“ਹੱਟੇ ਕੱਟੇ ਚੁਸਤ ਚਲਾਕ ਕੁਝ ਆਦਮੀਆਂ ਨੇ ਸਾਡੇ ਇੱਕ ਸਾਥੀ ਨੂੰ ਜੱਫਾ ਮਾਰ ਲਿਆ। ਸਾਡੇ ...”
(2 ਜੂਨ 2025)
25 ਜੂਨ 1975 ਦਾ ਦਿਨ ਹਿੰਦੁਸਤਾਨ ਦੀ ਤਹਿਰੀਕ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਹੈ। ਇਸ ਦਿਨ ਨਾਗਰਿਕ ਆਜ਼ਾਦੀਆਂ ਦਾ ਘਾਣ ਕਰ ਦਿੱਤਾ ਗਿਆ ਸੀ। ਬੋਲਣ ਲਿਖਣ ਦੀ ਆਜ਼ਾਦੀ ਚੌਰਾਹੇ ਵਿੱਚ ਦਫ਼ਨ ਕਰ ਦਿੱਤੀ ਗਈ ਸੀ।
ਮੈਂ ਉਸ ਦਿਨ ਜਲੰਧਰ ਸ਼ਹਿਰ ਵਿੱਚ ਹੀ ਸੀ ਤੇ ਸਿਵਲ ਹਸਪਤਾਲ ਵਿੱਚ ਜ਼ਖ਼ਮੀ ਕਾਮਰੇਡ ਦਰਸ਼ਨ ਦੁਸਾਂਝ ਦੀ ਖ਼ਬਰ ਲੈਣ ਜਾਣਾ ਸੀ। ਸ਼ਹਿਰ ਵਿੱਚ ਅਖਬਾਰਾਂ ਵੇਚਣ ਅਤੇ ਵੰਡਣ ਵਾਲੇ ਛੋਟੇ ਛੋਟੇ ਪੈਂਫਲਿਟ ਲੋਕਾਂ ਵਿੱਚ ਵੰਡ ਰਹੇ ਸੀ, ਜਿਨ੍ਹਾਂ ਵਿੱਚ ਐਮਰਜੈਂਸੀ ਲੱਗਣ ਦੀ ਗੱਲ ਕਹੀ ਗਈ ਸੀ। ਉਸੇ ਰਾਤ ਹੀ ਸਾਰੇ ਅਖ਼ਬਾਰਾਂ ਉੱਤੇ ਸੈਂਸਰਸ਼ਿੱਪ ਵੀ ਲਾ ਦਿੱਤੀ ਗਈ। ਵਿਰੋਧੀ ਆਗੂ ਧੜਾਧੜ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ। ਖਾਸ ਕਰ ਕੇ ਜਨਸੰਘੀਆਂ ਉੱਪਰ ਜ਼ਿਆਦਾ ਹੀ ਸਖ਼ਤਾਈ ਕੀਤੀ ਗਈ ਕਿਉਂਕਿ ਉਹ ਜੈ ਪ੍ਰਕਾਸ਼ ਨਰਾਇਣ ਦੀ ਹਿਮਾਇਤ ਕਰ ਰਹੇ ਸਨ। ਡੀ.ਆਈ.ਆਰ ਜਿਹਾ ਕਾਲਾ ਕਾਨੂੰਨ ਹਰ ਵਿਰੋਧੀ ਉੱਪਰ ਮੜ੍ਹਿਆ ਗਿਆ।
ਕੋਈ ਮਹੀਨਾ ਕੁ ਪਹਿਲਾਂ, ਸ਼ਾਇਦ 22 ਮਈ 1975 ਨੂੰ ਜਲੰਧਰ ਨੇੜੇ ਸੂਰਾ ਨੁਸੀ ਲਾਗੇ ਕਾਮਰੇਡ ਦਰਸ਼ਨ ਦੁਸਾਂਝ ਅਤੇ ਕਾਮਰੇਡ ਜ਼ਿੰਦ (ਕਾਲਾ ਸੰਘਿਆਂ) ਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ। ਕਾਮਰੇਡ ਜ਼ਿੰਦ ਤਾਂ ਮੌਕੇ ’ਤੇ ਹੀ ਸ਼ਹੀਦ ਹੋ ਗਿਆ ਪਰ ਦਰਸ਼ਨ ਦੁਸਾਂਝ ਦੇ ਲੱਤਾਂ ਵਿੱਚ ਗੋਲੀਆਂ ਲੱਗੀਆਂ। ਲੋਕ ਇਕੱਠੇ ਹੋ ਗਏ। ਟਾਊਟ ਤ੍ਰਿਲੋਕਾ ਤੇ ਸਾਦੇ ਕੱਪੜਿਆਂ ਵਿੱਚ ਪੁਲਿਸ ਵਾਲੇ ਘਬਰਾ ਗਏ ਤੇ ਕਾਮਰੇਡ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਮੇਰਾ ਪਿੰਡ ਨੇੜੇ ਹੋਣ ਕਰਕੇ ਗੁਪਤਵਾਸ ਆਗੂਆਂ ਵੱਲੋਂ ਮੇਰੀ ਡਿਊਟੀ ਲਾਈ ਗਈ ਸੀ ਕਿ ਹਸਪਤਾਲ ਵਿੱਚ ਜਾ ਕੇ ਖ਼ਬਰਸਾਰ ਲੈਂਦਾ ਰਹਾਂ ਅਤੇ ਲੋੜ ਅਨੁਸਾਰ ਕੋਈ ਚੀਜ਼ ਵਸਤੂ ਵੀ ਪਹੁੰਚਦੀ ਕਰਦਾ ਰਹਾਂ।
ਪਰ ਹੁਣ ਮੁਸ਼ਕਿਲ ਬਣ ਗਈ ਕਿ ਹਸਪਤਾਲ ਵਿੱਚ ਕਿਵੇਂ ਜਾਇਆ ਜਾਵੇ? ਸਾਡੇ ਗੁਆਂਢੀ ਪਿੰਡ ਰਾਏਪੁਰ ਦਾ ਜਸਵੀਰ ਸਿੰਘ (ਜੋ ਸਾਡੇ ਤੋਂ ਦੋ ਕੁ ਸਾਲ ਅੱਗੇ ਪੜ੍ਹਦਾ ਸੀ) ਜਲੰਧਰ ਵਕੀਲ ਸੀ, ਜੋ ਬਾਅਦ ਵਿੱਚ ਹਾਈਕੋਰਟ ਦਾ ਜੱਜ ਰਿਟਾਇਰ ਹੋਇਆ। ਉਸਦੀ ਵੱਡੀ ਭੈਣ ਦਾ ਪ੍ਰਾਹੁਣਾ ਜਲੰਧਰ ਹਸਪਤਾਲ ਵਿੱਚ ਐੱਸ.ਐੱਮ.ਓ ਲੱਗਿਆ ਹੋਇਆ ਸੀ। ਮੈਂ ਉਹਦੇ ਨਾਲ ਸੰਪਰਕ ਕੀਤਾ ਤਾਂ ਜਸਵੀਰ ਸਿੰਘ ਕਹਿੰਦਾ ਕਿ ਗੱਲ ਤਾਂ ਖ਼ਤਰੇ ਵਾਲੀ ਹੈ ਪਰ ਮੈਂ ਗੱਲ ਕਰ ਕੇ ਦੇਖਦਾ ਹਾਂ। ਖੈਰ ਉਨ੍ਹਾਂ ਮੇਰੀ ਦੋ ਤਿੰਨ ਮਿੰਟ ਦੀ ਮੁਲਾਕਾਤ ਕਰਵਾ ਦਿੱਤੀ ਇਹ ਕਹਿ ਕੇ ਮੈਂ ਵੀ ਹਸਪਤਾਲ ਦਾ ਮੁਲਾਜ਼ਮ ਹੀ ਹਾਂ। ਬੱਸ ਮੈਂ ਕਾਮਰੇਡ ਦਰਸ਼ਨ ਦੁਸਾਂਝ ਨੂੰ ਏਨਾ ਹੀ ਕਹਿ ਸਕਿਆ ਕਿ ਐਮਰਜੈਂਸੀ ਕਾਰਨ ਹੁਣ ਮਿਲਿਆ ਨਹੀਂ ਜਾ ਸਕਣਾ। ਕਾਮਰੇਡ ਨੇ ਅੱਖਾਂ ਵਿੱਚ ਹੀ ਇਸ਼ਾਰੇ ਨਾਲ ਗੱਲ ਸਮਝ ਲਈ ਤੇ ਸਮਝਾ ਦਿੱਤੀ।
ਪਹਿਲਾਂ ਤੋਂ ਹੀ ਗੁਪਤਵਾਸ ਸਾਥੀ ਹੋਰ ਵੀ ਚੌਕਸ ਹੋ ਗਏ। ਪੰਜਾਬ ਸਟੂਡੈਂਟਸ ਯੂਨੀਅਨ ਅਤੇ ਹੋਰ ਕ੍ਰਾਂਤੀਕਾਰੀ ਜਥੇਬੰਦੀਆਂ ਵੀ ਖੁੱਲ੍ਹੇਆਮ ਕੰਮ ਨਹੀਂ ਕਰ ਸਕਦੀਆਂ ਸਨ। ਵਿਰੋਧੀ ਪਾਰਟੀਆਂ ਵਿੱਚ ਹਾਲ ਪਾਹਰਆ ਹੋ ਗਈ। ਸਿਆਸੀ ਵਿਰੋਧੀਆਂ ਦੇ ਨਾਮ ’ਤੇ ਮਾੜੇ ਮੋਟੇ ਨਸ਼ੇ ਕਰਨ ਵਾਲੇ ਤੇ ਸਮਗਲਰਾਂ ਨੂੰ ਜੇਲ੍ਹੀਂ ਡੱਕ ਦਿੱਤਾ ਗਿਆ। ਪੰਜਾਬ ਵਿੱਚ ਅਕਾਲੀ ਦਲ ਨੂੰ ਭਾਵੇਂ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਪਰ ਉਨ੍ਹਾਂ ਐਮਰਜੈਂਸੀ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਜਥੇ ਬਣਾ ਕੇ ਜੇਲ੍ਹਾਂ ਭਰਨ ਦਾ ਪ੍ਰੋਗਰਾਮ ਬਣਾ ਲਿਆ, ਜੋ ਬੜੀ ਕਾਮਯਾਬੀ ਨਾਲ ਚਲਦਾ ਰਿਹਾ। ਇੰਦਰਾ ਗਾਂਧੀ ਨੇ ਭਰਪੂਰ ਸਿੰਘ ਬਲਬੀਰ ਵਰਗੇ ਦੋਗਲੇ ਬੰਦਿਆਂ ਰਾਹੀਂ ਅਕਾਲੀਆਂ ਨਾਲ ਸੁਲਾਹ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਅਕਾਲੀ ਡਟੇ ਰਹੇ। ਭਰਪੂਰ ਸਿੰਘ ਬਲਬੀਰ ਵਾਲੀ ਗੱਲ ਦਾ ਵੀ ਪਤਾ ਸਾਨੂੰ ਕਪੂਰਥਲਾ ਜੇਲ੍ਹ ਵਿੱਚ ਲੱਗਾ, ਜਦੋਂ ਉਸਨੇ ਸਾਡੇ ਨਾਲ ਬੰਦ ਮਰਹੂਮ ਸੁਖਜਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਤੇ ਉਹ ਸਾਡੇ ਹੱਥ ਲੱਗ ਗਈ।
ਐਮਰਜੈਂਸੀ ਕਿਉਂ ਲਾਈ ਗਈ?
ਲੋਕ ਸਭਾ ਦੀਆਂ ਚੋਣਾਂ ਵਿੱਚ ਬਰੇਲੀ ਤੋਂ ਕਾਂਗਰਸ ਦੀ ਉਮੀਦਵਾਰ ਇੰਦਰਾ ਗਾਂਧੀ ਦੀ ਚੋਣ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਫੈਸਲਾ ਉਸਦੇ ਵਿਰੋਧ ਵਿੱਚ ਦਿੱਤਾ। ਪਰ ਇੰਦਰਾ ਗਾਂਧੀ ਮੰਨਣ ਨੂੰ ਤਿਆਰ ਨਹੀਂ ਸੀ। ਉੱਧਰ ਜੈ ਪ੍ਰਕਾਸ਼ ਨਰਾਇਣ ਨੇ ਕਾਂਗਰਸ ਵਿਰੁੱਧ ਇੱਕ ਵੱਡੀ ਲਾਮਬੰਦੀ ਕਰ ਕੇ ਹਰ ਸੂਬੇ ਦੇ ਲੱਖਾਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੇ ਵੀ ਉਸ ਨਾਲ ਸਹਿਮਤ ਸਨ। ਲੋਕਾਂ ਦੀ ਚੜ੍ਹਤ ਦੇਖ ਕੇ ਜੈ ਪ੍ਰਕਾਸ਼ ਨਰਾਇਣ ਨੇ ਫੌਜ ਨੂੰ ਵੀ ਬਗਾਵਤ ਕਰਨ ਦਾ ਸੱਦਾ ਦੇ ਦਿੱਤਾ। ਸੀ.ਪੀ.