DarshanSinghShahbad7“ਦਿਲ ਦੀ ਗੱਲ ਕਰਦਿਆਂ ਉਸ ਨੇ ਮੈਨੂੰ ਕਿਹਾ, “ਸੱਚੀ ਗੱਲ ਇਹ ਹੈ ਕਿ ਕਈ ਵਾਰ ਆਪਣੇ ਆਪ ਨੂੰ ...”
(17 ਜਨਵਰੀ 2024)


ਉਦੋਂ ਮੇਰੇ ਪਾਪਾ ਜੀ ਬੁਢਾਪੇ ਦੀ ਉਮਰ ਵਿੱਚੋਂ ਲੰਘ ਰਹੇ ਸਨ
। ਉਮਰ ਦੇ ਇਸ ਪੜਾਅ ਦੀਆਂ ਆਪਣੀਆਂ ਵਿਸ਼ੇਸ਼ ਲੋੜਾਂ ਹੁੰਦੀਆਂ ਹਨ। ਸਰੀਰ ਕਈ ਤਰ੍ਹਾਂ ਦੇ ਸਹਾਰੇ ਭਾਲਦਾ ਹੈ। ਇਸੇ ਕਰਕੇ ਮੈਂ ਉਨ੍ਹਾਂ ਨੂੰ ਆਪਣੇ ਕੋਲ ਸ਼ਹਿਰ ਲੈ ਆਇਆ ਸੀ। ਇੱਥੇ ਜ਼ਿੰਦਗੀ ਜੀਣ ਲਈ ਹਰ ਸੁਖ-ਸਹੂਲਤ ਸੀ ਪਰ ਉਹ ਖ਼ੁਸ਼ ਰਹਿਣ ਨਾਲੋਂ ਉਦਾਸ ਵਧੇਰੇ ਰਹਿੰਦੇ ਸਨ। ਘਰ ਦੇ ਬਾਹਰ ਹੀ ਮਾੜਾ ਮੋਟਾ ਟਹਿਲਦੇ ਤੇ ਘਰ ਮੁੜ ਆਉਂਦੇ। ਕਿਸੇ ਵੀ ਕੰਮ ਵਿੱਚ ਦਿਲਚਸਪੀ ਨਾ ਲੈਂਦੇ। ਉਨ੍ਹਾਂ ਦੀਆਂ ਉਨੀਂਦਰੇ ਵਿੱਚ ਬੀਤਦੀਆਂ ਰਾਤਾਂ ਨੇ ਮੈਨੂੰ ਗਹਿਰੀਆਂ ਸੋਚਾਂ ਵਿੱਚ ਪਾਇਆ ਹੋੁਇਆ ਸੀ।

“ਪਾਪਾ ਜੀ, ਕੀ ਗੱਲ ਹੈ? ਚੁੱਪ ਚੁੱਪ ਰਹਿੰਦੇ ਓਂ।” ਇੱਕ ਦਿਨ ਮੈਂ ਉਨ੍ਹਾਂ ਨੂੰ ਪੁੱਛਿਆ। ਉਹ ਕਦੇ ਕੁਝ ਕਹਿਣ, ਕਦੇ ਕੁਝ। ਢੁਕਵਾਂ ਜਵਾਬ ਦੇਣ ਲਈ ਉਨ੍ਹਾਂ ਟਾਲ-ਮਟੋਲ ਵੀ ਕੀਤੀ।

“ਜੀਅ ਨਹੀਂ ਲਗਦਾ?” ਉਹ ਹੁਣ ਵੀ ਚੁੱਪ ਸੀ। ਕੀ ਗੱਲ ਹੋ ਸਕਦੀ ਹੈ? ਮੈਂ ਆਪਮੁਹਾਰਾ ਹੀ ਸੋਚਦਾ ਰਹਿੰਦਾ। ਆਖ਼ਰ ਇੱਕ ਦਿਨ ਉਨ੍ਹਾਂ ਕਿਹਾ, “ਚਿਰ ਹੋ ਗਿਆ, ਕਿਸੇ ਤੋਂ ‘ਮੋਹਣ ਸਿਆਂ’ ਨਹੀਂ ਸੁਣਿਆ …।” ਕਿਸੇ ਲੁਕਵੀਂ ਪੀੜ ਦਾ ਅਹਿਸਾਸ ਉਨ੍ਹਾਂ ਦੇ ਚਿਹਰੇ ਉੱਤੇ ਸਪਸ਼ਟ ਦੇਖਿਆ ਜਾ ਸਕਦਾ ਸੀ।

ਮੇਰੇ ਘਰ ਦੇ ਅੱਗੜ-ਪਿੱਛੜ ਕਈ ਘਰ ਸਨ, ਪਰ ਬਿਨਾਂ ਕਿਸੇ ਕੰਮ ਤੋਂ ਇੱਕ ਦੂਜੇ ਦੇ ਘਰ ਆਉਣ ਜਾਣ ਘੱਟ ਹੀ ਸੀ। ਰਾਹ ਜਾਂਦੇ ਸਤਿ ਸ੍ਰੀ ਅਕਾਲ ਹੋ ਜਾਂਦੀ। ਕਈ ਕਈ ਦਿਨ ਮਿਲੇ ਬਿਨਾਂ ਲੰਘ ਵੀ ਜਾਂਦੇ। ਕਈਆਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਗੁਆਂਢ ਵਿੱਚ ਕੌਣ ਰਹਿੰਦਾ ਹੈ, ਕਿੱਥੋਂ ਦਾ ਹੈ? ਸ਼ਾਇਦ ਇਸੇ ਕਰਕੇ ਪਾਪਾ ਜੀ ਨੇ ਇੱਕ ਦਿਨ ਘਰ ਨੂੰ ‘ਪਿੰਜਰਾ’ ਵੀ ਕਹਿ ਦਿੱਤਾ ਸੀ। ਮੇਰੀਆਂ ਸੋਚਾਂ ਦਿਨੇ-ਰਾਤ ਇਸੇ ਬੋਝ ਹੇਠ ਦੱਬੀਆਂ ਰਹਿੰਦੀਆਂ।

“ਚਲੋ, ਪਿੰਡ ਚਲਦੇ ਆਂ।” ਇੱਕ ਦਿਨ ਮੈਂ ਕਿਹਾ। ਬਿਨਾਂ ਕਿਸੇ ਨਾਂਹ-ਨੁੱਕਰ ਤੋਂ ਕੱਪੜੇ-ਲੀੜੇ ਝੋਲੇ ਵਿੱਚ ਪਾਉਂਦਿਆਂ ਉਹ ਜਾਣ ਲਈ ਤਿਆਰ ਹੋ ਗਏ। ਚਿਹਰਾ ਨੂਰੋ-ਨੂਰ ਹੋ ਗਿਆ। ਮੈਂ ਸੋਚਣ ਲੱਗਾ, ਬੰਦੇ ਦਾ ਮਨ ਵੀ ਕਿੰਨਾ ਅਜੀਬ ਹੈ। ਇੱਕ ਵਾਰ ਮੈਂ ਫਿਰ ਪੁੱਛਿਆ, “ਜ਼ਰੂਰ ਜਾਣਾ?”

“ਹਾਂ, ਫਿਰ ਕਦੀ ਆ ਜਾਵਾਂਗਾ …।” ਸ਼ਾਇਦ ਇੱਥੇ ਹਰ ਵਕਤ ਘੁਟਣ ਮਹਿੂਸਸ ਕਰਨ ਅਤੇ ਹਰ ਪਲ ਉੱਖੜੇ ਉੱਖੜੇ ਰਹਿਣ ਨਾਲੋਂ ਉਨ੍ਹਾਂ ਦਾ ਚਲੇ ਜਾਣਾ ਹੀ ਠੀਕ ਸੀ। ਮੈਂ ਤਾਂ ਇੱਥੋਂ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਲਿਆ ਹੋਇਆ ਸੀ। ਗੁਆਂਢੀਆਂ ਨਾਲ ਕਦੇ ਕਦਾਈਂ ਮੇਲ-ਮਿਲਾਪ ਹੋ ਜਾਂਦਾ। ਨਾ ਵੀ ਹੁੰਦਾ ਤਾਂ ਮੈਨੂੰ ਕੋਈ ਫ਼ਰਕ ਨਾ ਪੈਂਦਾ। ਬੰਦ ਬੂਹੇ, ਬੰਦ ਬਾਰੀਆਂ। ਕਿਸੇ ਨਾ ਪੁੱਛਿਆ ਕਿ ਪਾਪਾ ਜੀ ਇੱਥੋਂ ਕਦੋਂ ਤੇ ਕਿਉਂ ਗਏ ਸਨ?

ਸ਼ਾਇਦ ਪਾਪਾ ਜੀ ਨੂੰ ਜਾਪਦਾ ਸੀ ਜਿਵੇਂ ਇੱਥੇ ਉਨ੍ਹਾਂ ਦਾ ਬਹੁਤ ਕੁਝ ਗੁਆਚ ਗਿਆ ਹੋਵੇ ਜਾਂ ਫਿਰ ਉਨ੍ਹਾਂ ਕੋਲੋਂ ਪਤਾ ਨਹੀਂ ਕੀ ਕੁਝ ਕਿਸੇ ਨੇ ਖੋਹ ਲਿਆ ਹੋਵੇ। ਮੈਂ ਸੋਚਾਂ ਵਿੱਚ ਹੀ ਸਾਂ ਕਿ ਕੋਈ ਮੇਰੇ ਕੋਲ ਆਇਆ। ਉਹ ਕਹਿਣ ਲੱਗਾ, “ਮੈਂ ਵੀ ਇਸੇ ਮਹੱਲੇ ਦਾ ਹੀ ਰਹਿਣ ਵਾਲਾ ਹਾਂ, ਪਿਛਲੇ ਪਾਸੇ ਮੇਰਾ ਘਰ ਹੈ। ‘ਰਾਮ ਸਿੰਘ’ ਗੁਜ਼ਰ ਗਿਆ। ਸੋਚਿਆ, ਤੁਹਾਨੂੰ ਵੀ ਦੱਸ ਦੇਵਾਂ। ਦਸ ਵਜੇ ਸਸਕਾਰ ਹੈ।”

“ਕਿਹੜਾ ਰਾਮ ਸਿੰਘ?” ਮੈਂ ਪੁੱਛਿਆ।

“ਆਹ ਸੱਤ-ਅੱਠ ਘਰ ਛੱਡ ਕੇ ਉਸ ਦਾ ਘਰ ਹੈ। ਮਹੀਨੇ ਕੁ ਤੋਂ ਹਸਪਤਾਲ ਦਾਖ਼ਲ ਸੀ।”

ਮੈਂ ਇਸ ਗੱਲੋਂ ਅਣਜਾਣ ਸਾਂ। ‘ਰਾਮ ਸਿੰਘ’ ਦੀ ਅੰਤਿਮ ਯਾਤਰਾ ਵਿੱਚ ਮੈਂ ਸ਼ਾਮਲ ਹੋਇਆ, ਦੁੱਖ ਪ੍ਰਗਟਾਇਆ ਤੇ ਪਰਤ ਆਇਆ। ਉਸ ਦੇ ਘਰ ਸਾਹਮਣਿਉਂ ਮੈਂ ਕਈ ਵਾਰ ਲੰਘਿਆ ਸੀ। ਹੁਣ ਸੋਚਦਾ ਹਾਂ ਕਿ ‘ਰਾਮ ਸਿੰਘ’ ਦੇ ਮੇਰੇ ਲਈ ਕੋਈ ਅਰਥ ਨਹੀਂ ਸਨ।

ਸੋਚੀਂ ਪਿਆ ਰਿਹਾ ਕਿ ਸਾਨੂੰ ਕੀ ਹੋ ਗਿਆ ਹੈ? ਇੱਕ-ਦੂਜੇ ਲਈ ਬੇਪਛਾਣ ਤੇ ਨਿਰਮੋਹੇ ਜਿਹੇ ਹੋ ਗਏ ਹਾਂ। ਨਾ ਵਿਸ਼ਵਾਸ ਬਚੇ, ਨਾ ਅਹਿਸਾਸ ਤੇ ਨਾ ਹੀ ਸੁੱਚੇ ਮੋਹ ਦੀ ਸਾਂਝ। ਮਨਾਂ ਵਿੱਚੋਂ ਸਿਰਨਾਵੇਂ ਹੀ ਵਿਸਰ ਗਏ।

ਇੱਕ ਦਿਨ ਮੈਨੂੰ ਮੇਰੇ ਇੱਕ ਸੱਜਣ-ਮਿੱਤਰ ਦਾ ਫ਼ੋਨ ਆਇਆ, “ਕੀ ਕਰਦਾ ਏਂ? ਵਿਹਲ ਹੈ ਤਾਂ ਆ ਜਾ। ਦੋ ਘੜੀ ਬੈਠਾਂਗੇ।” ਉਸ ਦੀ ਪਤਨੀ ਸਾਲ ਪਹਿਲੋਂ ਗੁਜ਼ਰ ਗਈ ਸੀ ਤੇ ਹੁਣ ਉਹ ਆਪਣੇ ਪੁੱਤ-ਪੋਤਿਆਂ ਕੋਲ ਰਹਿੰਦਾ ਸੀ। ਦਿਲ ਦੀ ਗੱਲ ਕਰਦਿਆਂ ਉਸ ਨੇ ਮੈਨੂੰ ਕਿਹਾ, “ਸੱਚੀ ਗੱਲ ਇਹ ਹੈ ਕਿ ਕਈ ਵਾਰ ਆਪਣੇ ਆਪ ਨੂੰ ਪਰਿਵਾਰ ਵਿੱਚ ਰਹਿੰਦਿਆਂ ਵੀ ਇਕੱਲਾ ਮਹਿਸੂਸ ਕਰਦਾ ਹਾਂ।”

ਇਸ ਛੋਟੀ ਜਿਹੀ ਗੱਲ ਨੇ ਮੈਨੂੰ ਸੋਚਣ ਲਾ ਦਿੱਤਾ। ਉਸ ਦੀ ਆਖੀ ਗੱਲ ਦੀ ਗੁੰਝਲ ਨੂੰ ਸਮਝਣ ਲਈ ਮੈਂ ਉਸ ਕੋਲ ਗਿਆ। ਬੜੀ ਦੇਰ ਅਸੀਂ ਦੋਵੇਂ ਮਨ ਦੀਆਂ ਗੱਲਾਂ ਸਾਂਝੀਆਂ ਕਰਦੇ ਰਹੇ। ਉਹ ਕਹਿਣ ਲੱਗਾ, “ਆ ਜਾਇਆ ਕਰ ਕਦੀ ਕਦੀ। ਮਿਲ ਕੇ ਮਨ ਹੋਰ ਦਾ ਹੋਰ ਹੋ ਜਾਂਦਾ। ਆਪਣੇ ਤਾਂ ਕੋਲ ਬੈਠਦੇ ਨਹੀਂ, ਦੂਜਾ ਕੋਈ ਆਉਂਦਾ ਨੀਂ। ਗੱਲ ਕਰਨ ਲਈ ਵੀ ਕਿਸੇ ਨੂੰ ਲੱਭਣਾ ਪੈਂਦਾ …।”

ਖ਼ਿਆਲ ਮੇਰੇ ਅੰਦਰ ਵਹਿ ਤੁਰੇ। ਮੇਰੇ ਪਾਪਾ ਜੀ ਨੂੰ ‘ਮੋਹਣ ਸਿਆਂ’ ਕਹਿਣ ਵਾਲਾ ਕੋਈ ਨਹੀਂ ਸੀ। ਘਰ ਦੇ ਨੇੜੇ ਰਹਿੰਦਿਆਂ ਵੀ ‘ਰਾਮ ਸਿੰਘ’ ਮੇਰੇ ਲਈ ਅਣਜਾਣ ਸੀ। ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਕਿ ਮੈਂ ਕਿੱਥੇ ਹਾਂ ਤੇ ਕੀ ਕਰਦਾ ਹਾਂ। ਇਹ ਗੱਲ ਵੱਖਰੀ ਹੈ ਕਿ ਪਛਾਣ ਕਰਵਾਉਣ ਲਈ ‘ਨੇਮ ਪਲੇਟਾਂ’ ਅਸੀਂ ਥਾਂ ਥਾਂ ਟੰਗੀਆਂ ਹੋਈਆਂ ਹਨ।

ਇੱਕ ਦਿਨ ਰੇਲ ਗੱਡੀ ਵਿੱਚ ਸਫ਼ਰ ਕਰਦੇ ਸਮੇਂ ਮੈਨੂੰ ਕਿਸੇ ਨੇ ਕਿਹਾ, “ਦੇਖਿਆ ਲਗਦਾ ਤੈਨੂੰ ਕਿਤੇ … .।”

ਮੈਂ ਆਪਣਾ ਨਾਂ-ਪਤਾ ਦੱਸਿਆ। ਉਹ ਹੱਸਿਆ। ਹੈਰਾਨ ਹੁੰਦਿਆਂ ਮੈਂ ਪੁੱਛਿਆ, “ਤੂੰ ਮੈਨੂੰ ਜਾਣਦੈਂ?”

“ਹਾਂ।” ਮਹਿਕ ਵਿਹੂਣੇ ਰਿਸ਼ਤਿਆਂ ਤੇ ਨਿੱਜ ਤਕ ਸਿਮਟੇ ਸਮਾਜ ਦੇ ਅਜੋਕੇ ਦੌਰ ਵਿੱਚ ਉਸ ਦੀ ਮੁਸਕਾਣ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਜਿਸ ਨੇ ਮੈਨੂੰ ਮਾਨਸਿਕ ਤੌਰ ’ਤੇ ਸਕੂਨ ਨਾਲ ਭਰ ਦਿੱਤਾ।

*     *     *     *     *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author