“ਬਾਂਦਰ ਤਾਂ ਖ਼ੈਰ ਬਾਂਦਰ ਹੋਏ, ਉਨ੍ਹਾਂ ਦਾ ਤਾਂ ਸ਼ੁਗਲ ਹੈ ਚਿੜੀਆਂ ਦੇ ਆਲ੍ਹਣੇ ਉਜਾੜਨਾ ਪਰ ਜੇ ...”
(13 ਜੁਲਾਈ 2025)
ਪੰਜ-ਛੇ ਸਾਲ ਪਹਿਲਾਂ ਦੀ ਹੈ, ਸਾਡੇ ਘਰ ਦੇ ਮੋਹਰੇ ਲੱਗੇ ਫਾਈਬਰ ਹੇਠਾਂ ਚਿੜੀਆਂ ਦੀ ਜੋੜੀ ਫੇਰਾ ਪਾਉਣ ਲੱਗੀ। ਕਦੇ ਇੱਕ, ਕਦੇ ਦੂਜੀ ਚਿੜੀ ਫਾਈਬਰ ਹੇਠ ਲਟਕਦੇ ਪਲਾਸਟਿਕ ਦੇ ਗਮਲਿਆਂ ਦਾ ਜਾਇਜ਼ਾ ਲੈਂਦੀ ਤੇ ਉਡ ਜਾਂਦੀ। ਫਾਈਬਰ ਹੇਠ ਤਿੰਨ ਗਮਲੇ ਲਟਕ ਰਹੇ ਸਨ ਜਿਨ੍ਹਾਂ ਵਿੱਚ ਫੁੱਲਾਂ ਵਾਲੇ ਛੋਟੇ-ਛੋਟੇ ਵੇਲ-ਬੂਟੇ ਸਨ। ਦੋ ਕੁ ਦਿਨ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਚਿੜੀਆਂ ਦੇ ਜੋੜੇ ਨੇ ਵਿਚਕਾਰਲੇ ਗਮਲੇ ਵਿੱਚੋਂ ਬਾਹਰ ਲਟਕਦੀ ਖੜਸੁਕ ਜਿਹੀ ਟਾਹਣੀ ’ਤੇ ਆਲ੍ਹਣਾ ਬਣਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਦੋਵਾਂ ਜੀਆਂ ਨੂੰ ਅਜੀਬ ਜਿਹੀ ਖੁਸ਼ੀ ਮਹਿਸੂਸ ਹੋਣ ਲੱਗੀ ਪਰ ਨਾਲ ਹੀ ਬਾਂਦਰਾਂ ਬਾਰੇ ਸੋਚ ਕੇ ਖ਼ਦਸ਼ਾ ਵੀ ਸਾਡੇ ਮਨਾਂ ਵਿੱਚ ਸਿਰ ਚੁੱਕਣ ਲੱਗਾ। ਗਮਲੇ ਇੰਨੇ ਕੁ ਉੱਚੇ ਤਾਂ ਹੈ ਸਨ ਕਿ ਬਾਂਦਰ ਜ਼ਮੀਨ ਤੋਂ ਛਾਲ ਮਾਰ ਕੇ ਆਲ੍ਹਣੇ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਸਕਦੇ, ਪਰ ਕੋਠੇ ਉੱਪਰੋਂ ਆ ਕੇ ਫਾਈਬਰ ਦੇ ਚੌਖਟੇ ਦੀ ਪਾਈਪ ਨਾਲ ਲਟਕ ਕੇ ਆਲ੍ਹਣਾ ਤੋੜ ਸਕਦੇ ਸਨ। ਬਾਂਦਰਾਂ ਦੇ ਮਾਮਲੇ ਵਿੱਚ ਸਾਡਾ ਲਹਿਰਾ ਇਲਾਕੇ ਵਿੱਚ ‘ਬਾਂਦਰਾਂ ਵਾਲਾ ਲਹਿਰਾ’ ਦੇ ਨਾਂ ਨਾਲ ਮਸ਼ਹੂਰ ਹੈ। ਜਿਹੜੀ ਚੀਜ਼ ਇੱਕ ਵਾਰ ਬਾਂਦਰਾਂ ਦੀ ਨਿਗਾਹ ਚੜ੍ਹ ਜਾਵੇ, ਫਿਰ ਉਹਦੀ ਮਕੈਨਿਕੀ, ਤੋੜ-ਭੰਨ ਕੀਤੇ ਬਿਨਾਂ ਉਨ੍ਹਾਂ ਨੂੰ ਚੈਨ ਨਹੀਂ ਆਉਂਦੀ।
ਦੋਂਹ ਕੁ ਦਿਨਾਂ ਵਿੱਚ ਚਿੜੀਆਂ ਦੇ ਜੋੜੇ ਨੇ ਤੀਲਾ-ਤੀਲਾ ਇਕੱਠਾ ਕਰ ਕੇ ਆਲ੍ਹਣੇ ਦਾ ਮੂੰਹ-ਮੱਥਾ ਜਿਹਾ ਬਣਾ ਲਿਆ। ਇੰਨਾ ਕੁ ਮੂੰਹ-ਮੱਥਾ ਬਣਾਉਣ ਲਈ ਚਿੜੀਆਂ ਦੇ ਜੋੜੇ ਨੇ ਕਿੰਨੇ ਗੇੜੇ ਲਾਏ ਤੇ ਤੀਲੇ ਕਿੱਥੋਂ-ਕਿੱਥੋਂ ਲਿਆਏ, ਇਹ ਉਹੋ ਜਾਣਦੇ ਸਨ ਪਰ ਇਸ ਤੋਂ ਪਹਿਲਾਂ ਕਿ ਟਾਹਣੀ ਨਾਲ ਲਟਕਦੇ ਤੀਲੇ ਆਲ੍ਹਣੇ ਦਾ ਰੂਪ ਗ੍ਰਹਿਣ ਕਰਦੇ, ਬਾਂਦਰ ਦੀ ਕੁਨੱਖੀ ਨਜ਼ਰ ਉਹਦੇ ’ਤੇ ਪੈ ਗਈ। ਉਹਨੇ ਆਉਣ ਸਾਰ ਝਪਟ ਮਾਰੀ। ਕੁਦਰਤੀ ਐਨ ਮੌਕੇ ’ਤੇ ਮੈਂ ਬਾਹਰ ਨਿਕਲ ਆਇਆ ਤੇ ਆਲ੍ਹਣਾ ਪੂਰੀ ਤਰ੍ਹਾਂ ਉੱਜੜਨ ਤੋਂ ਬਚ ਗਿਆ। ਕੁਝ ਦੇਰ ਚੀਂ-ਚੀਂ ਦੇ ਰੂਪ ਵਿੱਚ ਵਿਰਲਾਪ ਤੋਂ ਬਾਅਦ ਚਿੜੀਆਂ ਨੇ ਆਲ੍ਹਣੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਚਿੜੀਆਂ ਦੀ ਮਿਹਨਤ ਰੰਗ ਲਿਆਈ ਤੇ ਉਨ੍ਹਾਂ ਆਪਣੀ ਨਸਲ ਅੱਗੇ ਤੋਰਨ ਲਈ ਘਰ ਬਣਾ ਲਿਆ।
ਜੋੜੇ ਵਿੱਚੋਂ ਘਸਮੈਲੇ ਰੰਗ ਦੀ ਮਾਦਾ ਚਿੜੀ ਆਲ੍ਹਣੇ ਵਿੱਚ ਬੈਠਣ ਲੱਗੀ ਤੇ ਨੀਲੇ ਚਮਕਦੇ ਰੰਗ ਵਾਲੀ ਨਰ ਚਿੜੀ ਨੇੜੇ-ਤੇੜੇ ਫਿਰਦੀ ਰਹਿੰਦੀ। ਥੋੜ੍ਹੇ ਕੁ ਦਿਨਾਂ ਵਿੱਚ ਚਿੜੀ ਨੇ ਛੋਟੇ-ਛੋਟੇ ਤਿੰਨ ਆਂਡੇ ਦਿੱਤੇ। ਬਾਂਦਰ ਦੀ ਕਰਤੂਤ ਨੇ ਸਾਨੂੰ ਚੌਕਸ ਕਰ ਦਿੱਤਾ ਸੀ ਤੇ ਅਸੀਂ ਆਪਣੇ ਵੱਲੋਂ ਪੂਰੀ ਨਿਗਰਾਨੀ ਰੱਖਦੇ। ਸ਼ੁਰੂ ਵਿੱਚ ਸਾਡੇ ਬਾਹਰ ਨਿਕਲਣ ’ਤੇ ਚਿੜੀ ਡਰ ਕੇ ਆਲ੍ਹਣੇ ਵਿੱਚੋਂ ਉਡ ਜਾਂਦੀ ਪਰ ਹੌਲੀ-ਹੌਲੀ ਉਸਦਾ ਡਰ ਉਡ ਗਿਆ ਤੇ ਬੈਠੀ ਰਹਿੰਦੀ। ਹੁਣ ਮਾਦਾ ਚਿੜੀ ਆਂਡੇ ਸੇਕਣ ਲਈ ਸਾਰਾ-ਸਾਰਾ ਦਿਨ ਤੇ ਰਾਤ ਨੂੰ ਵੀ ਆਲ੍ਹਣੇ ਵਿੱਚ ਬੈਠੀ ਰਹਿੰਦੀ। ਕੁਝ ਦਿਨਾਂ ਬਾਅਦ ਤਿੰਨਾਂ ਆਂਡਿਆਂ ਵਿੱਚੋਂ ਇੱਕ ਤੋਂ ਬਾਅਦ ਇੱਕ ਬੱਚੇ ਨਿਕਲ ਆਏ। ਇਨ੍ਹਾਂ ਬੱਚਿਆਂ ਦੇ ਅਜੇ ਖੰਭ ਵੀ ਨਹੀਂ ਸੀ ਨਿਕਲੇ ਕਿ ਇੱਕ ਦਿਨ ਦੁਪਹਿਰ ਵੇਲੇ ਬਾਂਦਰ ਨੇ ਆ ਹੱਲਾ ਬੋਲਿਆ। ਖਿੜਕੀ ਵਿੱਚੋਂ ਦੇਖਿਆ, ਚਿੜੀਆਂ ਦਾ ਆਲ੍ਹਣਾ ਟਾਹਣੀ ਨਾਲ ਨਹੀਂ ਸੀ। ਪਤਨੀ ਨੂੰ ਬੋਲ ਮਾਰਿਆ ਕਿ ਬਾਂਦਰ ਚਿੜੀਆਂ ਦਾ ਆਲ੍ਹਣਾ ਤੋੜ ਗਿਆ। ਅਸੀਂ ਬਾਹਰ ਨਿਕਲੇ ਤਾਂ ਦੋ ਬੱਚੇ ਤਪਦੇ ਫਰਸ਼ ’ਤੇ ਡਿਗੇ ਪਏ ਸਨ। ਚਿੜੀਆਂ ਚੀਂ-ਚੀਂ ਕਰਦੀਆਂ ਕਦੇ ਨੇੜੇ ਆਉਣ ਤੇ ਕਦੇ ਥੋੜ੍ਹਾ ਦੂਰ ਹੋ ਜਾਣ। ਅਸੀਂ ਬੋਚ ਕੇ ਦੋਵੇਂ ਬੱਚੇ ਚੁੱਕੇ ਤੇ ਛੋਟੇ ਜਿਹੇ ਆਲ੍ਹਣਾ ਨੁਮਾ ਫੁੱਲਦਾਨ ਵਿੱਚ ਰੂੰ ਰੱਖ ਕੇ ਉਸ ਵਿੱਚ ਬਿਠਾ ਦਿੱਤੇ। ਫਿਰ ਤੀਜਾ ਬੱਚਾ ਗੁਆਂਢੀਆਂ ਦੇ ਵਿਹੜੇ ਵਿੱਚ ਲੱਭ ਗਿਆ। ਫੁੱਲਦਾਨ ਨੂੰ ਬਾਂਦਰ ਦੇ ਤੋੜੇ ਆਲ੍ਹਣੇ ਦੇ ਬਚੇ-ਖੁਚੇ ਡੱਕਿਆਂ ਨੂੰ ਆਲ੍ਹਣੇ ਦਾ ਰੂਪ ਦੇ ਕੇ ਅਸੀਂ ਉੱਥੇ ਹੀ ਟੰਗ ਦਿੱਤਾ। ਰੌਲਾ ਪਾਉਂਦੀਆਂ ਚਿੜੀਆਂ ਆਉਣ ਤੇ ਮੁੜ ਜਾਣ ਪਰ ਬੈਠਣ ਨਾ। ਸਾਡਾ ਭਾਵੇਂ ਕੋਈ ਕਸੂਰ ਨਹੀਂ ਸੀ, ਪਰ ਅਸੀਂ ਖ਼ੁਦ ਨੂੰ ਗੁਨਾਹਗਾਰ ਮਹਿਸੂਸ ਕਰ ਰਹੇ ਸੀ ਕਿ ਅਸੀਂ ਚਿੜੀਆਂ ਦੇ ਆਲ੍ਹਣੇ ਦੀ ਰਾਖੀ ਨਹੀਂ ਕਰ ਸਕੇ। ਆਖਰ ਸ਼ਾਮ ਨੂੰ ਚਿੜੀਆਂ ਬੱਚਿਆਂ ਦੇ ਨੇੜੇ ਆਉਣ ਲੱਗੀਆਂ ਤੇ ਚੋਗਾ ਦੇਣ ਲੱਗ ਪਈਆਂ। ਇਹ ਦੇਖ ਸਾਡੇ ਸਾਹ ਵਿੱਚ ਸਾਹ ਆਇਆ।
