TarsemSBhangu7ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਪਵੇਗਾ ਕਿ ਇਸ ਤਬਾਹੀ ਦੇ ਅਸੀਂ ਖੁਦ ਕਿੰਨੇ ਕੁ ਜ਼ਿੰਮੇਵਾਰ ...
(11 ਸਤੰਬਰ 2025)


ਆਫਤ ਕੁਦਰਤੀ ਹੋਵੇ ਜਾਂ ਮਨੁੱਖ ਵੱਲੋਂ ਖੁਦ ਸਹੇੜੀ, ਉਹ ਦੁਖਦਾਈ ਹੀ ਹੁੰਦੀ ਹੈ
ਕੁਦਰਤੀ ਆਫਤ ਮੌਕੇ ਵੀ ਮਨੁੱਖ ਹੀ ਮਨੁੱਖ ਦਾ ਮਦਦਗਾਰ ਬਣਦਾ ਹੈ ਤੇ ਖੁਦ ਸਹੇੜੀ ਆਫਤ ਵਿੱਚ ਵੀ ਆਪ ਹੀ ਅੱਗੇ ਆਉਂਦਾ ਹੈਵੀਹਵੀਂ ਸਦੀ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ, ਦੋ ਆਲਮੀ ਜੰਗਾਂ, ਸੰਤਾਲੀ ਦੀ ਵੱਢ-ਟੁੱਕ, ਪਚਵੰਜਾ ਦੇ ਹੜ੍ਹ, ਬਾਹਠ ਦੀ ਹਿੰਦ ਚੀਨ ਜੰਗ, ਪੈਂਹਠ ਅਤੇ ਇਕਹੱਤਰ ਦੀਆਂ ਹਿੰਦ ਪਾਕਿ ਲੜਾਈਆਂ, ਚੁਰਾਸੀ ਦਾ ਸਾਕਾ ਨੀਲਾ ਤਾਰਾ, ਚੁਰਾਸੀ ਦਾ ਕਤਲੇਆਮ, ਅਠਾਸੀ ਦਾ ਹੜ੍ਹ, ਤਿਰਾਨਵੇਂ ਦਾ ਹੜ੍ਹ, ਕੋਰੋਨਾ ਕਾਲ, ਵਿਸ਼ਵਪੱਧਰੀ ਅਨੇਕਾਂ ਸੁਨਾਮੀਆਂ, ਮੁਲਕਾਂ ਵਿੱਚ ਆਪਸੀ ਮਾਰੂ ਜੰਗਾਂ ਅਤੇ ਕਈ ਭੁਚਾਲਾਂ ਨਾਲ ਹੋਈਆਂ ਤਬਾਹੀਆਂ ਨੂੰ ਯਾਦ ਕਰਕੇ ਦਿਲ ਕੰਬ ਜਾਂਦਾ ਹੈਵਰਤਮਾਨ ਵਿੱਚ ਹੜ੍ਹ ਦੇ ਰੂਪ ਵਿੱਚ ਆਈ ਆਫਤ ਨੇ ਪਿਛਲੀਆਂ ਆਫਤਾਂ ਦੀ ਯਾਦ ਕਰਵਾ ਦਿੱਤੀ ਹੈਝਾਤ ਮਾਰ ਕੇ ਦੇਖਿਆ ਜਾਵੇ ਤਾਂ ਹਰੇਕ ਥਾਂ ਮਨੁੱਖ ਹੀ ਮਨੁੱਖ ਦਾ ਮਸੀਹਾ ਬਣ ਕੇ ਵੀ ਆਇਆ, ਮਨੁੱਖਤਾ ਦੀ ਵੱਢ-ਟੁੱਕ ਲਈ ਉਕਸਾਉਣ ਵਾਲਾ ਓਹੀ ਮਨੁੱਖ ਸ਼ਾਂਤੀ ਜਲੂਸਾਂ ਵਿੱਚ ਚਿੱਟੇ ਝੰਡੇ ਅਤੇ ਮਸ਼ਾਲਾਂ ਹੱਥਾਂ ਵਿੱਚ ਫੜੀ ਸ਼ਾਂਤੀ ਦੂਤ ਵੀ ਬਣਿਆਸਿਆਸਤਦਾਨ ਲੋਕਾਂ ਨੇ ਹਮੇਸ਼ਾ ਸਿਆਸੀ ਰੋਟੀਆਂ ਸੇਕ-ਸੇਕ ਕੇ ਅਗਾਮੀ ਚੋਣਾਂ ਲਈ ਵੋਟਾਂ ਹੀ ਪੱਕੀਆਂ ਕੀਤੀਆਂਇਹ ਸਾਰਾ ਕੁਝ ਹਰ ਇੱਕ ਦੀ ਯਾਦ ਦਾ ਹਿੱਸਾ ਹੈਵਕਤ ਦਾ ਪਹੀਆ ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈਸਮੇਂ ਦੇ ਬੀਤਣ ਨਾਲ ਕੁਝ ਕੌੜੀਆਂ-ਮਿੱਠੀਆਂ ਯਾਦਾਂ ਛੱਡ ਕੇ ਜਨਜੀਵਨ ਆਮ ਵਾਂਗ ਚੱਲਣ ਲੱਗ ਜਾਂਦਾ ਹੈ

