“ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਮਦਦ ਦੇ ਹੱਥ ਵਧਾਈ ਰੱਖਣੇ ਪੈਣਗੇ ਤਾਂ ਜੋ ਸਾਡੇ ...”
(12 ਸਤੰਬਰ 2025)
ਜਦੋਂ ਸਮੇਂ ਸਿਰ ਮੀਂਹ ਪੈਂਦਾ ਤਾਂ ਬਚਪਨ ਵਿੱਚ ਅਸੀਂ ਮੀਂਹ ਵਿੱਚ ਨਹਾਉਣ ਲਗਦੇ ਤਾਂ ਮੇਰੇ ਦਾਦਾ ਜੀ ਕਹਿਣ ਲਗਦੇ ਇਹ ਤਾਂ ਫ਼ਸਲਾਂ ਲਈ ਅਮ੍ਰਿਤ ਹੈ ਅਤੇ ਬੱਚਿਆਂ ਲਈ ਸ਼ੁਗਲ ਮੇਲਾ ਕਰਨ ਦਾ ਸਾਧਨ। ਪਰ ਇਸ ਵਾਰ ਤਾਂ ਮੀਂਹ ਵਰ ਨਹੀਂ ਸਰਾਪ ਬਣ ਕੇ ਵਰਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਾਰੋ-ਮਾਰ ਕਰਦਾ ਪਾਣੀ ਹਰ ਪਾਸੇ ਤਬਾਹੀ ਮਚਾ ਰਿਹਾ ਹੈ। ਜ਼ਿੰਦਗੀ ਦੀ ਮਹੱਤਵਪੂਰਨ ਲੋੜ ਪਾਣੀ ਅੱਜ ਜ਼ਿੰਦਗੀ ਜੀਣ ਦੀਆਂ ਸਭ ਲੋੜਾਂ ਨੂੰ ਰੋੜ੍ਹਦਾ ਮਨੁੱਖੀ ਜੀਵਨ ਲਈ ਖ਼ਤਰਾ ਬਣਿਆ ਹੋਇਆ ਹੈ ਜਦੋਂ ਕਿ ਪਾਣੀ ਹੀ ਹੈ ਜੋ ਸੰਜੀਵਾਂ ਨੂੰ ਜ਼ਿੰਦਗੀ ਬਖਸ਼ਦਾ ਹੈ। ਉਂਝ ਤਾਂ ਹਰ ਸਮਝ ਰੱਖਣ ਵਾਲੇ ਫਿਕਰ ਤਾਂ ਇਹ ਸੀ ਕਿ ਪੰਜਾਬ ਦੀ ਧਰਤੀ ਵਿੱਚ ਦਿਨੋ-ਦਿਨ ਪਾਣੀ ਖ਼ਤਰਨਾਕ ਰਫ਼ਤਾਰ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਕਿੱਥੇ ਹੁਣ ਆਫਤ ਬਣ ਵਰ੍ਹ ਰਿਹਾ ਮੀਂਹ ਅਤੇ ਪਿੱਛੋਂ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਪਾਣੀ ਮੁਸੀਬਤ ਬਣਿਆ ਹੋਇਆ ਹੈ।
ਪਾਣੀ ਦੀ ਸਹੀ ਸੰਭਾਲ ਅਤੇ ਹੜ੍ਹਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਪਹਿਲਾਂ ਹੀ ਸਹੀ ਯਤਨ ਕੀਤੇ ਹੁੰਦੇ ਤਾਂ ਪੰਜਾਬ ਦੇ ਅੱਜ ਵਾਲੇ ਹਾਲਾਤ ਨਾ ਹੁੰਦੇ। ਅੱਜ ਅੱਧੇ ਤੋਂ ਵੱਧ ਪੰਜਾਬ ਪਾਣੀ ਦੀ ਮਾਰ ਹੇਠ ਨਾ ਆਇਆ ਹੋਇਆ ਹੁੰਦਾ। ਹੜ੍ਹਾਂ ਨੇ ਬੁਰੀ ਤਰ੍ਹਾਂ ਨਾਲ ਜ਼ਿੰਦਗੀ ਨੂੰ ਤਹਿਸ ਨਹਿਸ ਨਾ ਕਰ ਕੇ ਰੱਖ ਦਿੱਤਾ ਹੁੰਦਾ। ਲੋਕ ਜ਼ਿੰਦਗੀ ਦੀ ਥਾਂ ਮੌਤ ਦੇ ਪ੍ਰਛਾਵੇਂ ਹੇਠ ਜੀਅ ਰਹੇ ਹਨ। ਉਹਨਾਂ ਦੇ ਘਰ ਢਹਿ ਢੇਰੀ ਹੋ ਗਏ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਪਸ਼ੂ ਅਤੇ ਖੇਤੀ ਦੇ ਸੰਦ ਪਾਣੀ ਵਿੱਚ ਰੁੜ੍ਹ ਗਏ ਹਨ। ਪਰਿਵਾਰ ਉੱਜੜ ਗਏ ਹਨ। ਸਭ ਕੁਝ ਖਤਮ ਹੋ ਜਾਣ ਤੇ ਉਹਨਾਂ ਨੂੰ ਰਾਹਤ ਕੇਂਦਰਾਂ ਵਿੱਚ ਰਹਿਣਾ ਪੈ ਰਿਹਾ ਹੈ। ਕਿੰਨ੍ਹਾ ਔਖਾ ਹੈ ਉੱਜੜ ਕੇ ਦੁਬਾਰਾ ਵਸਣਾ ਇਹ ਨੂੰ ਤਾਂ ਭੁਗਤਣ ਵਾਲਾ ਹੀ ਮਹਿਸੂਸ ਕਰ ਸਕਦਾ ਹੈ।
ਕਿਸਾਨ ਜੋ ਪਹਿਲਾਂ ਹੀ ਮਾੜੀ ਆਰਥਿਕਤਾ ਕਾਰਨ ਪ੍ਰੇਸ਼ਾਨ ਹਨ। ਹੁਣ ਸਭ ਕੁਝ ਗਵਾਚ ਜਾਣ ਤੇ ਦੁਬਾਰਾ ਜ਼ਿੰਦਗੀ ਨੂੰ ਲੀਹ ਤੇ ਲੈ ਕੇ ਆਉਣ ਲਈ ਉਹਨਾਂ ਨੂੰ ਹੋਰ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਵੇਗਾ। ਅਜੇ ਤਾਂ ਉਹ ਸਭ ਕੁਝ ਗਵਾ ਕੇ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਕੋਈ ਦੇਸੀ ਬੇੜੀ ਬਣਾ ਕੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਲਿਜਾ ਰਿਹਾ ਸੀ ਕੋਈ ਕਿਸੇ ਹੋਰ ਢੰਗ ਨਾਲ। ਜਿਸ ਤਰ੍ਹਾਂ ਦਾ ਜੁਗਾੜ ਸੁੱਝਦਾ ਹੈ ਬਣਾ ਕੇ ਪਾਣੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਸਰਕਾਰ ਵੱਲੋਂ ਵੀ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਉਣ ਦੇ ਯਤਨ ਕੀਤੇ ਜਾ ਗਏ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਨਿਕਾਲ ਕੇ ਰਾਹਤ ਕੈਂਪ ਵਿੱਚ ਪਹੁੰਚਾਇਆ ਗਿਆ ਹੈ। ਕੱਲ੍ਹ ਜੋ ਲੰਗਰ ਲਾ ਕੇ ਭੁੱਖਿਆਂ ਨੂੰ ਅੰਨ ਛਕਾਉਂਦੇ ਸਨ। ਅੱਜ ਖੁਦ ਦੋ ਰੋਟੀਆਂ ਲਈ ਦੂਜਿਆਂ ਦੇ ਹੱਥਾਂ ਵਲ ਝਾਕ ਰਹੇ ਹਨ।
ਅਜੇ ਤਾਂ ਪਾਣੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂਵਾਂ ’ਤੇ ਹੀ ਜਾਣ ਦਾ ਫਿਕਰ ਸੀ। ਪਰ ਪਾਣੀ ਘਟਣ ਤੋਂ ਬਾਅਦ ਤਾਂ ਇਸ ਤੋਂ ਵੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪਾਸੇ ਤਾਂ ਸਿਰ ਲੁਕਾਉਣ ਲਈ ਛੱਤ ਛੱਤਣ ਦਾ ਫਿਕਰ ਹੋਵੇਗਾ। ਅਗਲੀ ਫਸਲ ਆਉਣ ਤਕ ਘਰੇਲੂ ਲੋੜਾਂ ਨੂੰ ਕਿਵੇਂ ਪੂਰਾ ਕਰਨਾ ਹੈ? ਦੀ ਚਿੰਤਾ ਵੱਢ ਵੱਢ ਖਾਵੇਗੀ। ਬਹੁਤ ਮੁਸ਼ਕਿਲ ਹੈ ਦੁਬਾਰਾ ਪੈਰਾਂ ਤੇ ਖੜ੍ਹੇ ਹੋਣਾ ਖਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੀ ਆਮਦਨ ਛੇ ਮਹੀਨੇ ਪਿੱਛੋਂ ਹੁੰਦੀ ਹੋਵੇ। ਇੱਥੇ ਤਾਂ ਛੇ ਮਹੀਨੇ ਬਾਅਦ ਵੀ ਹੋਣ ਦੀ ਆਸ ਨਹੀਂ।
ਦੂਜੇ ਪਾਸੇ ਥਾਂ ਥਾਂ ਮਰੇ ਪੁਸ਼ੂਆਂ ਕਾਰਨ ਅਤੇ ਖੜ੍ਹੇ ਪਾਣੀ ਤੋਂ ਪੈਦਾ ਹੋਏ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝਣਾ ਪਵੇਗਾ। ਚਮੜੀ ਦੀਆਂ ਬਿਮਾਰੀਆਂ, ਟਾਈਫਾਇਡ ਅਤੇ ਹੋਰ ਬਿਮਾਰੀਆਂ ਉਹਨਾਂ ਨੂੰ ਪ੍ਰੇਸ਼ਾਨ ਕਰਨਗੀਆਂ।
ਕੀਮਤੀ ਜਾਨਾਂ ਦੇ ਚਲੇ ਜਾਣ ਦੇ ਨਾਲ-ਨਾਲ ਮਾਲੀ ਨੁਕਸਾਨ ਇਨ੍ਹਾਂ ਹੜ੍ਹਾਂ ਦੀ ਤਬਾਹੀ ਨਾਲ ਹੋਇਆ ਹੈ ਉਸਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਉਂਝ ਇਸ ਹੜ੍ਹਾਂ ਦੀ ਤਬਾਹੀ ਨੂੰ ਰੋਕਣ ਲਈ ਪੰਜਾਬ ਵਿੱਚ ਡਰੇਨਾਂ ਦਾ ਜਾਲ ਵਿਛਿਆ ਹੋਇਆ ਹੈ। ਪਰ ਉਹ ਉਹਨਾਂ ਵਿੱਚ ਉੱਗੀ ਬੂਟੀ, ਝਾੜ ਫੂਸ ਅਤੇ ਮਿੱਟੀ ਘੱਟੇ ਨਾਲ ਭਰੀਆਂ ਹੋਈਆਂ ਹੋਣ ਕਰ ਕੇ ਉਹਨਾਂ ਵਿੱਚ ਦੀ ਪਾਣੀ ਕਿੱਥੋਂ ਲੰਘਣਾ ਸੀ। ਕਦੇ ਡਰੇਨਜ਼ ਵਿਭਾਗ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਕਦੇ ਬੀਤੇ ਤੋਂ ਸਬਕ ਨਹੀਂ ਸਿੱਖਿਆ। ਹਰ ਤੀਜੇ ਚੌਥੇ ਸਾਲ ਕਦੇ ਵੱਧ ਅਤੇ ਕਦੇ ਘੱਟ ਹੁਣ ਵਰਗੇ ਹਾਲਾਤ ਬਣਦੇ ਹਨ।
ਹਾਲਾਤ ਬਹੁਤ ਹੀ ਮਾੜੇ ਹਨ। ਖੇਤਾਂ ਵਿੱਚੋਂ ਹੜ੍ਹਾਂ ਨਾਲ ਆਈ ਮਿੱਟੀ ਨੂੰ ਹਟਾਉਣਾ ਹੋਵੇਗਾ। ਦੁਬਾਰਾ ਆਸਰਿਆਂ ਨੂੰ ਰਹਿਣਯੋਗ ਬਣਾਉਣਾ ਪਵੇਗਾ। ਜ਼ਿੰਦਗੀ ਜੀਣ ਲਈ ਘਰੇਲੂ ਲੋੜਾਂ, ਬੀਜਣ ਲਈ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਵੀ ਰਾਹਤ ਦਿੱਤੀ ਜਾਵੇਗੀ। ਪਰ ਫਿਰ ਵੀ ਪਹਿਲਾਂ ਵਾਂਗ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਮਦਦ ਦੇ ਹੱਥ ਵਧਾਈ ਰੱਖਣੇ ਪੈਣਗੇ ਤਾਂ ਜੋ ਸਾਡੇ ਹਮਸਾਏ ਵੀ ਜ਼ਿੰਦਗੀ ਜਿਊਣ ਦੇ ਰਾਹ ਪੈ ਜਾਣ।
ਪਰ ਪੰਜਾਬ ਹਾਲਾਤ ਅੱਗੇ ਕਦੇ ਹਾਰਿਆ ਨਹੀਂ, ਹਮੇਸ਼ਾ ਉੱਠਦਾ ਰਿਹਾ ਹੈ। ਪਹਿਲਾਂ ਵਾਂਗ ਹੁਣ ਵੀ ਉੱਠੇਗਾ ਕਿਉਂਕਿ ਉਸਦੇ ਭਰਾਵਾਂ ਦੇ ਹੱਥ ਉਹਨਾਂ ਵੱਲ ਵਧੇ ਹੋਏ ਹਨ, ਉਹ ਉਹਨਾਂ ਨੂੰ ਗਲੇ ਲਾ ਰਹੇ ਹਨ। ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਲੋਕਾਂ ਨੂੰ ਬਚਾ ਰਹੇ ਹਨ ਅਤੇ ਰਾਹਤ ਕੈਂਪਾਂ ਵਿੱਚ ਪਹੁੰਚੇ ਲੋਕਾਂ ਨੂੰ ਪਾਣੀ ਵਿੱਚ ਦੀ ਲੰਘ ਕੇ ਰਾਸ਼ਣ-ਪਾਣੀ ਪਹੁੰਚਾ ਰਹੇ ਹਨ। ਸ਼ੂਕਦੇ ਪਾਣੀ ਵਿੱਚ ਦੀ ਲੰਘ ਕੇ ਲੰਗਰ ਵਰਤਾ ਰਹੇ ਹਨ। ਤੂੜੀ ਦੀਆਂ, ਚਾਰੇ ਦੀਆਂ ਟਰਾਲੀਆਂ ਪੁਸ਼ੂਆਂ ਲਈ ਜਾ ਰਹੀਆਂ ਹਨ। ਦਵਾਈਆਂ, ਕੱਪੜੇ, ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਭੇਜੀਆਂ ਜਾ ਰਹੀਆਂ ਹਨ। ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਵੀ ਉਹ ਆਪਣੇ ਹਮਸਾਇਆਂ ਕੋਲ ਪਹੁੰਚ ਕੇ ਉਹਨਾਂ ਨੂੰ ਗਲੇ ਲਾ ਰਹੇ ਹਨ। ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀ ਵੀ ਆਪਣਾ ਯੋਗਦਾਨ ਪਾ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (