RajinderSRajan7ਕੀ ਤਿਉਹਾਰਾਂ ਦੀ ਖੁਸ਼ੀ ਕਿਸੇ ਦੀ ਜ਼ਿੰਦਗੀ ਦੀ ਕੀਮਤ ’ਤੇ ਮਨਾਈ ਜਾ ਸਕਦੀ ਹੈਗੱਲ ਇਹ ਨਹੀਂ ਕਿ ...
(24 ਜਨਵਰੀ 2026)


ਲੋਹੜੀ ਅਤੇ ਬਸੰਤ ਪੰਚਮੀ ਸਾਡੀ ਮਿੱਟੀ ਦੀ ਮਹਿਕ ਨਾਲ ਰਚੇ-ਵਸੇ ਉਹ ਤਿਉਹਾਰ ਹਨ ਜੋ ਰੁੱਤਾਂ ਦੇ ਬਦਲਾਅ ਦੇ ਨਾਲ ਹੀ ਮਨਾਂ ਵਿੱਚ ਨਵੀਂ ਤਾਜ਼ਗੀ ਭਰਦੇ ਹਨ
ਲੋਹੜੀ ਦੀ ਅੱਗ ਦੀ ਗਰਮੀ ਤੋਂ ਬਾਅਦ ਹੁਣ ਬਸੰਤ ਪੰਚਮੀ ਦੀ ਸੋਹਣੀ ਹਵਾ ਆਪਣੀ ਆਮਦ ਦਾ ਐਲਾਨ ਕਰ ਰਹੀ ਹੈ ਤੇ ਨਾਲ ਹੀ ਠੰਢ ਨੂੰ ਅਲਵਿਦਾ ਕਹਿ ਰਹੀ ਹੈਇਸੇ ਲਈ ਇਹ ਗੱਲ ਆਮ ਕਹੀ ਜਾਂਦੀ ਹੈ, “ਆਈ ਬਸੰਤ, ਪਾਲਾ ਉਡੰਤ।”

ਬਸੰਤ ਦੇ ਦਿਨ ਆਉਂਦੇ ਹੀ ਪਤੰਗਬਾਜ਼ੀ ਦਾ ਜੋਸ਼ ਅਸਮਾਨ ਛੂਹਣ ਲਗਦਾ ਹੈ ਅਤੇ ਛੱਤਾਂ, ਮੈਦਾਨਾਂ ਅਤੇ ਗਲੀਆਂ ਵਿੱਚ ਅੱਡੀ-ਚੋਟੀ ਦਾ ਜ਼ੋਰ ਲੱਗ ਜਾਂਦਾ ਹੈਬਸੰਤ ਰੁੱਤ ਆਪਣੇ ਨਾਲ ਕੇਵਲ ਹਰੇ-ਪੀਲੇ ਰੰਗ ਹੀ ਨਹੀਂ, ਸਗੋਂ ਰੌਣਕਾਂ, ਸੁਰਾਂ, ਮੁਸਕਰਾਹਟਾਂ ਅਤੇ ਉਮੀਦਾਂ ਦੀ ਪੂਰੀ ਬਹਾਰ ਲਿਆਉਂਦੀ ਹੈਇਸ ਰੁੱਤ ਨਾਲ ਪੁਰਾਤਨ ਸਮੇਂ ਤੋਂ ਜੁੜੀ ਹੋਈ ਹੈ ਪਤੰਗਬਾਜ਼ੀ, ਜੋ ਸਿਰਫ ਕਾਗਜ਼ ਦੀ ਗੁੱਡੀ ਨਹੀਂ, ਸਾਡੇ ਲੋਕ-ਸੱਭਿਆਚਾਰ, ਸਾਡੀ ਖੁੱਲ੍ਹੀ ਅਕਾਸ਼ੀ ਉਡਾਣ ਅਤੇ ਅਜ਼ਾਦ ਰੂਹ ਦੀ ਸ਼ਾਨਦਾਰ ਪ੍ਰਤੀਕ ਹੈ

