SandeepSMundey7ਜਦੋਂ ਮਾਇਆ ਨਾਲ ਮੋਹ ਅਤੇ ਉਸ ਨੂੰ ਗ਼ਲਤ ਤਰੀਕਿਆਂ ਨਾਲ ਪਰਾਪਤ  ਕਰਨ ਦੀ ਲਾਲਸਾ ...
(27 ਅਗਸਤ 2025)


ਆਮ ਬੋਲਚਾਲ ਦੀ ਭਾਸ਼ਾ ਵਿੱਚ ਧਨ-ਦੌਲਤ
, ਸੰਸਾਰਿਕ ਪਦਾਰਥਾਂ ਅਤੇ ਭੋਗ-ਵਿਲਾਸਾਂ ਨੂੰ ‘ਮਾਇਆ’ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਪ੍ਰਮੁੱਖ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਇਆ ਨੂੰ ਇੱਕ ਭਰਮਾਤਮਕ ਸ਼ਕਤੀ ਵਜੋਂ ਦਰਸਾਇਆ ਗਿਆ ਹੈ ਜੋ ਮਨੁੱਖ ਦੇ ਆਤਮਿਕ ਗਿਆਨ, ਨੈਤਿਕ ਮੁੱਲਾਂ ਅਤੇ ਅੰਦਰੂਨੀ ਸ਼ਾਂਤੀ ਦਾ ਨਾਸ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ ‘ਮਾਇਆਧਾਰੀ ਅਤਿ ਅੰਨ੍ਹਾ ਬੋਲਾ’ ਮਾਇਆ ਦੇ ਅਧੀਨ ਹੋਏ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਅਵਸਥਾ ਦਾ ਸਟੀਕ ਵਰਣਨ ਕਰਦਾ ਹੈ। ਇਹ ਸ਼ਬਦ ਅਜੋਕੇ ਸਮੇਂ ਦੇ ਲਾਲਚੀ ਮਨੁੱਖ ਦੀ ਮਾਨਸਿਕਤਾ ਦੀ ਅਸਲ ਤਸਵੀਰ ਪੇਸ਼ ਕਰਦਾ ਹੈ। ਜਦੋਂ ਮਨੁੱਖ ਦਾ ਜੀਵਨ ਕੇਵਲ ਧਨ-ਸੰਪਤੀ ਦੀ ਪ੍ਰਾਪਤੀ ਦੇ ਦੁਆਲੇ ਕੇਂਦਰਿਤ ਹੋ ਜਾਂਦਾ ਹੈ ਤਾਂ ਉਹ ਅੱਖਾਂ ਦੇ ਹੁੰਦਿਆਂ ਵੀ ਅੰਨ੍ਹਾ ਅਤੇ ਕੰਨਾਂ ਦੇ ਹੁੰਦਿਆਂ ਵੀ ਬੋਲਾ ਹੋ ਜਾਂਦਾ ਹੈ। ਇਹ ਅੰਨ੍ਹਾਪਣ ਅਤੇ ਬੋਲਾਪਣ ਸਿਰਫ਼ ਸਰੀਰਕ ਨਹੀਂ, ਬਲਕਿ ਮਨੁੱਖ ਦੀ ਆਤਮਿਕ ਬੇਸਮਝੀ, ਨੈਤਿਕ ਗਿਰਾਵਟ ਅਤੇ ਅਗਿਆਨਤਾ ਦਾ ਪ੍ਰਤੀਕ ਹੈ।

ਮਾਇਆਧਾਰੀ ਉਹ ਵਿਅਕਤੀ ਹੈ ਜੋ ਆਪਣੀ ਜ਼ਿੰਦਗੀ ਦਾ ਸਾਰਾ ਧਿਆਨ ਸਿਰਫ਼ ਪੈਸਾ ਇਕੱਠਾ ਕਰਨ ’ਤੇ ਕੇਂਦਰਿਤ ਕਰਦਾ ਹੈ। ਉਹ ਧਰਮ, ਇਨਸਾਨੀਅਤ ਅਤੇ ਰਿਸ਼ਤਿਆਂ ਨੂੰ ਵੀ ਸਿਰਫ਼ ਅਜਿਹੇ ਸਾਧਨ ਵਜੋਂ ਵਰਤਦਾ ਹੈ, ਜਿਨ੍ਹਾਂ ਨਾਲ ਉਹ ਹੋਰ ਧਨ ਕਮਾ ਸਕੇ। ਧਨ ਦੀ ਲਾਲਸਾ ਵਿੱਚ ਉਹ ਆਪਣੇ ਭਰਾਵਾਂ, ਦੋਸਤਾਂ, ਵਪਾਰਕ ਸਾਂਝੀਦਾਰਾਂ ਅਤੇ ਇੱਥੋਂ ਤਕ ਕਿ ਆਪਣੇ ਮਾਤਾ-ਪਿਤਾ ਨਾਲ ਵੀ ਠੱਗੀ, ਧੋਖਾ ਅਤੇ ਬੇਈਮਾਨੀ ਕਰਨ ਤੋਂ ਨਹੀਂ ਝਿਜਕਦਾ। ਉਹ ਸਿਰਫ਼ ਆਪਣੇ ਫ਼ਾਇਦੇ ਬਾਰੇ ਸੋਚਦਾ ਹੈ ਅਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦਾਮਾਇਆ ਦੇ ਮੋਹ ਕਾਰਨ ਉਹ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਦਬਾ ਦਿੰਦਾ ਹੈ ਅਤੇ ਹਰ ਗ਼ਲਤ ਕੰਮ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਸ ਭਰਮ ਵਿੱਚ ਰਹਿੰਦਾ ਹੈ ਕਿ ਪੈਸਾ ਹੀ ਸੱਚੀ ਖੁਸ਼ੀ ਹੈ, ਜਿਸ ਕਾਰਨ ਉਹ ਜੀਵਨ ਦੇ ਅਸਲੀ ਮਕਸਦ ਤੋਂ ਭਟਕ ਜਾਂਦਾ ਹੈ।

ਮਾਇਆਧਾਰੀ ਵਿਅਕਤੀ ਧਨ-ਸੰਪਤੀ ਇਕੱਠੀ ਕਰਨ ਲਈ ਬੇਈਮਾਨੀ, ਠੱਗੀ, ਧੋਖਾਧੜੀ, ਵਿਸ਼ਵਾਸਘਾਤ ਅਤੇ ਹੋਰ ਅਨੈਤਿਕ ਕਾਰਜਾਂ ਦਾ ਸਹਾਰਾ ਲੈਂਦਾ ਹੈ। ਜੋ ਵਿਅਕਤੀ ਇਨ੍ਹਾਂ ਤਰੀਕਿਆਂ ਨਾਲ ਦੌਲਤ ਕਮਾਉਂਦਾ ਹੈ, ਉਹ ਸਮਝਦਾ ਹੈ ਕਿ ਉਸਨੇ ਦੁਨੀਆ ਜਿੱਤ ਲਈ ਹੈ, ਪਰ ਅਸਲ ਵਿੱਚ ਉਸਨੇ ਆਪਣੀ ਆਤਮਾ ਅਤੇ ਆਪਣੀ ਮਨੁੱਖਤਾ ਨੂੰ ਗੁਆ ਦਿੱਤਾ ਹੈ। ਇਹ ਪੈਸਾ ਉਸ ਲਈ ਅਸ਼ੀਰਵਾਦ ਨਹੀਂ, ਸਗੋਂ ਇੱਕ ਕਲੰਕ ਬਣ ਜਾਂਦਾ ਹੈ। ਜਦੋਂ ਮਾਇਆ ਗ਼ਲਤ ਤਰੀਕਿਆਂ ਨਾਲ ਇਕੱਠੀ ਹੁੰਦੀ ਹੈ ਤਾਂ ਇਹ ਵਿਅਕਤੀ ਉੱਤੇ ਇੱਕ ਅਦ੍ਰਿਸ਼ਟ ਪਰਦਾ ਪਾ ਦਿੰਦੀ ਹੈ। ਇਹ ਪਰਦਾ ਉਸਦੀ ਅੰਦਰੂਨੀ ਅੱਖ (ਆਤਮਿਕ ਦ੍ਰਿਸ਼ਟੀ) ਨੂੰ ਬੰਦ ਕਰ ਦਿੰਦਾ ਹੈ। ਇਸ ਕਾਰਨ ਉਸ ਨੂੰ ਸਚਾਈ, ਨੇਕੀ, ਦਇਆ ਅਤੇ ਪਰਉਪਕਾਰ ਵਰਗੀਆਂ ਚੀਜ਼ਾਂ ਦਿਖਾਈ ਦੇਣੀਆਂ ਬੰਦ ਹੋ ਜਾਂਦੀਆਂ ਹਨ। ਉਸਦੀ ਦ੍ਰਿਸ਼ਟੀ ਕੇਵਲ ਬੈਂਕ ਬੈਲੰਸ, ਜਾਇਦਾਦ ਅਤੇ ਭੌਤਿਕ ਵਸਤੂਆਂ ਤਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ। ਉਹ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਦੇਖ ਪਾਉਂਦਾ। ਉਸ ਨੂੰ ਕੇਵਲ ਉਹੀ ਲੋਕ ਦਿਖਾਈ ਦਿੰਦੇ ਹਨ ਜੋ ਉਸਦੇ ਪੈਸੇ ਦੇ ਲਾਲਚ ਵਿੱਚ ਉਸਦੇ ਆਲੇ ਦੁਆਲੇ ਘੁੰਮਦੇ ਹਨ। ਅਸਲ ਪਿਆਰ ਅਤੇ ਸਨੇਹ ਨੂੰ ਪਛਾਣਨ ਦੀ ਉਸਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ। ਅਜਿਹਾ ਵਿਅਕਤੀ ਸੋਚਦਾ ਹੈ ਕਿ ਧਨ ਹੀ ਉਸਦਾ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ, ਪਰ ਉਹ ਭੁੱਲ ਜਾਂਦਾ ਹੈ ਕਿ ਇਹ ਸੰਪਤੀਆਂ ਤਾਂ ਕੁਝ ਸਮੇਂ ਲਈ ਹੀ ਹਨ। ਇਹ ਮਾਇਆ ਦਾ ਹੀ ਅੰਨ੍ਹਾਪਣ ਹੈ ਜਿੱਥੇ ਸੱਚ ਨਜ਼ਰ ਨਹੀਂ ਆਉਂਦਾ।

ਗੁਰਬਾਣੀ ਅਨੁਸਾਰ ਮਾਇਆਧਾਰੀ ਸਿਰਫ਼ ਅੰਨ੍ਹਾ ਹੀ ਨਹੀਂ, ਬਲਕਿ ਬੋਲਾ ਵੀ ਹੋ ਜਾਂਦਾ ਹੈ। ਉਸਦੇ ਕੰਨਾਂ ’ਤੇ ਮਾਇਆ ਦਾ ਅਜਿਹਾ ਪਰਦਾ ਪੈ ਜਾਂਦਾ ਹੈ ਕਿ ਉਹ ਸਿਰਫ਼ ਪੈਸੇ, ਲਾਭ ਅਤੇ ਵਪਾਰ ਦੀਆਂ ਗੱਲਾਂ ਹੀ ਸੁਣ ਸਕਦਾ ਹੈ। ਉਹ ਧਰਮ, ਇਨਸਾਨੀਅਤ ਅਤੇ ਸਚਾਈ ਦੀ ਆਵਾਜ਼ ਨੂੰ ਸੁਣ ਨਹੀਂ ਸਕਦਾ। ਉਸਦੀ ਬੋਲੀ ਵਿੱਚੋਂ ਮਿਠਾਸ, ਪਿਆਰ ਅਤੇ ਸਹਾਨੁਭੂਤੀ ਗ਼ਾਇਬ ਹੋ ਜਾਂਦੀ ਹੈ। ਉਸਦੀ ਜ਼ਬਾਨ ਸਿਰਫ਼ ਹੁਕਮ ਚਲਾਉਣ, ਦੂਜਿਆਂ ਨੂੰ ਨੀਵਾਂ ਦਿਖਾਉਣ, ਮਾੜਾ ਬੋਲਣ ਅਤੇ ਆਪਣੀ ਤਾਰੀਫ਼ ਕਰਨ ਲਈ ਹੀ ਬੋਲਦੀ ਹੈ। ਜਿਵੇਂ ਇੱਕ ਬੋਲਾ ਵਿਅਕਤੀ ਸੁਣ ਨਹੀਂ ਸਕਦਾ, ਉਸੇ ਤਰ੍ਹਾਂ ਮਾਇਆ ਦੇ ਗ਼ੁਲਾਮ ਨੂੰ ਗੁਰਬਾਣੀ ਅਤੇ ਅੰਦਰੂਨੀ ਆਤਮਾ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਜੇਕਰ ਕੋਈ ਉਸ ਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਉਸਦੀ ਜ਼ਿੰਦਗੀ ਦਾ ਕੇਂਦਰ ਸਿਰਫ਼ ਪੈਸਾ ਬਣਿਆ ਰਹਿੰਦਾ ਹੈ ਅਤੇ ਉਹ ਕਿਸੇ ਵੀ ਅਧਿਆਤਮਿਕ ਜਾਂ ਨੈਤਿਕ ਉਪਦੇਸ਼ ਨੂੰ ਨਕਾਰ ਦਿੰਦਾ ਹੈ।

ਮਾਇਆ ਮਨੁੱਖ ਨੂੰ ਸਿਰਫ਼ ਅੰਨ੍ਹਾ ਅਤੇ ਬੋਲਾ ਹੀ ਨਹੀਂ ਬਣਾਉਂਦੀ, ਸਗੋਂ ਮਨੁੱਖ ਦੇ ਅੰਦਰ ਹੰਕਾਰ ਦਾ ਬੀਜ ਵੀ ਬੀਜਦੀ ਹੈ। ਜਦੋਂ ਮਨੁੱਖ ਕੋਲ ਧਨ ਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸਮਝਦਾਰ ਅਤੇ ਸ਼ਕਤੀਸ਼ਾਲੀ ਸਮਝਣ ਲੱਗ ਪੈਂਦਾ ਹੈ। ਉਸ ਨੂੰ ਲਗਦਾ ਹੈ ਕਿ ਉਸਨੇ ਆਪਣੀ ਮਿਹਨਤ ਅਤੇ ਬੁੱਧੀ ਨਾਲ ਹੀ ਇਹ ਸਭ ਕੁਝ ਹਾਸਲ ਕੀਤਾ ਹੈ, ਜਿਸ ਵਿੱਚ ਪਰਮਾਤਮਾ ਜਾਂ ਕਿਸੇ ਹੋਰ ਦੇ ਯੋਗਦਾਨ ਦਾ ਕੋਈ ਹੱਥ ਨਹੀਂ। ਉਹ ਆਪਣੀ ਅਕਲ, ਤਜਰਬਾ ਅਤੇ ਦੌਲਤ ਨੂੰ ਸਭ ਤੋਂ ਉੱਤਮ ਸਮਝਦਾ ਹੈ। ਉਹ ਦੂਜਿਆਂ ਨੂੰ ਆਪਣੇ ਤੋਂ ਨੀਵਾਂ ਦੇਖਣ ਲਗਦਾ ਹੈ ਅਤੇ ਹਰ ਥਾਂ ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ਾਂ ਕਰਦਾ ਹੈ। ਇਸ ਹੰਕਾਰ ਦੇ ਕਾਰਨ ਉਸਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹ ਆਪਣੀ ਇੱਛਾ ਅਨੁਸਾਰ ਸਭ ਕੁਝ ਕਰਨਾ ਚਾਹੁੰਦਾ ਹੈ ਅਤੇ ਦੂਜਿਆਂ ਉੱਤੇ ਆਪਣੀਆਂ ਰਾਏ ਥੋਪਦਾ ਹੈ, ਉਨ੍ਹਾਂ ਨੂੰ ਧੱਕਾ ਦੇਣਾ ਅਤੇ ਦਬਾਉਣਾ ਆਪਣਾ ਹੱਕ ਸਮਝਦਾ ਹੈ। ਇਸ ਨਾਲ ਉਸਦਾ ਵਿਵਹਾਰ ਬਹੁਤ ਜ਼ਿਆਦਾ ਮਾੜਾ ਹੋ ਜਾਂਦਾ ਹੈ। ਉਹ ਆਪਣੇ ਸੰਗੀ-ਸਾਥੀਆਂ ਨਾਲ ਵੀ ਮਾੜਾ ਬੋਲਦਾ ਹੈ ਅਤੇ ਗੁੱਸਾ ਕਰਦਾ ਹੈ। ਉਸਦੀ ਜ਼ੁਬਾਨ ਵਿੱਚੋਂ ਪਿਆਰ ਅਤੇ ਸਨਮਾਨ ਗ਼ਾਇਬ ਹੋ ਜਾਂਦੇ ਹਨ। ਉਸਦਾ ਵਿਵਹਾਰ ਘਮੰਡੀ, ਨਿਰਦਈ ਅਤੇ ਅਹੰਕਾਰੀ ਹੋ ਜਾਂਦਾ ਹੈ। ਉਹ ‘ਸਹੀ ਅਤੇ ਗ਼ਲਤ’, “ਨੈਤਿਕ ਅਤੇ ਅਨੈਤਿਕ’, “ਉਚਿਤ ਅਤੇ ਅਨੁਚਿਤ’ ਆਦਿ ਵਿੱਚ ਫ਼ਰਕ ਨਹੀਂ ਕਰ ਪਾਉਂਦਾ, ਜਿਸ ਕਾਰਨ ਉਸਦੇ ਫੈਸਲੇ ਆਤਮ-ਕੇਂਦਰਿਤ ਅਤੇ ਦੂਜਿਆਂ ਲਈ ਹਾਨੀਕਾਰਕ ਹੋਣ ਲੱਗ ਜਾਂਦੇ ਹਨ।

ਮਾਇਆਧਾਰੀ ਦਾ ਅੰਤ ਹਮੇਸ਼ਾ ਦੁਖਾਂਤਕ ਹੁੰਦਾ ਹੈ। ਸਮਾਜ ਉਸ ਨੂੰ ਇੱਕ ਬੇਈਮਾਨ, ਧੋਖੇਬਾਜ਼ ਅਤੇ ਹੰਕਾਰੀ ਵਿਅਕਤੀ ਦੇ ਰੂਪ ਵਿੱਚ ਜਾਣਨ ਲੱਗ ਪੈਂਦਾ ਹੈ। ਲੋਕ ਉਸਦਾ ਦਿਲੋਂ ਸਨਮਾਨ ਨਹੀਂ ਕਰਦੇ, ਸਗੋਂ ਡਰ ਅਤੇ ਨਫ਼ਰਤ ਨਾਲ ਦੇਖਦੇ ਹਨ। ਬੇਈਮਾਨੀ ਨਾਲ ਕਮਾਈ ਧਨ-ਦੌਲਤ ਸਦੀਵੀ ਨਹੀਂ ਰਹਿੰਦੀ। ਗੰਭੀਰ ਬਿਮਾਰੀ, ਮੁਕੱਦਮੇਬਾਜ਼ੀ ਜਾਂ ਪਰਿਵਾਰਿਕ ਝਗੜੇ ਇਸ ਦੌਲਤ ਨੂੰ ਖ਼ਤਮ ਕਰ ਦਿੰਦੇ ਹਨ। ਇਸ ਤੋਂ ਇਲਾਵਾ ਮਾਇਆਧਾਰੀ ਬੰਦੇ ਦੀ ਔਲਾਦ ਅਕਸਰ ਮਾੜੇ ਰਾਹ ਪੈ ਜਾਂਦੀ ਹੈ। ਉਹ ਅਜਿਹੀ ਕਮਾਈ ਨੂੰ ਆਪਣਾ ਹੱਕ ਸਮਝ ਕੇ ਦਾਰੂ, ਨਸ਼ੇ ਅਤੇ ਹੋਰ ਮਾੜੇ ਕੰਮਾਂ ਵਿੱਚ ਉਡਾਉਂਦੇ ਹਨ। ਉਹ ਕੋਈ ਕੰਮ ਨਹੀਂ ਕਰਦੇ, ਨਿਕੰਮੇ ਹੁੰਦੇ ਹਨ ਅਤੇ ਅਕਸਰ ਪੁਲਿਸ ਦੁਆਰਾ ਫੜੇ ਜਾਂਦੇ ਹਨ। ਜਦੋਂ ਉਨ੍ਹਾਂ ਦੀ ਬੇਈਮਾਨੀ ਦੀ ਕਮਾਈ ਖ਼ਤਮ ਹੋਣ ਲਗਦੀ ਹੈ ਤਾਂ ਉਨ੍ਹਾਂ ਦੇ ਧੀਆਂ-ਪੁੱਤਰ ਵੀ ਉਨ੍ਹਾਂ ਨੂੰ ਛੱਡ ਦਿੰਦੇ ਹਨ ਅਤੇ ਉਹ ਬੁਢਾਪੇ ਵਿੱਚ ਇਕੱਲਾ ਰਹਿ ਜਾਂਦੇ ਹਨਜਦੋਂ ਉਨ੍ਹਾਂ ਦਾ ਹੰਕਾਰ ਟੁੱਟਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਕੀਤੇ ਗਏ ਪਾਪਾਂ ਦਾ ਅਹਿਸਾਸ ਹੁੰਦਾ ਹੈ, ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਸਮੁੱਚੇ ਰੂਪ ਵਿੱਚ, “ਮਾਇਆਧਾਰੀ ਅਤਿ ਅੰਨ੍ਹਾ ਬੋਲਾ’ ਸਿਰਫ਼ ਇੱਕ ਸ਼ਬਦ ਹੀ ਨਹੀਂ, ਬਲਕਿ ਇਹ ਅਜੋਕੇ ਸਮਾਜਿਕ ਜੀਵਨ ਦਾ ਇੱਕ ਕੌੜਾ ਸੱਚ ਹੈ। ਇਹ ਉਹ ਸਚਾਈ ਹੈ ਜੋ ਸਾਨੂੰ ਆਪਣੇ ਆਲੇ-ਦੁਆਲੇ ਹਰ ਪਾਸੇ ਦਿਖਾਈ ਦਿੰਦੀ ਹੈ, ਜਿੱਥੇ ਮਨੁੱਖ ਪੈਸੇ ਦੇ ਲਾਲਚ ਵਿੱਚ ਆਪਣੀ ਆਤਮਾ, ਆਪਣੀ ਇਨਸਾਨੀਅਤ ਅਤੇ ਆਪਣੇ ਸਾਰੇ ਸਬੰਧਾਂ ਨੂੰ ਬਰਬਾਦ ਕਰ ਰਿਹਾ ਹੈ। ਧਨ-ਦੌਲਤ ਸਿਰਫ਼ ਸਾਡੇ ਜੀਵਨ ਦਾ ਇੱਕ ਸਾਧਨ ਹੈ, ਨਾ ਕਿ ਇਸਦਾ ਅੰਤਿਮ ਟੀਚਾ। ਗੁਰਬਾਣੀ ਸਾਨੂੰ ਸੰਜਮ, ਸੰਤੋਖ ਅਤੇ ਸੁਚੱਜੇ ਕਰਮ ਕਰਨ ਦੀ ਪ੍ਰੇਰਣਾ ਦਿੰਦੀ ਹੈ। ਸੱਚੀ ਖੁਸ਼ੀ ਅਤੇ ਸਦੀਵੀ ਸੁੱਖ, ਆਤਮਿਕ ਸ਼ਾਂਤੀ ਅਤੇ ਪਰਿਵਾਰਕ ਪਿਆਰ ਵਿੱਚ ਨਿਹਿਤ ਹੈ, ਜੋ ਕੇਵਲ ਚੰਗੇ ਕਰਮਾਂ ਅਤੇ ਨਿਰਮਲ ਨੀਅਤ ਨਾਲ ਪ੍ਰਾਪਤ ਹੁੰਦੇ ਹਨ। ਮਾਇਆ ਦੀ ਜ਼ਰੂਰਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਜਦੋਂ ਮਾਇਆ ਨਾਲ ਮੋਹ ਅਤੇ ਉਸ ਨੂੰ ਗ਼ਲਤ ਤਰੀਕਿਆਂ ਨਾਲ ਪਰਾਪਤ  ਕਰਨ ਦੀ ਲਾਲਸਾ ਜੁੜ ਜਾਂਦੀ ਹੈ ਤਾਂ ਇਹ ਸਾਡੇ ਲਈ ਆਤਮਿਕ ਅੰਨ੍ਹੇਪਣ ਅਤੇ ਬੋਲੇਪਣ ਦਾ ਕਾਰਨ ਬਣ ਜਾਂਦੀ ਹੈ। ਸਪਸ਼ਟ ਹੈ ਕਿ ਸਚਾਈ ਅਤੇ ਨੇਕੀ ਦਾ ਮਾਰਗ ਹੀ ਸਾਨੂੰ ਅਸਲ ਖ਼ੁਸ਼ਹਾਲੀ ਵੱਲ ਲਿਜਾ ਸਕਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Sandeep D Mundey

Dr. Sandeep D Mundey

Principal, Guru Hargobind Sahib PG College, C.C. Head, P.O. Rattewal.
Sri Ganganagar, Rajasthan, India.
Phone: (91 - 94136 - 52646)
Email: (sundeepmunday@gmail.com)