SandeepSMundey7ਸਾਡੇ ਵਿਚਾਰਸਾਡਾ ਵਿਵਹਾਰ ਅਤੇ ਸਾਡੀ ਮਿਹਨਤ ਹੀ ਸਾਡੀ ਸੱਚੀ ਪਛਾਣ ...
(2 ਅਗਸਤ 2025)


ਸਾਡੇ ਲੋਕ ਸੱਭਿਆਚਾਰ ਵਿੱਚ ਇਸ ਕਹਾਵਤ ‘ਅਧਜਲ ਗੱਗਰੀ ਛਲਕਤ ਜਾਏ’ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ
, ਜਿਸਦਾ ਸ਼ਾਬਦਿਕ ਅਰਥ ਹੈ ਕਿ ਜਿਹੜਾ ਭਾਂਡਾ ਅੱਧਾ ਭਰਿਆ ਹੋਵੇ, ਉਹੀ ਛਲਕਦਾ ਹੈ, ਪਰ ਪੂਰਾ ਭਰਿਆ ਨਹੀਂ ਛਲਕਦਾ। ਇਸ ਕਹਾਵਤ ਦੀਆਂ ਜੜ੍ਹਾਂ ਸਾਡੇ ਲੋਕ-ਸੰਸਕਾਰ ਵਿੱਚੋਂ ਹੀ ਉਪਜੀਆਂ ਹਨ। ਇਸ ਕਹਾਵਤ ਰਾਹੀਂ ਅਕਸਰ ਉਹਨਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਾਂਦਾ ਹੈ ਜਿਹੜੇ ਅਧੂਰੇ ਗਿਆਨ ਜਾਂ ਬਿਨਾਂ ਕਿਸੇ ਅਸਲ ਯੋਗਤਾ ਦੇ ਆਪਣੇ ਆਪ ਨੂੰ ਬਹੁਤ ਵੱਡਾ ਦਿਖਾਉਂਦੇ ਹਨ। ਅਜਿਹੇ ਲੋਕ, ਜਿਹੜੇ ਜੋੜ-ਤੋੜ ਕਰਕੇ ਅਹੁਦੇ ਜਾਂ ਪਦਵੀਆਂ ਹਾਸਲ ਕਰ ਲੈਂਦੇ ਹਨ ਪਰ ਅੰਦਰੋਂ ਖੋਖਲੇ ਹੁੰਦੇ ਹਨਅਜਿਹੇ ਵਿਅਕਤੀ ਵਿੱਚ ਅਸਲ ਗਿਆਨ, ਤਜਰਬਾ ਜਾਂ ਸਮਝ ਨਹੀਂ ਹੁੰਦੀ ਪਰ ਉਹ ਵੱਡੀਆਂ ਗੱਲਾਂ ਕਰਦਾ ਹੈ ਤੇ ਆਪਣੇ ਆਪ ਨੂੰ ਜ਼ਿਆਦਾ ਸਮਝਦਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ।

ਅਜੋਕੇ ਸਮਾਜ ਵਿੱਚ ਅਜਿਹੀ ਪ੍ਰਵਿਰਤੀ ਆਮ ਹੀ ਹੋ ਗਈ ਹੈ। ਖ਼ਾਸ ਤੌਰ ’ਤੇ ਸਿਆਸਤ ਅਤੇ ਨੌਕਰੀ ਦੀ ਦੁਨੀਆ ਵਿੱਚ ਅਜਿਹੇ ਵਿਅਕਤੀ ਬਹੁਤ ਲੱਭ ਜਾਣਗੇਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਜਿਹੜੇ ਵਿਅਕਤੀ ਅਸਲ ਵਿੱਚ ਆਪਣੇ ਗੁਣਾਂ ਕਰਕੇ ਲਾਇਕ ਹੁੰਦੇ ਹਨ, ਉਹ ਪਿੱਛੇ ਰਹਿ ਜਾਂਦੇ ਹਨ ਅਤੇ ਅਹੁਦਿਆਂ ਉੱਤੇ ਅਜਿਹੇ ਲੋਕ ਬੈਠ ਜਾਂਦੇ ਹਨ, ਜਿਹੜੇ ਨਾ ਤਾਂ ਉਸ ਅਹੁਦੇ ਦੇ ਕਾਬਲ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਯੋਗਤਾ ਜਾਂ ਘਾਲ-ਕਮਾਈ ਹੁੰਦੀ ਹੈ। ਅਜਿਹਿਆਂ ਲੋਕਾਂ ਕੋਲ ਨਾ ਵਿਚਾਰਧਾਰਾ ਹੁੰਦੀ ਹੈ, ਨਾ ਦਿਸ਼ਾ ਅਤੇ ਨਾ ਹੀ ਸੰਵੇਦਨਸ਼ੀਲਤਾ। ਉਹ ਸਿਰਫ਼ ਸਿਫ਼ਾਰਸ਼ਾਂ, ਰਿਸ਼ਤੇਦਾਰੀਆਂ ਜਾਂ ਹੋਰ ਗੈਰ-ਨੈਤਿਕ ਤਰੀਕਿਆਂ ਰਾਹੀਂ ਅੱਗੇ ਵਧ ਜਾਂਦੇ ਹਨ। ਅਜਿਹੇ ਵਿਅਕਤੀਆਂ ਵਿੱਚ ਅਕਸਰ ਘਮੰਡ ਹੁੰਦਾ ਹੈ। ਉਹ ਆਪਣੇ ਆਪ ਨੂੰ ਹੋਰਾਂ ਤੋਂ ਉੱਤਮ ਅਤੇ ਵੱਧ ਸਿਆਣੇ ਸਮਝਣ ਲੱਗ ਪੈਂਦੇ ਹਨ। ਉਹ ਦੂਸਰਿਆਂ ਨੂੰ ਤੁੱਛ ਜਾਣਦੇ ਹਨ ਇਸੇ ਕਰਕੇ ਉਨ੍ਹਾਂ ਦਾ ਵਿਵਹਾਰ ਚੰਗਾ ਨਹੀਂ ਹੁੰਦਾ। ਉਹ ਸੰਵੇਦਨਹੀਣ ਹੁੰਦੇ ਹਨ ਅਤੇ ਆਪਣੇ ਦਫਤਰ ਵਿੱਚ ਕੁਲੀਗ ਅਤੇ ਆਮ ਲੋਕਾਂ ਨਾਲ ਸਲੀਕੇ ਨਾਲ ਪੇਸ਼ ਨਹੀਂ ਆਉਂਦੇ। ਉਹ ਖ਼ੁਦ ਸਿੱਖਣ ਦੀ ਥਾਂ ਹੋਰਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਦੂਜਿਆਂ ਨੂੰ ਕਾਅਦੇ ਕਾਨੂੰਨ ਅਤੇ ਨਿਯਮ ਦੀ ਪਾਲਣਾ ਲਈ ਸਖ਼ਤ ਤਾੜਨਾ ਕਰਦੇ ਹਨ। ਪਰ ਜਦੋਂ ਖ਼ੁਦ ਦੇ ਬੱਚੇ ਜਾਂ ਰਿਸ਼ਤੇਦਾਰ ਦੀ ਗੱਲ ਆਉਂਦੀ ਹੈ ਤਾਂ ਤੈਅ ਨਿਯਮਾਂ ਦੇ ਬਖੀਏ ਉਧੇੜ ਕੇ ਰੱਖ ਦਿੰਦੇ ਹਨ।

ਅਜੋਕੇ ਸਮੇਂ ਵਿੱਚ ਅਸੀਂ ਸਿਆਸਤ, ਸਿੱਖਿਆ, ਦਫਤਰੀ ਅਤੇ ਕਾਰੋਬਾਰ ਦੀ ਦੁਨੀਆ ਵਿੱਚ ਵੀ ਅਜਿਹੇ ਹਾਲਤ ਦੇਖ ਸਕਦੇ ਹਾਂ। ਕਈ ਵਾਰ ਕਿਸੇ ਕੰਪਨੀ ਜਾਂ ਦਫਤਰ ਵਿੱਚ ਜਿਹੜਾ ਵਿਅਕਤੀ ਸਿਰਫ਼ ਚਲਾਕੀ, ਸਿਫ਼ਾਰਸ਼ ਜਾਂ ਅਫਸਰਾਂ ਦੀ ਚਮਚਾਗੀਰੀ ਰਾਹੀਂ ਉੱਚ ਅਹੁਦੇ ’ਤੇ ਪਹੁੰਚਦਾ ਹੈ, ਪਰ ਉਸ ਕੋਲ ਨਾ ਲੀਡਰਸ਼ਿੱਪ ਦਾ ਗੁਣ ਹੁੰਦਾ ਹੈ, ਨਾ ਹੀ ਕੰਮ ਦੀ ਸਮਝ, ਉਹ ਸਿਰਫ਼ ‘ਪੋਜ਼ੀਸ਼ਨ’ ਰੱਖਦਾ ਹੈ। ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਉਹ ਜਾਂ ਹੋਰਾਂ ਉੱਤੇ ਨਿਰਭਰ ਰਹਿੰਦਾ ਹੈ ਜਾਂ ਕੰਮ ਤੋਂ ਭੱਜ ਜਾਂਦਾ ਹੈ। ਇਹ ਸੰਗਠਨ ਦੇ ਆਤਮਵਿਸ਼ਵਾਸ ਅਤੇ ਕੰਮਕਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰ ਜਦੋਂ ਅਸਲ ਵਿੱਚ ਸਮਾਂ ਆਉਂਦਾ ਹੈ ਜਾਂ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸਦੀ ਕਾਬਲੀਅਤ ਦਾ ਪੋਲ ਖੁੱਲ੍ਹ ਜਾਂਦਾ ਹੈ। ਇਸ ਤਰ੍ਹਾਂ ਉਹ ਨਾ ਸਿਰਫ਼ ਆਪਣੇ ਕੰਮ ਵਿੱਚ ਫੇਲ ਹੁੰਦੇ ਹਨ, ਸਗੋਂ ਆਪਣੇ ਸਮੂਹ, ਸੰਗਠਨ ਜਾਂ ਸੰਸਥਾ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਕਈ ਵਾਰ ਇਹ ‘ਅਧਜਲ ਗੱਗਰੀਆਂ’ ਹੋਰਾਂ ਦੇ ਮਿਹਨਤ ਦੇ ਨਤੀਜਿਆਂ ਨੂੰ ਵੀ ਆਪਣੇ ਨਾਮ ਕਰ ਲੈਂਦੀਆਂ ਹਨ, ਜੋ ਕਿ ਅਸਲੀ ਟੇਲੈਂਟ ਦੇ ਹੌਸਲੇ ਨੂੰ ਥੱਲੇ ਲਿਆਉਂਦਾ ਹੈ।

ਅੱਜ ਇੰਟਰਨੈੱਟ ਦੇ ਜ਼ਮਾਨੇ ਵਿੱਚ ਕੋਈ ਵੀ ਵਿਅਕਤੀ ਆਪਣੀ ਅਸਲੀ ਪਛਾਣ ਨੂੰ ਲੁਕਾ ਕੇ ਇੱਕ ਬਣਾਉਟੀ ਛਵ੍ਹੀ ਪੇਸ਼ ਕਰ ਸਕਦਾ ਹੈ। ਬਿਨਾਂ ਕਿਸੇ ਵਿਗਿਆਨਕ ਜਾਂ ਤਕਨੀਕੀ ਗਿਆਨ ਦੇ ਵੀ ਲੋਕ ‘ਮੋਟੀਵੇਸ਼ਨਲ ਸਪੀਕਰ’, “ਗੁਰੂ’, ਜਾਂ ‘ਕੋਚ’ ਬਣ ਕੇ ਹਜ਼ਾਰਾਂ ਲੋਕਾਂ ਨੂੰ ਮੱਤਾਂ ਦਿੰਦੇ ਵੇਖੇ ਜਾਂਦੇ ਹਨ। ਇਹ ਉਸੇ ‘ਅਧਜਲ ਗੱਗਰੀ’ ਵਾਂਗ ਹੁੰਦੇ ਹਨ ਜਿਹੜੀ ਅੱਧਭਰੀ ਹੋਣ ਕਰਕੇ ਛਲਕਦੀ ਜ਼ਿਆਦਾ ਹੈ। ਉਹ ਨਾ ਸਿਰਫ਼ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹਨ, ਸਗੋਂ ਹੋਰਾਂ ਦੀ ਵੀ ਦਿਸ਼ਾ ਭਟਕਾ ਰਹੇ ਹੁੰਦੇ ਹਨ। ਇਸ ਕਹਾਵਤ ਦੀ ਹਾਮੀ ‘ਡੰਨਿਗ-ਕਰੂਗਰ ਦਾ ਮਨੋਵਿਗਿਆਨਕ ਪ੍ਰਭਾਵ ਸਿਧਾਂਤ’ ਵੀ ਭਰਦਾ ਹੈਇਸ ਸਿਧਾਂਤ ਅਨੁਸਾਰ ਉਹ ਲੋਕ, ਜਿਨ੍ਹਾਂ ਕੋਲ ਘੱਟ ਗਿਆਨ ਹੁੰਦਾ ਹੈ, ਉਹ ਆਪਣੇ ਆਪ ਨੂੰ ਵਧੇਰੇ ਸਮਝਦਾਰ ਮੰਨਦੇ ਹਨ। ਪਰ ਜੋ ਵਿਅਕਤੀ ਅਸਲ ਗਿਆਨ, ਕਲਾ ਜਾਂ ਕਾਬਲੀਅਤ ਰੱਖਦੇ ਹਨ, ਉਹ ਅਕਸਰ ਨਿਮਰ ਅਤੇ ਸ਼ਾਂਤ ਰਹਿੰਦੇ ਹਨ। ਉਹ ਆਪਣੇ ਕੰਮ ਵਿੱਚ ਨਿਪੁੰਨ ਹੁੰਦੇ ਹਨ ਅਤੇ ਆਪਣੇ ਆਪ ਨੂੰ ਹਮੇਸ਼ਾ ਸਿੱਖਿਆਰਥੀ ਮੰਨਦੇ ਹਨ। ਜਿਹੜੇ ਵਿਅਕਤੀ ਅੰਦਰੋਂ ਪੂਰੇ ਹੁੰਦੇ ਹਨ, ਜਿਨ੍ਹਾਂ ਕੋਲ ਗਿਆਨ, ਤਜਰਬਾ ਅਤੇ ਨਿਮਰਤਾ ਹੁੰਦੀ ਹੈ। ਉਹ ਜ਼ਿਆਦਾ ਨਹੀਂ ਬੋਲਦੇ, ਅਹੰਕਾਰ ਨਹੀਂ ਕਰਦੇ, ਸਲੀਕੇ ਨਾਲ ਵਿਵਹਾਰ ਕਰਦੇ ਹਨ। ਉਹ ਸਿਰਫ਼ ਅਹੁਦੇ ਲਈ ਕੰਮ ਨਹੀਂ ਕਰਦੇ, ਸਗੋਂ ਸਹੀ ਬਦਲਾਅ ਲਈ ਕੰਮ ਕਰਦੇ ਹਨ। ਅਜਿਹੇ ਲੋਕ ਸਮਾਜ ਦੇ ਅਸਲੀ ਨਾਇਕ ਹੁੰਦੇ ਹਨ, ਜੋ ਛਲਕਣ ਦੀ ਥਾਂ ਚੁੱਪ ਚਾਪ ਆਪਣਾ ਕੰਮ ਕਰਦੇ ਰਹਿੰਦੇ ਹਨ ਅਤੇ ਆਪਣੀ ਮਿਹਨਤ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਂਦੇ ਹਨ। ਅਸਲ ਵਿਅਕਤੀਤਵ ਵਾਲਾ ਵਿਅਕਤੀ ਠੰਢੇ ਮਿਜ਼ਾਜ ਵਾਲਾ ਹੁੰਦਾ ਹੈ, ਜਿਹੜਾ ਆਪਣੀ ਬੋਲਣੀ ਦੀ ਥਾਂ ਆਪਣੇ ਕਰਮਾਂ ਰਾਹੀਂ ਪਛਾਣ ਬਣਾਉਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹੋ ਜਿਹੀ ਸੋਚ ਅਪਣਾਉਣ ਦੀ ਲੋੜ ਹੈ।

ਸਮੁੱਚੇ ਰੂਪ ਵਿੱਚ ‘ਅਧਜਲ ਗੱਗਰੀ ਛਲਕਤ ਜਾਏ’ ਸਿਰਫ਼ ਇੱਕ ਕਹਾਵਤ ਨਹੀਂ ਸਗੋਂ ਸਮਾਜਕ ਜੀਵਨ ਦੀ ਸਚਾਈ ਹੈ। ਇਹ ਸਾਡੀ ਨੈਤਿਕਤਾ, ਸਿੱਖਿਆ, ਰਾਜਨੀਤੀ ਅਤੇ ਜੀਵਨ ਦੇ ਹਰ ਪੱਖ ਵਿੱਚ ਲਾਗੂ ਹੁੰਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਖ਼ਾਮੀਆਂ ਕੱਢ ਕੇ ਵਿਅਕਤੀਤਵ ਨੂੰ ਵਿਕਸਿਤ ਕਰੀਏ। ਇਸ ਲਈ ਸਾਨੂੰ ਇਹ ਸੋਚਣਾ ਹੋਵੇਗਾ ਕਿ ਅਸੀਂ ਕਿਵੇਂ ਆਪਣੀ ਯੋਗਤਾ ਨੂੰ ਨਿਰੰਤਰ ਨਿਖਾਰ ਸਕੀਏ, ਕਿਵੇਂ ਨਿਮਰ ਰਹਿ ਕੇ ਹੋਰਾਂ ਤੋਂ ਸਿੱਖ ਸਕੀਏ ਅਤੇ ਕਿਵੇਂ ਕਰਮ-ਮਾਰਗ ’ਤੇ ਚੱਲ ਕੇ ਆਪਣੀ ਅਸਲੀ ਪਛਾਣ ਬਣਾਈਏ। ਸਾਡੇ ਵਿਚਾਰ, ਸਾਡਾ ਵਿਵਹਾਰ ਅਤੇ ਸਾਡੀ ਮਿਹਨਤ ਹੀ ਸਾਡੀ ਸੱਚੀ ਪਛਾਣ ਹੋਣੀ ਚਾਹੀਦੀ ਹੈ ਨਾ ਕਿ ਅਹੁਦਾ ਜਾਂ ਦਿਖਾਵਾ। ਅਸੀਂ ਆਪਣੇ ਆਪ ਨੂੰ ਇਹ ਸਵਾਲ ਪੁੱਛੀਏ, “ਕੀ ਮੈਂ ਅਸਲ ਭਰਿਆ ਹੋਇਆ ਹਾਂ ਜਾਂ ਅੱਧਾ ਪੌਣਾ ਹੋਣ ਕਾਰਨ ਛਲਕ ਰਿਹਾ ਹਾਂ?” ਇਸ ਸਵਾਲ ਨਾਲ ਹੀ ਸਾਡੇ ਅਸਲੀ ਵਿਕਾਸ ਦੀ ਯਾਤਰਾ ਸ਼ੁਰੂ ਹੋ ਸਕਦੀ ਹੈ।

*   *

ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀ.ਸੀ.ਹੈਡ, ਸ੍ਰੀ ਗੰਗਾਨਗਰ (ਰਾਜਸਥਾਨ)।

ਕਨਵੀਨਰ, ਬੋਰਡ ਆਫ ਸਟੱਡੀਜ਼, ਪੰਜਾਬੀ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Dr. Sandeep D Mundey

Dr. Sandeep D Mundey

Principal, Guru Hargobind Sahib PG College, C.C. Head, P.O. Rattewal.
Sri Ganganagar, Rajasthan, India.
Phone: (91 - 94136 - 52646)
Email: (sundeepmunday@gmail.com)