ਮਨੁੱਖੀ ਫਿਤਰਤ ਇਹ ਵੀ ਹੈ ਕਿ ਮਨੁੱਖ ਬੀਤ ਗਏ ਤੋਂ ਸਬਕ ਬਹੁਤ ਘੱਟ ਸਿੱਖਦਾ ਹੈਅੱਜ ਬੇਤਹਾਸ਼ਾ ਡਿਜਿਟਲ ਤਰੱਕੀ ਦੁਨੀਆ ਦੇ ਕੋਨੇ-ਕੋਨੇ ਦੀ ਖਬਰ ਤਸਵੀਰਾਂ ਸਮੇਤ ਘਰ-ਘਰ ਤਕ ਪਹੁੰਚਾ ਰਹੀ ਹੈਆਪਾਂ ਬੀਤੇ ਨੂੰ ਛੱਡ ਕੇ ਵਰਤਮਾਨ ਦੀ ਗੱਲ ਕਰੀਏਵਰਤਮਾਨ ਦੇ ਹੜ੍ਹ ਦੀ ਗੱਲ ਕਰਨ ਤੋਂ ਪਹਿਲਾਂ ਮਨੁੱਖ ਦੁਆਰਾ ਸਹੇੜੀ ਕੋਰੋਨਾ ਮਹਾਂਮਾਰੀ ਵਰਗੀ ਆਫਤ ਨੂੰ ਵੀ ਇਸ ਆਫਤ ਨਾਲ ਜੋੜ ਕੇ ਵੇਖਣਾ ਬਣਦਾ ਹੈਉਸ ਵਕਤ ਵੀ ਆਪਣੇ ਆਪ ਨੂੰ ਲੋਕਾਂ ਦੇ ਮਸੀਹਾ ਦੱਸਣ ਵਾਲੇ ਆਧੁਨਿਕ ਤਕਨੀਕ ਜ਼ਰੀਏ ਘਰਾਂ ਵਿੱਚ ਬੈਠੇ ਵੀ ਮੂੰਹਾਂ ’ਤੇ ਮਾਸਕ ਪਾਈ ਲੋਕਾਂ ਨੂੰ, “ਆਹ ਕਰੋ, ਔਹ ਕਰੋ, ਤਾਲੀਆਂ-ਥਾਲੀਆਂ ਵਜਾਓ, ਮੋਮਬੱਤੀਆਂ ਜਗਾਓ, ਐਨੇ ਫੁੱਟ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ, ਦੀਆਂ ਹਦਾਇਤਾਂ ਅਤੇ ਸੰਦੇਸ਼ ਦਿੰਦੇ ਆਮ ਜਨਤਾ ਤੋਂ ਦੂਰੀ ਬਣਾ ਕੇ ਬੈਠੇ ਰਹੇ ਸਨ

ਉਸ ਵੇਲੇ ਵੀ ਅਸਲ ਮਸੀਹਾ ਮਨੁੱਖ, ਭੁੱਖੇ ਮਰਦੇ ਮਨੁੱਖ ਨੂੰ ਦੇਖ ਕੇ ਜਰ ਨਹੀਂ ਸਕਿਆਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਾਹਰ ਨਿਕਲਿਆਹਰੇਕ ਲੋੜਵੰਦ ਕੋਲ ਹਰ ਕਿਸਮ ਦੀ ਸਹਾਇਤਾ ਲੈ ਕੇ ਪਹੁੰਚਿਆਕੋਰੋਨਾ ਕਾਲ ਨੇ ਖੂਨ ਦੇ ਰਿਸ਼ਤਿਆਂ ਉੱਪਰ ਵੀ ਪ੍ਰਸ਼ਨ ਚਿੰਨ੍ਹ ਲਾਇਆ ਸੀਮਨੁੱਖੀ ਸੇਵਾ ਭਾਵਨਾ ਰੱਖਣ ਵਾਲਿਆਂ ਨੇ ਨਿਰਸਵਾਰਥ ਹੋ ਕੇ ਸੇਵਾ ਵੀ ਕੀਤੀ ਸੀਉਸ ਵੇਲੇ ਸੋਸ਼ਲ ਮੀਡੀਏ ਨੇ ਘਰਾਂ ਵਿੱਚ ਮਾਸਕ ਪਾਈ ਬੈਠੇ ਉਪਦੇਸ਼ਕਾਂ ਨੂੰ ਫਿਕਰਮੰਦ ਕਰ ਦਿੱਤਾ ਕਿ “ਅਸੀਂ ਤਾਂ ਪਿੱਛੇ ਰਹਿ ਗਏ, ਬਾਜ਼ੀ ਤਾਂ ਕੋਈ ਹੋਰ ਹੀ ਮਾਰ ਗਿਆ।”