ਬਾਂਦਰ ਤਾਂ ਖ਼ੈਰ ਬਾਂਦਰ ਹੋਏ, ਉਨ੍ਹਾਂ ਦਾ ਤਾਂ ਸ਼ੁਗਲ ਹੈ ਚਿੜੀਆਂ ਦੇ ਆਲ੍ਹਣੇ ਉਜਾੜਨਾ ਪਰ ਜੇ ਇਨ੍ਹਾਂ ਵਰਗਾ ਸ਼ੁਗਲ ਬੰਦੇ ਦੇ ਦਿਮਾਗ ਵਿੱਚ ਫਤੂਰ ਪਾਉਣ ਲੱਗ ਪਵੇ ਤਾਂ ਕਿਹੜਾ ਭਾਣਾ ਹੈ ਜਿਹੜਾ ਨਹੀਂ ਵਾਪਰ ਸਕਦਾ? ਜਾਪਦਾ ਹੈ, ਅੱਜ ਕੱਲ੍ਹ ਸਾਡੇ ਮੁਲਕ ਦੇ ਹਾਕਮਾਂ ਦੇ ਦਿਮਾਗ ਨੂੰ ਵੀ ਇਸ ਫਤੂਰ ਨੇ ਡੰਗ ਲਿਆ ਹੈ; ਨਹੀਂ ਤਾਂ ਕੋਈ ਕਾਰਨ ਨਹੀਂ ਕਿ ਉਹ ਬੁਲਡੋਜ਼ਰ ਲੈ ਕੇ ਗਰੀਬਾਂ ਅਤੇ ਮਾਸੂਮਾਂ ਦੇ ਆਸ਼ਿਆਨੇ ਉਜਾੜਨ ਲਈ ਬਹਾਨੇ ਲੱਭਦਾ ਫਿਰੇ, ਕਦੇ ਨਾਜਾਇਜ਼ ਉਸਾਰੀ ਦੇ, ਕਦੇ ਅੱਤਵਾਦੀ ਹੋਣ ਦੇ, ਕਦੇ ਗੈਂਗਸਟਰ ਹੋਣ ਦੇ ਅਤੇ ਕਦੇ ਨਸ਼ੇ ਦੇ ਸਮਗਲਰ ਹੋਣ ਦੇ। ਬਹਾਨਾ ਕੋਈ ਵੀ ਹੋਵੇ, ਹਾਕਮਾਂ ਦਾ ਪੀਲਾ ਪੰਜਾ ਸਭ ਤੋਂ ਪਹਿਲਾਂ ਗਰੀਬਾਂ, ਮਜ਼ਲੂਮਾਂ, ਘਟਗਿਣਤੀਆਂ ਅਤੇ ਦਲਿਤਾਂ ਦੇ ਘਰਾਂ ’ਤੇ ਹੀ ਚੱਲਦਾ ਹੈ। ਆਪਣੇ ਆਸ਼ਿਆਨੇ ਉੱਜੜਦੇ ਦੇਖ ਜਦੋਂ ਮਾਸੂਮ ਰੋਂਦੇ ਕੁਰਲਾਉਂਦੇ ਹਨ ਤਾਂ ਹਾਕਮ ਖਿੜ-ਖੜਾਉਂਦੇ ਹਨ। ਹਾਕਮ ਅਦਾਲਤਾਂ ਵਿੱਚ ਕੁਝ ਕਹਿੰਦੇ ਹਨ ਅਤੇ ਸਟੇਜਾਂ ਉੱਤੇ ਕੁਝ ਹੋਰ। ਦੁੱਖ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਇਹ ਕੁਲਹਿਣੀ ਹਵਾ ਉੱਤਰ ਪ੍ਰਦੇਸ਼ ਤੋਂ ਹੁੰਦੀ ਹੋਈ ‘ਨਿਓਟਿਆਂ ਦੀ ਓਟ’ ਬਣਨ ਵਾਲੇ ਪੰਜਾਬ ਵਿੱਚ ਵੀ ਦਸਤਕ ਦੇ ਰਹੀ ਹੈ। ਸ਼ਾਇਰ ਬਸ਼ੀਰ ਬਦਰ ਨੇ ਮਾਸੂਮਾਂ ਦਾ ਦਰਦ ਇੰਝ ਬਿਆਨਿਆ ਹੈ:
ਲੋਕ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (