“ਪਿਆਸ ਖ਼ਸਮ ਨੂੰ ਖਾਣੀ ... ਪੀ ਕੇ ਖੂਹ ਨਲਕੇ ... ਚੰਨ ’ਤੇ ਲੱਭੇ ਪਾਣੀ। ...”
(30 ਜੁਲਾਈ 2025)
ਬਰਫ਼ ’ਚ ਉੱਗੇ ਅਮਲਤਾਸ (ਗੁਰਿੰਦਰਜੀਤ)
ਇਕ ਦਿਨ ਡਾ. ਆਤਮਜੀਤ ਨੇ ਇਸ ਨਵੇਕਲੀ ਕਿਤਾਬ ਦੀ ਬੜੀ ਤਾਰੀਫ਼ ਕੀਤੀ ਤਾਂ ਕਿਤਾਬ ਪੜ੍ਹਨ ਨੂੰ ਚਿੱਤ ਪੱਬਾਂ ਭਾਰ ਹੋ ਗਿਆ। ਫਿਰ ਛੇਤੀ ਹੀ ਗੁਰਿੰਦਰਜੀਤ ਨੇ ਕਿਤਾਬ ਵੀ ਭਿਜਵਾ ਦਿੱਤੀ। ਮੈਨੂੰ ਦੋਸਤ ਮਿੱਤਰ ਗਾਹੇ ਬਗਾਹੇ ਕਿਤਾਬਾਂ ਭੇਜਦੇ ਰਹਿੰਦੇ ਹਨ ਤੇ ਕਈ ਵੇਰ ਕਈ ਕਿਤਾਬਾਂ ਇਕੱਠੀਆਂ ਹੀ ਦਸਤਕ ਦੇ ਦਿੰਦੀਆਂ ਹਨ। ਇਸ ਵੇਰ ਵੀ ਇੰਝ ਹੀ ਹੋਇਆ। ਮੈਂ ਭਾਵੇਂ ਸਾਹਿਤ ਪਾਰਖੂ ਨਹੀਂ ਪਰ ਇਹ ਅਨੂਠੀ ਕਿਤਾਬ ਪੜ੍ਹ ਕੇ ਦੋ ਅੱਖਰ ਲਿਖਣ ਦਾ ਮਨ ਕਰ ਆਇਆ।
ਇਸ ਕਿਤਾਬ ਦੀ ਵੱਖਰਤਾ ਇਸ ਕਰਕੇ ਵੀ ਹੈ ਕਿ ਇਹ ਸ਼ਾਇਦ ਪਹਿਲੀ ਕਿਤਾਬ (ਮੇਰੀ ਨਜ਼ਰ ’ਚ) ਹੈ ਜੋ ਵਾਰਤਕ ਅਤੇ ਕਵਿਤਾ ਨੂੰ ਆਪਣੇ ਕੁਰਤੇ ਪਜਾਮੇ ਦੀਆਂ ਦੋਨਾਂ ਜੇਬਾਂ ਵਿੱਚ ਸੰਭਾਲੀ ਬੈਠੀ ਹੈ। ਵਾਰਤਕ ਵੀ ਕਮਾਲ ਦੀ ਹੈ ਤੇ ਕਵਿਤਾ ਵੀ ਦਿਲ ਦੀਆਂ ਦਹਿਲੀਜਾਂ ’ਤੇ ਦਸਤਕ ਦੇਣ ਵਾਲੀ।
ਕਵਿਤਾ ਵਿੱਚ ਗੁਰਿੰਦਰਜੀਤ ਆਮ ਵਰਤਾਰੇ ਨੂੰ ਵੀ ਦਾਰਸ਼ਨਿਕਤਾ ਨਾਲ ਭਰ ਦਿੰਦਾ ਹੈ:
ਰਹਿਰਾਸ ਮੁੱਕਦਿਆਂ
ਪਿੰਡ ਸੌਂ ਜਾਂਦਾ
ਤਾਰੇ ਫੌਜੀ ਨੂੰ ਨੀਂਦ ਨਾ ਅਹੁੜਦੀ
ਉਹ ਰਾਤੋ ਰਾਤ
ਤੀਸਰੇ ਸੰਸਾਰ ਯੁੱਧ ਨੂੰ ਰੋਕਣ ਲਈ
ਸੀਰੀਆ ਤੇ ਇਰਾਕ ਹੁੰਦਾ ਹੋਇਆ
ਇਜ਼ਰਾਈਲ ਪਹੁੰਚ ਜਾਂਦਾ।
**
ਪੁੱਤਾਂ ਕੱਢੀ ਕੰਧ
ਬੇਬੇ ਬਾਪੂ ਦਾ
ਲੰਮਾ ਹੋ ਗਿਆ ਪੰਧ।
ਲਗਾਂ-ਲਗਾਖਰ ਉਸ ਦੀ ਇਕ ਹੋਰ ਦਿਲਚਸਪ ਕਵਿਤਾ ਹੈ:
ਬਿੰਦੀ ਬਹੁ ਰੂਪਾਂ ਵਿੱਚ ਬੋਲੇ
ਕਦੇ ਮੱਥੇ ਕਦੇ ਪੈਰਾਂ ਉਹਲੇ
ਅੱਧਕ ਅੜ ਜਾਏ ਅੜ ਜਾਂਦਾ
ਜਿਉਂ ਬੱਠਲ ਸਿਰ ’ਤੇ ਚੜ੍ਹ ਜਾਂਦਾ।
ਪੰਜਾਬੀ ਸਾਹਿਤ ਵਿੱਚ ਅਲੋਚਕਾਂ (ਸਾਰਿਆਂ ਦੀ ਨਹੀਂ) ਦੀ ਹਨੇਰਗਰਦੀ ਨੂੰ ਗੁਰਿੰਦਰਜੀਤ ਦੋਂਹ ਸਤਰਾਂ ਵਿੱਚ ਇਵੇਂ ਬਿਆਨ ਕਰਦਾ ਹੈ:
ਸਾਹਿਤਕ ਪੁਲਸ ਦੀ ਘੂਰ
ਨਜ਼ਮ ਅੰਞਾਣੀ ਚੂਰੋ ਚੂਰ।
ਉਸ ਦੀ ਵਾਰਤਕ ਵੀ ਕਵਿਤਾ ਵਰਗੀ ਹੈ ਜੋ ਨਿੱਕੇ ਨਿੱਕੇ ਖਿਆਲਾਂ ਨੂੰ ਪਰਵਾਜ਼ ਨਾਲ ਭਰਦੀ ਹੈ। ਧਰਤੀ ਹੇਠਲਾ ਪਾਣੀ ਮੁੱਕਣਾ ਉਸ ਨੂੰ ਬੇਚੈਨ ਕਰਦਾ ਹੈ। ਉਹ ਤਿੰਨ ਸਤਰਾਂ ਵਿੱਚ ਹੀ ਬਾਖੂਬੀ ਬਿਆਨ ਕਰ ਦਿੰਦਾ ਹੈ:
ਪਿਆਸ ਖ਼ਸਮ ਨੂੰ ਖਾਣੀ
ਪੀ ਕੇ ਖੂਹ ਨਲਕੇ
ਚੰਨ ’ਤੇ ਲੱਭੇ ਪਾਣੀ।
ਇਸ ਨਿਵੇਕਲੀ ਅਤੇ ਅਨੂਠੀ ਪੋਥੀ ਨੂੰ ਜੀ ਆਇਆਂ!
* * *
ਛਾਵਾਂ ਅੰਦਰਲਾ ਸੇਕ (ਰਵਿੰਦਰ ਭੱਠਲ)
ਹੱਥਲੀ ਪੁਸਤਕ ਵੀ ਬਰਾਸਤਾ ਆਤਮਜੀਤ ਮੇਰੇ ਕੋਲ ਪੁੱਜੀ। ਉਂਜ ਰਵਿੰਦਰ ਭੱਠਲ ਮੇਰੇ ਪਸੰਦੀਦਾ ਸ਼ਾਇਰਾਂ ਵਿੱਚੋਂ ਇੱਕ ਹੈ। ਉਹ ਪੰਜ ਦਹਾਕਿਆਂ ਤੋਂ ਕਵਿਤਾ ਨਾਲ ਬਾਵਸਤਾ ਹੈ। ਉਸ ਕੋਲ ਸੋਚ ਹੈ, ਵਿਚਾਰ ਹੈ, ਉਹ ਐਵੇਂ ਕਵਿਤਾ ਲਿਖਣ ਲਈ ਹੀ ਕਵਿਤਾ ਨਹੀਂ ਲਿਖਦਾ ਜਿਵੇਂ ਸਾਡੇ ਬਹੁਤੇ ਕਵੀ ਅੱਜਕਲ ਲਿਖ ਰਹੇ ਹਨ। ਡਾ. ਸਰਬਜੀਤ ਸਿੰਘ ਉਸ ਦੀ ਕਵਿਤਾ ਬਾਰੇ ਲਿਖਦੇ ਹਨ:
“ਰਵਿੰਦਰ ਭੱਠਲ ਦਾ ਕਾਵਿ ਪਾਤਰ ਜੀਵਨ ਜਿਊਣ ਦੀ ਰੀਝ ਨਾਲ ਭਰਿਆ ਹੋਇਆ ਸਮੂਹਕਤਾ ਵਿੱਚ ਹੀ ਸਵੈ ਨੂੰ ਸ਼ਾਮਲ ਕਰਦਾ ਹੈ।”
ਕਿਤਾਬ ਦੀ ਪਹਿਲੀ ਕਵਿਤਾ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ:
ਸਵੈ-ਕਥਨ
ਉਸ ਦੀ ਸ਼ਾਇਰੀ ਵਿੱਚ ਫ਼ਿਕਰਾਂ ਦੀ ਵੇਗ ’ਚ ਵਗਦੀ ਹਨੇਰੀ
ਬੇਵਸੀ ਦੀ ਬੇਰੋਕ ਵਰ੍ਹਦੀ ਬਾਰਿਸ਼
ਸਦੀਆਂ ਤੋਂ ਧਰਤ ’ਤੇ ਵਿਛੀਆਂ
ਨਿਮਾਣੀਆਂ ਨਿਤਾਣੀਆਂ ਜਿਹੀਆਂ
ਛਾਵਾਂ ਅੰਦਰਲਾ ਸੇਕ ਵੀ ਹੈ।
ਕੰਮ ਭਾਲਦੇ ਮਜ਼ਦੂਰਾਂ ਬਾਰੇ ਰਵਿੰਦਰ ਭੱਠਲ ਦੀ ਕਵਿਤਾ “ਸਾਡਾ ਅਕਾਸ਼ ਕਿੱਥੇ ਹੈ” ਉਚੇਚਾ ਧਿਆਨ ਖਿੱਚਦੀ ਹੈ:
ਲੇਬਰ ਚੌਕ ਹੀ ਇਹਨਾਂ ਦੀ
ਧਰਤ ਹੈ ਉਮੀਦਾਂ ਦੀ
ਇੱਥੇ ਹੀ ਸੁਪਨੇ ਕਰਵਟ ਲੈਂਦੇ
ਤੇ ਇੱਥੇ ਹੀ ਦੁਪਹਿਰ ਤਕ
ਬੇਉਮੀਦ ਹੋ ਤੋੜ ਦਿੰਦੇ ਨੇ ਦਮ
ਉਸ ਦੀ ਅਰਜ਼ੋਈ ਹੈ
ਸੁਹਾਗਣ ਕੋਲੋਂ ਵੰਗ ਨਾ ਖੋਹੀਂ
ਕਵੀ ਦੇ ਕੋਲੋਂ ਛੰਦ ਨਾ ਖੋਹੀਂ
ਮਾਂ ਬੋਲੀ ਦਾ ਪਿਆਰ ਨਾ ਖੋਹੀਂ
ਵੱਡਿਆਂ ਦਾ ਸਤਿਕਾਰ ਨਾ ਖੋਹੀਂ
ਬੁੱਲਾ, ਵਾਰਸ ਭੁੱਲਣ ਨਾ ਦੇਵੀਂ
ਵਾਕ ਗੁਰੂ ਦੇ ਰੁਲਣ ਨਾ ਦੇਵੀਂ
ਰਵਿੰਦਰ ਭੱਠਲ ਪਾਸ਼ ਵਾਂਗ ਜ਼ਿੰਦਗੀ ਨੂੰ ਖੂਬਸੂਰਤ ਦੇਖਣਾ ਲੋਚਦਾ ਹੈ। ਉਹ ਸ਼ਿਵ ਵਾਂਗ ਕਵਿਤਾ ਨੂੰ ਅੰਬਰੀਂ ਪਰਵਾਜ਼ ਭਰਦੀ ਦੇਖਣਾ ਚਾਹੁੰਦਾ ਹੈ। ਉਹ ਬੁੱਲੇ ਵਾਂਗ ਕਵਿਤਾ ਨੂੰ ਟਕੋਰਾਂ ਕਰਦੀ ਦੇਖਣਾ ਲੋਚਦਾ ਹੈ। ਉਹ ਵਾਰਸ ਸ਼ਾਹ ਵਾਂਗ ਕਵਿਤਾ ਨੂੰ ਨਖ਼ਰੀਲੀ ਦੇਖਣਾ ਚਾਹੁੰਦਾ ਹੈ। ਉਹ ਕਵਿਤਾ ਲਿਖਦਾ ਹੀ ਨਹੀਂ ਕਵਿਤਾ ਨੂੰ ਜਿਉਂਦਾ ਵੀ ਹੈ।
ਇਨ੍ਹਾਂ ਦੋਵਾਂ ਕਿਤਾਬਾਂ ਲਈ ਆਤਮਜੀਤ ਦਾ ਵੀ ਅਤੇ ਦੋਨਾਂ ਹੀ ਕਵੀਆਂ ਦਾ ਸ਼ੁਕਰਾਨਾ। ਤੁਸੀਂ ਵੀ ਪੜ੍ਹੋਗੇ ਤਾਂ ਸਰਸ਼ਾਰ ਹੋ ਜਾਓਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (