“ਕਿਉਂ ਨਾ ਆਪਣੀ ਜ਼ਿੰਦਗੀ ਦੇ ਚਿੱਤਰਕਾਰ ਖੁਦ ਬਣੀਏ ਅਤੇ ਆਪਣੀ ਪਸੰਦ ਦੇ ਰੰਗ ਇਸ ਵਿੱਚ ...”
(10 ਫਰਵਰੀ 2026)
ਗੱਲ ਪਿਛਲੇ ਐਤਵਾਰ ਦੀ ਹੈ, ਜਦੋਂ ਮੈਂ ਆਪਣੇ ਪੇਕੇ ਘਰ ਜਾ ਰਹੀ ਸੀ। ਮੈਂ ਅਤੇ ਮੇਰੀ ਤਿੰਨ ਸਾਲ ਦੀ ਬੇਟੀ ਨੇ ਪਿੰਡ ਦੇ ਅੱਡੇ ਤੋਂ ਬੱਸ ਫੜੀ। ਬੱਸ ਵਿੱਚ ਬਹੁਤੀ ਭੀੜ ਨਾ ਹੋਣ ਕਰਕੇ ਸਾਨੂੰ ਬੜੀ ਅਸਾਨੀ ਨਾਲ ਸੀਟ ਮਿਲ ਗਈ। ਮੈਂ ਆਪਣੀ ਬੇਟੀ ਦੇ ਮਨ ਪ੍ਰਚਾਵੇ ਲਈ ਉਸਨੂੰ ਖਿੜਕੀ ਦੇ ਬਾਹਰਲਾ ਦ੍ਰਿਸ਼ ਵਿਖਾਉਣ ਲੱਗੀ। ਇੰਨੇ ਨੂੰ ਬੱਸ ਅਗਲੇ ਅੱਡੇ ’ਤੇ ਰੁਕੀ। ਉੱਥੇ ਦੋ ਸਵਾਰੀਆਂ ਉੱਤਰ ਗਈਆ ਅਤੇ ਚਾਰ ਚੜ੍ਹ ਗਈਆਂ। ਜਿਵੇਂ ਹੀ ਬੱਸ ਅੱਗੇ ਵਧੀ, ਮੇਰੇ ਖ਼ਿਆਲ, ਮੇਰੀ ਕਲਪਨਾ ਵੀ ਮੈਨੂੰ ਕਿਧਰੇ ਹੋਰ ਹੀ ਲੈ ਤੁਰੀ। ਮੈਨੂੰ ਲੱਗਾ ਜਿਵੇਂ ਮੈਂ ਜ਼ਿੰਦਗੀ ਦੀ ਬੱਸ ਵਿੱਚ ਸਵਾਰ ਹੋਵਾਂ। ਉਸ ਵੇਲੇ ਮੈਨੂੰ ਬੱਸ ਦਾ ਡਰਾਈਵਰ ਰੱਬ ਜਾਪਿਆ। ਸਾਰੀਆਂ ਸਵਾਰੀਆਂ ਰੱਬ ਦੀ ਸਿਰਜੀ ਹੋਈ ਸ੍ਰਿਸ਼ਟੀ, ਅਤੇ ਕੰਡਕਟਰ ਰੱਬ ਦਾ ਕੋਈ ਦੂਤ, ਜਿਹੜਾ ਸਾਨੂੰ ਸਾਡੀ ਉਮਰ ਦੀ ਟਿਕਟ ਕੱਟ ਕੇ ਦਿੰਦਾ ਹੈ, ਤੇ ਦੱਸਦਾ ਹੈ ਕਿ ਭਾਈ ਇੰਨੀ ਭੋਗ ਕੇ ਤੂੰ ਇਸ ਸਫਰ ਨੂੰ ਅਲਵਿਦਾ ਕਹਿ ਜਾਣਾ ਹੈ। ਜਿਵੇਂ ਸਵਾਰੀਆਂ ਆਪਣੀ ਮੰਜ਼ਿਲ ਆਉਣ ’ਤੇ ਬੱਸ ਵਿੱਚੋਂ ਉੱਤਰ ਜਾਂਦੀਆਂ ਹਨ, ਉਵੇਂ ਹੀ ਮਨੁੱਖੀ ਸਰੀਰ ਹੈ, ਆਪਣਾ ਸਫਰ ਮੁਕਾ ਕੇ ਜ਼ਿੰਦਗੀ ਦੀ ਗੱਡੀ ਵਿੱਚੋਂ ਉੱਤਰ ਜਾਂਦਾ ਹੈ। ਪਰ ਬਾਕੀਆਂ ਦਾ ਸਫਰ ਉਵੇਂ ਹੀ ਬਰਕਰਾਰ ਰਹਿੰਦਾ ਹੈ।
