“ਛੂਕਦੇ ਦਰਿਆ, ਟੁੱਟੇ ਬੰਨ੍ਹ, ਡੁੱਬਦੇ ਪਿੰਡ ਤੇ ਬੇਘਰ ਹੋ ਰਹੇ ਲੋਕ - ਇਹ ਸਭ ਕੁਝ ...”
(30 ਅਗਸਤ 2025)
ਕੁਦਰਤ ਆਪਣੇ ਆਪ ਵਿੱਚ ਬੇਹੱਦ ਖੂਬਸੂਰਤ ਸੁਮੇਲ ਭਰਿਆ ਅਤੇ ਸੰਤੁਲਿਤ ਹੈ ਪਰ ਜਦੋਂ ਇਨਸਾਨ ਇਸ ਨਾਲ ਛੇੜਛਾੜ ਕਰਦਾ ਹੈ ਤਾਂ ਇਸਦੀ ਖ਼ੂਬਸੂਰਤੀ ਹੌਲੀ-ਹੌਲੀ ਮਿਟਣ ਲਗਦੀ ਹੈ। ਕੁਦਰਤ ਦਾ ਭਿਆਨਕ ਰੂਪ ਮਨੁੱਖੀ ਜੀਵਨ ਦੀ ਉਹ ਗੱਡੀ ਨੂੰ ਲੀਹੋਂ ਲਾ ਦਿੰਦਾ ਹੈ।ਫਿਰ ਇਸਦੇ ਭਿਆਨਕ ਨਤੀਜੇ ਸਭ ਦੇ ਸਾਹਮਣੇ ਹੁੰਦੇ ਹਨ। ਹਜ਼ਾਰਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਘਰਾਂ ਦੇ ਚਿਰਾਗ ਬੁਝ ਜਾਂਦੇ ਹਨ, ਹਰੀਆਂ ਭਰੀਆਂ ਫਸਲ ਬਰਬਾਦ ਹੋ ਜਾਂਦੀਆਂ ਹਨ। ਉਦਯੋਗ, ਸੜਕਾਂ, ਪੁਲ ਅਤੇ ਇਮਾਰਤਾਂ ਢਹਿ ਢੇਰੀ ਹੋ ਜਾਂਦੀਆਂ ਹਨ। ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਲੋਕ ਆਪਣੇ ਪਿਆਰੇ ਖੋ ਬੈਠਦੇ ਹਨ, ਘਰ-ਬਾਰ ਬਰਬਾਦ ਹੋਣ ਨਾਲ ਮਨੋਵਿਗਿਆਨਕ ਤਣਾਅ ਅਸਹਿਣਯੋਗ ਬਣ ਜਾਂਦਾ ਹੈ। ਰੋਜ਼ਗਾਰ ਦੇ ਸਰੋਤ ਮਿਟਣ ਨਾਲ ਲੋਕਾਂ ਦੇ ਜੀਵਨ ਵਿੱਚ ਗਰੀਬੀ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਮਜਬੂਰੀ ਵੱਸ ਲੋਕ ਆਪਣੇ ਪਿੰਡ-ਸ਼ਹਿਰ ਛੱਡ ਕੇ ਹੋਰ ਥਾਂਵਾਂ ’ਤੇ ਨਵੀਂ ਜ਼ਿੰਦਗੀ ਵਸਾਉਣ ਲਈ ਧੱਕੇ ਖਾਂਦੇ ਹਨ।
ਜਦੋਂ ਇਹ ਕੁਦਰਤੀ ਕਹਿਰ ਹੜ੍ਹਾਂ ਦੇ ਰੂਪ ਵਿੱਚ ਟੁੱਟਦਾ ਹੈ ਤਾਂ ਮਨੁੱਖੀ ਬੇਵਸੀ ਹੋਰ ਵੀ ਸਾਫ਼ ਦਿਖਾਈ ਦਿੰਦੀ ਹੈ। ਦਰਿਆ, ਜੋ ਆਮ ਦਿਨੀਂ ਜੀਵਨ ਦਾ ਸਰੋਤ ਮੰਨੇ ਜਾਂਦੇ ਹਨ, ਅਚਾਨਕ ਹੀ ਆਪਣੇ ਕਿਨਾਰੇ ਤੋੜਕੇ ਕਾਲ ਦੇ ਸਮਾਨ ਬਣ ਜਾਂਦੇ ਹਨ। ਮਾਸੂਮ ਪਿੰਡ ਪਲਕ ਝਪਕਦਿਆਂ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ। ਲੋਕਾਂ ਰੁੜ੍ਹਦੇ ਦੇਖੇ ਜਾਂਦੇ ਹਨ। ਅਨੇਕਾਂ ਨੂੰ ਰਾਹਤ ਟੀਮਾਂ ਦੇ ਮਾਹਿਰ ਮੌਤ ਦੇ ਮੂੰਹ ਵਿੱਚੋਂ ਕੱਢਣ ਵਿੱਚ ਸਫ਼ਲ ਹੋ ਜਾਂਦੇ ਹਨ, ਲੋਕਾਂ ਦੇ ਸੁਪਨੇ ਅਤੇ ਘਰਾਂ ਦੀਆਂ ਬੁਨਿਆਦਾਂ ਇੱਕੋ ਵਾਰ ਵਿੱਚ ਬਹਿ ਜਾਂਦੀਆਂ ਹਨ। ਪਸ਼ੂ, ਜੋ ਕਿਸਾਨ ਦਾ ਅਸਲੀ ਧਨ ਹੁੰਦੇ ਹਨ, ਹੜ੍ਹਾਂ ਦੀ ਮਾਰ ਵਿੱਚ ਲਾਪਤਾ ਹੋ ਜਾਂਦੇ ਹਨ।
ਸੜਕਾਂ ਅਤੇ ਰੇਲ ਪਟੜੀਆਂ ਟੁੱਟਣ ਨਾਲ ਆਵਾਜਾਈ ਰੁਕ ਜਾਂਦੀ ਹੈ, ਬਚਾ ਟੀਮਾਂ ਦਾ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਬੱਚਿਆਂ ਦੇ ਰੋਂਦੇ ਚਿਹਰੇ, ਬਜ਼ੁਰਗਾਂ ਦੀਆਂ ਲਾਚਾਰੀ ਭਰੀਆਂ ਅੱਖਾਂ ਅਤੇ ਮਾਵਾਂ ਦੀਆਂ ਬੇਵਸੀ ਭਰੀਆਂ ਪੁਕਾਰਾਂ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੜ੍ਹਾਂ ਦੇ ਬਾਅਦ ਬਚਿਆ ਪਾਣੀ ਦਿਨੋਂ-ਦਿਨ ਜ਼ਹਿਰਲਾ ਬਣਦਾ ਜਾਂਦਾ ਹੈ, ਜੋ ਬਿਮਾਰੀਆਂ ਨੂੰ ਜਨਮ ਦੇ ਕੇ ਲੋਕਾਂ ਦੇ ਜ਼ਖ਼ਮਾਂ ’ਤੇ ਹੋਰ ਨਮਕ ਛਿੜਕਦਾ ਹੈ।
ਹੜ੍ਹ ਸਿਰਫ਼ ਪਾਣੀ ਦਾ ਤੂਫ਼ਾਨ ਨਹੀਂ, ਇਹ ਮਨੁੱਖੀ ਜੀਵਨ, ਸੁਪਨਿਆਂ ਅਤੇ ਭਰੋਸਿਆਂ ਦਾ ਸਭ ਤੋਂ ਵੱਡਾ ਇਮਤਿਹਾਨ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੁਦਰਤ ਨਾਲ ਛੇੜਛਾੜ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ। ਜੇਕਰ ਅਸੀਂ ਸਮੇਂ ਸਿਰ ਕੁਦਰਤ ਦੇ ਸੰਤੁਲਨ ਨੂੰ ਨਹੀਂ ਸਮਝਾਂਗੇ ਤਾਂ ਇਹ ਹੜ੍ਹਾਂ ਵਾਂਗ ਹਰ ਵਾਰ ਸਾਡੀਆਂ ਸੱਭਿਆਚਾਰਕ, ਸਮਾਜਕ ਅਤੇ ਆਰਥਿਕ ਬੁਨਿਆਦਾਂ ਨੂੰ ਆਪਣੀਆਂ ਲਹਿਰਾਂ ਵਿੱਚ ਡੁਬੋ ਦੇਵੇਗਾ।
ਅਜਿਹੇ ਹੀ ਹਾਲਾਤ ਹਾਲ ਹੀ ਵਿੱਚ ਆਈਆਂ ਬਰਸਾਤਾਂ ਕਾਰਨ ਬਣੇ ਹੋਏ ਹਨ। ਛੂਕਦੇ ਦਰਿਆ, ਟੁੱਟੇ ਬੰਨ੍ਹ, ਡੁੱਬਦੇ ਪਿੰਡ ਤੇ ਬੇਘਰ ਹੋ ਰਹੇ ਲੋਕ - ਇਹ ਸਭ ਕੁਝ ਸਾਡੇ ਸਾਹਮਣੇ ਉਹ ਦਰਦਨਾਕ ਤਸਵੀਰ ਪੇਸ਼ ਕਰ ਗਏ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਜਿੱਥੇ ਇੱਕ ਪਾਸੇ ਕਿਸਾਨ ਆਪਣੀ ਜ਼ਿੰਦਗੀ ਦੀ ਪੂੰਜੀ ਮਿੱਟੀ ਹੇਠਾਂ ਡੁੱਬਦੀ ਦੇਖ ਰਿਹਾ ਹੈ, ਉੱਥੇ ਦੂਜੇ ਪਾਸੇ ਮਜ਼ਦੂਰ, ਛੋਟੇ ਕਾਰੋਬਾਰੀ ਤੇ ਗਰੀਬ ਪਰਿਵਾਰ ਭੁੱਖ, ਬੇਘਰੇਪਨ ਦੀ ਮਾਰ ਸਹਿੰਦੇ ਨਜ਼ਰ ਆਏ।
ਪੰਜਾਬ ਇਤਿਹਾਸਕ ਤੌਰ ’ਤੇ ਦਰਿਆਈ ਇਲਾਕਾ ਹੋਣ ਕਰਕੇ ਹੜ੍ਹਾਂ ਦੀ ਮਾਰ ਝੱਲਦਾ ਰਿਹਾ ਹੈ ਅਤੇ ਝੱਲ ਰਿਹਾ ਹੈ। ਰਾਵੀ, ਬਿਆਸ, ਸਤਲੁਜ ਅਤੇ ਘੱਗਰ ਵਰਗੇ ਦਰਿਆ ਹੜ੍ਹ ਦੇ ਮੁੱਖ ਕਾਰਨ ਬਣਦੇ ਹਨ। ਪਿਛਲੇ ਸਮੇਂ ਵੱਲ ਜੇ ਝਾਤ ਮਾਰੀਏ ਤਾਂ ਸੰਨ 1955, 1976, 1988, 1993, 2019, 2023 (ਜੁਲਾਈ) ਵਿੱਚ ਬਹੁਤ ਜ਼ਿਆਦਾ ਹੜ੍ਹ ਆਏ, ਜਿਸ ਵਿੱਚ ਲੋਕਾਂ ਦੇ ਜਾਨਮਾਲ ਦਾ ਵੱਡਾ ਨੁਕਸਾਨ ਹੋਇਆ। ਇਸਦੇ ਮੁੱਖ ਕਾਰਨ ਪਹਾੜੀ ਇਲਾਕਿਆਂ (ਹਿਮਾਚਲ, ਜੰਮੂ-ਕਸ਼ਮੀਰ) ਵਿੱਚ ਭਾਰੀ ਮੀਂਹ, ਦਰਿਆਵਾਂ, ਨਹਿਰਾਂ ਦੇ ਬੰਨ੍ਹਾਂ ਦਾ ਟੁੱਟਣਾ, ਨਿਕਾਸੀ ਪ੍ਰਣਾਲੀ ਦਾ ਕੱਚਾ ਹੋਣਾ, ਗੈਰਕਾਨੂੰਨੀ ਰੇਤ ਖਨਣ ਅਤੇ ਦਰਿਆ ਦੇ ਰਾਹਾਂ ਦੀ ਤਬਾਹੀ ਹੋਣਾ ਸੀ।
ਹੁਣ 2025 ਦੀਆਂ ਭਾਰੀ ਬਰਸਾਤਾਂ ਨੇ ਤਬਾਹੀ ਦਾ ਅਜਿਹਾ ਇਤਿਹਾਸ ਲਿਖ ਦਿੱਤਾ ਹੈ, ਜੋ ਪਿਛਲੇ ਸਾਰੇ ਰਿਕਾਰਡਾਂ ਤੋਂ ਵਧਕੇ ਹੈ। ਅਸਮਾਨ ਤੋਂ ਵਰਸਦਾ ਪਾਣੀ ਜਿਵੇਂ ਕਹਿਰ ਬਣ ਕੇ ਧਰਤੀ ਉੱਤੇ ਉੱਤਰ ਰਿਹਾ ਹੋਵੇ। ਲੋਕਾਂ ਦੀ ਰੋਜ਼ਮੱਰਾ ਜ਼ਿੰਦਗੀ ਹੋਵੇ ਜਾਂ ਸਰਕਾਰੀ ਅਦਾਰੇ, ਸੜਕਾਂ ਦੇ ਜਾਲ਼ ਹੋਣ ਜਾਂ ਖੇਤਾਂ ਦੀ ਰੌਣਕ, ਹਰ ਪਾਸੇ ਬੇਹਿਸਾਬਾ ਨੁਕਸਾਨ ਦਾ ਦ੍ਰਿਸ਼ ਮਨੁੱਖਤਾ ਨੂੰ ਹਿਲਾ ਗਿਆ ਹੈ। ਹਰੇ-ਭਰੇ ਖੇਤ ਬੇਰਿਹਮ ਹੜ੍ਹ ਦੀਆਂ ਲਹਿਰਾਂ ਹੇਠ ਮਸਲ਼ੇ ਗਏ। ਜਿੱਥੇ ਵੱਡੀਆਂ ਇਮਾਰਤਾਂ ਤੇ ਗਰੀਬਾਂ ਦੇ ਕੱਚੇ ਘਰ ਪਤਾਸਿਆਂ ਵਾਂਗ ਪਾਣੀ ਦੀਆਂ ਲਹਿਰਾਂ ਵਿੱਚ ਭੁਰ ਕੇ ਰਹਿ ਗਏ, ਉੱਥੇ ਬੇਵੱਸ ਲੋਕ ਆਪਣੀਆਂ ਅੱਖਾਂ ਸਾਹਮਣੇ ਸਾਲਾਂ ਦੀ ਮਿਹਨਤ, ਸੁਪਨਿਆਂ ਅਤੇ ਆਸਾਂ ਨੂੰ ਪਾਣੀਆਂ ਵਿੱਚ ਵਗਦੇ ਦੇਖਦੇ ਰਹਿ ਗਏ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਅਗਾਊਂ ਚਿਤਾਵਣੀਆਂ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ, ਪਰ ਜਿਹੜੇ ਇਲਾਕੇ ਕਦੇ ਹੜ੍ਹ ਦੀ ਕਲਪਨਾ ਤਕ ਨਹੀਂ ਕਰਦੇ ਸਨ, ਉੱਥੇ ਅਚਾਨਕ ਆਏ ਸੈਲਾਬ ਨੇ ਲੋਕਾਂ ਨੂੰ ਬੇਖ਼ਬਰ ਹੀ ਡੋਬ ਦਿੱਤਾ। ਜਾਨ ਬਚਾਉਣ ਲਈ ਕਈ ਪਰਿਵਾਰਾਂ ਨੂੰ ਉੱਛਲਦੀਆਂ ਲਹਿਰਾਂ ਦੀ ਰਫ਼ਤਾਰ ਵਿੱਚ ਰੁੜ੍ਹ ਗਏ ਤੇ ਅਨੇਕਾਂ ਨੂੰ ਬਾਹਰ ਕੱਢਿਆ ਗਿਆ। ਪਰ ਇਸ ਦੌਰਾਨ ਅਨੇਕਾਂ ਲੋਕ ਆਪਣੀ ਉਮਰ ਭਰ ਦੀ ਪੂੰਜੀ, ਖੇਤਾਂ ਦੀ ਪੈਦਾਵਾਰ, ਘਰਾਂ ਦੀਆਂ ਚੌਖਟਾਂ ਅਤੇ ਜੀਵਨ ਭਰ ਦੀ ਕਮਾਈ ਹੜ੍ਹ ਦੇ ਹਵਾਲੇ ਕਰ ਬੈਠੇ। ਇਹ ਤਬਾਹੀ ਸਿਰਫ਼ ਜ਼ਮੀਨ ਜਾਂ ਮਾਲ-ਸਮਾਨ ਦਾ ਨੁਕਸਾਨ ਨਹੀਂ, ਸਗੋਂ ਇੱਕ ਅਜਿਹਾ ਘਾਟਾ ਹੈ ਜੋ ਪੰਜਾਬ ਦੇ ਸਮੂਹਿਕ ਮਨ ’ਤੇ ਹਮੇਸ਼ਾ ਲਈ ਇੱਕ ਚੁਭਵੀਂ ਛਾਪ ਛੱਡ ਗਿਆ ਹੈ।
