“ਉਨ੍ਹਾਂ ਦਾ ਸਰਲ ਜਿਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਣ ਦਾ ਹੁਨਰ, ਉਨ੍ਹਾਂ ਦੇ ਅਣਮੁੱਲੇ ਵਿਚਾਰ”
(27 ਜਨਵਰੀ 2026)
ਕਹਿੰਦੇ ਨੇ ਜੇਕਰ ਕਿਸੇ ਚੀਜ਼ ਨੂੰ ਪੂਰੀ ਸ਼ਿੱਦਤ ਨਾਲ ਚਾਹੁੰਦੇ ਜੋ, ਸਾਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਦਾ ਉਪਰਾਲਾ ਕਰਨ ਲਗਦੀ ਹੈ। ਬਿਲਕੁਲ ਅਜਿਹਾ ਹੀ ਮੇਰੇ ਨਾਲ ਵੀ ਹੋਇਆ ਸੀ, ਜਦੋਂ ਸਾਡੀ ਯੂਨੀਵਰਸਿਟੀ ਵੱਲੋਂ ਕਰਤਾਰਪੁਰ ਵਿਖੇ ‘ਜੰਗ ਏ ਆਜ਼ਾਦੀ’ ਦਾ ਐਜੂਕੇਸ਼ਨਲ ਟਰਿੱਪ ਬਣਿਆ। ਮੈਂਨੂੰ ਕੋਈ ਇਲਮ ਹੀ ਨਹੀਂ ਸੀ ਕਿ ਇਹ ਦਿਨ ਮੇਰੇ ਲਈ ਇੰਨਾ ਖਾਸ ਅਤੇ ਯਾਦਗਾਰ ਬਣ ਜਾਵੇਗਾ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਗੈਲਰੀ ਵਿੱਚ ਪ੍ਰਸਿੱਧ ਹਸਤੀਆ ਦੀ ਕਾਨਫਰੰਸ ਚੱਲ ਰਹੀ ਸੀ, ਪੰਜਾਬੀ ਭਾਸ਼ਾ ਬਾਰੇ ਵੀ ਲੈਕਚਰ ਹੋ ਰਹੇ ਸਨ, ਐੱਮ ਏ ਪੰਜਾਬੀ ਦੇ ਸਟੂਡੈਂਟ ਹੋਣ ਕਰਕੇ ਸਾਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ। ਉਸ ਕਮਰੇ ਅੰਦਰ ਬਹੁਤ ਸਾਰੇ ਵਿਦਵਾਨ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਅਸੀਂ ਸੁਣਨ ਅਤੇ ਉਨ੍ਹਾਂ ਦੇ ਵਿਚਾਰ ਨੋਟ ਵੀ ਕਰਨ ਲੱਗੇ। ਅਚਾਨਕ ਹੀ ਮੇਰੇ ਕੰਨਾਂ ਵਿੱਚ ਅਜਿਹੀ ਆਵਾਜ਼ ਪਈ, ਜਿਸਨੂੰ ਸੁਣ ਕੇ ਮੈਂ ਹੈਰਾਨ ਹੋ ਗਈ, ਮੇਰੇ ਸਾਹਮਣੇ ਸਨ; ਡਾਕਟਰ ਸੁਰਜੀਤ ਪਾਤਰ ਸਾਹਿਬ ਜੀ। ਪੰਜਾਬੀ ਸਾਹਿਤ ਨੂੰ ਚਾਹੁਣ ਵਾਲਿਆਂ ਲਈ ਇਹ ਨਾਮ ਹੀ ਕਾਫੀ ਹੈ। ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਰੂਹ ਨੂੰ ਸਕੂਨ ਮਿਲਦਾ ਹੈ, ਜਿਨ੍ਹਾਂ ਦੀ ਮੈਂ ਇੰਨੀ ਵੱਡੀ ਫੈਨ ਹਾਂ, ਜੋ ਮੇਰੇ ਪਸੰਦੀਦਾ ਕਵੀ ਹਨ, ਉਨ੍ਹਾਂ ਨੂੰ ਇੱਕ ਮਾਤਰ ਦੇਖਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਸੀ। ਅੱਜ ਉਨ੍ਹਾਂ ਨੂੰ ਸਨਮੁੱਖ ਸੁਣਨ ਦਾ ਸਬੱਬ ਬਣਿਆ ਸੀ। ਮੈਂਨੂੰ ਆਪਣੀਆਂ ਅੱਖਾਂ ਅਤੇ ਕੰਨਾਂ ’ਤੇ ਯਕੀਨ ਹੀ ਨਹੀਂ ਸੀ ਹੋ ਰਿਹਾ, ਪਰ ਇਹ ਸਭ ਸੱਚ ਸੀ।
ਅਸੀਂ ਸਾਰੇ ਵਿਦਿਆਰਥੀ ਇਹੀ ਸੋਚ ਰਹੇ ਸੀ ਕਿ ਬੱਸ ਇੱਕ ਮੌਕਾ ਮਿਲ ਜਾਵੇ ਪਾਤਰ ਸਾਹਿਬ ਨਾਲ ਫੋਟੋ ਖਿਚਵਾਉਣ ਦਾ, ਬੱਸ ਇੱਕ ਫੋਟੋ। ਜਿਵੇਂ ਅਰਜਨ ਦਾ ਨਿਸ਼ਾਨਾ ਮੱਛੀ ਦੀ ਅੱਖ ’ਤੇ ਕੇਂਦਰਿਤ ਸੀ, ਉਵੇਂ ਹੀ ਮੇਰਾ ਸਾਰਾ ਧਿਆਨ ਪਾਤਰ ਸਾਹਿਬ ਵੱਲ ਸੀ, ਕਿ ਉਹ ਕਿੱਥੇ ਬੈਠ ਰਹੇ ਹਨ, ਕਿਨ੍ਹਾਂ ਨਾਲ ਗੱਲ ਕਰ ਰਹੇ ਹਨ। ਇੰਨੇ ਨੂੰ ਮੈਂ ਦੇਖਿਆ ਕਿ ਉਹ ਬਿਲਕੁਲ ਇਕੱਲੇ ਬੈਠੇ ਸਨ। ਮੈਂ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਕੋਲ ਜਾਂ ਬੈਠੀ ਅਤੇ ਕਿਹਾ, ਸਰ ਔਟੋਗਰਾਫ ਪਲੀਜ਼। ਉਨ੍ਹਾਂ ਨੇ ਕਿਹਾ, ਜ਼ਰੂਰ ਪੁੱਤਰ, ਤੁਹਾਡਾ ਨਾਮ ਕੀ ਹੈ? ਉਨ੍ਹਾਂ ਦੇ ਕੋਲੋਂ ਆਪਣਾ ਨਾਮ ਸੁਣਨਾ, ਔਟੋਗ੍ਰਾਫ ਲੈਣਾ, ਇਹ ਉਹ ਪਲ ਸਨ ਜਿਨ੍ਹਾਂ ਨੂੰ ਬਿਆਨ ਕਰਨ ਲਈ ਮੇਰੇ ਕੋਲ ਅਲਫਾਜ਼ ਹੀ ਨਹੀਂ ਹਨ। ਉਨ੍ਹਾਂ ਨੇ ਮੇਰੀ ਡਾਇਰੀ ’ਤੇ ਲਿਖਿਆ “ਪਿਆਰੀ ਮੋਨਿਕਾ ਵਾਸਤੇ ਪਿਆਰ ਅਤੇ ਆਸ਼ੀਰਵਾਦ।” ਇਸ ਤੋਂ ਪਹਿਲਾਂ ਕੇ ਉਨ੍ਹਾਂ ਨਾਲ ਕੋਈ ਹੋਰ ਗੱਲ ਹੋ ਪਾਉਂਦੀ, ਉਨ੍ਹਾਂ ਦੇ ਹੋਰ ਚਾਹੁਣ ਵਾਲਿਆਂ ਦੀ ਭੀੜ ਉਨ੍ਹਾਂ ਕੋਲ ਆ ਖੜ੍ਹੀ ਹੋਈ।
ਉਸ ਤੋਂ ਬਾਅਦ ਅਸੀਂ ਬਾਹਰ ਆ ਗਏ ਅਤੇ ਹੋਰ ਥਾਂਵਾਂ ਦੇਖਣ ਲੱਗੇ। ਥੋੜ੍ਹੇ ਸਮੇਂ ਬਾਅਦ ਸਾਡੇ ਪ੍ਰੋ. ਪਰਮਜੀਤ ਸਿੰਘ ਕੱਟੂ, ਜੋ ਪ੍ਰੋਫੈਸਰ ਦੇ ਨਾਲ ਨਾਲ ਫਿਲਮ ਨਿਰਮਾਤਾ ਵੀ ਹਨ, ਮੇਰੇ ਕੋਲ ਆਏ ਤੇ ਕਿਹਾ, “ਕਟਾਰੀਆ ਬੱਚੇ, ਤੈਨੂੰ ਤੇਰੇ ਰਿਸਰਚ ਪੇਪਰ ਲਈ ਕੁਝ ਅਹਿਮ ਵਿਚਾਰ ਚਾਹੀਦੇ ਸਨ, ਚਲੋ ਆਉ, ਉਨ੍ਹਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ।”
ਮੈਂ ਬੜੀ ਹੈਰਾਨੀ ਨਾਲ ਪੁੱਛਿਆ, “ਸਰ ਜੀ, ਇੱਥੇ?”
ਉਨ੍ਹਾਂ ਨੇ ਮੈਂਨੂੰ ਆਪਣੇ ਨਾਲ ਚੱਲਣ ਦਾ ਇਸ਼ਾਰਾ ਕੀਤਾ। ਮੈਂ ਦੇਖਿਆ ਕਿ ਇੱਕ ਪਾਰਕ ਵਿੱਚ ਪਾਤਰ ਸਾਹਿਬ ਖੜ੍ਹੇ ਸਨ। ਮੇਰੇ ਪ੍ਰੋਫੈਸਰ ਜੀ ਨੇ ਕਿਹਾ ਪਾਤਰ ਸਾਹਿਬ ਸਾਡੀ ਸਟੂਡੈਂਟ ਤੁਹਾਡੇ ਨਾਲ ਇੱਕ ਛੋਟੀ ਜਿਹੀ ਇੰਟਰਵਿਊ ਕਰਨਾ ਚਾਹੁੰਦੀ ਹੈ ਇਸ ਵਿਸ਼ੇ (ਮੇਰੇ ਰਿਸਰਚ ਦਾ ਵਿਸ਼ਾ ਦੱਸਦੇ ਹੋਏ) ’ਤੇ, ਸਾਨੂੰ ਤੁਹਾਡੇ ਵਿਚਾਰ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਜ਼ਰੂਰ। ਮੈਂਨੂੰ ਇਹ ਸਭ ਕੁਝ ਸੁਪਨਾ ਲੱਗ ਰਿਹਾ ਸੀ। ਮੈਂ ਇਸ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਪਰ ਮੈਂ ਇਹ ਮੌਕਾ ਗਵਾਉਣਾ ਵੀ ਨਹੀਂ ਸੀ ਚਾਹੁੰਦੀ। ਸੋ ਹਿੰਮਤ ਕਰਕੇ ਮੈਂ ਇੰਟਰਵਿਊ ਸ਼ੁਰੂ ਕੀਤੀ। ਕਹਿੰਦੇ ਨੇ, ਵੱਡਾ ਓਹੀ ਹੁੰਦਾ ਹੈ, ਜਿਹੜਾ ਆਪਣੇ ਨਾਲ ਖੜ੍ਹੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ। ਕੁਝ ਅਜਿਹੇ ਹੀ ਗੁਣਾਂ ਵਾਲੀ ਸ਼ਖਸੀਅਤ ਨਾਲ ਮੈਂ ਖੜ੍ਹੀ ਸਾਂ। ਮੈਂ ਆਪਣੀ ਰਿਸਰਚ ਨਾਲ ਸਬੰਧਿਤ ਉਨ੍ਹਾਂ ਕੋਲੋਂ ਪ੍ਰਸ਼ਨ ਪੁੱਛੇ। ਉਨ੍ਹਾਂ ਨੇ ਬੜੀ ਨਿਮਰਤਾ ਨਾਲ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਅੰਤ ਵਿੱਚ ਉਨ੍ਹਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਆਖਿਆ, ਨੌਜਵਾਨ ਪੀੜ੍ਹੀ ਸਾਡਾ ਵਰਤਮਾਨ, ਭਵਿੱਖ, ਦੋਨੋਂ ਸਿਰਜਣ ਦੇ ਸਮਰੱਥ ਹੈ। ਮਨੁੱਖੀ ਮਨ ਅੰਦਰ ਉੱਚਾ ਉੱਠਣ ਅਤੇ ਡਿਗਣ, ਦੋਵੇਂ ਸੰਭਾਵਨਾਵਾਂ ਹੁੰਦੀਆਂ ਹਨ। ਸਾਨੂੰ ਆਪਣਾ ਸਮਾਂ ਹਮੇਸ਼ਾ ਉੱਚਾ ਉੱਠਣ ਵੱਲ ਲਾਉਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਚੰਗੀਆਂ ਕਿਤਾਬਾਂ ਨਾਲ, ਚੰਗੇ ਲੋਕਾਂ ਨਾਲ ਜੁੜੀਏ। ਨਾਲ ਹੀ ਉਨ੍ਹਾਂ ਆਖਿਆ, ਆਪਣੇ ਫੋਨ ਨੂੰ ਪਾਸੇ ਰੱਖ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵਕਤ ਜ਼ਰੂਰ ਬਿਤਾਉਣਾ ਚਾਹੀਦਾ ਹੈ ਅਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਇੱਥੇ ਮੈਂਨੂੰ ਪਾਤਰ ਸਾਹਿਬ ਦੀ ਰਚਨਾ ਹੀ ਯਾਦ ਆ ਗਈ:
ਜੇ ਕਿਧਰੇ ਜਾ ਨਹੀਂ ਸਕਦੇ, ਫੁੱਲ ਬਣ ਕੇ ਖਿੜ ਹੀ ਜਾਓ
ਕਿ ਦਲਦਲ ਵਿੱਚੋਂ ਨਿਕਲਣ ਦਾ ਇੱਕ ਇਹ ਵੀ ਤਰੀਕਾ ਹੈ।
ਉਨ੍ਹਾਂ ਦਾ ਸਰਲ ਜਿਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿ ਜਾਣ ਦਾ ਹੁਨਰ, ਉਨ੍ਹਾਂ ਦੇ ਅਣਮੁੱਲੇ ਵਿਚਾਰ ਉਸ ਸਮੇਂ ਮੈਂ ਬਹੁਤ ਨੇੜੇ ਤੋਂ ਅਨੁਭਵ ਕੀਤੇ। ਪਾਤਰ ਸਾਹਿਬ ਦੀ ਸਾਦਗੀ ਉਨ੍ਹਾਂ ਦੇ ਪਹਿਰਾਵੇ ਅਤੇ ਸੁਭਾਅ ਵਿੱਚ ਸਾਫ ਝਲਕ ਰਹੀ ਸੀ। ਮੈਂਨੂੰ ਉਨ੍ਹਾਂ ਦੇ ਵਿਚਾਰ, ਸ਼ਖਸੀਅਤ ਬਿਰਖ ਦੀ ਉਸ ਠੰਢੀ ਛਾਂ ਵਰਗੇ ਜਾਪੇ, ਜਿਸਦੀ ਸਾਨੂੰ ਹਮੇਸ਼ਾ ਲੋੜ ਹੈ। ਪਾਤਰ ਸਾਹਿਬ ਦੀ ਲਿਖਤ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਲਈ ਪਰਮਾਤਮਾ ਵੱਲੋਂ ਦਿੱਤੀ ਉਹ ਅਣਮੁੱਲੀ ਦੇਣ ਹੈ ਜੋ ਪੰਜਾਬੀ ਮਾਂ ਬੋਲੀ ਨੂੰ ਨਵੀਂਆਂ ਸਿਖਰਾਂ ਤਕ ਲਿਜਾਣ ਲਈ ਬਖਸ਼ੀ ਹੈ। ਉਨ੍ਹਾਂ ਨਾਲ ਹੋਈ ਇਸ ਦਸ ਕੁ ਮਿੰਟ ਦੀ ਮੁਲਾਕਾਤ ਨੇ ਮੇਰੀ ਪਛਾਣ ਬਦਲ ਦਿੱਤੀ। ਅੱਜ ਵੀ ਜਦੋਂ ਮੈਂ ਕਿਸੇ ਨੂੰ ਦੱਸਦੀ ਹਾਂ ਕਿ ਮੈਂ ਪਾਤਰ ਸਾਹਿਬ ਨੂੰ ਮਿਲ ਚੁੱਕੀ ਹਾਂ, ਉਨ੍ਹਾਂ ਨਾਲ ਇੰਟਰਵਿਊ ਕੀਤੀ ਹੈ ਤਾਂ ਸਭ ਬੜੀ ਹੈਰਾਨੀ ਨਾਲ ਕਹਿੰਦੇ ਹਨ, ਹੈਂ? ਸੱਚੀ ਬੜੇ ਕਿਸਮਤ ਵਾਲੇ ਹੋ। ਸੱਚੀ ਉਨ੍ਹਾਂ ਵਰਗੀ ਸ਼ਖਸੀਅਤ ਨੂੰ ਮਿਲਣਾ, ਗੱਲ ਕਰਨਾ, ਮੇਰੀ ਖੁਸ਼ਨਸੀਬੀ ਸੀ। ਉਨ੍ਹਾਂ ਨਾਲ ਸਾਂਝੇ ਕੀਤੇ ਉਨ੍ਹਾਂ ਪਲਾਂ ’ਤੇ ਮੈਂ ਉਸ ਵਕਤ ਕੁਝ ਲਿਖਿਆ ਸੀ,
ਕੀ ਤਾਰੀਫ ਕਰਾਂ ਮੈਂ ਉਸ ਸ਼ਾਇਰ ਦੀ
ਜਿਸਨੇ ਮੈਂਨੂੰ ਹਨੇਰੇ ਵਿੱਚੋਂ ਚਾਨਣ ਵਿੱਚ ਬਿਠਾ ਦਿੱਤਾ
ਜਿਸਨੂੰ ਅੱਜ ਤਕ ਪੜ੍ਹਿਆ ਸੀ ਸਿਰਫ ਕਿਤਾਬਾਂ ਵਿੱਚ
ਇਸ ਕਾਇਨਾਤ ਨੇ ਮੈਂਨੂੰ ਉਸ ਨਾਲ ਮਿਲਾ ਦਿੱਤਾ
ਹੋਇਆ ਨਹੀਂ ਸੀ ਯਕੀਨ ਮੈਂਨੂੰ ਆਪਣੇ ’ਤੇ
ਜਦੋਂ ਗੱਲਬਾਤ ਦਾ ਮੌਕਾ ਸੀ ਮਿਲਿਆ
ਇੱਕ ਫਰਿਸ਼ਤੇ ਨੇ ਮੈਂਨੂੰ ਨਾਲ ਸੀ ਉਸਦੇ ਖੜ੍ਹਾ ਦਿੱਤਾ
ਡਰਿਆ ਸੀ ਦਿਲ ਇੱਕ ਵਾਰ ਮੇਰਾ ਵੀ
ਕੰਬੀਆਂ ਸੀ ਬੁਲ੍ਹੀਆਂ ਫਤਿਹ ਬਲਾਉਣ ਲੱਗਿਆ
ਅੱਗੋਂ ਉਨ੍ਹਾਂ ਹੁੰਗਾਰੇ ਵਿੱਚ ਜਦੋਂ ਪੁੱਤਰ ਆਖ ਬੁਲਾ ਦਿੱਤਾ
ਮੇਰਾ ਡਰ, ਉਹ ਚਿੰਤਾ, ਸਭ ਉਨ੍ਹਾਂ ਖੰਭ ਲਗਾ ਉਡਾ ਦਿੱਤਾ
ਬਣ ਗਈ ਸੀ ਮੈਂ ਵੀ ਉਦੋਂ “ਕਟਾਰੀਆ” ਤੋਂ
ਪਾਤਰ ਦੀ ਇੰਟਰਵਿਊ ਲੈਣ ਵਾਲੀ ਕੁੜੀ
ਕੁਝ ਪਲ ਛਿਣਾਂ ਦੀ ਮੁਲਾਕਾਤ ਨੇ ਮੈਂਨੂੰ
ਆਮ ਤੋਂ ਖਾਸ ਬਣਾ ਦਿੱਤਾ
ਮੇਰੇ ਲਈ ਉਹ ਸ਼ਖਸ ਖਰੇ ਸੋਨੇ ਵਰਗਾ ਸੀ
ਜਿਸਦੀ ਮਾਤਰ ਇੱਕ ਝਲਕ ਨੇ ਮੈਂਨੂੰ ਵੀ ਲਿਸ਼ਕਾ ਦਿੱਤਾ
ਜਦੋਂ ਉਨ੍ਹਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਿਹਾ ਸੀ,
ਉਸ ਦਿਨ ਮੇਰੇ ਅੰਦਰ ਅਜਿਹੀ ਪੀੜ ਸੀ,
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ...
ਮੈਂਨੂੰ ਲੱਗਿਆ ਜਿਵੇਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਦੁਨੀਆਂ ਤੋਂ ਚਲਿਆ ਗਿਆ ਹੋਵੇ। ਇਹ ਸਿਰਫ ਮੇਰਾ ਹੀ ਨਹੀਂ, ਹਰ ਉਸ ਇਨਸਾਨ ਦਾ ਹਾਲ ਸੀ ਜੋ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਸ ਦਿਨ ਮੈਂ ਇਹ ਮਹਿਸੂਸ ਕੀਤਾ ਕਿ ਜ਼ਰੂਰੀ ਨਹੀਂ ਰਿਸ਼ਤੇ ਸਿਰਫ ਖੂਨ ਦੇ ਹੋਣ ਤਾਂ ਹੀ ਵਿਛੜਨ ਦਾ ਦੁੱਖ ਹੁੰਦਾ ਹੈ, ਅਸੀਂ ਭਾਵਨਾਤਮਕ ਰੂਪ ਵਿੱਚ ਵੀ ਕਿਸੇ ਨਾਲ ਇੰਝ ਜੁੜ ਜਾਂਦੇ ਹਾਂ ਕਿ ਉਸਦੇ ਜਾਣ ਦੀ ਪੀੜ ਖੁਦ ਮਹਿਸੂਸ ਹੋਣ ਲਗਦੀ ਹੈ। ਪਾਤਰ ਸਹਿਬ ਨੇ ਆਪਣੀ ਕਲਮ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਾਖੂਬੀ ਬਿਆਨਿਆ ਹੈ। ਉਨ੍ਹਾਂ ਦਾ ਪੰਜਾਬ ਪ੍ਰੇਮ ਬਿਆਨਦਾ ਸ਼ੇਅਰ,
ਅਮੜੀ ਮੈਂਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਂਗਾ
ਪਦਮਸ਼੍ਰੀ ਹੋ ਕੇ ਵੀ ਪਾਤਰ, ਤੂੰ ਮੇਰਾ ਸੁਰਜੀਤ ਰਹੇਂਗਾ।
ਉਨ੍ਹਾਂ ਦੇ ਜਨਮ ਦਿਨ ’ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗੀ, ਪਾਤਰ ਸਾਹਿਬ ਦੀ ਹਰ ਰਚਨਾ, ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਪਤਝੜ ਦੀ ਪਾਂਜੇਬ, ਸੁਰ ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ, ਸੂਰਜ ਮੰਦਰ ਦੀਆਂ ਪੌੜੀਆਂ ਆਦਿ, ਹਮੇਸ਼ਾ ਉਨ੍ਹਾਂ ਨੂੰ ਸਾਡੇ ਵਿੱਚ ਸੁਰਜੀਤ ਰੱਖੇਗੀ। ਉਹ ਆਪਣੀ ਲਿਖਤ ਸਦਕਾ ਹਮੇਸ਼ਾ ਲਈ ਅਮਰ ਰਹਿਣਗੇ। ਅੰਤ ਵਿੱਚ ਸਿਰਫ ਇੰਨਾ ਹੀ,
ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
ਇੱਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ
ਇਹ ਸਿਲਸਿਲਾ ਜੁਗੋ ਜੁਗ ਇੱਦਾਂ ਹੀ ਚਲਦੇ ਰਹਿਣਾ
ਰੁਕਣੀ ਨਹੀਂ ਕਹਾਣੀ, ਬੱਝੇ ਨਹੀਂ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁੱਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢਿਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ
ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨ੍ਹਾਂ ਤਾਰਿਆਂ ਨੂੰ ਕਹਿ ਦੇ
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
ਅਸੀਂ ਜਾਨ ਵੱਲੋਂ ਦੀਵੇ, ਇਮਾਨ ਵੱਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