ਇੰਨੇ ਨੂੰ ਮੇਰਾ ਧਿਆਨ ਮੇਰੇ ਨਾਲ ਬੈਠੀ ਮੇਰੀ ਬੇਟੀ ਵੱਲ ਗਿਆ ਤਾਂ ਉਹ ਖਿੜਕੀ ਦੇ ਬਾਹਰ ਦਾ ਨਜ਼ਾਰਾ ਦੇਖ ਕੇ ਖੁਸ਼ ਹੋ ਰਹੀ ਸੀ। ਮੈਂ ਵੀ ਉਸਦੇ ਨਾਲ ਬਾਹਰ ਦੇਖਣ ਲੱਗੀ। ਮੈਨੂੰ ਮਹਿਸੂਸ ਹੋਇਆ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਜੋ ਅਸੀਂ ਮਾਣਦੇ ਹਾਂ, ਬੜੀ ਤੇਜ਼ੀ ਨਾਲ ਲੰਘ ਰਹੇ ਸਨ। ਜਿਵੇਂ ਹਸਪਤਾਲ, ਜਿੱਥੇ ਅਸੀਂ ਆਪਣੇ ਪਹਿਲੇ ਅਤੇ ਆਖਰੀ ਸਾਹ ਲੈਂਦੇ ਹਾਂ। ਸਕੂਲ, ਕਾਲਜ ਜਿੱਥੋਂ ਅਸੀਂ ਸਿੱਖਦੇ ਹਾਂ। ਮੈਰਿਜ ਪੈਲੇਸ, ਗੁਰ ਘਰ ਜਿੱਥੇ ਅਸੀਂ ਪਵਿੱਤਰ ਬੰਧਨ ਵਿੱਚ ਬੱਝਦੇ ਹਾਂ। ਤਕਰੀਬਨ ਜ਼ਿੰਦਗੀ ਦੇ ਸਾਰੇ ਪੜਾਅ ਮੰਨੋ ਇੱਕ ਫਿਲਮ ਦੀ ਤਰ੍ਹਾਂ ਉਸ ਖਿੜਕੀ ਵਿੱਚੋਂ ਤੇਜ਼ੀ ਨਾਲ ਲੰਘ ਰਹੇ ਸਨ। ਮੈਨੂੰ ਇੰਝ ਜਾਪਿਆ ਜਿਵੇਂ ਮੇਰੀ ਜ਼ਿੰਦਗੀ ਦੇ ਬੀਤ ਚੁੱਕੇ ਪਲ ਮੇਰੀਆਂ ਅੱਖਾਂ ਮੋਹਰਿਓਂ ਦੀ ਨਿਕਲ ਰਹੇ ਹੋਣ।
ਅੱਗੇ ਰਸਤੇ ਵਿੱਚ ਪੁਲ ਬਣਨ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਜਾਮ ਲਾ ਹੋਇਆ ਸੀ। ਮੈਂ ਅਜੇ ਵੀ ਆਪਣੀ ਨਿਗਾਹ ਖਿੜਕੀ ਦੇ ਬਾਹਰ ਟਿਕਾਈ ਹੋਈ ਸੀ। ਬਾਹਰ ਕੁਝ ਆਟੋ, ਟਰੱਕ, ਰਿਕਸ਼ੇ, ਗੱਡੀਆਂ, ਸਾਇਕਲ ਸਵਾਰ ਖੜ੍ਹੇ ਸਨ। ਮੈਂ ਕੁਝ ਲੋਕਾਂ ਦੇ ਚਿਹਰੇ ਮਹਿੰਗੀਆਂ ਗੱਡੀਆਂ ਵਿੱਚ ਵੀ ਮੁਰਝਾਏ ਹੋਏ ਦੇਖੇ, ਅਤੇ ਕਈ ਸਾਈਕਲ, ਰਿਕਸ਼ਾ ਚਾਲਕ ਇੰਝ ਖਿੜੇ ਹੋਏ ਵਿਖਾਈ ਦੇ ਰਹੇ ਸਨ, ਜਿਵੇਂ ਉਨ੍ਹਾਂ ਕੋਲ ਸਬਰ-ਸ਼ੁਕਰ ਦਾ ਖਜ਼ਾਨਾ ਹੋਵੇ। ਕਿਉਂਕਿ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਹੀ ਇਹ ਰਹੀ ਹੈ, ਕਿ ਉਹ ਥੋੜ੍ਹਾ ਹੋਰ, ਥੋੜ੍ਹਾ ਹੋਰ ਦੀ ਲਾਲਸਾ ਵਿੱਚ ਜੋ ਅੱਜ ਉਸਦੇ ਕੋਲ ਹੈ, ਉਸਨੂੰ ਮਾਣ ਹੀ ਨਹੀਂ ਰਿਹਾ। ਬਜਾਏ ਇਸਦੇ ਕਿ ਜਿੱਥੇ ਹੈ, ਜੋ ਹੈ ਉਸਨੂੰ ਜੀਣ ਦੇ, ਆਪਣੀਆਂ ਲਾਲਸਾਵਾਂ ਪਿੱਛੇ ਦੌੜੀ ਜਾ ਰਿਹਾ। ਮਨੁੱਖ ਭੁੱਲ ਬੈਠਦਾ ਹੈ ਕਿ ਉਹ ਭੌਤਿਕ ਸੁਖ ਸੁਵਿਧਾਵਾਂ ਦੀ ਕਦੇ ਨਾ ਮੁੱਕਣ ਵਾਲੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਪਿੱਛੇ ਮਨੁੱਖ ਪੂਰਾ ਹੋ ਜਾਂਦਾ ਹੈ ਪਰ ਇਹ ਕਦੇ ਪੂਰੀਆਂ ਨਹੀਂ ਹੁੰਦੀਆਂ। ਜਦੋਂ ਮਨਚਾਹੀਆਂ ਵਸਤਾਂ ਨਹੀਂ ਮਿਲਦੀਆਂ, ਫਿਰ ਮਨੁੱਖ ਹਤਾਸ਼-ਨਿਰਾਸ਼ ਹੋ ਜਾਂਦਾ ਹੈ ਅਤੇ ਆਪਣੀ ਕਿਸਮਤ ਨੂੰ ਕੋਸਦਾ ਹੈ। ਇਹ ਸਭ ਦੇਖ ਕਿ ਮੇਰੇ ਜ਼ਿਹਨ ਵਿੱਚ ਸਰਤਾਜ ਦੇ ਕਹੇ ਬੋਲ ਗੂੰਜ ਉੱਠੇ,
ਰੁੱਖਾਂ ਉੱਤੋਂ ਪੱਤੇ ਝੜਦੇ ਦੇਖ ਰਿਹਾਂ,
ਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਦੇਖ ਰਿਹਾਂ
ਉਹ ਜਿਹੜਾ ਭਾਣਾ ਮੰਨਣ ਵਾਲਾ ਸੀ
ਉਸਨੂੰ ਰੱਬ ’ਤੇ ਤੋਹਮਤਾਂ ਮੜ੍ਹਦੇ ਦੇਖ ਰਿਹਾਂ...
ਸਾਨੂੰ ਮੁਸ਼ਕਿਲ ਸਮੇਂ ਵਿੱਚ ਹੌਸਲਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਰਾਤ ਕਿੰਨੀ ਵੀ ਗਹਿਰੀ ਕਿਉਂ ਨਾ ਹੋਵੇ, ਕਦੇ ਇੰਝ ਨਹੀਂ ਹੋਇਆ ਕਿ ਉਸਨੇ ਸਵੇਰ ਨਾ ਹੋਣ ਦਿੱਤੀ ਹੋਵੇ। ਸਾਨੂੰ ਇੱਕ ਵਾਰ ਜ਼ਿੰਦਗੀ ਮਿਲਦੀ ਹੈ, ਕਿਉਂ ਨਾ ਆਪਣੀ ਜ਼ਿੰਦਗੀ ਦੇ ਚਿੱਤਰਕਾਰ ਖੁਦ ਬਣੀਏ ਅਤੇ ਆਪਣੀ ਪਸੰਦ ਦੇ ਰੰਗ ਇਸ ਵਿੱਚ ਭਰੀਏ, ਤਾਂ ਜੋ ਇੱਕ ਖੂਬਸੂਰਤ ਤਸਵੀਰ ਬਣ ਜਾਵੇ। ਰਹੀ ਗੱਲ ਦੁੱਖ ਤਕਲੀਫਾਂ ਦੀ, ਦੁੱਖ ਸੁੱਖ ਜ਼ਿੰਦਗੀ ਦਾ ਅਭਿੰਨ ਅੰਗ ਹਨ। ਅਸੀਂ ਦੁੱਖਾਂ ਨੂੰ ਹੰਢਾਏ ਵਗੈਰ ਸੁੱਖਾਂ ਦਾ ਅਨੰਦ ਨਹੀਂ ਮਾਣ ਸਕਦੇ। ਸਾਨੂੰ ਵਿਅਰਥ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਅਸੀਂ ਜਦੋਂ ਬੱਸ ਵਿੱਚ ਸਵਾਰ ਹੁੰਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਇਸ ਨੂੰ ਚਲਾਉਣ ਵਾਲਾ ਡਰਾਈਵਰ ਕੌਣ ਹੈ? ਫਿਰ ਵੀ ਅਸੀਂ ਬੇਫਿਕਰੀ ਨਾਲ ਸਫਰ ਦਾ ਅਨੰਦ ਮਾਣਦੇ ਹਾਂ। ਇੰਝ ਹੀ ਜ਼ਿੰਦਗੀ ਦੇ ਸਫਰ ਨੂੰ ਚਲਾਉਣ ਵਾਲਾ ਤਾਂ ਖੁਦ ਉਹ ਅਕਾਲਪੁਰਖ ਹੈ, ਫਿਰ ਉਹ ਸਾਡਾ ਮਾੜਾ ਕਿਵੇਂ ਸੋਚੇਗਾ?
ਇਹ ਵਿਚਾਰ ਚੱਲ ਹੀ ਰਹੇ ਸਨ ਕਿ ਮੇਰੀ ਨਜ਼ਰ ਬੱਸ ਵਿੱਚ ਲੱਗੇ ਬੋਰਡ ’ਤੇ ਪਈ ਜਿਸ ਉੱਤੇ ਲਿਖਿਆ ਸੀ, “ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।” ਇਹ ਸੱਚ ਹੀ ਤਾਂ ਹੈ ਜਿਵੇਂ ਬੱਸ ਵਿੱਚ ਸਾਡੇ ਸਮਾਨ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ, ਉਵੇਂ ਹੀ ਸਾਡੀ ਜ਼ਿੰਦਗੀ ਹੈ। ਅਸੀਂ ਕੀ ਲੈ ਕੇ ਆਏ ਸਾਂ ਅਤੇ ਕੀ ਲੈ ਕੇ ਜਾਣਾ ਹੈ, ਇਸ ਪ੍ਰਤੀ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ। ਜੇਕਰ ਇਸ ਨੂੰ ਸਧਾਰਨ ਕਰਕੇ ਸਮਝੀਏ ਤਾਂ ਪਰਮਾਤਮਾ ਵੀ ਸਾਨੂੰ ਕੁਝ ਜ਼ਿੰਮੇਵਾਰੀਆਂ ਦੇ ਕੇ ਭੇਜਦਾ ਹੈ, ਜੋ ਅਸੀਂ ਮਾਤਾ ਪਿਤਾ, ਭੈਣ ਭਰਾ, ਪਤੀ ਪਤਨੀ, ਆਦਿ ਰਿਸ਼ਤਿਆ ਦੇ ਰੂਪ ਵਿੱਚ ਨਿਭਾਉਂਦੇ ਹਾਂ। ਅਸੀਂ ਰੋਂਦੇ ਹੋਏ ਦੁਨੀਆ ’ਤੇ ਆਉਂਦੇ ਜ਼ਰੂਰ ਹਾਂ, ਪਰ ਹੱਸਕੇ ਇੱਥੋਂ ਜਾਣਾ ਸਾਡੇ ਆਪਣੇ ਤੇ’ ਨਿਰਭਰ ਹੁੰਦਾ ਹੈ। ਜਦੋਂ ਅਸੀਂ ਪਿਆਰ ਨਾਲ ਸਭ ਨੂੰ ਬੁਲਾਉਂਦੇ ਹਾਂ, ਦਿਲ ਵਿੱਚ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ ਰੱਖਦੇ, ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਦੇ ਤਾਂ ਅੰਤ ਵੇਲੇ ਖੁਸ਼ ਹੀ ਹੁੰਦੇ ਹਾਂ ਕਿ ਜਿਵੇਂ ਤੂੰ ਮੈਂਨੂੰ ਭੇਜਿਆ ਸੀ, ਉਵੇਂ ਹੀ ਤੇਰੇ ਕੋਲ ਵਾਪਸ ਆ ਰਿਹਾ ਹਾਂ।
ਇੰਨੇ ਨੂੰ ਸੀਟੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੀ। ਕੰਡਕਟਰ ਸਵਾਰੀਆਂ ਨੂੰ ਕਹਿ ਰਿਹਾ ਸੀ, ਭਾਈ ਜਿਹਨੂੰ ਜਿੱਥੇ ਜਿੱਥੇ ਸੀਟ ਮਿਲਦੀ ਹੈ, ਬੈਠ ਜਾਓ ਅਤੇ ਲੋਕ ਬੈਠ ਵੀ ਰਹੇ ਸਨ। ਕਿਸੇ ਨੂੰ ਫਰਕ ਨਹੀਂ ਸੀ ਪੈ ਰਿਹਾ ਕਿ ਸਾਡੇ ਨਾਲ ਬੈਠਾ ਆਦਮੀ ਕਿਸ ਜਾਤ ਜਾਂ ਕੁੱਲ ਦਾ ਹੈ। ਸਭ ਨੂੰ ਬੱਸ ਸੀਟ ਮੱਲਣ ਦੀ ਕਾਹਲ ਸੀ। ਉੱਥੇ ਮੈਂਨੂੰ ਜਾਪਿਆ ਜਿਵੇਂ ਰੱਬ ਦਾ ਉਹ ਦੂਤ ਸਾਨੂੰ ਸਮਝਾ ਰਿਹਾ ਹੋਵੇ ਕਿ ਅਸੀਂ ਸਾਰੇ ਇੱਕ ਹੀ ਹਾਂ। ਰੱਬ ਨੇ ਸਭ ਨੂੰ ਇੱਕ ਹੀ ਘੜਤ ਦਿੱਤੀ ਹੈ। ਇਹ ਜਾਤ-ਪਾਤ, ਰੰਗ, ਧਰਮ ਸਭ ਸਾਡੇ ਹੀ ਬਣਾਏ ਹੋਏ ਹਨ ਕਿਉਂਕਿ ਉਸਦੀ ਕਚਹਿਰੀ ਅਤੇ ਜ਼ਿੰਦਗੀ ਦੇ ਸਫਰ ਵਿੱਚ ਮੁੱਲ ਪੈਂਦਾ ਹੈ ਤਾਂ ਸਿਰਫ ਸਾਡੇ ਕਰਮਾਂ ਦਾ। ਸਾਡੇ ਨਾਲ ਸਿਵਾਏ ਸਾਡੇ ਚੰਗੇ ਕੀਤੇ ਕਰਮਾਂ ਦੇ ਕੁਝ ਨਹੀਂ ਜਾਂਦਾ। ਅਸੀਂ ਸਭ ਨੇ ਸੁਣਿਆ ਹੋਇਆ ਹੈ,
ਕੀ ਕੀ ਨੇ ਦੁਨੀਆਂ ਦੇ ਮੰਜ਼ਰ, ਖਾਲੀ ਹੱਥੀਂ ਗਿਆ ਸਿਕੰਦਰ,
ਜੱਗ ਨੂੰ ਜਿੱਤਣ ਵਾਲਿਆਂ ਨੂੰ ਪਈ, ਅੰਤ ਹਾਰਨੀ ਬਾਜ਼ੀ,
ਓਹਦਿਆਂ ਰੰਗਾਂ ਨੂੰ ਓਹੀਓ ਜਾਣੇ,
ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜ਼ੀ।
ਜਿਵੇਂ ਬੱਸ ਵਿੱਚੋਂ ਸਵਾਰੀਆਂ ਆਪਣਾ ਆਪਣਾ ਸਫਰ ਮੁਕਾ ਕੇ ਉੱਤਰ ਜਾਂਦੀਆਂ ਹਨ, ਉਵੇਂ ਹੀ ਜ਼ਿੰਦਗੀ ਦੇ ਸਫਰ ਵਿੱਚ ਜਦੋਂ ਨਾਲ ਦੀ ਸਵਾਰੀ ਬਿਨਾਂ ਦੱਸੇ ਉੱਤਰ ਜਾਂਦੀ ਹੈ ਤਾਂ ਧੁਰ ਅੰਦਰ ਤੀਕ ਇੱਕ ਗਹਿਰੀ ਚੁੱਪ ਪਸਰ ਜਾਂਦੀ ਹੈ, ਜੋ ਬਾਹਰੀ ਸ਼ੋਰ-ਸ਼ਰਾਬੇ ਤੋਂ ਕਿਤੇ ਪਰ੍ਹਾਂ ਦੀ ਹੁੰਦੀ ਹੈ। ਚੀਕਾਂ ਨਿਕਲ ਜਾਂਦੀਆਂ ਨੇ ਕੰਧ ’ਤੇ ਟੰਗੀ ਕਿਸੇ ਆਪਣੇ ਦੀ ਤਸਵੀਰ ਨੂੰ ਦੇਖ ਕੇ, ਜਿਸ ਅੱਗੇ ਜਿੰਨਾ ਮਰਜ਼ੀ ਰੋ ਲਵੋ, ਬੋਲ ਲਵੋ, ਉਹ ਕੋਈ ਹੁੰਗਾਰਾ ਨਹੀਂ ਭਰਦੀ। ਸੋ ਜਦੋਂ ਤਕ ਇਸ ਜ਼ਿੰਦਗੀ ਦੀ ਗੱਡੀ ਵਿੱਚ ਸਵਾਰ ਹਾਂ ਕਿਉਂ ਨਾ ਆਪਣੇ ਇਸ ਸਫਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਆਪਣੇ ਹਿੱਸੇ ਦੀ ਖੁਸ਼ੀ ਹੰਢਾਈਏ, ਜਿਨ੍ਹਾਂ ਨਾਲ ਸਾਂਝ ਹੈ, ਉਨ੍ਹਾਂ ਨਾਲ ਸਮਾਂ ਬਿਤਾਈਏ। ਸਭ ਨੂੰ ਮਾਫ਼ੀ ਦੇ ਕੇ ਦਿਲ ਤੋਂ ਬੋਝ ਲਾਹੀਏ, ਆਪਣਿਆਂ ਲਈ ਇਸ ਸਫਰ ਦੀ ਖੁਸ਼ਨੁਮਾ ਯਾਦ ਬਣ ਜਾਈਏ।
ਅੰਤ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹਾਂਗੀ ਕੇ ਮੈਂ ਬੱਸ ਵਿੱਚ ਸਫਰ ਬਹੁਤ ਵਾਰ ਕੀਤਾ, ਪਰ ਇਸ ਵਾਰ ਦਾ ਸਫਰ ਕੁਝ ਅਲੱਗ ਸੀ। ਜਦੋਂ ਮੈਂ ਇਸ ਬੱਸ ਵਿੱਚ ਪੈਰ ਰੱਖਿਆ ਸੀ ਤਾਂ ਮੈਨੂੰ ਨਹੀਂ ਸੀ ਪਤਾ ਕੇ ਇਹ ਸਫਰ ਮੈਨੂੰ ਇੰਨਾ ਕੁਝ ਸਿਖਾ ਜਾਏਗਾ। ਮੇਰੇ ਵਿਚਾਰਾਂ ਨੇ, ਮੇਰੀ ਕਲਪਨਾ ਨੇ ਕਦੋਂ ਮੈਂਨੂੰ ਇੱਕ ਆਮ ਬੱਸ ਤੋਂ ਜ਼ਿੰਦਗੀ ਦੀ ਬੱਸ ਵਿੱਚ ਬਿਠਾ ਦਿੱਤਾ, ਮੈਂਨੂੰ ਵੀ ਪਤਾ ਨਹੀਂ ਲੱਗਿਆ। ਜੋ ਮੈਂ ਬੱਸ ਵਿੱਚ ਬੈਠਣ ਤੋਂ ਪਹਿਲਾਂ ਸੀ, ਉੱਤਰਨ ਵੇਲੇ ਉਸਤੋਂ ਬਿਲਕੁਲ ਵੱਖਰੀ ਸਾਂ। ਇਹ ਇੱਕ ਅਜਿਹਾ ਸਫਰ ਸੀ, ਜੋ ਮੈਨੂੰ ਜ਼ਿੰਦਗੀ ਦਾ ਸਾਰ ਸਿਖਾ ਗਿਆ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