ਇਹ ਖੇਡ ਸਦੀਆਂ ਦੀ ਵਿਰਾਸਤ ਹੈਇਸ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ, ਅਤੇ ਕੁੜੀਆਂ-ਮੁਟਿਆਰਾਂ ਤਕ ਸਭ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨਬਸੰਤ ਦੀਆਂ ਹਵਾਵਾਂ ਵਿੱਚ ਲਹਿਰਾਉਂਦੇ ਪਤੰਗ ਦਰਅਸਲ ਸਾਡੇ ਸੁਪਨੇ, ਸਾਡੀ ਉਡਾਰੀ ਅਤੇ ਜੀਵਨ ਦੀ ਖੁਸ਼ੀ ਨੂੰ ਅਸਮਾਨ ਵਿੱਚ ਲਿਖ ਰਹੇ ਹੁੰਦੇ ਹਨਅਸਮਾਨ ਵਿੱਚ ਉਡਦੇ ਪਤੰਗ,, ਹਵਾ ਨੂੰ ਚੀਰਦੀਆਂਬੋ ਕਾਟਾ, ਬੋ ਕਾਟਾਦੀਆਂ ਜੋਸ਼ ਭਰੀਆਂ ਪੁਕਾਰਾਂ, ਡੱਗੇ, ਢੋਲ ਦੀ ਥਾਪ ਅਤੇ ਸੰਗੀਤ ਦੇ ਰੌਲੇ - ਇਹ ਸਭ ਮਿਲ ਕੇ ਤਿਉਹਾਰਾਂ ਦੀ ਰੌਣਕ ਨੂੰ ਸੱਚਮੁੱਚ ਚਾਰ ਚੰਨ ਲਾ ਦਿੰਦੇ ਹਨ

ਪਰ ਅਫਸੋਸ, ਇਸ ਰੰਗਾਂ, ਮੁਸਕਰਾਹਟਾਂ ਅਤੇ ਖੁਸ਼ੀਆਂ ਨਾਲ ਭਰੇ ਸੁਹਾਵਣੇ ਮੰਜ਼ਰ ਉੱਤੇ ਅੱਜ ਇੱਕ ਖ਼ਤਰਨਾਕ ਸਾਇਆ ਮੰਡਲਾ ਰਿਹਾ ਹੈ, ਚਾਈਨੀਜ਼ ਡੋਰ ਦਾ ਸਾਇਆ ਮੁੜ ਇੱਥੇ ਇਹ ਸਵਾਲ ਸਿੱਧਾ ਦਿਲ ਵਿੱਚ ਚੁਭਦਾ ਹੈ ਕਿ ਰੌਣਕਾਂ, ਸੁਰਾਂ ਅਤੇ ਮੁਸਕਰਾਹਟਾਂ ਦੇ ਤਿਉਹਾਰ ’ਤੇ ਫਿਰ ਮੌਤ ਦੀ ਡੋਰ ਕਿਉਂ? ਇਹ ਡੋਰ ਸਿਰਫ ਪਤੰਗਾਂ ਨੂੰ ਨਹੀਂ ਕੱਟਦੀ, ਇਹ ਪੰਛੀਆਂ ਦੀ ਜਾਨ ਕੱਟ ਰਹੀ ਹੈ, ਰਾਹ ਚਲਦੇ ਲੋਕਾਂ ਦੇ ਗਲਾਂ ਵਿੱਚ ਫੰਧੇ ਪਾ ਰਹੀ ਹੈ ਅਤੇ ਮਨੁੱਖਤਾ ਦੇ ਸਿਰ ਉੱਤੇ ਤਲਵਾਰ ਵਾਂਗ ਲਟਕ ਰਹੀ ਹੈਹਰ ਰੋਜ਼ ਕੋਈ ਨਾ ਕੋਈ ਇਸ ਕਾਤਿਲ ਡੋਰ ਦਾ ਲਪੇਟ ਵਿੱਚ ਆਉਂਦਾ ਹੈਇਹ ਕਿਤੇ ਕਿਸੇ ਦੀ ਗਰਦਨ, ਕਿਤੇ ਕਿਸੇ ਦੀਆਂ ਉਂਗਲਾਂ ਚੀਰ ਦਿੰਦੀ ਹੈਹਸਪਤਾਲਾਂ ਦੇ ਦਰਵਾਜ਼ੇ ਖੜਕ ਰਹੇ ਹਨ ਅਤੇ ਹਰ ਵਕਤ ਸਿਰ ’ਤੇ ਇਹ ਵੀ ਖਤਰਾ ਮੰਡਲਾ ਰਿਹਾ ਹੁੰਦਾ ਹੈ ਕਿ ਕਿਤੇ ਇਹ ਚਾਈਨੀਜ਼ ਡੋਰ ਦੇ ਹਮਲੇ ਕਾਰਨ ਕੀਮਤੀ ਜ਼ਿੰਦਗੀਆਂ ਹੱਥਾਂ ਵਿੱਚੋਂ ਰੇਤ ਵਾਂਗ ਨਾ ਕਿਰ ਜਾਣ

