਦੁਨੀਆ ਭਰ ਵਿੱਚੋਂ ਬਣ ਰਹੇ ਲਾਹਨਤਾਂ ਭਰੇ ਦਬਾਅ, ਅਮਰੀਕਾ ਦੇ ਅੰਦਰੂਨੀ ਰਾਜਨੀਤਕ ਅਤੇ ਮੰਡੀ ਦੇ ਨਿਘਾਰ ਦੇ ਸਨਮੁਖ ਟਰੰਪ ਅਤੇ ਉਸਦੇ ਸਲਾਹਕਾਰਾਂ ਦੇ ਹੌਸਲੇ ਪਸਤ ਹੋ ਚੁੱਕੇ ਹਨਉਹ ਇਸ ਜੰਗ ਵਿੱਚੋਂ ਬਾਹਰ ਨਿਕਲਣ ਦੇ ਬਹਾਨੇ ਤਲਾਸ਼ ਰਹੇ ਹਨਪਰ ਦੂਸਰੇ ਪਾਸੇ ਆਪਣੀ ਹਉਮੈਂ ਅਤੇ ਹੰਕਾਰ ਨੂੰ ਵੱਜੀ ਸੱਟ ਨਾਲ ਛਟਪਟਾ ਕੇ ਅਜੀਬੋ ਗਰੀਬ ਧਮਕੀਆਂ ਭਰੇ ਬਿਆਨ ਦਾਗੀ ਜਾ ਰਹੇ ਹਨਇਰਾਨੀ ਸੱਭਿਅਤਾ ਨੂੰ ਰਾਤੋ ਰਾਤ ਮਲੀਆਮੇਟ ਕਰਕੇ ਇਰਾਨ ਨੂੰ ਪੱਥਰ ਯੁਗ ਵਿੱਚ ਧੱਕ ਦੇਣ ਵਾਲਾ ਟਰੰਪ ਦਾ ਬਿਆਨ ਉਸ ਨੂੰ ਪੁੱਠਾ ਪੈਂਦਾ ਨਜ਼ਰ ਆਉਂਦਾ ਹੈਟਰੰਪ ਦੀਆਂ ਜੰਗਬਾਜ਼ ਨੀਤੀਆਂ ਅਤੇ ਉਸਦੇ ਬੋਲ ਪਾਣੀ ਦੇ ਡਿਗਦੇ ਮਿਆਰ ਦੇ ਕਾਰਨ ਇਜ਼ਰਾਇਲ ਨੂੰ ਛੱਡ ਕੇ ਉਸਦੇ ਸਹਿਯੋਗੀ ਯੂਰਪੀ ਮੁਲਕ ਵੀ ਨਾ ਸਿਰਫ ਉਸ ਤੋਂ ਕਿਨਾਰਾ ਕਰ ਗਏ ਹਨ, ਸਗੋਂ ਉਸਦੀਆਂ ਨੀਤੀਆਂ ਅਤੇ ਫਰਮਾਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨਸਾਫ ਹੋ ਚੁੱਕਾ ਹੈ ਕਿ ਭਵਿੱਖ ਵਿੱਚ ਨਵੀਂਆਂ ਸਫਬੰਦੀਆਂ ਹੋਣਗੀਆਂਦੁਨੀਆ ਵਿੱਚ ਜਿਹੜੀ ਧੌਂਸ ਦੀ ਅਮਰੀਕਨ ਰਾਜਨੀਤੀ ਹੈ, ਉਸ ਨੂੰ ਹੁਣ ਭਵਿੱਖ ਵਿੱਚ ਛੋਟੇ-ਛੋਟੇ ਮੁਲਕ ਵੀ ਪ੍ਰਵਾਨ ਨਹੀਂ ਕਰਨਗੇ ਤੇ ਇਸ ਨਾਲ ਦੁਨੀਆ ਵਿੱਚ ‘ਨਵੀਂ ਵਿਸ਼ਵ ਵਿਵਸਥਾ’ ਸਥਾਪਤ ਹੋਣ ਦੀਆਂ ਸੰਭਾਵਨਾਵਾਂ ਤੇਜ਼ ਹੋ ਰਹੀਆਂ ਹਨਨਵਾਂ ਵਰਲਡ ਆਰਡਰ ਨਾ ਤਾਂ ਪੂੰਜੀਵਾਦ, ਨਾ ਹੀ ਕਮਿਉਨਿਸਟ, ਨਾ ਖੱਬਾ (ਲੈਫਟ), ਨਾ ਸੱਜਾ (ਰਾਈਟ) ਅਤੇ ਨਾ ਹੀ ਕੇਂਦਰ ਉਦਾਰਵਾਦੀ (ਸੈਂਟਰ ਲਿਬਰਲ) ਹੋਵੇਗਾਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ  ਚੀਨ ਅਤੇ ਰੂਸ ਦੀ ਤਰਜ਼ ਤੇ ਸ਼ਾਇਦ ਭਵਿੱਖ ਦੀ ਡੈਮੋਕਰੇਸੀ ਦਾ ਰੂਪ ਇੱਕ ਪਾਰਟੀ ਸਿਸਟਮ ਵਿੱਚ ਤਬਦੀਲ ਹੋ ਜਾਵੇਗਾ, ਜਿਸ ਵਿੱਚ ਚੋਣਾਂ ਤਾਂ ਹੋਣਗੀਆਂ ਪਰ ਪਾਰਟੀ ਇੱਕ ਹੀ ਰਹੇਗੀ ਅਤੇ ਨਵੀਂ ਲੀਡਰਸ਼ਿੱਪ ਆਉਂਦੀ ਜਾਂਦੀ ਰਹੇਗੀਅਨੇਕਾਂ ਗੈਰ ਲੋਕਤੰਤਰੀ ਗਲਤੀਆਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਪਹਿਲਾਂ ਹੀ ਕਿ ਵੱਡੇ ਛੋਟੇ ਮੁਲਕਾਂ ਵਿੱਚ ਇਸ ਇੱਕ ਪਾਰਟੀ ਸਿਸਟਮ ਨੇ ਆਪੋ ਆਪਣੇ ਦੇਸ਼ਾਂ ਦੀ ਖੁਸ਼ਹਾਲੀ ਲਈ ਲਈ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨਬਦਲ ਰਹੀ ਇਸ ਵਿਸ਼ਵ ਵਿਵਸਥਾ ਵਿੱਚ ਧਰਤੀ ’ਤੇ ਵਸਦੇ ਆਮ ਮਨੁੱਖ ਨੂੰ ਕੁਝ ਸੁਖਦ ਪਲ ਨਸੀਬ ਹੋਣਗੇ ਜਾਂ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋਣਗੇ, ਇਸ ਬਾਰੇ ਭਵਿੱਖਬਾਣੀ ਕਰਨਾ ਫਿਲਹਾਲ ਸੰਭਵ ਨਹੀਂ

ਸੰਯੁਕਤ ਰਾਸ਼ਟਰ ਚਾਰਟਰ ਦਾ ਆਰਟੀਕਲ 2 ਸੱਤ ਮੁੱਖ ਸਿਧਾਂਤਾਂ ਦੀ ਰੂਪ ਰੇਖਾ ਘੜਦਾ ਹੈ, ਜਿਨ੍ਹਾਂ ਅਨੁਸਾਰ ਸਾਰੇ ਮੈਂਬਰ ਪ੍ਰਭੂਸੱਤਾ ਸੰਪੰਨ ਅਤੇ ਬਰਾਬਰ ਹਨਮੈਂਬਰ ਦੇਸ਼ ਨੂੰ ਨੇਕ-ਨੀਅਤ ਅਤੇ ਵਿਸ਼ਵਾਸ ਨਾਲ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨਵਿਵਾਦਾਂ ਦਾ ਨਿਪਟਾਰਾ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈਮੈਂਬਰਾਂ ਨੂੰ ਦੂਜੇ ਰਾਜਾਂ ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈਸਾਰੇ ਹੀ ਮੈਂਬਰ ਮੁਲਕਾਂ ਨੂੰ ਸੰਯੁਕਤ ਰਾਸ਼ਟਰ ਦੀਆਂ ਕਾਰਵਾਈਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਰਾਜਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਜਿਨ੍ਹਾਂ ਵਿਰੁੱਧ ਸੰਯੁਕਤ ਰਾਸ਼ਟਰ ਕਾਰਵਾਈ ਕਰ ਰਿਹਾ ਹੋਵੇਇਸ ਨਿਯਮ ਤਹਿਤ ਸੰਯੁਕਤ ਰਾਸ਼ਟਰ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਗੈਰ-ਮੈਂਬਰ ਦੇਸ਼ ਵੀ ਸ਼ਾਂਤੀ ਲਈ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕਰਨਸੰਯੁਕਤ ਰਾਸ਼ਟਰ ਕਿਸੇ ਰਾਜ ਦੇ ਘਰੇਲੂ ਅਧਿਕਾਰ ਖੇਤਰ ਦੇ ਅੰਦਰ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇ ਸਕਦਾਇਸ ਆਰਟੀਕਲ ਦੀ ਧਾਰਾ 2 (4) ਕਿਸੇ ਵੀ ਰਾਜ ਦੀ ਖੇਤਰੀ ਅਖੰਡਤਾ ਜਾਂ ਰਾਜਨੀਤਿਕ ਅਜ਼ਾਦੀ ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋਂ ’ਤੇ ਪਾਬੰਦੀ ਲਾਉਂਦੀ ਹੈਆਰਟੀਕਲ ਦੀ ਧਾਰਾ 2 (7) ਸੰਯੁਕਤ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਦੇਸ਼ ਦੇ ਦਖਲ ਦੇਣ ਦੇ ਅਧਿਕਾਰ ਨੂੰ ਸੀਮਿਤ ਕਰਦਾ ਹੈਪਰ ਇਹ ਸਭ ਕੁਝ ਅੱਜ ਮਹਿਜ਼ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਆਰਡਰ ਮੈਂਬਰ ਦੇਸ਼ਾਂ ਵੱਲੋਂ ਲਾਗੂ ਨਹੀਂ ਕੀਤੇ ਜਾ ਰਹੇਇਸੇ ਤਰ੍ਹਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ICC) ਵੱਲੋਂ ਪ੍ਰਮੁੱਖ ਵਿਸ਼ਵ ਆਗੂਆਂ ਖਿਲਾਫ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਵ ਗੈਲੈਂਟ, ਸੂਡਾਨ ਦੇ ਸਾਬਕਾ ਰਾਸ਼ਟਰਪਤੀ ਉਮਰ ਅਲ-ਬਸ਼ੀਰ, ਫਿਲੀਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਅਤੇ ਲੀਬੀਆ ਦੇ ਮੁਅੰਮਰ ਗੱਦਾਫ਼ੀ ਸ਼ਾਮਲ ਹਨਪਰ ਇਹ ਆਗੂ ਕਦੀ ਵੀ ਗ੍ਰਿਫਤਾਰ ਨਹੀਂ ਕੀਤੇ ਗਏ ਕਿਉਂਕਿ ਕੋਰਟ ਕੋਲ ਆਪਣੀ ਕੋਈ ਪੁਲਿਸ ਫੋਰਸ ਨਹੀਂ ਹੈ ਅਤੇ ਆਈ.ਸੀ.ਸੀ ਦੇ 125 ਮੈਂਬਰ ਦੇਸ਼ ਇਸ ਹੁਕਮ ਦੀ ਪਾਲਣਾ ਨਹੀਂ ਕਰ ਰਹੇਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮਤਿਆਂ ਦੀ ਕੋਈ ਮੁਲਕ ਪ੍ਰਵਾਹ ਨਹੀਂ ਕਰਦਾਸੰਯੁਕਤ ਰਾਸ਼ਟਰ ਨੂੰ ਅਰਥਹੀਣ ਕਰਨ ਵਾਸਤੇ ਟਰੰਪ ਨੇ ਆਪਣਾ ਹੀ ਇੱਕ ਬੋਰਡ ਆਫ ਪੀਸ ਬਣਾ ਲਿਆ ਹੈ

ਇਹ ਯੁੱਧ ਇਸ ਗੱਲੋਂ ਵੀ ਨਵੇਕਲਾ ਹੈ ਕਿ ਇਸ ਵਿੱਚ ਟੈਕਨਾਲੋਜੀ ਅਤੇ ਨਵੇਂ ਹਥਿਆਰਾਂ ਦੀ ਵਰਤੋਂ ਨੇ ਪਿਛਲੇ ਸਾਰੇ ਯੁੱਧਾਂ ਤੋਂ ਵੱਖਰਾ ਇਤਿਹਾਸ ਸਿਰਜਿਆ ਹੈਅਮਰੀਕਾ ਜਿਨ੍ਹਾਂ ਹਥਿਆਰਾਂ ਨੂੰ ਆਪਣੀ ਫੌਜੀ ਸ਼ਕਤੀ ਦਾ ਸਿਖਰ ਸਮਝ ਰਿਹਾ ਸੀ ਦਰਅਸਲ ਉਹ ਸੱਤਰਵਿਆਂ ਦੇ ਦਹਾਕੇ ਦੀ ਤਕਨਾਲੋਜੀ ਨਿਕਲੇਚੀਨ ਚੁੱਪ ਚੁਪੀਤੇ ਆਪਣੀ ਆਰਥਿਕ ਤਾਕਤ ਦੇ ਨਾਲ ਨਾਲ ਸੈਟਲਾਇਟ ਤਕਨਾਲੋਜੀ ਅਤੇ ਨਵੀਨ ਮਾਡਰਨ ਹਥਿਆਰਾਂ ਵਿੱਚ ਅੱਗੇ ਨਿਕਲ ਗਿਆ ਹੈਯੁਕਰੇਨ ਦੀ ਲੜਾਈ ਵਿੱਚ ਅਜ਼ਮਾਈ ਗਈ ਸਸਤੀ ਡਰੋਨ ਪ੍ਰਣਾਲੀ ਵੀ ਇਰਾਨ ਦੇ ਯੁੱਧ ਵਿੱਚ ਪਲੜਾ ਭਾਰੀ ਕਰਨ ਦਾ ਕਾਰਨ ਬਣੀਇਸ ਯੁੱਧ ਵਿੱਚ ਇਰਾਨ ਵੱਲੋਂ ਆਪਣੀ ਹੀ ਪ੍ਰਾਕਸੀ, ਹਮਾਸ, ਹੂਤੀ ਅਤੇ ਹਿਜ਼ਬੁੱਲਾ ਦੇ ਛੋਟੇ ਰਾਕਟਾਂ ਦੇ ਇੱਕੋ ਸਮੇਂ ਬਹੁਗਿਣਤੀ ਵਿੱਚ ਛੱਡੇ ਬੈਰਾਜ ਵਾਲੀ ਸਫਲ ਨੀਤੀ ਅਪਣਾਈ ਗਈ ਜਿਸ ਰਾਹੀਂ ਇਜ਼ਰਾਇਲ ਦੇ ਸੁਰੱਖਿਆ ਕਿਲ੍ਹੇ ਆਇਰਨ ਡੋਮ ਦੀਆਂ ਧੱਜੀਆਂ ਉਡਾਈਆਂ ਸਨਇਸ ਨੂੰ ਜਾਰੀ ਰੱਖਦਿਆਂ ਇਰਾਨ ਨੇ ਆਪਣੀਆਂ ਮਿਜ਼ਾਇਲਾਂ ਅਤੇ ਡਰੋਨਾਂ ਦੇ ਝੁੰਡਾਂ ਦੇ ਝੁੰਡ (Drone Swarm System) ਦੇ ਰਾਹੀਂ ਇਜ਼ਰਾਇਲ ਵੱਲ ਅਤੇ ਅਮਰੀਕਾ ਦੇ ਅਰਬ ਦੇਸ਼ਾਂ ਵਿੱਚ ਬਣਾਏ ਫੌਜੀ ਅੱਡਿਆਂ ਵੱਲ ਇੱਕੋ ਸਮੇਂ ਸਫਲਤਾ ਪੂਰਵਕ ਦਾਗੇ, ਜਿਸ ਨਾਲ ਅਮਰੀਕਨ ਟੈਕਨਾਲੋਜੀ ਨਾਲ ਬਣੇ ਪੈਟਰੀ ਆਊਟ, ਠਾਢ (THAAD), ਪੇਸ-2, ਪੇਸ-3, ਮਿਜ਼ਾਈਲ ਡਰੋਨ ਇੰਟਰਸੈਪਟਰ ਸਿਸਟਮ ਧਰੇ ਧਰਾਏ ਰਹਿ ਗਏਵੈਸਟਰਨ ਮੀਡੀਆ ਨੇ ਬੜਾ ਨਕਾਰਾਤਮਿਕ ਦੁਰਪ੍ਰਚਾਰ ਕੀਤਾ ਕਿ ਚੀਨ ਦਾ ਆਪਣਾ ਕੁਝ ਵੀ ਨਹੀਂ ਸਗੋਂ ਅਮਰੀਕਨ ਹਥਿਆਰਾਂ ਨੂੰ (Modify) ਸੋਧ ਕੇ ਹੋਰ ਵਿਕਸਿਤ ਕਰ ਲਿਆ ਹੈਪਰ ਨਤੀਜੇ ਕੁਝ ਹੋਰ ਦੱਸਦੇ ਹਨ