ਲੋਕਾਂ ਦੀ ਜ਼ਿੰਦਗੀ ਹੋਵੇ ਜਾਂ ਸਰਕਾਰੀ ਸੰਸਥਾਵਾਂ, ਹਰ ਪੱਖ ਤੋਂ ਬੇਹਿਸਾਬੇ ਨੁਕਸਾਨ ਦਾ ਦ੍ਰਿਸ਼ ਦਿਸਿਆ। ਖੇਤੀਬਾੜੀ ਹੜ੍ਹ ਦੇ ਹੱਥੀਂ ਬੇਰਿਹਮੀ ਨਾਲ ਰੌਂਦੀ ਗਈ। ਮਾਲ ਡੰਗਰ ਹਾਲੋ ਬੇਹਾਲ ਹੋ ਗਿਆ। ਭੁੱਖੇ ਡੰਗਰ ਹੜ੍ਹਾਂ ਵਿੱਚ ਤੈਰਦੇ ਦੇਖੇ ਗਏ।
ਦੇਸ਼ ਦੇ ਮਹੱਤਵਪੂਰਨ ਰਣਜੀਤ ਸਾਗਰ ਡੈਮ (ਸ਼ਾਹਪੁਰਕੰਡੀ, ਪਠਾਨਕੋਟ), ਭਾਖੜਾ ਡੈਮ, ਪੌਂਗ ਡੈਮ ਸਮੇਤ ਬਿਆਸ ਦਰਿਆ ਅਤੇ ਹੋਰ ਨਦੀਆਂ-ਨਹਿਰਾਂ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਹੜ੍ਹ ਨੇ ਕਹਿਰ ਮਚਾਇਆ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੇ ਕਾਰਨ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਉਂਝ ਦਰਿਆ, ਜਲਾਲੀਆ ਦਰਿਆ, ਚੱਕੀ ਦਰਿਆ ਅਤੇ ਹੋਰ ਖੱਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ’ਤੇ ਪੁੱਜਣ ਤੋਂ ਪਹਿਲਾਂ ਫਲੱਡ ਗੇਟ ਖੋਲ੍ਹਣੇ ਪਏ, ਜਿਸ ਨਾਲ ਪਾਣੀ ਦੇ ਬੇਕਾਬੂ ਬਹਾ ਨੇ ਨਹਿਰਾਂ ਵਿੱਚ ਪਾੜ ਪਾ ਦਿੱਤੇ ਤੇ ਅਨੇਕਾਂ ਪਿੰਡ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੋਏ।
ਜਲਾਲੀਆ ਦਰਿਆ ਦੇ ਤੂਫ਼ਾਨੀ ਰੂਪ ਨੇ ਬਮਿਆਲ ਜਾਣ ਵਾਲੇ ਮੁੱਖ ਮਾਰਗ ਦਾ ਕਰੀਬ 40 ਫੁੱਟ ਚੌੜਾ ਹਿੱਸਾ ਪਾਣੀਆਂ ਵਿੱਚ ਰੋੜ੍ਹ ਕੇ ਨਿਗਲ ਲਿਆ। ਇਸ ਅਚਾਨਕ ਆਫ਼ਤ ਨਾਲ ਪੰਜਾਬ ਦਾ ਸਿੱਧਾ ਸੜਕੀ ਸੰਪਰਕ ਹੀ ਟੁੱਟ ਗਿਆ। ਲੋਕਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਮਜਬੂਰਨ ਘੰਟਿਆਂ ਦਾ ਲੰਮਾ ਚੱਕਰ ਕੱਟ ਕੇ ਜੰਮੂ ਕਸ਼ਮੀਰ ਦੇ ਕਠੂਆ ਖੇਤਰ ਰਾਹੀਂ ਪੰਜਾਬ ਵੱਲ ਆਉਣਾ ਜਾਣਾ ਪੈ ਰਿਹਾ ਹੈ।
ਪਠਾਨਕੋਟ-ਡਲਹੌਜ਼ੀ-ਚੰਬਾ ਜਰਨੈਲੀ ਸੜਕਾਂ ਪਹਾੜਾ ਦੇ ਮਲਬੇ ਹੇਠਾਂ ਦੱਬੀਆਂ ਗਈਆਂ। ਕਈ ਲਿੰਕ ਸੜਕਾਂ ਦਾ ਵੀ ਬੁਰਾ ਹਾਲ ਹੋ ਗਿਆ। ਫਲੱਡ ਗੇਟਾਂ ਦੇ ਅਚਾਨਕ ਟੱਟ ਜਾਣ ਕਾਰਨ ਵੀ ਵਧੇਰੇ ਨੁਕਸਾਨ ਹੋਇਆ।
ਪਠਾਨਕੋਟ ਦੇ ਚੱਕੀ ਦਰਿਆ ਨੇ ਤੂਫ਼ਾਨੀ ਰੂਪ ਧਾਰ ਕੇ ਹੋਰ ਵੱਡੀ ਮੁਸੀਬਤ ਪੈਦਾ ਕਰ ਦਿੱਤੀ। ਪਾਣੀ ਦੇ ਵਹਾ ਨੇ ਪਠਾਨਕੋਟ ਤੋਂ ਜੰਮੂ ਨੂੰ ਜੋੜਦਾ ਪੁਰਾਣਾ ਪੁਲ ਬੇਰਹਮੀ ਰੋੜ੍ਹ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਨਵਾਂ ਪੁਲ ਵੀ ਸੁੰਨੀਆਂ ਸੜਕਾਂ ਵਾਂਗ ਆਵਾਜਾਈ ਲਈ ਬੰਦ ਕਰਨਾ ਪਿਆ।
ਉੱਧਰ ਪਠਾਨਕੋਟ-ਜਲੰਧਰ ਹਾਈਵੇ ਉੱਤੇ ਵੀ ਤਬਾਹੀ ਦਾ ਮੰਜ਼ਰ ਘੱਟ ਨਹੀਂ ਸੀ। ਪੁਰਾਣਾ ਪੁਲ ਦਰਿਆ ਦੇ ਗੁੱਸੇ ਅੱਗੇ ਟਿਕ ਨਾ ਸਕਿਆ ਅਤੇ ਢਹਿ ਕੇ ਮਲਬੇ ਦਾ ਹਿੱਸਾ ਬਣ ਗਿਆ। ਖ਼ਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਨਵੇਂ ਪੁਲ ਨੂੰ ਵੀ ਟ੍ਰੈਫਿਕ ਲਈ ਰੋਕ ਦਿੱਤਾ, ਤੇ ਇਸ ਤਰ੍ਹਾਂ ਪੂਰਾ ਇਲਾਕਾ ਅਚਾਨਕ ਹੀ ਇੱਕ ਬੰਦ ਕੈਦਖ਼ਾਨੇ ਵਾਂਗ ਮਹਿਸੂਸ ਹੋਣ ਲੱਗਾ।
ਪ੍ਰਸ਼ਾਸਨ ਦੀ ਕਾਰਵਾਈ ਤੇ ਲੋਕਾਂ ਦੀਆਂ ਉਮੀਦਾਂ
ਦੁਖਾਂਤ ਭਰੀ ਬਰਸਾਤੀ ਤਬਾਹੀ ਨੂੰ ਦੇਖਦੇ ਹੋਏ ਪਠਾਨਕੋਟ ਦੇ ਚੱਕੀ ਦਰਿਆ ਦੇ ਕਿਨਾਰੇ ਸ਼ੈਲੀ ਕੁੱਲੀਆਂ ਤੇ ਭਦਰੋਆ ਖੇਤਰ ਦੇ ਘਰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਗਿਆ। ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਦਾ ਵੀ ਕੁਝ ਹਿੱਸਾ ਬਰਸਾਤੀ ਪਾਣੀ ਦੇ ਹਵਾਲੇ ਹੋ ਗਿਆ।