ਅਸਮਾਨ ਵਿੱਚ ਬੇਗੁਨਾਹ ਪੰਛੀ ਇਸ ਡੋਰ ਦੇ ਫੰਧੇ ਵਿੱਚ ਫਸ ਕੇ ਤੜਫਦੇ ਹਨ, ਜ਼ਖ਼ਮੀ ਹੋ ਕੇ ਡਿਗਦੇ ਹਨਉਨ੍ਹਾਂ ਦੀ ਇਹ ਚੀਖ, ਉਨ੍ਹਾਂ ਦੀ ਇਹ ਤੜਫ ਸਾਡੀ ਜ਼ਮੀਰ ਨੂੰ ਝੰਜੋੜ ਦੇਣ ਵਾਸਤੇ ਕਾਫੀ ਹੈਸਵਾਲ ਸਾਡੇ ਸਾਹਮਣੇ ਸਿੱਧਾ ਖੜ੍ਹਾ ਹੈ, ਕੀ ਪਤੰਗ ਦੀ ਜਿੱਤ ਮਨੁੱਖ ਜਾਂ ਪੰਛੀ ਦੀ ਜਾਨ ਤੋਂ ਵੱਡੀ ਹੈ? ਕੀ ਤਿਉਹਾਰਾਂ ਦੀ ਖੁਸ਼ੀ ਕਿਸੇ ਦੀ ਜ਼ਿੰਦਗੀ ਦੀ ਕੀਮਤ ’ਤੇ ਮਨਾਈ ਜਾ ਸਕਦੀ ਹੈ?

ਗੱਲ ਇਹ ਨਹੀਂ ਕਿ ਬੱਚੇ ਪਤੰਗਾਂ ਉਡਾਉਣਾ ਛੱਡ ਦੇਣ, ਪਤੰਗਾਂ ਤਾਂ ਇਨ੍ਹਾਂ ਤਿਉਹਾਰਾਂ ਦੀ ਧੜਕਣ ਹਨ, ਗੱਲ ਇਹ ਹੈ ਕਿ ਇਸ ਖ਼ਤਰਨਾਕ ਚਾਈਨੀਜ਼ ਡੋਰ ਦੀ ਜੜ੍ਹ ਨੂੰ ਕੱਟਿਆ ਕਿਵੇਂ ਜਾਵੇਜਿਵੇਂ ਸਿਆਣੇ ਕਹਿੰਦੇ ਹਨ, “ਚੋਰ ਨਹੀਂ, ਚੋਰ ਦੀ ਮਾਂ ਨੂੰ ਮਾਰੋਅਰਥਾਤ ਸਮੱਸਿਆ ਦਾ ਇਲਾਜ ਉਸਦੇ ਸਰੋਤ ’ਤੇ ਕਰੋਜਿਹੜੇ ਲੋਕ ਇਹ ਡੋਰ ਤਿਆਰ ਕਰਦੇ ਹਨ, ਵੇਚਦੇ ਹਨ, ਉਨ੍ਹਾਂ ਤਕ ਸਰਕਾਰ ਅਤੇ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ ਪਹੁੰਚਣੀ ਚਾਹੀਦੀ ਹੈਪਾਬੰਦੀ ਸਿਰਫ ਕਾਗਜ਼ਾਂ ’ਤੇ ਨਹੀਂ, ਗਲੀਆਂ-ਬਜ਼ਾਰਾਂ ਵਿੱਚ ਵੀ ਨਜ਼ਰ ਆਉਣੀ ਚਾਹੀਦੀ ਹੈ

ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਨਤਾ ਦਾ ਸਹਿਯੋਗ ਸਭ ਤੋਂ ਵੱਡੀ ਤਾਕਤ ਹੈਅਸੀਂ ਸਭ ਮਿਲ ਕੇ ਇਹ ਨਿਰਣਾ ਲਈਏ ਕਿ ਤਿਉਹਾਰਾਂ ਦੀ ਰੌਣਕ ਤਾਂ ਰਹੇਗੀ, ਪਰ ਕਿਸੇ ਦੀ ਜਾਨ ਦੀ ਕੁਰਬਾਨੀ ਦੇ ਕੇ ਨਹੀਂ

ਆਉ ਪਤੰਗਾਂ ਦੀ ਉਡਾਣ ਨੂੰ ਜ਼ਿੰਦਗੀ ਦੀ ਉਡਾਣ ਬਣਾਈਏ। ਉਹ ਉਡਾਣ, ਜਿਸ ਵਿੱਚ ਰੰਗ ਮਿਲਣ, ਖੁਸ਼ੀਆਂ ਖਿੜਨ ਅਤੇ ਉਮੀਦਾਂ ਜਗਮਗਾਉਣ, ਨਾ ਕਿ ਤੇਜ਼ ਧਾਰ ਹਥਿਆਰ ਵਰਗੀ ਚਾਇਨਾ ਡੋਰ ਦੀ ਵਰਤੋਂ ਨਾਲ ਟੁੱਟਦੇ ਸੁਪਨਿਆਂ ਅਤੇ ਗੰਭੀਰ ਜ਼ਖ਼ਮਾਂ ਦੀਆਂ ਖ਼ਬਰਾਂ ਕੰਨੀਂ ਪੈਣ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Rajinder Singh Rajan

Rajinder Singh Rajan

Pathankot, Punjab, India.
Whatsapp: (91 - 94174 - 27656)
Email: (rajan_pathankot@yahoo.com)