ਅਮਰੀਕੀ ਅਖਬਾਰਾਂ ਵਿੱਚ ਵੀ ਲਗਾਤਾਰ ਛਪ ਰਿਹਾ ਹੈ ਕਿ ਇਹ ਯੁੱਧ ਅਮਰੀਕਾ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈਕੁਝ ਮਾਹਿਰ ਲੋਕਾਂ ਦਾ ਕਹਿਣਾ ਹੈ ਕਿ ਵਾਲ ਸਟਰੀਟ ਦੀ ਭਾਵਨਾ (Sentiment) ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇਫਿਰ ਵੀ ‘ਦਿ ਵਾਲ ਸਟ੍ਰੀਟ ਜਰਨਲ’ ਵਿੱਚ ਇੱਕ ਪ੍ਰਮੁੱਖ ਡੈਮੋਕ੍ਰੈਟ ਅਤੇ ਵਕੀਲ ਡੇਵਿਡ ਬੌਇਸ ਨੇ ਲਿਖਿਆ ਹੈ ਕਿ ‘ਜੇ ਟਰੰਪ ਯੁੱਧਬੰਦੀ ਵਰਗਾ ਕਦਮ ਨਹੀਂ ਉਠਾਉਂਦਾ ਤਾਂ ਉਸ ਤੋਂ ਬਾਅਦ ਆਉਣ ਵਾਲੇ ਉਸਦੇ ਜਾਨਸ਼ੀਨਾਂ ਸਾਹਮਣੇ ਆਪਣੇ ਪੂਰਬਲੇ ਆਗੂ ਦੁਆਰਾ ਛੱਡੀ ਗਈ ਸਥਿਤੀ ਵਿੱਚ ਸ਼ਾਇਦ ਖ਼ਤਰਨਾਕ ਵਿਕਲਪ ਤੋਂ ਸਿਵਾਏ ਕੁਝ ਵੀ ਨਹੀਂ ਬਚੇਗਾਪਰ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਅਮਰੀਕੀ ਫੌਜੀ ਕਾਰਵਾਈਆਂ ਸੰਬੰਧੀ ਨਕਾਰਾਤਮਕ ਬਿਰਤਾਂਤਾਂ ਲਈ ਪ੍ਰੈੱਸ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਹੈਪਰ ਦੂਜੇ ਪਾਸੇ ਇਰਾਨ ਨਾਲ ਚੱਲ ਰਹੀ ਜੰਗ ਅਤੇ ਤਣਾਅ ਦੇ ਵਿਚਕਾਰ ਅਮਰੀਕਾ ਵਿੱਚ ਕਈ ਉੱਚ-ਪੱਧਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ (Fire) ਗਿਆ ਹੈ ਜਾਂ ਉਨ੍ਹਾਂ ਨੇ ਅਸਤੀਫੇ ਦਿੱਤੇ ਹਨਇਹ ਫੈਸਲੇ ਜ਼ਿਆਦਾਤਰ ਨੀਤੀਗਤ ਮੱਤਭੇਦਾਂ, ਜੰਗੀ ਰਣਨੀਤੀ ਜਾਂ ਖੁਫੀਆ ਜਾਣਕਾਰੀ ਦੀ ਅਸਫਲਤਾ ਕਾਰਨ ਲਏ ਗਏ ਹਨਘੱਟੋ-ਘੱਟ 12 ਤੋਂ ਵੱਧ ਉੱਚ ਪੱਧਰੀ ਫੌਜੀ ਅਧਿਕਾਰੀ ਅਤੇ ਕੁਝ ਨਾਗਰਿਕ ਅਧਿਕਾਰੀ ਅਹੁਦਿਆਂ ਤੋਂ ਹਟਾਏ ਗਏਸਭ ਤੋਂ ਵੱਧ ਤਬਦੀਲੀਆਂ ਪੈਂਟਾਗਨ, ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਹੋਈਆਂਯੁੱਧ ਦੇ ਦੌਰਾਨ ਹੋਈਆਂ ਇਹ ਬਰਖਾਸਤੀਆਂ ਅਮਰੀਕੀ ਫੌਜੀ ਇਤਿਹਾਸ ਵਿੱਚ ਬਹੁਤ ਅਸਧਾਰਣ ਮੰਨੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਬਰਖਾਸਤਗੀ ਆਰਮੀ ਚੀਫ ਆਫ ਸਟਾਫ ਜਨਰਲ ਰੈਂਡੀ ਜਾਰਜ ਦੀ ਹੈਇਸੇ ਤਰ੍ਹਾਂ ਹੀ ਆਰਮੀ ਚੈਪਲਿਨ ਕੋਰ ਦੇ ਮੁਖੀ ਮੇਜਰ ਜਨਰਲ ਵਿਲੀਅਮ ਗ੍ਰੀਨ ਜੂਨੀਅਰ ਨੂੰ ਬਰਖਾਸਤ ਕੀਤਾ ਗਿਆਟ੍ਰੇਨਿੰਗ ਅਤੇ ਡਾਕਟ੍ਰਿਨ ਕਮਾਂਡ ਦੇ ਸੀਨੀਅਰ ਕਮਾਂਡਰ ਜਨਰਲ ਡੇਵਿਡ ਹੋਡਨ, ਅਮਰੀਕਨ ਨੇਵੀ ਦੀ ਸਭ ਤੋਂ ਉੱਚੀ ਪੋਜ਼ੀਸ਼ਨ ਵਾਲੇ ਚੀਫ ਆਫ ਨੇਵਲ ਓਪਰੇਸ਼ਨਜ਼ ਐਡਮਿਰਲ ਲੀਸਾ ਫ੍ਰਾਂਚੇਟੀ, ਨੇਵੀ ਸੈਕਰਟਰੀ ਦੇ ਸਿਵਲੀਅਨ ਅਹੁਦੇ ਤੋਂ ਜੌਨ ਫੇਲਨ, ਏਅਰ ਫੋਰਸ ਵਾਈਸ ਚੀਫ ਆਫ ਸਟਾਫ ਜਨਰਲ ਜੇਮਜ਼ ਸਲਾਈਫ ਅਤੇ ਸਾਬਕਾ ਚੇਅਰਮੈਨ ਜੌਇੰਟ ਚੀਫਸ ਆਫ ਸਟਾਫ ਜਨਰਲ ਸੀ. ਕਿਊ. ਬਰਾਊਨ ਜੂਨੀਅਰ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆਇਹ ਸਭ ਕੁਝ ਪੈਂਟਾਗਨ ਵਿੱਚ ਰਣਨੀਤਿਕ ਅਤੇ ਵਿਚਾਰਧਾਰਕ ਟਕਰਾਅ, ਜੰਗ ਦੌਰਾਨ ਕਮਾਂਡ ਅਤੇ ਤਿਆਰੀ ’ਤੇ ਅਸਹਿਮਤੀ ਅਤੇ ਰਾਜਨੀਤਿਕ ਦਬਾਅ ਕਾਰਨ ਵਾਪਰਿਆ

ਖਬਰਾਂ ਤਾਂ ਇਹ ਵੀ ਹਨ ਕਿ ਟਰੰਪ, ਜੋ ਖੁਦ ਰਾਸ਼ਟਰਪਤੀ ਦੀ ਹੈਸੀਅਤ ਵਿੱਚ ਅਮਰੀਕਨ ਫ਼ੌਜਾਂ ਦੇ ਸਰਵਉੱਚ ਕਮਾਂਡਰ ਵੀ ਹਨ, ਪੈਂਟਾਗਨ ’ਤੇ ਨਿਊਕਲਰ ਹਥਿਆਰਾਂ ਦੇ ਕੋਡ ਪ੍ਰਾਪਤ ਕਰਨ ਲਈ ਦਬਾਅ ਬਣਾ ਰਹੇ ਹਨਬਹੁਤ ਸਾਰੇ ਮਹੱਤਵਪੂਰਨ ਫੈਸਲੇ ਅਧਿਕਾਰੀਆਂ ਅਤੇ ਆਪਣੀ ਟੀਮ ਦੇ ਨਾਲ ਸਲਾਹ ਮਸ਼ਵਰੇ ਤੋਂ ਬਿਨਾਂ ਵੀ ਲੈ ਰਹੇ ਹਨਪਿਛਲੇ ਦਿਨੀਂ ਜਦੋਂ ਦੋ ਜਹਾਜ਼ ਅਤੇ ਪਾਇਲਟ ਇਰਾਨ ਵੱਲੋਂ ਹੇਠਾਂ ਸੁੱਟੇ ਗਏ ਸਨ, ਉਸ ਸਮੇਂ ਟਰੰਪ ਪੈਂਟਾਗਨ ਦੇ ਵਾਰ ਰੂਮ ਵਿੱਚ ਮੌਜੂਦ ਸਨ। ਉਹ ਇਹ ਦ੍ਰਿਸ਼ ਦੇਖ ਕੇ ਆਪਣੇ ਆਪ ’ਤੇ ਕਾਬੂ ਨਹੀਂ ਸਨ ਰੱਖ ਸਕੇਬਦਹਵਾਸੀ ਦੀ ਹਾਲਤ ਵਿੱਚ ਉਹ ਅਧਿਕਾਰੀਆਂ ਉੱਤੇ ਲੰਮਾ ਸਮਾਂ ਚਿਲਾਉਂਦੇ ਰਹੇ ਸਨਉਸ ਤੋਂ ਬਾਅਦ ਟਰੰਪ ਦੀ ਮਾਨਸਿਕ ਹਾਲਤ ਨੂੰ ਦੇਖਦਿਆਂ ਉਸ ਨੂੰ ਵਾਰ ਰੂਮ ਤੋਂ ਵੀ ਦੂਰ ਰੱਖਿਆ ਜਾ ਰਿਹਾ ਹੈਇਹ ਵੀ ਖਬਰਾਂ ਹਨ ਕਿ ਰਾਸ਼ਟਰਪਤੀ ਟਰੰਪ ਕੋਲ ਚੱਲ ਰਹੇ ਯੁੱਧ ਦੀ ਪੂਰੀ ਜਾਣਕਾਰੀ ਵੀ ਨਹੀਂ ਪਹੁੰਚਾਈ ਜਾ ਰਹੀ

ਇਸ ਯੁੱਧ ਨੂੰ ਲੈ ਕੇ ਬਣੇ ਹੋਏ ਭਾਰੀ ਤਣਾਅ ਦੇ ਵਿਚਕਾਰ ਅਮਨ ਲਈ ਗੱਲਬਾਤ ਬੈਕ ਡੋਰ ਚੈਨਲ (Back door channel) ਰਾਹੀਂ ਚਲਾਈ ਜਾ ਰਹੀ ਹੈਇਹ ਤਰੀਕਾ ਭਰੋਸਾ ਬਣਾਉਣ, ਟਕਰਾਅ ਨੂੰ ਹੱਲ ਕਰਨ ਅਤੇ ਸਹਿਮਤੀਆਂ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਜੋ ਕਿ ਪਰੰਪਰਾਗਤ ਰਾਜਨੀਤਿਕ ਤਰੀਕਿਆਂ ਦੁਆਰਾ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਹੈਪਰ ਅਮਰੀਕਾ ਪ੍ਰਤੀ ਇਰਾਨ ਦੀ ਬੇਭਰੋਸਗੀ ਅਤੇ ਇਜ਼ਰਾਇਲ-ਅਮਰੀਕਾ ਦੇ ਗੱਲਬਾਤ ਦੌਰਾਨ ਕਈ ਵਾਰ ਧੋਖਾ ਦੇਣ ਦੇ ਕਾਰਨ ਇਰਾਨ ਅਜਿਹੀ ਗੱਲਬਾਤ ਲਈ ਬਹੁਤਾ ਸਹਿਮਤ ਵਿਖਾਈ ਨਹੀਂ ਦੇ ਰਿਹਾਦੂਸਰੀ ਵੱਡੀ ਸਮੱਸਿਆ, ਵਿਚੋਲੇ (Mediator) ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਵੀ ਇੱਕ ਬਹੁਤ ਹੀ ਕਮਜ਼ੋਰ ਮੁਲਕ ਹੈਇਰਾਨ ਉਸ ਉੱਪਰ ਵੀ ਪੂਰਾ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਉਸਦੀ ਪੁਜ਼ੀਸ਼ਨ ਅਮਰੀਕਾ ਦੇ ਪਿਆਦੇ ਤੋਂ ਵਧੀਕ ਕੁਝ ਵੀ ਨਹੀਂਪਾਕਿਸਤਾਨ ਨੂੰ ਬਾਕੀ ਦੀ ਸਾਰੀ ਹੀ ਦੁਨੀਆ ਭਰੋਸੇਯੋਗ (Reliable) ਮੁਲਕ ਨਹੀਂ ਸਮਝਦੀਜੇਕਰ ਇਹ ਗੱਲਬਾਤ ਕਿਸੇ ਸਾਵੀਂ ਤਾਕਤਵਰ ਧਿਰ ਵਾਲੇ ਦੇਸ਼ ਚੀਨ ਜਾਂ ਰੂਸ ਰਾਹੀਂ ਹੁੰਦੀ ਤਾਂ ਕੁਝ ਹਾਂ ਪੱਖੀ ਨਤੀਜੇ ਮਿਲ ਸਕਦੇ ਸਨਕੋਈ ਯੂਰਪੀ ਮੁਲਕ ਫਰਾਂਸ, ਜਰਮਨੀ ਜਾਂ ਇੰਗਲੈਂਡ, ਇਸ ਭੂਮਿਕਾ ਵਿੱਚ ਹੁੰਦੇ ਤਾਂ ਵੀ ਗੱਲ ਕਿਸੇ ਸਿਰੇ ਲੱਗ ਸਕਦੀ ਸੀਤੁਰਕੀਏ ਅਤੇ ਸਾਊਦੀ ਵੀ ਕੁਝ ਅਜਿਹਾ ਰੋਲ ਅਦਾ ਕਰਨ ਦੇ ਸਮਰੱਥ ਮੁਲਕ ਹਨਦੂਸਰਾ, ਗੱਲਬਾਤ ਭਾਵੇਂ ਸਫਲ ਹੋਵੇ ਜਾਂ ਅਸਫਲ, ਪਾਕਿਸਤਾਨ ਨੂੰ ਕੋਈ ਸਿੱਧਾ ਭੂ-ਰਾਜਨੀਤਕ ਲਾਭ ਹੋਣ ਵਾਲਾ ਨਹੀਂ ਸਿਵਾਏ ਇਸ ਗੱਲ ਦੇ ਕਿ ਉਹ ਹਾਲਾਤ ਦਾ ਇਹ ਫਾਇਦਾ ਚੁੱਕਣ ਵਿੱਚ ਕਾਮਯਾਬ ਹੋ ਸਕੇ ਕਿ ਕਿਧਰੋਂ ਉਸ ਨੂੰ ਅਗਲੇ ਕੁਝ ਮਹੀਨੇ ਆਪਣਾ ਤੋਰੀ-ਫੁਲਕਾ ਚਲਦਾ ਰੱਖਣ ਵਿੱਚ ਆਰਥਿਕ ਸਹਾਇਤਾ ਮਿਲ ਸਕੇ ਜਦੋਂ ਤੋਂ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਹ ਇਹ ਜਾਣਦਿਆਂ ਹੋਇਆ ਵੀ ਕਿ ਪਾਕਿਸਤਾਨ ਦੀ ਸਿਆਸੀ ਲੀਡਰਸ਼ਿੱਪ ਗੈਰ ਕਾਨੂੰਨੀ (Illegitimate) ਹੈ, ਫਿਰ ਵੀ ਉਸ ਉੱਤੇ ਬਹੁਤ ਮਿਹਰਬਾਨ ਹਨਖਾਸ ਕਰਕੇ ਭਾਰਤ ਨਾਲ ਟਕਰਾਅ ਤੋਂ ਬਾਅਦ ਆਪੇ ਹੀ ਬਣੇ ਫੀਲਡ ਮਾਰਸ਼ਲ ਮੁਨੀਰ ’ਤੇ ਉਹ ਅਮਰੀਕਨ ਜਰਨੈਲਾਂ ਤੋਂ ਵੀ ਵੱਧ ਭਰੋਸਾ ਜਿਤਾ ਰਹੇ ਹਨਰਾਸ਼ਟਰਪਤੀ ਟਰੰਪ ਦੀ ਮਜਬੂਰੀ ਹੋ ਸਕਦੀ ਹੈ ਜਾਂ ਫਿਰ ਦੂਰਦ੍ਰਿਸ਼ਟੀ ਦੀ ਘਾਟ ਕਿ ਉਸ ਨੂੰ ਵਿਚੋਲੇ ਦੀ ਭੂਮਿਕਾ ਲਈ ਅਜਿਹਾ ਮੁਲਕ ਚੁਣਨਾ ਪਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਇੰਜ. ਹਰਜੀਤ ਸਿੰਘ ਗਿੱਲ

ਇੰਜ. ਹਰਜੀਤ ਸਿੰਘ ਗਿੱਲ

Whatsapp: (India: 91 - 98889 - 45127, Canada: 1 - 647 - 542 - 0007)
Email: (er.harjeetgill@gmail.com)