MeharManakDr7ਅੱਜ ਪੰਜਾਬ ਦਾ ਸਮੁੱਚਾ ਅਰਥਚਾਰਾ ਅਤੇ ਸਰਕਾਰ ਆਰਥਿਕ ਸੰਕਟ ...
(21 ਜੁਲਾਈ 2025)


ਪੰਜਾਬ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਨਵੀਂਆਂ ਲੀਹਾਂ ਉੱਤੇ ਪਾਉਣ ਲਈ ਇੱਕ ਲੈਂਡ ਪੂਲਿੰਗ ਪੌਲਿਸੀ ਲੈ ਕੇ ਆਂਦੀ ਹੈ
, ਜਿਸਦਾ ਉਦੇਸ਼ ਪੰਜਾਬ ਦੀ ਵਿਕਾਸ ਯੋਜਨਾ ਵਿੱਚ ਭੂਮੀ ਮਾਲਕਾਂ, ਪ੍ਰਮੋਟਰਾਂ ਅਤੇ ਕੰਪਨੀਆਂ ਨੂੰ ਭਾਈਵਾਲ ਵਜੋਂ ਸ਼ਾਮਲ ਕਰਨਾ ਅਤੇ ਭੂਮੀ ਮਾਲਕਾਂ ਦੀ ਇਸ ਪੌਲਿਸੀ ਵਿੱਚ ਦਿਲਚਸਪੀ ਵਧਾਉਣਾ ਹੈ, ਜਿਸ ਤਹਿਤ ਸਰਕਾਰ ਸੂਬੇ ਦੇ 27 ਸ਼ਹਿਰਾਂ ਦੇ ਆਲੇ ਦੁਆਲੇ ਅਰਬਨ ਅਸਟੇਟ ਵਿਕਸਿਤ ਕਰਨ ਲਈ 65533 ਏਕੜ ਜ਼ਮੀਨ ਦੀ ਕਾਗਜ਼ੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈਸਰਕਾਰ ਨੇ 6 ਇਨਡਸਟਰੀਅਲ ਜ਼ੋਨ ਬਣਾਉਣ ਵਾਸਤੇ ਲੁਧਿਆਣਾ ਜ਼ਿਲ੍ਹੇ ਦੇ 32 ਪਿੰਡਾਂ ਦੀ 24511 ਏਕੜ ਜ਼ਮੀਨ ਐਕਵਾਇਰ ਕਰਨੀ ਹੈਸਰਕਾਰ ਮੁਤਾਬਿਕ ਰੀਅਲ ਅਸਟੇਟ ਵਾਲੇ ਲੋਕਾਂ ਦੀ ਲੁੱਟ ਕਰਦੇ ਹਨ ਅਤੇ ਕਲੋਨੀਆਂ ਬਣਾ ਕੇ ਮਹਿੰਗੇ ਘਰ ਵੇਚਦੇ ਹਨਇਹ ਕਲੋਨੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੀਆਂ ਰਹਿ ਜਾਂਦੀਆਂ ਹਨ, ਇਸ ਕਰਕੇ ਸਰਕਾਰ ਜ਼ਮੀਨ ਐਕਵਾਇਰ ਕਰਕੇ ਆਪਣੀ ਦੇਖ ਰੇਖ ਵਿੱਚ ਵਿਕਸਿਤ ਕਰੇਗੀਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਕਾਲੋਨਾਈਜ਼ਰਾਂ ਨੂੰ ਖੁੱਲ੍ਹ ਕਿਸਨੇ ਅਤੇ ਕਿਉਂ ਦਿੱਤੀ ਹੈ? ਕੀ ਸਰਕਾਰ ਇਨ੍ਹਾਂ ਖਿਲਾਫ ਕਾਰਵਾਈ ਕਰਕੇ ਕਲੋਨੀਆਂ ਦੀ ਵਿਗੜੀ ਹਾਲਤ ਨੂੰ ਸੁਧਾਰ ਨਹੀਂ ਸਕਦੀ? ਦੂਸਰੀ ਗੱਲ, ਪੰਜਾਬ ਦੇ ਬਾਸ਼ਿੰਦਿਆਂ ਕੋਲ ਰਿਹਾਇਸ਼ ਦੀ ਕੋਈ ਸਮੱਸਿਆ ਨਹੀਂ ਹੈਅਗਰ ਇਹ ਕਲੋਨੀਆਂ ਦਾ ਪਸਾਰਾ ਅਤੇ ਖਿਲਾਰਾ ਬਹੁਤ ਦੇਰ ਤੋਂ ਲਗਾਤਾਰ ਰਿਹਾ ਹੈ ਤਾਂ ਦੇਖਣ ਦੀ ਇਹ ਜ਼ਰੂਰਤ ਹੈ ਕਿ ਇਹ ਕਿਉਂ ਅਤੇ ਕਿਨ੍ਹਾਂ ਲੋਕਾਂ ਲਈ ਹੋ ਰਿਹਾ ਹੈ? ਇਸਦੇ ਆਰਥਿਕ ਅਤੇ ਸਮਾਜਿਕ ਪਹਿਲੂ ਕੀ ਹਨ? ਇੱਕ ਅੰਦਾਜ਼ੇ ਮੁਤਾਬਿਕ ਜੇਕਰ 43533 ਏਕੜ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਿੱਥੇ ਤਕਰੀਬਨ 14000 ਪਰਿਵਾਰਾਂ ਦਾ ਉਜਾੜਾ ਹੋਵੇਗਾ, ਉੱਥੇ ਉਸਦੇ ਨਾਲ ਹੀ ਸੂਬੇ ਅੰਦਰ ਝੋਨੇ ਦੀ ਡੇਢ ਲੱਖ ਟਨ ਪੈਦਾਵਾਰ ਵੀ ਘਟੇਗੀ ਅਤੇ ਕਾਮੇਂ ਵਰਗ ਲਈ ਕੰਮ ਦੇ ਮੌਕੇ ਵੀ ਮਨਫੀ ਹੋ ਜਾਣਗੇ

ਸਰਕਾਰ ਨੇ ਅਗਾਂਹ ਕਿਹਾ ਹੈ ਕਿ ਉਹ ਪੰਜਾਬ ਦੇ 27 ਸ਼ਹਿਰਾਂ ਵਿੱਚ ਇਹ ਨੀਤੀ ਲਾਗੂ ਕਰੇਗੀਕੀ ਪਹਿਲਾਂ ਹੀ ਸੂਬੇ ਅੰਦਰ ਸ਼ਹਿਰਾਂ ਦੀ ਘਾਟ ਹੈ? ਜੇਕਰ ਅਸੀਂ ਪਹਿਲਾਂ ਹੀ ਵਸਦੇ ਸ਼ਹਿਰਾਂ ਨੂੰ ਸਾਫ ਸੁਥਰਾ ਅਤੇ ਬੁਨਿਆਦੀ ਸਹੂਲਤਾਂ ਨੂੰ ਪੂਰਾ ਨਹੀਂ ਕਰ ਸਕੇ ਤਾਂ ਸ਼ਹਿਰਾਂ ਦੇ ਹੋਰ ਪਸਾਰੇ ਨਾਲ ਕਿਸ ਤਰ੍ਹਾਂ ਦਾ ਵਿਕਾਸ ਹੋਵੇਗਾ, ਇਹ ਆਪਾਂ ਸਭ ਜਾਣਦੇ ਹਾਂਇਸ ਨੀਤੀ ਵਿੱਚ ਕਿਹਾ ਗਿਆ ਹੈ ਕਿ ਇੱਕ ਕਿੱਲਾ ਜ਼ਮੀਨ ਦੇਣ ਦੇ ਬਦਲੇ ਵਿੱਚ 1000 ਗਜ਼ ਦਾ ਰਿਹਾਇਸ਼ੀ ਪਲਾਟ ਅਤੇ 200 ਗਜ਼ ਦਾ ਵਿਉਪਾਰਕ ਪਲਾਟ ਦਿੱਤਾ ਜਾਵੇਗਾਇਸ ਤੋਂ ਇਲਾਵਾ ਮੀਡੀਏ ਵਿੱਚ ਆਈ ਜਾਣਕਾਰੀ ਮੁਤਾਬਿਕ ਵਿਕਸਿਤ ਹੋਣ ਉਪਰੰਤ ਇੱਕ ਕਿੱਲੇ ਦੀ ਕੀਮਤ ਮਾਰਕੀਟ ਰੇਟ ਤੋਂ ਵਧ ਕੇ ਚਾਰ ਕਰੋੜ ਵੀਹ ਲੱਖ ਰੁਪਏ ਹੋ ਜਾਵੇਗੀਹੋਰ ਤਾਂ ਹੋਰ, ਨੀਤੀ ਵਿੱਚ ਕਿਹਾ ਗਿਆ ਹੈ ਕਿ 50 ਏਕੜ ਦੇ ਏਰੀਏ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਸਬੰਧਿਤ ਕਿਸਾਨ ਨੂੰ 60:40 ਦੇ ਅਨੁਪਾਤ ਅਨੁਸਾਰ ਇੱਕ ਕਿੱਲੇ ਪਿੱਛੇ ਇੱਕ ਕਰੋੜ ਰੁਪਏ ਦਾ ਵਿਕਾਸ ਖਰਚਾ ਵੀ ਦੇਣਾ ਪਵੇਗਾਜੇਕਰ ਤਜਰਬਿਆਂ ਅਧਾਰਤ ਸੋਚੀਏ ਤਾਂ ਏਰੀਏ ਨੂੰ ਵਿਕਸਿਤ ਕਰਨ ਲਈ ਪਤਾ ਨਹੀਂ ਕਿੰਨਾ ਕੁ ਵਕਤ ਲੱਗੇਗਾ, ਕਿਉਂਕਿ ਇਹ ਕੋਈ ਦਿਨਾਂ ਜਾਂ ਮਹੀਨਿਆਂ ਦੀ ਖੇਡ ਨਹੀਂਜੇਕਰ ਹੁਣ ਸ਼ਹਿਰ ਲਾਗਲੀਆਂ ਜ਼ਮੀਨਾਂ ਦੇ ਰੇਟ ਦੀ ਗੱਲ ਕਰੀਏ, ਉਹ ਤਾਂ ਕਿਤੇ ਦੇ ਕਿਤੇ ਜਾ ਚੁੱਕੇ ਹਨਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਜ਼ਮੀਨਾਂ ਐਕਵਾਇਰ ਕਰਨ ਨਾਲ ਪੇਂਡੂ ਅਰਥਚਾਰੇ ਦਾ ਮੂੰਹ ਮੁਹਾਂਦਰਾ ਸੁਧਰੇਗਾ? ਜੇਕਰ ਨਹੀਂ ਤਾਂ ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਖੇਤੀ ਅਰਥਚਾਰੇ ਨੂੰ ਉਨਤ ਕਰਨ ਦੀ ਥਾਂ ਅਜਿਹੀਆਂ ਨੀਤੀਆਂ ਲੈ ਕੇ ਆਵੇ? ਇਸਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਛੋਟਾ ਕਿਸਾਨ, ਜਿਹੜਾ ਅੱਜ ਇੱਕ ਕਿੱਲੇ ਭਾਵ 4840 ਵਰਗ ਗਜ਼ ਦਾ ਮਾਲਕ ਹੈ, ਉਹ 1200 ਗਜ਼ ਦਾ ਮਾਲਕ ਬਣਕੇ ਰਹਿ ਜਾਵੇਗਾਕੀ ਇਹ ਗੈਰਕਿਸਾਨੀਕਰਨ ਦੀ ਨਿਵਾਣਾਂ ਵੱਲ ਜਾਣ ਵਾਲੀ ਪ੍ਰਕਿਰਿਆ ਨਹੀਂ ਹੈ? ਸਰਕਾਰ ਇਹ ਵੀ ਕਹਿ ਰਹੀ ਹੈ ਕਿ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਪਰ ਅਸਾਵੇਂ ਸਮਾਜਾਂ ਵਿੱਚ ਸਹਿਮਤੀ ਦੇ ਮੌਕੇ ਬਣਾਉਣ ਲਈ ਅਨੇਕਾਂ ਦਿੱਖ ਅਦਿੱਖ ਦਬਾਵਾਂ ਰਾਹੀਂ ਪ੍ਰਸਿਥਤੀਆਂ ਦਾ ਪੈਦਾ ਹੋਣਾ ਸੁਭਾਵਿਕ ਹੈਇਸ ਤੋਂ ਇਲਾਵਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਬਾਅਦ ਕੀ ਕਿਸਾਨ ਆਪਣੀ ਜ਼ਮੀਨ ਨੂੰ ਆਪਣੀ ਮਰਜ਼ੀ ਮੁਤਾਬਿਕ ਕਿਸੇ ਹੋਰ ਕੋਲ ਵੇਚ ਜਾਂ ਗਹਿਣੇ ਧਰ ਸਕਦਾ ਹੈ? ਜੇਕਰ ਨਹੀਂ, ਫਿਰ ਮਰਜ਼ੀ ਅਤੇ ਨਾ ਮਰਜ਼ੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ

ਇਸ ਨੀਤੀ ਤਹਿਤ ਜਿਸ ਕਿਸਾਨ ਦੀ ਇੱਕ ਏਕੜ ਜ਼ਮੀਨ ਲੈਂਡ ਪੂਲਿੰਗ ਵਿੱਚ ਆਵੇਗੀ, ਉਸ ਨੂੰ ਤੀਜੇ ਹਿੱਸੇ ਤੋਂ ਘੱਟ ਵਿਕਸਿਤ ਜ਼ਮੀਨ ਮੁਆਵਜ਼ੇ ਦੇ ਰੂਪ ਵਿੱਚ ਮਿਲੇਗੀ ਪਰ ਜਿਸ ਕਿਸਾਨ ਦੀ ਜ਼ਮੀਨ ਨੌਂ ਏਕੜ ਐਕੁਆਇਰ ਹੋਵੇਗੀ, ਉਸ ਨੂੰ ਤੀਜਾ ਹਿੱਸਾ ਮਿਲੇਗਾ ਅਤੇ ਵੱਡੇ ਕਿਸਾਨਾਂ ਦਾ ਸਮੂਹ ਜੋ ਪੰਜਾਹ ਏਕੜ ਜ਼ਮੀਨ ਦੇਵੇਗਾ, ਉਸ ਨੂੰ ਅੱਧ ਤੋਂ ਵੱਧ ਜ਼ਮੀਨ ਮਿਲੇਗੀਇਸ ਤਰ੍ਹਾਂ ਇਹ ਲੈਂਡ ਪੂਲਿੰਗ ਨੀਤੀ ਵੱਡੇ ਅਤੇ ਛੋਟਿਆਂ ਵਿੱਚ ਫਰਕ ਕਰਦੀ ਹੈ, ਜਦੋਂ ਕਿ ਸੂਬੇ ਅੰਦਰ ਬਹੁ ਗਿਣਤੀ ਛੋਟੇ ਕਿਸਾਨਾਂ ਦੀ ਹੈ, ਜਿਨ੍ਹਾਂ ਦੀ ਹੋਂਦ ਅਤੇ ਉਪਜੀਵਿਕਾ ਖੇਤੀ ਅਰਥਚਾਰੇ ਨਾਲ ਜੁੜੀ ਹੋਈ ਹੈ

ਤੀਸਰੀ ਗੱਲ, ਇਸ ਤਰ੍ਹਾਂ ਇਸ ਨੀਤੀ ਅਧੀਨ ਬਹੁ ਗਿਣਤੀ ਕਿਸਾਨਾਂ ਦਾ ਉਜਾੜਾ ਤੈਅ ਹੈ, ਜਿਨ੍ਹਾਂ ਕੋਲ ਕੋਈ ਬਦਲਵਾਂ ਆਮਦਨ ਦਾ ਸਾਧਨ ਨਹੀਂ ਹੈਇਸ ਨੀਤੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੋਜੈਕਟ ਪੂਰਾ ਹੋਣ ’ਤੇ ਹਰੇਕ ਕਿਸਾਨ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਸਾਲਾਂ ਲਈ ਸਲਾਨਾ ਗੁਜ਼ਾਰਾ ਭੱਤਾ ਮਿਲੇਗਾ ਜਦੋਂ ਕਿ ਜ਼ਮੀਨ ਦਾ ਠੇਕਾ ਲੱਖ ਲੱਖ ਰੁਪਏ ਸਲਾਨਾ ਨੂੰ ਪਹੁੰਚ ਚੁੱਕਿਆ ਹੈ ਅਤੇ ਇਹ ਆਏ ਸਾਲ ਵਧਦਾ ਵੀ ਰਹਿੰਦਾ ਹੈ

ਦੂਸਰਾ ਤਜਰਬਾ ਇਹ ਦੱਸਦਾ ਹੈ ਕਿ ਬਹੁ ਗਿਣਤੀ ਪ੍ਰੋਜੈਕਟ ਸਮੇਂ ਸਿਰ ਕਦੇ ਵੀ ਨੇਪਰੇ ਨਹੀਂ ਚੜ੍ਹੇਅਗਰ ਅਜਿਹੇ ਪ੍ਰੋਜੈਕਟ ਸਿਰੇ ਚੜ੍ਹ ਵੀ ਜਾਂਦੇ ਹਨ ਤਾਂ ਇਸਨੇ ਪਿੰਡ ਦੀ ਖੂਬਸੂਰਤ ਇਕਾਈ ਦਾ ਜਿੱਥੇ ਮਲੀਆਮੇਟ ਕਰਨਾ ਹੈ, ਉੱਥੇ ਹੀ ਇਸਨੇ ਨਵੀਂਆਂ ਸਮਾਜਕ ਪਰਤਾਂ ਅਤੇ ਸਫਬੰਦੀਆਂ ਨੂੰ ਜਨਮ ਦੇਣਾ ਹੈਪਿੰਡਾਂ ਵਿੱਚ ਬਹੁਤ ਗਿਣਤੀ ਛੋਟੇ ਅਤੇ ਗਰੀਬ ਕਿਸਾਨਾਂ ਦੀ ਹੈ, ਇਸ ਕਰਕੇ ਪੇਂਡੂ ਵੱਸੋਂ ਦੇ ਬਹੁਤ ਵੱਡੇ ਸਮਾਜਿਕ ਹਿੱਸੇ ਨੇ ਆਰਥਿਕ ਤੰਗਦਸਤੀਆਂ, ਸਮਾਜਕ, ਸੱਭਿਆਚਾਰਕ ਅਤੇ ਮਾਨਸਿਕ ਉਲਝਣ ਭਰੇ ਸੰਕਟਾਂ ਦਾ ਸ਼ਿਕਾਰ ਹੋਣਾ ਹੈਆ ਰਹੀਆਂ ਵੱਡੀਆਂ ਵੱਡੀਆਂ ਕੌਮੀ ਸੜਕਾਂ ਰਾਹੀਂ ਜੁੜ ਕੇ ਇਹ ਮਾਡਲ ਵੱਡੇ ਵੱਡੇ ਘਰਾਣਿਆਂ ਦੇ ਹਿਤ ਪੂਰਦਾ ਹੋਇਆ ਜਿੱਥੇ ਕਿਸਾਨੀ ਦੀ ਬਹੁ ਵਸੋਂ ਨੂੰ ਉਜਾੜੇਗਾ, ਉੱਥੇ ਹੀ ਆਮ ਦੁਕਾਨਦਾਰਾਂ, ਛੋਟੋ ਕਾਰੋਬਾਰੀਆਂ, ਕਾਰੀਗਰਾਂ ਅਤੇ ਹੋਰ ਰੋਜ਼ੀ ਰੋਟੀ ਦੇ ਰੇ ਲੱਗੇ ਲੋਕਾਂ ਨੂੰ ਵਿਹਲਾ ਕਰ ਦੇਵੇਗਾਇਸ ਵਿੱਚ ਅਨਪੜ੍ਹ, ਬੇਜ਼ਮੀਨੇ ਅਤੇ ਗੈਰ ਕਾਰੀਗਰ ਕਾਮਿਆਂ ਲਈ ਕੋਈ ਥਾਂ ਨਹੀਂਇਹ ਨੀਤੀ ਲੋਕਾਂ ਦੇ ਮੁੜ ਵਸੇਵੇ ਅਤੇ ਮੁਆਵਜ਼ੇ ਦੇ ਮਸਲੇ ਬਾਰੇ ਚੁੱਪ ਹੈਹੋਰ ਤਾਂ ਹੋਰ ਜੇਕਰ ਕਿਸਾਨਾਂ ਨੂੰ ਤੁਰੰਤ ਨਕਦੀ ਖੁੱਲ੍ਹੇ ਪੈਸੇ ਦੇ ਵੀ ਦਿੱਤੇ ਜਾਣ ਤਾਂ ਉਹ ਕੁਝ ਦਿਨ ਤਾਂ ਰਾਜਿਆਂ ਮਹਾਰਾਜਿਆਂ ਵਾਂਗ ਜੀਣਗੇ ਪਰ ਛੇਤੀ ਬਾਅਦ ਉਹ ਅਣਕਿਆਸੀ ਕੰਗਾਲੀਕਰਨ ਦੀ ਪ੍ਰਕਿਰਿਆ ਦਾ ਸ਼ਿਕਾਰ ਹੋ ਜਾਣਗੇਇਹ ਸਭ ਨੂੰ ਪਤਾ ਹੈ ਕਿ ਕਿਸਾਨ ਬਹੁਤ ਸਿੱਧਾ ਸਾਦਾ ਹੈ, ਇਸ ਕਰਕੇ ਕਿਸਾਨੀ ਦੀ ਬਹੁ ਵਸੋਂ ਨੂੰ ਤਾਂ ਲੰਮੇ ਨਫੇ ਲਈ ਪੈਸੇ ਵੀ ਖਰਚਣੇ ਨਹੀਂ ਆਉਂਦੇਨਵੀਂਆਂ ਬਦਲਵੀਆਂ ਪ੍ਰਸਥਿਤੀਆਂ ਵਿੱਚ ਉਹ ਤਾਂ ਕੀ ਚੰਗੇ ਚੰਗੇ ਵਿਪਾਰੀ ਵੀ ਅਸਾਵੇਂ ਮੁਕਾਬਲੇ ਦੇ ਦੌਰ ਵਿੱਚ ਦਿਓ ਕੱਦ ਮੰਡੀ ਤਾਕਤਾਂ ਦੇ ਸਾਹਮਣੇ ਟਿਕ ਨਹੀਂ ਪਾਉਣਗੇਇਸ ਤੋਂ ਵੀ ਅਗਾਂਹ ਦਾ ਮਸਲਾ ਇਹ ਹੈ ਕਿ ਜੇਕਰ ਇੱਦਾਂ ਹੀ ਇਨਡਸਟਰੀਅਲ ਜ਼ੋਨਾਂ ਨੂੰ ਵਿਕਸਿਤ ਕਰਨ ਲਈ ਉਪਜਾਊ ਜ਼ਮੀਨਾਂ ਨੂੰ ਅਕਵਾਇਰ ਕਰਦੇ ਜਾਓਗੇ ਤਾਂ ਅੰਨ-ਦਾਣਾ ਅਤੇ ਸਬਜ਼ੀਆਂ ਖਾਣ ਲਈ ਫ਼ਸਲਾਂ ਕਿੱਥੇ ਬੀਜੋਗੇ? ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਪਹਿਲਾਂ ਹੀ ਖੇਤੀ ਅਧੀਨ ਰਕਬਾ ਬਹੁਤ ਤੇਜ਼ੀ ਨਾਲ ਘਟ ਰਿਹਾ ਹੈਇਸ ਲੰਘੇ ਦਹਾਕੇ ਦੌਰਾਨ ਸੂਬੇ ਵਿੱਚ 4 ਲੱਖ ਏਕੜ ਦੇ ਕਰੀਬ ਖੇਤੀ ਯੋਗ ਰਕਬਾ ਉੱਸਰ ਰਹੀਆਂ ਕਲੋਨੀਆਂ ਅਤੇ ਸੜਕਾਂ ਦੇ ਜਾਲ ਨੇ ਖਪਾ ਲਿਆ ਹੈਸਰਕਾਰ ਵੱਲੋਂ ਲੁਧਿਆਣੇ ਦੇ ਨੇੜਲੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਅਰਬਨ ਅਸਟੇਟ ਅਧੀਨ ਲਿਆਉਣ ਦੀ ਯੋਜਨਾ ਬਣਾਈ ਗਈ ਹੈਭਾਰਤ ਸਰਕਾਰ ਵੱਲੋਂ 60 ਹਜ਼ਾਰ ਏਕੜ ਹਾਈਵੇਅ ਬਣਾਉਣ ਲਈ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ ਭਾਰਤੀ ਰੇਲਵੇ ਵੀ ਮਾਲ ਗੱਡੀਆਂ ਲਈ ਨਵੀਂਆਂ ਰੇਲ ਲਾਈਨਾਂ ਵਿਛਾਉਣ ਲਈ ਜ਼ਮੀਨਾਂ ਐਕਵਾਇਰ ਕਰ ਸਕਦਾ ਹੈ, ਜਿਸ ਨਾਲ ਸੂਬੇ ਦੀ ਹਜ਼ਾਰਾਂ ਏਕੜ ਖੇਤੀ ਯੋਗ ਜ਼ਮੀਨ ਘਟ ਸਕਦੀ ਹੈਇਸ ਤੋਂ ਇਲਾਵਾ ਖੇਤੀ ਯੋਗ ਜ਼ਮੀਨਾਂ ਉੱਤੇ ਅਰਬਨ ਅਸਟੇਟ ਅਤੇ ਨਿੱਜੀ ਕਲੋਨੀਆਂ ਦਾ ਵਾਧਾ ਬਾਦਸਤੂਰ ਜਾਰੀ ਹੈਇਸ ਤਰ੍ਹਾਂ ਪੰਜਾਬ ਵਿੱਚ ਉਪਜਾਊ ਜ਼ਮੀਨ ਦਿਨ ਪ੍ਰਤੀ ਘਟ ਰਹੀ ਹੈ ਜਦੋਂ ਕਿ ਪੰਜਾਬ ਦੀ ਬਹੁ ਵਸੋਂ ਦਾ ਵਸੇਬਾ ਅਤੇ ਸਮਾਜਕ ਹੋਂਦ, ਰੁਤਬਾ, ਮਾਣ ਅਤੇ ਸਨਮਾਨ ਖੇਤੀ ਧੰਦੇ ਨਾਲ ਬਹੁਤ ਹੀ ਨੇੜਿਉਂ ਜੁੜੇ ਹੋਏ ਹਨਜ਼ਮੀਨ ਦਾ ਖਿਸਕਣਾ ਉਨ੍ਹਾਂ ਲਈ ਪੈਰਾਂ ਹੇਠੋਂ ਜ਼ਮੀਨ ਖਿਸਕਣ ਦੇ ਬਰਾਬਰ ਹੈਇਸ ਤੋਂ ਇਲਾਵਾ ਪੇਂਡੂ ਅਰਥਚਾਰੇ ਦੇ ਸੰਦਰਭ ਵਿੱਚ ਸੂਬੇ ਅੰਦਰ ਖੇਤੀ ਧੰਦੇ ਹੇਠੋਂ ਖੁਰ ਰਹੀ ਉਪਜਾਊ ਜ਼ਮੀਨ ਨੂੰ ਬਰਕਰਾਰ ਰੱਖਣਾ ਇੱਕ ਅਹਿਮ ਕਾਰਜ ਹੈ, ਜਿਸ ਵੱਲ ਫੌਰੀ ਧਿਆਨ ਦੀ ਜ਼ਰੂਰਤ ਹੈ

ਮਨਿਸਟਰੀ ਆਫ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ (ਐੱਮ. ਐੱਸ. ਪੀ. ਆਈ.) ਦੀ ਤਾਜ਼ਾ ਰਿਪੋਰਟ ਮੁਤਾਬਿਕ 2011-12 ਤੋਂ 2023-24 ਦੇ ਸਮੇਂ ਦੌਰਾਨ ਪੰਜਾਬ ਦਾ ਅਨਾਜ ਉਤਪਾਦਨ ਦਾ ਰਾਸ਼ਟਰੀ ਹਿੱਸਾ 11.93 ਪ੍ਰਤੀਸ਼ਤ ਤੋਂ ਘਟ ਕੇ 11.01 ਪ੍ਰਤੀਸ਼ਤ ’ਤੇ ਰਹਿ ਗਿਆ ਹੈਇਸੇ ਸਮੇਂ ਦੌਰਾਨ ਮੱਧ ਪ੍ਰਦੇਸ਼ ਨੇ 47000 ਕਰੋੜ ਅਤੇ ਉੱਤਰ ਪ੍ਰਦੇਸ਼ ਨੇ 74000 ਕਰੋੜ ਦੇ ਅਨਾਜ ਪੈਦਾ ਕਰਕੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈਇਸਦਾ ਕਾਰਨ ਹੈ ਕਿ ਪੰਜਾਬ ਪਹਿਲਾਂ ਹੀ ਕਣਕ ਝੋਨੇ ਉਲਝਿਆ ਹੈ ਅਤੇ ਸੂਬੇ ਦਾ ਪਹਿਲਾਂ ਹੀ 80 ਪ੍ਰਤੀਸ਼ਤ ਖੇਤਰ ਕਾਸ਼ਤ ਅਧੀਨ ਆ ਚੁੱਕਾ ਹੈਬਹੁਤ ਸਾਰੇ ਕਾਰਨਾਂ ਕਰਕੇ ਇਸ ਤਰ੍ਹਾਂ ਇਹ ਸੂਬਾ ਬਾਕੀਆਂ ਨਾਲੋਂ ਮੁਕਾਬਲਤਨ ਪਿੱਛੇ ਰਹਿ ਗਿਆ ਹੈ, ਜਿਨ੍ਹਾਂ ਵਿੱਚ ਝੋਨੇ, ਕਣਕ ਦੇ ਫ਼ਸਲੀ ਚੱਕਰ ਦੀ ਲਗਾਤਾਰਤਾ, ਭੂਗੋਲਿਕ ਵਿਸ਼ਾਲ ਖੇਤਰ ਦਾ ਪਹਿਲਾਂ ਹੀ ਕਾਸ਼ਤ ਅਧੀਨ ਆ ਜਾਣਾ, ਫ਼ਸਲੀ ਘਣਤਾ ਦੇ ਅੰਨ੍ਹੇ ਵਾਧੇ ਦੇ ਨਾਲੋ ਨਾਲ ਧਰਤੀ ਦੀ ਉਪਜਾਊ ਸ਼ਕਤੀ ਦਾ ਘਟਣਾ, ਕੁਦਰਤੀ ਅਤੇ ਆਰਥਿਕ ਵਸੀਲਿਆਂ ਦਾ ਘਟਣਾ ਆਦਿ ਬਹੁਤ ਸਾਰੇ ਕਾਰਨ ਸ਼ਾਮਲ ਹਨਖੇਤੀਬਾੜੀ ਸੂਬਾ ਹੋਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਖੇਤੀ ਬਾਰੇ ਕੋਈ ਨੀਤੀ ਨਹੀਂ ਬਣਾਈਇਸ ਮੌਜੂਦਾ ਸਰਕਾਰ ਨੇ ਪ੍ਰੋ. ਸੁਖਪਾਲ ਸਿੰਘ ਦੀ ਅਗਵਾਈ ਵਿੱਚ ਖੇਤੀ ਨੀਤੀ ਲਈ ਕਮੇਟੀ ਬਣਾਈਕਮੇਟੀ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਦੀਆਂ ਹਾਲਤਾਂ ਨੂੰ ਸਮਝ ਕੇ ਪ੍ਰਚਲਿਤ ਚੱਕਰ ਵਿੱਚ ਫਸੇ ਪੰਜਾਬ ਨੂੰ ਵੱਖ ਵੱਖ ਵਿਭਿੰਨਤਾ ਵਾਲੀਆਂ ਫ਼ਸਲਾਂ/ਬਦਲਾਂ ਨੂੰ ਉਨ੍ਹਾਂ ਦੇ ਕੁਦਰਤੀ ਪੈਦਾਵਾਰੀ ਇਲਾਕਿਆਂ ਵਿੱਚ ਉਤਸ਼ਾਹਿਤ ਕਰਨ ਦੇ ਨਾਲੋ ਨਾਲ ਖ਼ੋਜ, ਪਸਾਰ, ਮਿਆਰੀ ਪੈਦਾਵਾਰ, ਮੁੱਲ ਵਾਧਾ ਅਤੇ ਮੰਡੀਕਰਨ ਵੱਲ ਧਿਆਨ ਦੇਣ ਦੀ ਸਿਫਾਰਸ਼ ਕੀਤੀਕਮੇਟੀ ਨੇ ਜਨਤਕ ਖੇਤਰ ਦੀਆਂ ਸੰਸਥਾਵਾਂ ਦੀ ਅਗਵਾਈ ਸਬੰਧਿਤ ਵਿਸ਼ਾ ਮਾਹਿਰਾਂ ਨੂੰ ਦੇਣ ਦੇ ਨਾਲ ਨਾਲ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅਤੇ ਹੋਰ ਸਹਿਕਾਰੀ ਬੈਂਕਾਂ ਰਾਹੀਂ ਯਕਮੁਸ਼ਤ ਨਿਪਟਾਰਾ ਕਰਨ ਦੀ ਸਕੀਮ ਸ਼ੁਰੂ ਕਰਨ ਲਈ ਕਿਹਾਖੇਤ ਮਜ਼ਦੂਰਾਂ ਦੀ ਰਜਿਸਟਰੇਸ਼ਨ ਲਾਜ਼ਮੀ ਕਰਨ ਅਤੇ ਮਨਰੇਗਾ ਸਕੀਮ ਅਧੀਨ ਰੁਜ਼ਗਾਰ ਵਧਾਉਣ ਦੀ ਤਜਵੀਜ਼ ਦਿੱਤੀ ਅਤੇ ਨਾਲ ਹੀ ਮੁਫ਼ਤ ਇਲਾਜ, ਪੰਚਾਇਤੀ ਅਤੇ ਹੋਰ ਸਾਂਝੀਆਂ ਜ਼ਮੀਨਾਂ ਦਾ ਇੱਕ ਤਿਹਾਈ ਹਿੱਸਾ ਠੇਕੇ ਉੱਤੇ ਦੇਣ ਅਤੇ ਯਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਤਿਆਰ ਕਰਨ ਦਾ ਸੁਝਾਅ ਦਿੱਤਾਇਸ ਤਰ੍ਹਾਂ ਕਮੇਟੀ ਨੇ ਖੇਤੀ ਨੀਤੀ ਵਿੱਚ ਪੇਂਡੂ ਸੈਕਟਰ ਨੂੰ ਬਚਾਉਣ ਲਈ ਹੋਰ ਵੀ ਬਹੁਤ ਸਾਰੇ ਸੁਝਾਅ ਦਿੱਤੇਐੱਸ.ਕੇ.ਐੱਮ. ਨੇ 3 ਮਾਰਚ 2025 ਵਾਲੀ ਸਰਕਾਰ ਨਾਲ ਆਪਣੀ ਚੰਡੀਗੜ੍ਹ ਮਿਟਿੰਗ ਤੋਂ ਇਲਾਵਾ ਹੁਣ ਫਿਰ ਦੁਬਾਰਾ 8 ਜੁਲਾਈ 2025 ਦੀ ਆਪਣੀ ਚੰਡੀਗੜ੍ਹ ਮਿਟਿੰਗ ਵਿੱਚ ਇਸ ਨੀਤੀ ਨੂੰ ਲਾਗੂ ਕਰਨ ਦੀ ਮੰਗ ਦੁਹਰਾਈ ਹੈਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਆਮ ਸਹਿਮਤੀ ਵਾਲੀ ਇਸ ਖੇਤੀ ਨੀਤੀ ਨੂੰ ਲਾਗੂ ਕਰਨ ਦੀ ਥਾਂ ਇੱਕ ਨਵੀਂ ਲੈਂਡ ਪੂਲਿੰਗ ਨੀਤੀ ਲੈ ਆਈਅੱਜ ਪੰਜਾਬ ਦਾ ਸਮੁੱਚਾ ਅਰਥਚਾਰਾ ਅਤੇ ਸਰਕਾਰ ਆਰਥਿਕ ਸੰਕਟ ਵਿੱਚੀਂ ਗੁਜ਼ਰ ਰਹੇ ਹਨਇਸ ਕਰਕੇ ਪੰਜਾਬ ਸਰਕਾਰ ਨੂੰ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਲੈਂਡ ਪੂਲਿੰਗ ਪੌਲਿਸੀ ਦੀ ਥਾਂ ਤਰਜੀਹੀ ਤੌਰ ’ਤੇ ਪੇਂਡੂ ਵਿਕਾਸ ਕੇਂਦਰਿਤ ਨਵੀਂ ਖੇਤੀ ਨੀਤੀ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Mehar Manak Dr.

Mehar Manak Dr.

Professor, Rayat-Bahra University, Mohal, Punjab, India.
WhatsApp: (91 - 90411 - 13193)
Email:
(meharmanick@rayatbahrauniversity.edu.in)