ਆਈ. ਤੇ ਉਸਦੇ ਆਕਾ ਰੂਸ ਦੀ ਖੁਫ਼ੀਆ ਏਜੰਸੀ ਕੇ.ਜੀ.ਬੀ. ਸਾਰੇ ਹਾਲਾਤ ਉੱਪਰ ਬਰਾਬਰ ਨਜ਼ਰ ਰੱਖ ਰਹੀ ਸੀ। ਦੱਸਦੇ ਹਨ ਕਿ ਇੰਦਰਾ ਗਾਂਧੀ ਨੇ ਰੂਸ ਦੀ ਸਲਾਹ ’ਤੇ ਹਿਮਾਇਤ ਨਾਲ ਹੀ ਦੇਸ਼ ਨੂੰ ਐਮਰਜੈਂਸੀ ਵੱਲ ਧੱਕ ਦਿੱਤਾ ਸੀ।
ਉੱਧਰ ਇੰਦਰਾ ਦੇ ਲਾਡਲੇ ਪੁੱਤ ਸੰਜੇ ਗਾਂਧੀ ਨੇ ਵੀ ਆਪ ਹੁਦਰੀਆਂ ਦੀ ਇੰਤਹਾ ਕਰ ਦਿੱਤੀ। ਉਹ ਲੋਕ ਸਭਾ ਵਿੱਚ ਵਿਰੋਧੀਆਂ ਨੂੰ ਗਾਲ੍ਹਾਂ ਕੱਢਣ ਤੇ ਜ਼ਬਰਦਸਤੀ ਬਾਹਰ ਕੱਢਣ ਤਕ ਜਾਂਦਾ ਰਿਹਾ। ਗੁੰਡਿਆਂ ਦਾ ਇੱਕ ਵੱਡਾ ਗਰੁੱਪ ਹਮੇਸ਼ਾ ਉਹਦੀ ਹਿਮਾਇਤ ਵਿੱਚ ਖੜ੍ਹਦਾ। ਜਬਰੀ ਨਸਬੰਦੀ ਵੀ ਸ਼ੁਰੂ ਕਰ ਦਿੱਤੀ ਗਈ, ਅਖੇ ਜਨ ਸੰਖਿਆ ਉੱਪਰ ਕਾਬੂ ਪਾਉਣਾ ਹੈ। ਹੇਠਲੇ ਪੱਧਰ ’ਤੇ ਅਫਸਰਾਂ ਨੂੰ ਤਰੱਕੀਆਂ ਦਾ ਲਾਲਚ ਦੇ ਕੇ ਵੱਧ ਤੋਂ ਵੱਧ ਕੇਸ ਲਿਆਉਣ ਦੀ ਸਖ਼ਤ ਹਦਾਇਤ ਕਰ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਲੱਖਾਂ ਬੁੱਢਿਆਂ, ਛੜਿਆਂ ਤੇ ਨੌਜਵਾਨਾਂ ਨੂੰ ਜਬਰੀ ਫੜ ਕੇ ਨਸਬੰਦੀ ਕਰ ਦਿੱਤੀ ਗਈ। ਲੋਕਾਂ ਵਿੱਚ ਹਾਹਾਕਾਰ ਮਚ ਗਈ। ਇੰਦਰਾ ਨੇ ਵੀਹ ਨੁਕਾਤੀ ਪ੍ਰੋਗਰਾਮ ਲਾਗੂ ਕੀਤਾ, ਜਿਸਦਾ ਮੁੱਖ ਉਦੇਸ਼ ਉਸਨੇ ‘ਗਰੀਬੀ ਹਟਾਓੁ’ ਦੱਸਿਆ ਪਰ ਅਸਲ ਵਿੱਚ ਇਹ ‘ਗਰੀਬ ਹਟਾਓ’ ਬਣ ਕੇ ਰਹਿ ਗਿਆ।
ਲੋਕ ਕਵੀ ਜੁਗਿੰਦਰ ਮਤਵਾਲੇ ਨੇ ਗਾਣਾ ਬਣਾ ਦਿੱਤਾ:
ਵੀਹ ਨੁਕਤੇ ਅੰਮਾ ਦੇ, ਨੁਕਤੇ ਪੁੱਤਰ ਪੰਜ ਬਣਾਏ,
ਬਾਕੀ ਉਡ ਗਏ ਨੁਕਤੇ, ਨੁਕਤਾ ਇੱਕੋ ਭੜਥੂ ਪਾਏ।
ਇਹ ਗੀਤ ਬੜਾ ਮਕਬੂਲ ਹੋਇਆ। ਪਿੰਡਾਂ, ਸ਼ਹਿਰਾਂ ਦੇ ਲੋਕਾਂ ਦੀ ਜ਼ਬਾਨ ਉੱਪਰ ਇਹ ਗੀਤ ਗੂੰਜਣ ਲੱਗ ਗਿਆ।
ਕਿਉਂਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ ਵੀ ਐਮਰਜੈਂਸੀ ਦੀ ਸਖ਼ਤ ਵਿਰੋਧਤਾ ਕੀਤੀ ਸੀ, ਇਸ ਲਈ ਕਿੰਨੇ ਹੀ ਜਾਣੇ ਜਾਂਦੇ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆਗੂਆਂ ਦੇ ਵਰੰਟ ਕੱਢੇ ਗਏ ਅਤੇ ਕਈਆਂ ਨੇ ਇਹਤਿਆਤ ਵਜੋਂ ਆਪਣੀਆਂ ਸਰਗਰਮੀਆਂ ਗੁਪਤ ਅਤੇ ਅਰਧ ਗੁਪਤ ਕਰ ਦਿੱਤੀਆਂ। ਉਹ ਪਿੰਡਾਂ, ਸ਼ਹਿਰਾਂ ਤੇ ਕਾਲਜਾਂ ਵਿੱਚ ਲੁਕਵੇਂ ਢੰਗ ਨਾਲ ਮੀਟਿੰਗਾਂ ਕਰਾਉਂਦੇ ਤੇ ਹੋਰਾਂ ਨੂੰ ਇਸ ਲਈ ਤਿਆਰ ਕਰਦੇ। ਰਾਤਾਂ ਨੂੰ ਐਮਰਜੈਂਸੀ ਦਾ ਵਿਰੋਧ ਕਰਦੇ ਇਸ਼ਤਿਹਾਰ ਲਗਾਉਂਦੇ ਅਤੇ ਸਕੂਲਾਂ ਕਾਲਜਾਂ ਦੀਆਂ ਕੰਧਾਂ ਕਾਲੇ ਅਤੇ ਲਾਲ ਰੰਗ ਦੇ ਰੰਗਾਂ ਨਾਲ ਨਾਅਰੇ ਲਿਖ ਕੇ ਭਰ ਦਿੰਦੇ। ਲੇਖਕਾਂ ਅਤੇ ਕਵੀਆਂ ਵਿੱਚੋਂ ਵੀ ਬਹੁਤ ਸਾਰੇ ਜਾਂ ਤਾਂ ਫੜ ਲਏ ਗਏ ਅਤੇ ਜਾਂ ਉਨ੍ਹਾਂ ਦੇ ਘਰਾਂ ਵਿੱਚ ਛਾਪੇ ਮਾਰੇ ਜਾਂਦੇ ਸਨ।
ਬੱਸਾਂ ਵਿੱਚ ਸਫ਼ਰ ਕਰਨ ਸਮੇਂ ਵੀ ਅਸੀਂ ਬਹੁਤ ਹੀ ਚੌਕਸੀ ਤੋਂ ਕੰਮ ਲੈਂਦੇ। ਜਿਵੇਂ ਵੱਡੇ ਸ਼ਹਿਰ ਦੇ ਅੱਡੇ ਤੋਂ ਚੜ੍ਹਨ ਦੀ ਬਜਾਇ ਉਸਦੇ ਨਾਲ ਲਗਦੇ ਪਿੰਡ ਤੋਂ ਚੜ੍ਹਿਆ ਜਾਂਦਾ ਜਾ ਜ਼ਿਆਦਾਤਰ ਥੋੜ੍ਹੇ ਸਫ਼ਰ ਲਈ ਸਾਈਕਲ ਦੀ ਵਰਤੋਂ ਹੀ ਠੀਕ ਸਮਝਦੇ। ਯੂਨੀਅਨ ਦੇ ਆਗੂਆਂ ਦੇ ਕਾਲਜਾਂ ਯੂਨੀਵਰਸਟੀਆਂ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਨ੍ਹਾਂ ਦਿਨਾਂ ਵਿੱਚ ਯੂਨੀਅਨ ਅਤੇ ਹੋਰ ਸਭਾਵਾਂ ਦੇ ਵਰਕਰ ਮੋਢੇ ਉੱਤੇ ਲੰਮੀ ਬੱਧਰੀ ਵਾਲਾ ਝੋਲਾ ਪਾਉਂਦੇ ਆਮ ਹੀ ਦੇਖੇ ਜਾਂਦੇ ਸਨ, ਜਿਸ ਵਿੱਚ ਰਾਤ ਕੱਟਣ ਲਈ ਕੁੜਤਾ ਪਜਾਮਾ ਤੇ ਜਾਂ ਕੋਈ ਮੈਗਜ਼ੀਨ ਕਿਤਾਬ ਹੁੰਦੀ ਸੀ। ਫਿਰ ਵੀ ਆਮ ਤੌਰ ’ਤੇ ਅਣਗਹਿਲੀ ਵਰਤੀ ਜਾਂਦੀ ਸੀ। ਸਾਡੇ ਨਾਲ ਹੀ ਇੱਕ ਘਟਨਾ ਅਜਿਹੀ ਵਾਪਰੀ। ਮਾਣੂਕੇ ਪਿੰਡ ਵਿੱਚ ਖੇਤਾਂ ਵਿੱਚ ਵਸਦੇ ਇੱਕ ਡੇਰੇ ’ਤੇ ਸਾਡੀ ਸਕੂਲਿੰਗ ਸੀ। ਸਵੇਰੇ ਅਸੀਂ ਨਾਲਦੇ ਪਿੰਡ ਤੋਂ ਚੜ੍ਹ ਕੇ ਬਾਘੇ ਪੁਰਾਣੇ ਜਾਣਾ ਸੀ ਤੇ ਉੱਥੋਂ ਲੁਧਿਆਣੇ ਵੱਲ ਦੀ ਬੱਸ ਲੈ ਕੇ ਜਲੰਧਰ ਪਹੁੰਚਣਾ ਸੀ। ਇੱਕ ਬੰਦਾ ਸਾਨੂੰ ਬੜੀ ਗਹਿਰੀ ਨਜ਼ਰ ਨਾਲ ਦੇਖ ਰਿਹਾ ਸੀ। ਸਾਡੇ ਨਾਲ ਹੀ ਉਹ ਵੀ ਬੱਸ ਚੜ੍ਹ ਗਿਆ। ਮੇਰੇ ਨਾਲ ਕਮਲਜੀਤ ਵਿਰਕ ਸੀ, ਜੋ ਉਸ ਸਮੇਂ ਸੂਬਾ ਕਮੇਟੀ ਮੈਂਬਰ ਵੀ ਸੀ। ਸਾਡੇ ਗਲਾਂ ਵਿੱਚ ਵੀ ਲੰਮੀ ਬਧਰੀ ਵਾਲੇ ਝੋਲੇ ਪਾਏ ਹੋਏ ਸਨ। ਸਾਡੇ ਕੱਪੜੇ ਵੀ ਮਾਲਵੇ ਵਿੱਚ ਪਹਿਨੇ ਜਾਂਦੇ (ਕੁੜਤਾ ਪਜਾਮਾ ਆਦਿ) ਕੱਪੜਿਆਂ ਵਰਗੇ ਨਹੀਂ ਸਨ। ਅਸੀਂ ਤਾਂ ਪੈਂਟ-ਸ਼ਰਟ ਪਾਈ ਹੋਈ ਸੀ। ਉਸ ਨੂੰ ਸ਼ੱਕ ਹੋ ਗਿਆ। ਅਸੀਂ ਆਪਣੀ ਅਣਗਹਿਲੀ ਨੂੰ ਕੋਸ ਰਹੇ ਸੀ। ਬਾਘੇ ਪੁਰਾਣੇ ਬੱਸ ਅੱਡੇ ਦੇ ਨਾਲ ਹੀ ਪੁਲਿਸ ਥਾਣਾ ਹੁੰਦਾ ਸੀ। ਉਹ ਬੰਦਾ ਕਾਹਲੀ ਨਾਲ ਥਾਣੇ ਜਾ ਵੜਿਆ। ਸਾਡਾ ਸ਼ੱਕ ਪੱਕਾ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਸੈਲੂਲਰ ਫੋਨ ਤਾਂ ਹੁੰਦੇ ਨਹੀਂ ਸਨ, ਨਹੀਂ ਤਾਂ ਉਸਨੇ ਫੋਨ ਕਰ ਕੇ ਹੀ ਇਤਲਾਹ ਦੇ ਦੇਣੀ ਸੀ। ਅੱਡੇ ਵਿੱਚ ਲੁਧਿਆਣਾ ਅਤੇ ਫ਼ਰੀਦਕੋਟ ਵਾਲੀਆਂ ਬੱਸਾਂ ਵੀ ਤਿਆਰ ਖੜ੍ਹੀਆਂ ਸਨ। ਅਸੀਂ ਫਰੀਦਕੋਟ ਵਾਲੀ ਬੱਸ ਵਿੱਚ ਚੜ੍ਹ ਗਏ ਜੋ ਸਾਡੇ ਚੜ੍ਹਦਿਆਂ ਹੀ ਤੁਰ ਪਈ। ਸਾਡਾ ਸਾਹ ਵਿੱਚ ਸਾਹ ਆਇਆ ਤੇ ਬਚਾ ਹੋ ਗਿਆ। ਉਸ ਤੋਂ ਬਾਅਦ ਮਾਲਵੇ ਵਾਲੇ ਸਾਥੀ ਪੈਂਟ ਕਮੀਜ਼ ਪਾ ਕੇ ਆਉਂਦੇ ਤੇ ਦੁਆਬੇ ਵਾਲੇ ਮਾਲਵੇ ਜਾਂ ਮਾਝੇ ਜਾਣ ਲਈ ਆਮ ਤੌਰ ’ਤੇ ਕੁੜਤਾ ਪਜਾਮਾ ਤੇ ਪਰਨਾ ਜ਼ਰੂਰ ਲੈ ਕੇ ਜਾਂਦੇ। ਮਾਲਵੇ ਵਿੱਚ ਉਨ੍ਹੀਂ ਦਿਨੀਂ ਪਰਨੇ ਜਾਂ ਸਾਫੇ ਨੂੰ ‘ਸਮੋਸਾ’ ਕਹਿੰਦੇ ਹੁੰਦੇ ਸਨ। ਸਾਨੂੰ ਬੜਾ ਹਾਸਾ ਆਉਣਾ।
ਉਨ੍ਹੀਂ ਦਿਨੀਂ ਸਾਈਕਲ ਉੱਪਰ ਤੀਹ ਚਾਲੀ ਕਿਲੋਮੀਟਰ ਦਾ ਸਫ਼ਰ ਕਰਨਾ ਆਮ ਜਿਹੀ ਗੱਲ ਹੁੰਦੀ ਸੀ। ਬਹੁਤੇ ਸਾਥੀ ਸਾਈਕਲ ਦੀ ਹੀ ਵਰਤੋਂ ਕਰਦੇ ਸਨ। ਜ਼ਿਆਦਾ ਦੂਰ ਜਾਣ ਸਮੇਂ ਹੀ ਬੱਸ ਜਾਂ ਰੇਲ ਦੀ ਸਵਾਰੀ ਕਰਦੇ। ਕਈ ਵਾਰ ਚੌਕਸੀ ਵਰਤੀ ਵੀ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਸਾਡੀ ਗ੍ਰਿਫ਼ਤਾਰੀ ਵੇਲੇ ਹੋਇਆ। ਅਸੀਂ (ਮੈਂ ਅਤੇ ਕਮਲਜੀਤ ਵਿਰਕ ਜੋ ਦੁਆਬੇ ਦੀ ਅਗਵਾਈ ਕਰਦਾ ਸੀ) ਫਗਵਾੜੇ ਤੋਂ ਜਲੰਧਰ ਜਾਣਾ ਸੀ। ਉਸ ਰਾਤ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਸੀ ਪਰ ਸਾਡੇ ਤੋਂ ਬਗੈਰ ਕਿਸੇ ਨੂੰ ਪਤਾ ਨਹੀਂ ਸੀ ਕਿ ਮੀਟਿੰਗ ਦੀ ਥਾਂ ਕਿਹੜੀ ਹੈ। ਬੱਸ ਅੱਡੇ ਦੇ ਨਾਲ ਨਰਿੰਦਰ ਸਿਨਮੇ ’ਤੇ ਅਸੀਂ ਸਭ ਨੂੰ ਮਿਲਣਾ ਸੀ। ਸੋ ਅਸੀਂ ਫਗਵਾੜੇ ਦੇ ਮੁੱਖ ਅੱਡੇ ਤੋਂ ਚੜ੍ਹਨ ਦੀ ਬਜਾਏ ਦੋ ਕੁ ਮੀਲ ਹਟਵੇਂ ਚੱਕ ਹਕੀਮ ਦੇ ਅੱਡੇ ਤੋਂ ਬੱਸ ਫੜ ਕੇ ਜਲੰਧਰ ਪਹੁੰਚੇ। ਥੋੜ੍ਹੇ ਸਮੇਂ ਵਿੱਚ ਜਦੋਂ ਫਰੀਦਕੋਟ, ਅੰਮ੍ਰਿਤਸਰ ਤੇ ਬਠਿੰਡਾ, ਸੰਗਰੂਰ ਵਾਲੇ ਸਾਥੀ ਪਹੁੰਚ ਗਏ ਤਾਂ ਅਚਾਨਕ ਸਿਵਲ ਕੱਪੜਿਆਂ ਵਿੱਚ ਹੱਟੇ ਕੱਟੇ ਚੁਸਤ ਚਲਾਕ ਕੁਝ ਆਦਮੀਆਂ ਨੇ ਸਾਡੇ ਇੱਕ ਸਾਥੀ ਨੂੰ ਜੱਫਾ ਮਾਰ ਲਿਆ। ਸਾਡੇ ਖਾਨਿਉਂ ਗਈ ਕਿ ਇਹ ਕੀ ਭਾਣਾ ਵਰਤ ਗਿਆ। ਲੋਕਾਂ ਦੇ ਪੁੱਛਣ ’ਤੇ ਉਹਨਾਂ ਕਿਹਾ ਕਿ ਇਹ ਜੇਬ ਕਤਰੇ ਹਨ। ਅਸੀਂ ਭੱਜ ਨਿਕਲੇ। ਉਦੋਂ ਨਰਿੰਦਰ ਸਿਨਮੇ ਅਤੇ ਬੱਸ ਅੱਡੇ ਵਿਚਕਾਰ ਕੋਈ ਇਮਾਰਤ ਨਹੀਂ ਸੀ। ਇਹ ਫਰਵਰੀ ਦੇ ਪਹਿਲੇ ਹਫ਼ਤੇ 1976 ਦੀ ਗੱਲ ਹੈ। ਬੱਸ ਫਿਰ ਕੀ ਸੀ। ਪਹਿਲਾਂ ਤੋਂ ਹੀ ਉਡੀਕ ਕਰਦੀ ਇਹ ਚਿੱਟ ਕੱਪੜਿਆਂ ਵਾਲੀ ਪੁਲਿਸ ਟੋਲੀ ਸੀ। ਸਾਡੇ ਵਿੱਚੋਂ ਹੀ ਇੱਕ ਨੇ ਇਸ ਮੀਟਿੰਗ ਦੀ ਸੂਹ ਦਿੱਤੀ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਸਾਡੇ ਪਿੰਡ ਹਰਦੋ ਫਰਾਲਾ (ਨੇੜੇ ਜਲੰਧਰ ਛਾਉਣੀ) ਦੀ ਅਖੀਰਲੀ ਬੱਸ ਫੜ ਕੇ ਪਿੰਡ ਜਾਣਾ ਸੀ। ਨਹੀਂ ਤਾਂ ਉਨ੍ਹਾਂ ਬੜੇ ਅਰਾਮ ਨਾਲ ਸਾਨੂੰ ਸਾਡੇ ਪਿੰਡ ਤੋਂ ਹੀ ਗ੍ਰਿਫ਼ਤਾਰ ਕਰ ਲੈਣਾ ਸੀ ਅਤੇ ਇਲਜ਼ਾਮ ਵੀ ਮੇਰੇ ਸਿਰ ਹੀ ਆ ਜਾਣਾ ਸੀ।
ਉਸੇ ਰਾਤ ਸਾਨੂੰ ਅਲੱਗ ਅਲੱਗ ਕਰ ਕੇ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਲਿਜਾਇਆ ਗਿਆ। ਫੜਨ ਸਮੇਂ ਚੰਗੀ ਗੱਲ ਇਹ ਹੋਈ ਕਿ ਸਾਡਾ ਇੱਕ ਵਰਕਰ ਜੰਡਿਆਲਾ (ਮੰਜਕੀ) ਤੋਂ ਫਿਲਮ ਦੇਖਣ ਆਇਆ ਹੋਇਆ ਸੀ। ਉਸਨੇ ਜਾ ਕੇ ਅਜੀਤ ਵਿੱਚ ਖ਼ਬਰ ਲੁਆ ਦਿੱਤੀ ਕਿ ਸਾਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣੇ ਵਾਲੇ ਵੀ ਹੈਰਾਨ ਕਿ ਇਹ ਕਿਵੇਂ ਹੋ ਗਿਆ। ਸਾਡੇ ਬਚਾ ਲਈ ਇਹ ਬੜਾ ਸਹਾਈ ਹੋਇਆ। ਇੱਕ ਰਾਤ ਸੀ.ਆਈ.ਏ. ਸਟਾਫ ਵਿੱਚ ਰਾਤ ਕੱਟਣ ਤੇ ਤਫਤੀਸ਼ ਕਰਨ ਤੋਂ ਬਾਅਦ ਸਾਡਾ ਇੱਕ ਹਫ਼ਤੇ ਦਾ ਰਿਮਾਂਡ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦਾ ਲੈ ਲਿਆ ਗਿਆ। ਬਾਅਦ ਵਿੱਚ ਜੇਲ੍ਹਾਂ, ਡੀ.ਆਈ.ਆਰ ਤੇ ਮੀਸਾ ਵਰਗੇ ਕਾਨੂੰਨਾਂ ਤਹਿਤ ਅਸੀਂ ਸਾਰੀ ਐਮਰਜੈਂਸੀ ਬੰਦ ਰਹੇ। ਸਗੋਂ ਉਸ ਤੋਂ ਵੀ ਬਾਅਦ ਜਨਤਾ ਸਰਕਾਰ ਬਣਨ ਸਮੇਂ ਹੀ ਰਿਹਾਅ ਹੋਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)