ਉਹ ਵੀ ਮਾਸਕ ਪਾ ਕੇ ਖਾਣ-ਪੀਣ ਵਾਲੇ ਸਮਾਨ ਦੀਆਂ ਥੈਲੀਆਂ ਉੱਪਰ ਆਪਣੇ ਲੋਗੋ ਤੇ ਫੋਟੋਆਂ ਲਾ ਕੇ ਮੈਦਾਨ-ਏ ਕੋਰੋਨਾ ਜੰਗ ਵਿੱਚ ਕੁੱਦ ਪਏ ਸਨਭੁਲੱਕੜ ਲੋਕ ਹੋਰ ਆਫਤਾਂ ਵਾਂਗ ਉਸ ਆਫਤ ਨੂੰ ਵੀ ਭੁੱਲ ਗਏ ਸਨ ਪਰ ਬੀਤੇ ਤੋਂ ਸਿੱਖਿਆ ਕੁਝ ਨਹੀਂਪਹਿਲਾਂ ਵਾਂਗ ਹੀ ਪਿਛਲੱਗੂ ਬਣ ਕੇ ਅੰਦਰੀਂ ਵੜ ਕੇ ਸਲਾਹਾਂ ਦੇਣ ਵਾਲਿਆਂ ਨੂੰ ਹੀ ਆਪਣੇ ਮਸੀਹੇ ਚੁਣ ਲਿਆ

ਵਰਤਮਾਨ ਹੜ੍ਹ ਵਰਗੀ ਆਫਤ ਨੇ ਪੰਜਾਬ ਨੂੰ ਹੀ ਨਹੀਂ, ਹੋਰ ਸੂਬਿਆਂ ਨੂੰ ਵੀ ਕਈ ਵਾਰ ਘੇਰਿਆ ਹੈਹਰੇਕ ਥਾਂ ਹਮੇਸ਼ਾ ਮਨੁੱਖ ਹੀ ਮਸੀਹਾ ਬਣ ਕੇ ਬਹੁੜਿਆ ਹੈਇਸ ਵਾਰ ਇਸ ਆਫਤ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈਇਹ ਵੀ ਸਿੱਧ ਹੋ ਗਿਆ ਹੈ ਕਿ ਦਰਿਆ ਆਪਣੇ ਰਸਤੇ ਵਿੱਚ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਦੇਇਹ ਆਫਤ ਮਨੁੱਖ ਦੁਆਰਾ ਬਣਾਏ ਕੰਕਰੀਟ ਅਤੇ ਲੋਹੇ ਦੀਆਂ ਬਣਾਈਆਂ ਰੁਕਾਵਟਾਂ ਨੂੰ ਰੋੜ੍ਹ ਕੇ ਲੈ ਗਈਰੀਝਾਂ ਨਾਲ ਬਣਾਈਆਂ ਕੰਕਰੀਟ ਦੀਆਂ ਆਲੀਸ਼ਾਨ ਕੋਠੀਆਂ ਰੇਤ ਦੇ ਘਰਾਂ ਵਾਂਗ ਵਹਿ ਗਈਆਂਪਾਣੀ ਵਿੱਚ ਫਸੇ ਲੋਕਾਂ ਦੀ ਪੁਕਾਰ ਨੂੰ ਨਵੀਂ ਤਕਨੀਕ ਨੇ ਪਲਾਂ ਵਿੱਚ ਹੀ ਲੋਕਾਂ ਤਕ ਪਹੁੰਚਦੀ ਕਰ ਦਿੱਤਾਮਸੀਹਾ ਮਨੁੱਖ ਕਿਸੇ ਦਾ ਦੁੱਖ ਦੇਖ ਹੀ ਨਹੀਂ ਸਕਦਾਉਹ ਵੱਡੇ ਪੱਧਰ ’ਤੇ ਹਰੇਕ ਸਾਜ਼ੋ-ਸਮਾਨ ਨਾਲ ਲੈਸ ਹੋ ਕੇ ਹਮੇਸ਼ਾ ਵਾਂਗ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੁਦਰਤੀ ਆਫਤ ਨਾਲ ਦਸਤਪੰਜਾ ਲੈਣ ਲਈ ਨਿਕਲ ਪਿਆਕੋਰੋਨਾ ਕਾਲ ਵਾਂਗ ਇਸ ਵਾਰ ਵੀ ਨਵੀਂ ਤਕਨੀਕ ਨੇ ਹੀ ਸੁਖ ਸਹੂਲਤਾਂ ਨਾਲ ਲੈਸ ਮਸੀਹਿਆਂ ਨੂੰ ਹਲੂਣਿਆ ਕਿ “ਤੁਸੀਂ ਪਿੱਛੇ ਰਹਿ ਗਏ ਹੋ।”

ਕਈਆਂ ਨੇ ਜਲਦੀ ਮੌਕਾ ਸਾਂਭ ਕੇ ਬਿਨਾਂ ਵਿਤਕਰੇ ਆਪਣੇ ਆਪ ਨੂੰ ਸਹੀ ਮਸੀਹੇ ਸਾਬਤ ਵੀ ਕਰ ਲਿਆਬਹੁਤੇ ਫਾਡੀ ਰਹਿ ਗਏਇਹ ਕੁਝ ਮੀਡੀਏ ਨੇ ਹੀ ਨਸ਼ਰ ਕੀਤਾ ਹੈਕਈ ਲੋਕ ਤਾਂ ਹੱਲਾਸ਼ੇਰੀ ਵਾਲੇ ਦ੍ਰਿਸ਼ਾਂ ਦੀ ਥਾਂ ਏ ਆਈ ਨਾਲ ਬਣਾਏ ਖੌਫ਼ਨਾਕ ਦ੍ਰਿਸ਼ ਵਿਖਾਉਣ ’ਤੇ ਹੀ ਲੱਗੇ ਰਹੇਹੜ੍ਹ ਰੋਕੂ ਪ੍ਰਬੰਧ ਕਰਨ ਵਾਲਿਆਂ ਦਾ ਉਤਸ਼ਾਹ ਅਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਦੇ ਜੈਕਾਰੇ ਛੱਡਦੇ ਮਾਰੋ ਮਾਰ ਹੜ੍ਹ ਪੀੜਿਤਾਂ ਵੱਲ ਵਹੀਰਾਂ ਘੱਤ ਕੇ ਕਿਸ਼ਤੀਆਂ ਜ਼ਰੀਏ ਪਾਣੀ ਵਿੱਚ ਡੁੱਬੇ ਘਰਾਂ ਦੀਆਂ ਛੱਤਾਂ ਤਕ ਪਹੁੰਚ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਲਿਆਉਣ ਦੇ ਦ੍ਰਿਸ਼ ਵੀ ਹਰੇਕ ਨੇ ਵੇਖੇ

ਹੁਣ ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਹੋਣ ਦਾ ਭਰਮ ਪਾਲਣ ਵਾਲੇ ਫਾਡੀ ਰਹਿ ਗਏ ਮੂਜੀਆਂ ਦੀ ਗੱਲ ਵੀ ਕਰ ਲਈ ਜਾਵੇਇਹ ਲੋਕ ਪਹਿਲਾਂ ਤਾਂ ਮਹਿਲਾਂ ਵਿੱਚੋਂ ਹੀ ਦੇਰ ਨਾਲ ਨਿਕਲੇ ਫਿਰ ਸਿਆਸਤ ਕਰਨਾ ਨਹੀਂ ਭੁੱਲੇ ਸੋਸ਼ਲ ਮੀਡੀਆ ਕਿਸੇ ਨੂੰ ਮਾਫ਼ ਨਹੀਂ ਕਰਦਾਸੂਬੇ ਦਾ ਵੱਡਾ ਮਸੀਹਾ ਪਹਿਲਾਂ ਮਿਥੇ ਪ੍ਰੋਗਰਾਮ ਤੋਂ ਵਹਿਲਾ ਹੋ ਕੇ ਡੁੱਬੇ ਲੋਕਾਂ ਦੀ ਸਾਰ ਨੂੰ ਆਇਆ ਫਿਰ ਆਪਣੇ ਸ਼ਬਦਾਂ ਵਿੱਚ ਅਗਾਮੀ ਚੋਣਾਂ ਨੂੰ ਦੇਖ ਕੇ ਬੋਲਦਾ ਸੁਣਿਆ ਗਿਆ, “ਤੁਸੀਂ ਹੀ ਬਾਨਵੇਂ ਸੀਟਾਂ ਜਿਤਾਅ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ, ਮੈਂ ਇਸ ਨੂੰ ਤੁਹਾਡੇ ਵਾਸਤੇ ਤੁਹਾਨੂੰ ਸੌਂਪ ਕੇ ਜਾ ਰਿਹਾ ਹਾਂ।” ਹੈਲੀਕਾਪਟਰ ਨੇ ਜਿਹੋ ਜਿਹੀ ਸੇਵਾ ਕੀਤੀ, ਸੋਸ਼ਲ ਮੀਡੀਏ ਨੇ ਉਹ ਵੀ ਨਸ਼ਰ ਕਰ ਦਿੱਤੀ

ਇਸ ਮੌਕੇ ਕਈਆਂ ਨੇ ਚੋਣਾਂ ਜਿੱਤਣ ਲਈ ਕਹੀਆਂ ਬਹੁਤ ਸਾਰੀਆਂ ਗੱਲਾਂ ਦੀਆਂ ਪੁਰਾਣੀਆਂ ਵੀਡੀਓ ਵਿਖਾ ਕੇ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਲੋਕ ਸਭ ਕੁਝ ਯਾਦ ਰੱਖਦੇ ਹਨ, ਤੁਸੀਂ ਹੀ ਭੁੱਲ ਜਾਂਦੇ ਹੋਇੱਕ ਤਾਜ਼ੀ ਵੀਡੀਓ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ ਨੇਤਾ ਅੱਗੇ ਇੱਕ ਬੀਬੀ ਰੋ ਰੋ ਕੇ ਆਪਣੇ ਦੁੱਖੜੇ ਬਿਆਨ ਕਰਦੀ ਵਿਖਾਈ ਗਈ, ਜਿਸ ਨੂੰ ਦੇਖ ਕੇ ਨੇਤਾ ਜੀ ਦੀਆਂ ਅੱਖਾਂ ਵੀ ਭਰ ਆਈਆਂਪਹਿਨ ਪੱਚਰ ਕੇ ਵਾਹੇ ਵਾਲਾਂ ਵਿੱਚ ਲੱਗੇ ਕਲਿੱਪਾਂ ਅਤੇ ਹੇਅਰ ਬੈਂਡ ਲਾ ਕੇ ਤਿਆਰ ਹੋਈ ਬੀਬੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਜਿਵੇਂ ਪ੍ਰਬੰਧਕਾਂ ਵੱਲੋਂ ਇਹ ਪਹਿਲਾਂ ਹੀ ਪਲੈਨ ਕੀਤਾ ਗਿਆ ਹੋਵੇ

ਪਿੱਛੇ ਰਹਿ ਗਿਆ ਇੱਕ ਵਿਰੋਧੀ ਧਿਰ ਦਾ ਨੇਤਾ ਨਵੀਂ ਤਕਨੀਕ ਨਾਲ ਬਣੀ ਕਿਸ਼ਤੀ ਦਾ ਜੁਗਾੜ ਕਰਕੇ ਵਿੱਚ ਬੈਠਾ ਹੀ ਆਪਣੀ ਪਾਰਟੀ ਦੇ ਸੀਨੀਅਰ ਨੇਤਾ ਦੇ ਆਜ਼ਾਦ ਵਿਧਾਇਕ ਪੁੱਤਰ ਨਾਲ ਉੱਚਾ-ਨੀਵਾਂ ਬੋਲਦਾ ਸੁਣਿਆ ਗਿਆਫਿਰ ਆਪਣੇ ਛੇ ਸਾਥੀਆਂ ਨਾਲ ਪਾਣੀ ਵਿੱਚ ਘਿਰਿਆਂ ਨੂੰ ਲੈਣ ਜਾਂਦਾ ਇੰਝ ਲੱਗ ਰਿਹਾ ਸੀ ਜਿਵੇਂ ਪਿਕਨਿਕ ਨੂੰ ਜਾ ਰਿਹਾ ਹੋਵੇਇਸ ਭਲੇਮਾਣਸ ਨੂੰ ਪੁੱਛਣਾ ਬਣਦਾ ਹੈ ਕਿ ਤੁਸੀਂ ਹੜ੍ਹ ਪੀੜਿਤਾਂ ਨੂੰ ਕਿੱਥੇ ਬੈਠਾਅ ਕੇ ਲਿਆਓਗੇ? ਉਹ ਵੀ ਮੌਜੂਦਾ ਸਰਕਾਰ ਨੂੰ ਭੰਡਦਾ ਸਿਆਸਤ ਕਰਦਾ ਹੀ ਦਿਸਿਆ

ਲੇਟ ਪਹੁੰਚੇ ਇੱਕ ਪਾਰਟੀ ਦੇ ਹਾਰੇ ਨੇਤਾ ਨੂੰ ਅੱਗੇ ਨਹੀਂ ਜਾਣ ਦਿੱਤਾ ਸਗੋਂ ਗਾਲ੍ਹਾਂ ਦੇ ਹਾਰ ਪਾ ਕੇ ਬੁਰਾ ਭਲਾ ਬੋਲਦਿਆਂ ਲੋਕਾਂ ਨੇ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾਹਰੇਕ ਸਿਆਸੀ ਬੰਦੇ ਦੀ ਸ਼ਕਲ ਲੋਕ ਜਾਣਦੇ ਹਨ ਫਿਰ ਵੀ ਉਹ ਆਪਣੀ ਗੱਡੀ ਜਾਂ ਹੜ੍ਹ ਪੀੜਿਤਾਂ ਲਈ ਭੇਜੀ ਹੋਈ ਕੱਚੀ-ਪੱਕੀ ਰਸਦ ਵਾਲੀ ਟਰਾਲੀ ਉੱਤੇ ਆਪਣੀ ਫੋਟੋ ਵਾਲਾ ਬੈਨਰ ਅਤੇ ਪਾਰਟੀ ਦਾ ਝੰਡਾ ਲਾਉਣਾ ਨਹੀਂ ਭੁੱਲਿਆਇੱਕ ਨੇਤਾ ਨੇ ਪਸ਼ੂਆਂ ਦਾ ਚਾਰਾ ਭੇਜਣ ਦਾ ਐਲਾਨ ਕਰਕੇ ਆਪਣੇ ਵੱਡੇ ਨੇਤਾ ਨੂੰ ਉਡੀਕਣਾ ਬਿਹਤਰ ਸਮਝਿਆਚਾਰ ਦਿਨ ਬਾਅਦ ਪਹੁੰਚੇ ਉਸ ਨੇਤਾ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਐਨੇ ਚਾਰੇ ਦਾ ਬੰਦੋਬਸਤ ਕਰ ਲਿਆ ਹੈਮੈਂ ਫਲਾਣਾ ਸਾਹਿਬ ਨੂੰ ਕਹਿ ਦਿੱਤਾ ਹੈ ਕਿ ਜੇ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦੇਣਾ, ਮੈਂ ਟਰੱਕ ਭੇਜ ਦਿਆਂਗਾ।”

ਉਸਦੇ ਜਵਾਬ ਵਿੱਚ ਕਿਸੇ ਸੋਸ਼ਲ ਮਸਖ਼ਰੇ ਦੀ ਪੋਸਟ ਵੀ ਆ ਗਈ, “ਇਹ ਤਾਂ ਚੋਣਾਂ ਜਿੱਤਣ ਵੇਲੇ ਵੀ ਆਖਦਾ ਸੀ, ਇਸ ਵਾਰ ਜਿਤਾ ਕੇ ਸਾਨੂੰ ਸੈਂਟਰ ਵਿੱਚ ਭੇਜ ਦਿਓ, ਫਿਰ ਮੈਂ ਉੱਥੋਂ ਨੋਟਾਂ ਦੇ ਟਰੱਕ ਭਰ ਕੇ ਭੇਜਾਂਗਾਉਹ ਟਰੱਕ ਤਾਂ ਹਾਲੇ ਤਕ ਵੀ ਨਹੀਂ ਆਏ, ਹੁਣ ਵਾਲੇ ਟਰੱਕ ਕਦੋਂ ਪਹੁੰਚਣੇ ਨੇ! ਟਰੱਕ ਨਾਲ ਈ ਲਈ ਆਉਂਦਾ ਦਿੱਲੀਓਂ ਦੂਰ ਤਾਂ ਨਹੀਂ ਸੀ ਇਹ ਥਾਂ।”

ਇੱਕ ਸਜ-ਧੱਜ ਕੇ ਆਈ ਕਲਾਕਾਰ ਬੀਬੀ ਦਰਿਆਵਾਂ ਦੇ ਮੂੰਹ ਮੋੜਨ ਵਾਲਿਆਂ ਨੂੰ ਬੋਰੀ ਨਾਲ ਪਤਾ ਨਹੀਂ ਕਿਹੜੇ ਮਘੋਰੇ ਬੰਦ ਕਰਕੇ ਪਾਣੀ ਰੋਕਣ ਦੇ ਨੁਕਤੇ ਦੱਸ ਰਹੀ ਸੀ ਤੇ ਲੋਕ ਉਸਦਾ ਮੇਕਅਪ ਅਤੇ ਐਕਸ਼ਨ ਦੇਖ ਕੇ ਸੋਚੀਂ ਪਏ ਦਿਸ ਰਹੇ ਸਨਬਹੁਤੇ ਨੇਤਾ ਵੀ ਇਕੱਠ ਵਿੱਚ ਖਲੋ ਕੇ ਬਿਆਨ ਦੇਣ, ਫੋਟੋ ਖਿਚਵਾਉਣ ਅਤੇ ਵੀਡੀਓ ਬਣਵਾਉਣ ਤਕ ਹੀ ਸੀਮਿਤ ਰਹੇ

ਯੂਟਿਊਬਰ, ਫੇਸਬੁੱਕੀਏ ਤੇ ਆਪੂੰ ਬਣਾਏ ਜਣੇ-ਖਣੇ ਚੈਨਲਾਂ ਵਾਲੇ, ਹਰ ਇੱਕ ਮੂੰਹ ਅੱਗੇ ਮਾਈਕ ਕਰਦੇ ਵੇਖੇ ਸੁਣੇ ਗਏ, “ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਫਲਾਣੇ ਨੇ ਆਹ ਬਿਆਨ ਦਿੱਤਾ, ਤੁਸੀਂ ਇਸ ਬਾਰੇ ਕੀ ਕਹੋਗੇ? ਇਸ ਆਫਤ ਵਾਸਤੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਆਦਿਇੱਕ ਵੀਡੀਓ ਵਿੱਚ ਮੌਜੂਦਾ ਸਰਕਾਰ ਦੇ ਇੱਕ ਵਿਧਾਇਕ ਵੱਲੋਂ ਇਸ ਆਫਤ ਦੇ ਸਮੇਂ ਆਪਣੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਸੱਚ ਬੋਲਦਿਆਂ ਉਂਗਲ ਚੁੱਕਣ ਬਦਲੇ ਉਸ ਨੂੰ ਕੀ ਖਮਿਆਜ਼ਾ ਭੁਗਤਣਾ ਪਵੇ ,ਪਤਾ ਨਹੀਂਮੀਡੀਏ ਨੇ ਇੱਕ ਅਫਸਰ ਬੀਬੀ ਨੂੰ ਬਹੁਤ ਹੀ ਹਾਈ ਲਾਈਟ ਕੀਤਾਬੇਸ਼ਕ ਉਹ ਆਪਣੀ ਡਿਊਟੀ ਕਰਦੀ ਲੋਕਾਂ ਦੇ ਦਿਲ ਜਿੱਤ ਰਹੀ ਸੀ ਪਰ ਹੋਰ ਛੋਟੇ ਸਹਿਯੋਗੀ ਅਫਸਰ ਮੀਡੀਏ ਦੇ ਨਜ਼ਰੀਂ ਨਹੀਂ ਪਏ, ਜਦੋਂ ਕਿ ਉਨ੍ਹਾਂ ਦਾ ਕੰਮ ਵੀ ਸ਼ਲਾਘਾਯੋਗ ਸੀ

ਅਜਿਹੇ ਸਮੇਂ ਕਈ ਜ਼ਿੰਮੇਵਾਰ ਲੀਡਰਾਂ ਵੱਲੋਂ ਅਤਿ ਮਜ਼ਾਹੀਆ ਅਤੇ ਵਿਅੰਗਮਈ ਢੰਗ ਨਾਲ ਦੂਜਿਆਂ ਉੱਤੇ ਦੋਸ਼ ਆਰੋਪਣ ਕਰਨਾ ਵਧੀਆ ਨਹੀਂ ਲੱਗਾ

ਇਸ ਮੁਲਕ ਵਾਸਤੇ ਪੰਜਾਬੀ ਹਰ ਮਹਾਜ਼ ’ਤੇ ਹਮੇਸ਼ਾ ਕੰਧ ਬਣ ਕੇ ਖਲੋਤੇ ਹਨ ਪਰ ਮੁਲਕ ਦੇ ਸਾਂਝੇ ਲੀਡਰਾਂ ਨੇ ਹਾਅ ਦਾ ਨਾਅਰਾ ਤਕ ਨਹੀਂ ਮਾਰਿਆ ਜੇ ਕੁਝ ਕਿਹਾ ਤਾਂ ਉਹ ਵੀ ਦੇਰ ਨਾਲਪੰਜਾਬ ਦੇ ਇੱਕ ਨੇਤਾ ਦੇ ਪੁਰਖੇ ਚਿਰਾਂ ਤੋਂ ਪੰਜਾਬ ਦੇ ਮੋਹਰੀ ਰਹੇ ਪਰ ਉਸਨੇ ਕੇਂਦਰ ਨਾਲ ਪਾਈ ਨਵੀਂ-ਨਵੀਂ ਯਾਰੀ ਨਿਭਾਉਂਦੇ ਹੋਏ ਇੰਨਾ ਹੀ ਕਿਹਾ, “ਜੇ ਪੰਜਾਬ ਨੂੰ ਮਦਦ ਚਾਹੀਦੀ ਹੈ ਤਾਂ ਉਹ ਕੇਂਦਰ ਸਰਕਾਰ ਤੋਂ ਮੰਗ ਕਰੇ।” ਇਹ ਆਖਦਾ ਉਹ ਭੁੱਲ ਗਿਆ ਕਿ ਪੰਜਾਬ ਹੱਥ ਅੱਡਣਾ ਨਹੀਂ ਜਾਣਦਾ, ਅੱਡੇ ਹੱਥਾਂ ’ਤੇ ਕੁਝ ਧਰਨਾ ਜਾਣਦਾ ਹੈਸਦਕੇ ਜਾਈਏ ਪੰਜਾਬ ਦੇ ਜਾਏ ਕਲਾਕਾਰਾਂ ਅਤੇ ਹੋਰ ਵਿੱਤੀ ਮਦਦ ਦੇਣ ਵਾਲਿਆਂ ਦੇ, ਜਿਨ੍ਹਾਂ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਜੰਮਿਆਂ ਨੂੰ ਆਫਤਾਂ ਨਾਲ ਮੱਥਾ ਲਾਉਣਾ ਤੇ ਮੂੰਹ ਮੋੜਨਾ ਵੀ ਆਉਂਦਾ ਹੈਆਪਣੀ ਜਾਨ ਜੋਖਮ ਵਿੱਚ ਪਾ ਕੇ ਹੜ੍ਹ ਦੇ ਪਾਣੀ ਨੂੰ ਚੀਰਦਿਆਂ ਹੜ੍ਹ ਪੀੜਿਤਾਂ ਤਕ ਮਦਦ ਲੈ ਕੇ ਪਹੁੰਚਣ ਵਾਲੇ ਗੱਭਰੂਆਂ ਨੂੰ ਸਲੂਟ ਹੈ

ਪਾਣੀ ਦਾ ਚੱਕਰ ਕੁਦਰਤੀ ਵਰਤਾਰਾ ਹੈਇਹ ਰੁਕ ਨਹੀਂ ਸਕਦਾਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਪਵੇਗਾ ਕਿ ਇਸ ਤਬਾਹੀ ਦੇ ਅਸੀਂ ਖੁਦ ਕਿੰਨੇ ਕੁ ਜ਼ਿੰਮੇਵਾਰ ਹਾਂਅਖੀਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਇਸ ਮੌਕੇ ਸਿਆਸਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਬਣਦੀ ਹੈਸਿਆਸਤ ਕਰਦਿਆਂ ਨੇਤਾ ਲੋਕ ਆਪਣੇ ਆਪ ਨੂੰ ਜਿੰਨਾ ਮਰਜ਼ੀ ਦਾਤੇ ਅਖਵਾਉਣ ਦੀ ਕੋਸ਼ਿਸ਼ ਕਰਨ ਪਰ ਜ਼ਿੰਦਗੀ ਦੇ ਅਸਲ ਨਾਇਕਾਂ ਨੂੰ ਪਛਾਣੇ ਬਗੈਰ ਬੇੜਾ ਪਾਰ ਨਹੀਂ ਹੋਣ ਲੱਗਾ ਕਿਉਂਕਿ ਆਮ ਲੋਕ ਹੀ ਲੋਕਾਈ ਦੇ ਅਸਲ ਨਾਇਕ ਬਣ ਕੇ ਉੱਭਰਦੇ ਹਨਜਿੰਨਾ ਚਿਰ ਪੰਜਾਬੀ ਆਪਣੀ ਸੂਰਬੀਰਾਂ ਵਾਲੀ ਵਿਰਾਸਤ ਸਾਂਭੀ ਰੱਖਣਗੇ, ਉੰਨਾ ਚਿਰ ਵੱਡੀ ਤੋਂ ਵੱਡੀ ਆਫਤ ਵੀ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author