“ਬਰਸਾਤ ਅਜੇ ਵੀ ਥੰਮ੍ਹਣ ਦਾ ਨਾ ਹੀ ਨਹੀਂ ਲੈ ਰਹੀ। ਵਿਸ਼ਾਲ ਕਾਲ਼ੇ ਕਾਲ਼ੇ ਬੱਦਲ਼ ਆਕਾਸ਼ ਉੱਤੇ ਛਾਈਆਂ ਚਾਦਰਾਂ ਵਾਂਗ ਡੇਰੇ ਪਾਏ ਬੈਠੇ ਹਨ। ਹਰ ਪਾਸੇ ਪਾਣੀ ਦੇ ਰੇਲੇ ਦੌੜ ਰਹੇ ਹਨ। ਖੇਤਾਂ ਦਰਿਆ ਵਾਂਗ ਲਹਿਰਾਂ ਮਾਰ ਰਹੇ ਹਨ ਤੇ ਗਲੀਆਂ ਵਿੱਚੋਂ ਨਿਕਲਦਾ ਸ਼ੋਰ ਕਿਸੇ ਅਣਜਾਣ ਸਮੁੰਦਰ ਦੀ ਗੂੰਜ ਵਰਗਾ ਮਹਿਸੂਸ ਹੁੰਦਾ ਹੈ। ਲੋਕਾਂ ਦੇ ਚਿਹਰਿਆਂ ਉੱਤੇ ਬੇਚੈਨੀ ਅਤੇ ਚਿੰਤਾ ਹੈ।
ਰਾਵੀ ਦਰਿਆ ਦਾ ਕਹਿਰ: ਚੰਦੂ ਨਗਲ, ਜੌੜੀਆਂ ਖੁਰਦ ਹੜ੍ਹ ਦੀ ਲਪੇਟ ਵਿੱਚ, ਲੋਕ ਘਰਾਂ ਵਿੱਚ ਕੈਦ
ਡੇਰਾ ਬਾਬਾ ਨਾਨਕ (ਗੁਰਦਾਸਪੁਰ) ਰਾਵੀ ਦਰਿਆ ਦੇ ਉਫ਼ਲਦੇ ਪਾਣੀਆਂ ਨੇ ਖੇਤਰ ਵਿੱਚ ਹੜ੍ਹ ਦਾ ਡਰਾਉਣਾ ਮੰਜ਼ਰ ਪੈਦਾ ਕਰ ਦਿੱਤਾ ਹੈ। ਛੱਲ੍ਹਾਂ ਮਾਰਦੇ ਪਾਣੀ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਿੰਡ ਚੰਦੂ ਨੰਗਲ, ਜੌੜੀਆਂ ਖੁਰਦ ਜੋ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਲਈ ਪ੍ਰਸਿੱਧ ਹੈ, ਚਾਰੋਂ ਪਾਸਿਆਂ ਤੋਂ ਪਾਣੀ ਨਾਲ ਘਿਰ ਗਿਆ। ਪਿੰਡ ਜੌੜੀਆਂ ਖੁਰਦ ਦੀ ਜ਼ਮੀਨ ਕੁਝ ਉੱਚੀ ਹੋਣ ਕਾਰਨ ਪਾਣੀ ਸਿਰਫ਼ ਸ਼ੁਰੂਆਤੀ ਘਰਾਂ ਤਕ ਹੀ ਪਹੁੰਚਿਆ ਹੈ, ਪਰ ਆਵਾਜਾਈ ਦੇ ਸਾਰੇ ਰਸਤੇ ਬੰਦ ਹੋ ਜਾਣ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਗਏ ਹਨ। ਜੀਵਨ ਮੁਕੰਮਲ ਤੌਰ ’ਤੇ ਠੱਪ ਹੋ ਕੇ ਰਹਿ ਗਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (