JatinderPannu7ਪੰਜਾਬ ਦੇ ਜਾਇਆਂ ਦੀ, ਇਨ੍ਹਾਂ ਦੀ ਅਗਲੀ ਪੀੜ੍ਹੀ ਦੀ ਚਿੰਤਾ ਜਿਨ੍ਹਾਂ ਨੂੰ ਹੈ, ਉਨ੍ਹਾਂ ਨੂੰ ਇਸ ਬਾਰੇ ...
(2 ਅਗਸਤ 2021)

 

ਆਜ਼ਾਦੀ ਤੋਂ ਬਾਅਦ ਪੰਜਾਬ ਅਤੇ ਪੰਜਾਬੀਆਂ ਨੇ ਉਹ ਦੌਰ ਵੀ ਵੇਖਿਆ ਸੀ, ਜਦੋਂ ਤੇਰ੍ਹਵੇਂ ਮਹੀਨੇ ਵਿੱਚ ਖਾਣ ਨੂੰ ਘਰਾਂ ਵਿੱਚ ਦਾਣੇ ਨਹੀਂ ਸਨ ਹੁੰਦੇ ਤੇ ਪਿੰਡਾਂ ਵਿੱਚ ਕਈ ਵਾਰ ਸਰਕਾਰ ਵੰਡਦੀ ਹੁੰਦੀ ਸੀਉਸ ਵਕਤ ਅਸੀਂ ਜਵਾਕ ਹੁੰਦੇ ਸਾਂ ਅਤੇ ਇਸ ਹਾਲਤ ਦੇ ਕਾਰਨ ਨਹੀਂ ਸਾਂ ਜਾਣਦੇਫਿਰ ਅਚਾਨਕ ਪੰਜਾਬ ਵਿੱਚ ਹਰੇ ਇਨਕਲਾਬ ਦੀ ਆਮਦ ਨਾਲ ਉਹ ਨਵਾਂ ਦੌਰ ਆ ਗਿਆ, ਜਿਸ ਵਿੱਚ ਸਾਡੇ ਖੇਤ ਇੰਨਾ ਅਨਾਜ ਪੈਦਾ ਕਰਨ ਲੱਗ ਪਏ ਕਿ ਪੁਰਾਣੇ ਤਰੀਕਿਆਂ ਨਾਲ ਸੰਭਾਲਣਾ ਵੀ ਸੰਭਵ ਨਹੀਂ ਸੀਉਸ ਦੀ ਸੰਭਾਲ ਲਈ ਫਲ੍ਹਿਆਂ ਦੀ ਥਾਂ ਪਹਿਲਾਂ ਕਣਕ ਕੁਤਰਨ ਵਾਲੀਆਂ ਤੇ ਬਾਅਦ ਵਿੱਚ ਉਸ ਨੂੰ ਗਾਹੁਣ ਤੇ ਦਾਣੇ ਵੱਖ ਕਰਨ ਵਾਲੀਆਂ ਮਸ਼ੀਨਾਂ ਆ ਗਈਆਂ ਤੇ ਫਿਰ ਵੱਢਣ ਦਾ ਕੰਮ ਕਰਨ ਵਾਲੀਆਂ ਕੰਬਾਈਨਾਂ ਵੀ ਬਣ ਗਈਆਂ ਉਦੋਂ ਕਦੇ-ਕਦੇ ਅਸੀਂ ਬਜ਼ੁਰਗਾਂ ਤੋਂ ਸੁਣਿਆ ਕਰਦੇ ਸਾਂ ਕਿ ਮਸ਼ੀਨ ਹੁੰਦੀ ਤਾਂ ਚੰਗੀ ਹੈ, ਪਰ ਇਸਦਾ ਉਲਟਾ ਅਸਰ ਅਜੇ ਨਹੀਂ ਦਿਸਦਾ, ਕੁਝ ਸਮਾਂ ਬਾਅਦ ਜਦੋਂ ਦਿਸਿਆ ਤਾਂ ਉਸ ਤੋਂ ਬਚਣ ਦਾ ਰਾਹ ਨਹੀਂ ਲੱਭਣਾਪੁੱਛਣ ਉੱਤੇ ਉਹ ਕਹਿੰਦੇ ਹੁੰਦੇ ਸਨ ਕਿ ਇੱਕ ਤਾਂ ਇਨ੍ਹਾਂ ਮਸ਼ੀਨਾਂ ਨੇ ਲੋਕਾਂ ਦੀ ਹੱਥੀਂ ਮਿਹਨਤ ਕਰਨ ਦੀ ਆਦਤ ਖੋਹ ਲੈਣੀ ਹੈ ਤੇ ਜਦੋਂ ਫਿਰ ਕਦੀ ਉਨ੍ਹਾਂ ਨੂੰ ਮਜਬੂਰੀ ਵਿੱਚ ਵੀ ਕੰਮ ਕਰਨਾ ਪਿਆ, ਉਨ੍ਹਾਂ ਤੋਂ ਕੀਤਾ ਨਹੀਂ ਜਾ ਸਕਣਾਇਹ ਗੱਲ ਪਿੱਛੋਂ ਸਮੇਂ ਨੇ ਸਾਡੇ ਵਿੰਹਦਿਆਂ ਸੱਚ ਸਾਬਤ ਕੀਤੀ ਹੋਈ ਹੈਦੂਸਰਾ ਉਹ ਇਹ ਕਹਿੰਦੇ ਹੁੰਦੇ ਸਨ ਕਿ ਇਸ ਅਚਾਨਕ ਆਈ ਤਰੱਕੀ ਨੇ ਲੋਕਾਂ ਨੂੰ ਇੱਦਾਂ ਦੀਆਂ ਅਚਾਨਕ ਆਉਣ ਵਾਲੀਆਂ ਹੋਰ ਤਰੱਕੀਆਂ ਦੀ ਝਾਕ ਲਾ ਦੇਣੀ ਹੈ ਤੇ ਜਦੋਂ ਇਹੋ ਜਿਹੇ ਹੋਰ ਛੜੱਪੇ ਨਾ ਵੱਜੇ, ਲੋਕਾਂ ਨੇ ਮਾਯੂਸ ਹੋਣਾ ਸ਼ੁਰੂ ਕਰ ਦੇਣਾ ਹੈਉਹ ਉਦੋਂ ਵੀ ਕਹਿੰਦੇ ਹੁੰਦੇ ਸਨ ਕਿ ਰਾਜਸੀ ਆਗੂ ਜਿਹੜੀਆਂ ਛੋਟਾਂ ਅੱਜ ਦੇਈ ਜਾਂਦੇ ਹਨ, ਸਮਾਂ ਪਾ ਕੇ ਇਹ ਵੀ ਨਹੀਂ ਮਿਲਿਆ ਕਰਨੀਆਂ ਤੇ ਲੋਕ ਖੁਦਕੁਸ਼ੀਆਂ ਕਰਨਗੇ

ਉਦੋਂ ਅਸੀਂ ਲੋਕ ਇਸ ਸੋਚ ਉਡਾਰੀ ਨੂੰ ਉਨ੍ਹਾਂ ਦੇ ਮਨਾਂ ਦਾ ਵਹਿਮ ਕਿਹਾ ਕਰਦੇ ਸਾਂਅੱਜ ਉਹ ਗੱਲਾਂ ਸਾਡੇ ਅੱਖਾਂ ਮੂਹਰੇ ਸੱਚ ਸਾਬਤ ਹੋਣ ਲੱਗ ਪਈਆਂ ਹਨਸਰਕਾਰੀ ਛੋਟਾਂ ਦੇ ਛੱਟੇ ਅਤੇ ਬੇਈਮਾਨ ਅਧਿਕਾਰੀਆਂ ਵੱਲੋਂ ਪੈਸੇ ਲੈ ਕੇ ਹਰ ਕਿਸਮ ਦਾ ਸਰਟੀਫਿਕੇਟ ਬਣਾ ਦੇਣ ਦੀ ਆਦਤ ਨੇ ਪੰਜਾਬੀ ਲੋਕ, ਖਾਸ ਤੌਰ ਉੱਤੇ ਸਾਡੇ ਕਿਸਾਨ, ਇੰਨੇ ਕਰਜ਼ੇ ਹੇਠਾਂ ਦੱਬ ਦਿੱਤੇ ਹਨ ਕਿ ਉਨ੍ਹਾਂ ਲਈ ਉੱਠਣਾ ਮੁਸ਼ਕਲ ਹੋ ਗਿਆ ਹੈਇੱਕ ਜ਼ਿੰਮੇਵਾਰ ਅਧਿਕਾਰੀ ਨੇ ਸਾਨੂੰ ਦੱਸਿਆ ਕਿ ਪੰਜਾਬ ਵਿੱਚ ਕਈ ਕਿਸਾਨ ਇੱਕੋ ਖੇਤ ਦਾ ਤਿੰਨ-ਤਿੰਨ ਵਾਰ ਨਵਾਂ ਸਰਟੀਫਿਕੇਟ ਬਣਵਾ ਕੇ ਕਰਜ਼ਾ ਲੈ ਚੁੱਕੇ ਹਨ ਤੇ ਜਿੰਨੀ ਜ਼ਮੀਨ ਪੰਜਾਬ ਦੇ ਬੈਂਕਾਂ ਨੂੰ ਗਹਿਣੇ ਕਰ ਕੇ ਇਸ ਵਕਤ ਕਰਜ਼ੇ ਲਏ ਜਾ ਚੁੱਕੇ ਹਨ, ਅਸਲ ਵਿੱਚ ਪੰਜਾਬ ਦੀ ਖੇਤੀ ਹੇਠਲੀ ਜ਼ਮੀਨ ਉਸ ਦਾ ਤੀਜਾ ਹਿੱਸਾ ਵੀ ਨਹੀਂਬੈਂਕਾਂ ਦੇ ਫੀਲਡ ਅਫਸਰ ਇਹ ਜਾਣਦੇ ਹੋਏ ਵੀ ਆਪਣੇ ਕੋਟੇ ਪੂਰੇ ਕਰਨ ਅਤੇ ਜੇਬਾਂ ਭਰਨ ਲਈ ਇੱਦਾਂ ਦਾ ਕੰਮ ਕਰੀ ਜਾਂਦੇ ਰਹੇ ਤੇ ਅੱਗੋਂ ਜਦੋਂ ਹੋਰ ਕਿਤੋਂ ਕਰਜ਼ਾ ਮਿਲ ਹੀ ਨਹੀਂ ਸਕਣਾ ਤਾਂ ਲੋਕ ਫਸ ਗਏ ਹਨ

ਇਹ ਇੱਕ ਵੱਡਾ ਪੱਖ ਹੈ, ਪਰ ਇੱਕੋ-ਇੱਕੋ ਨਹੀਂਦੂਸਰਾ ਪੱਖ ਇਹ ਹੈ ਕਿ ਪਹਿਲਾਂ ਹਰ ਰਾਜਸੀ ਲੀਡਰ ਆਪਣੇ ਹਲਕੇ ਵਿੱਚ ਸਕੂਲ ਵੀ ਖੋਲ੍ਹੀ ਜਾਂਦਾ ਸੀ, ਹਸਪਤਾਲ ਵੀ ਅਤੇ ਹੋਰ ਹਰ ਕੰਮ ਵੋਟਾਂ ਉੱਤੇ ਅੱਖ ਰੱਖ ਕੇ ਕਰਨ ਲੱਗਾ ਪਿਆ ਸੀਅੱਜਕੱਲ੍ਹ ਉਹ ਸਕੂਲ ਵੀ ਬੰਦ ਹੋਈ ਜਾਂਦੇ ਹਨ, ਹਸਪਤਾਲ ਵੀ ਤੇ ਹੋਰ ਅਦਾਰੇ ਵੀਸਕੂਲਾਂ ਵਿੱਚ ਬੱਚੇ ਕੋਈ ਨਹੀਂ ਆ ਰਹੇ, ਕਿਉਂਕਿ ਜਿਨ੍ਹਾਂ ਕੋਲ ਪੈਸੇ ਹਨ, ਬੱਚੇ ਵਿਦੇਸ਼ ਭੇਜਣ ਨੂੰ ਪਹਿਲ ਦਿੰਦੇ ਹਨ ਤੇ ਜਿਨ੍ਹਾਂ ਕੋਲ ਪੈਸੇ ਨਹੀਂ, ਸਰਕਾਰੀ ਸਕੂਲ ਵੱਲ ਵੀ ਬੱਚਾ ਭੇਜਣ ਦੀ ਥਾਂ ਆਪਣੇ ਨਾਲ ਘਰ ਦੇ ਕੰਮ ਲਾ ਕੇ ਗੁ਼ਜ਼ਾਰਾ ਕਰਨ ਦੀ ਸੋਚਦੇ ਹਨਲੀਡਰਾਂ ਤੋਂ ਕਦੇ-ਕਦਾਈਂ ਪੀਲੇ ਜਾਂ ਨੀਲੇ ਕਾਰਡ ਨਾਲ ਮਿਲਦੀ ਸਸਤੇ ਰਾਸ਼ਣ ਵਰਗੀ ਸਰਕਾਰੀ ਖੈਰਾਤ ਤੋਂ ਵੱਧ ਆਸ ਕੋਈ ਨਹੀਂ ਰਹਿ ਗਈਤੇਜ਼ੀ ਨਾਲ ਨਵੀਂਆਂ ਫਸਲਾਂ ਵਿਕਸਤ ਹੋਣ ਅਤੇ ਨਵੀਂਆਂ ਮਸ਼ੀਨਾਂ ਆਉਣ ਦੇ ਵੀ ਕੋਈ ਹਾਲਾਤ ਨਹੀਂ ਰਹੇ ਅਤੇ ਜਿੱਦਾਂ ਦੀ ਖੜੋਤ ਆਈ ਹੈ, ਉਸ ਵਿੱਚ ਲੁੱਟਾਂ-ਖੋਹਾਂ ਵਧਣ ਲੱਗ ਪਈਆਂ ਹਨਇਸ ਵਕਤ ਹੁੰਦੇ ਜੁਰਮਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਨੌਜਵਾਨ ਵੀ ਲੁੱਟਾਂ-ਖੋਹਾਂ ਕਰਦੇ ਫੜੇ ਜਾਣ ਲੱਗੇ ਹਨ, ਜਿਨ੍ਹਾਂ ਦੇ ਵਡੇਰੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਕਰਦੇ ਸਨਸਮਾਜ ਦੀ ਇਸ ਗਿਰਾਵਤ ਵਿੱਚ ਰਾਜਨੀਤੀ ਦਾ ਹਿੱਸਾ ਵੀ ਤਕੜਾ ਹੈ, ਕਿਉਂਕਿ ਗੱਡੀਆਂ ਉੱਤੇ ਆਉਂਦੇ ਅਤੇ ਕਿਸੇ ਥਾਂ ਗੱਡੀ ਖੜ੍ਹੀ ਕਰਨ ਪਿੱਛੋਂ ਛੋਟੀ-ਮੋਟੀ ਵਾਰਦਾਤ ਕਰ ਕੇ ਭੱਜਦੇ ਫੜੇ ਜਾਂਦੇ ਇਨ੍ਹਾਂ ਵੱਡੇ ਘਰਾਂ ਦੇ ਕਾਕਿਆਂ ਨੂੰ ਛੁਡਾਉਣ ਲਈ ਕਿਸੇ ਨਾ ਕਿਸੇ ਆਗੂ ਦਾ ਫੋਨ ਝੱਟ ਆ ਜਾਂਦਾ ਹੈ ਕਿ ਇਹ ਸਾਡੇ ਯੂਥ ਵਿੰਗ ਦਾ ਅਹੁਦੇਦਾਰ ਹੈ, ਇਸ ਨੂੰ ਕੁਝ ਨਹੀਂ ਕਹਿਣਾਲੀਡਰਾਂ ਨੂੰ ਇਹ ਗੱਲ ਹੱਦੋਂ ਵੱਧ ਫਿੱਟ ਬੈਠਦੀ ਹੈ ਕਿ ਇਹੋ ਜਿਹੇ ਨੌਜਵਾਨ ਇਹ ਕੰਮ ਕਰਦੇ ਹੋਏ ਆਪਣੇ ਘਰ ਚਲਾਈ ਜਾਣ ’ਤੇ ਉਨ੍ਹਾਂ ਦੀ ਚਾਕਰੀ ਕਰੀ ਜਾਣ

ਪਿਛਲੇ ਤੀਹ ਤੋਂ ਵੱਧ ਸਾਲਾਂ ਦੀ ਪੱਤਰਕਾਰੀ ਦੌਰਾਨ ਮੈਂ ਇਹੋ ਜਿਹੇ ਕਈ ਛੋਟੇ ਅਪਰਾਧੀਆਂ ਨੂੰ ਪੌੜੀਆਂ ਚੜ੍ਹ ਕੇ ਵੱਡੇ ਅਪਰਾਧੀ ਤੇ ਫਿਰ ਸਿਆਸੀ ਆਗੂ ਬਣਨ ਪਿੱਛੋਂ ਚੇਅਰਮੈਨ, ਵਿਧਾਇਕ ਅਤੇ ਮੰਤਰੀ ਬਣਦੇ ਦੇਖਿਆ ਹੋਇਆ ਹੈਇਸ ਵਕਤ ਦੇ ਪੰਜਾਬ ਦੇ ਮੰਤਰੀਆਂ ਤੇ ਸਾਬਕਾ ਮੰਤਰੀਆਂ ਵਿੱਚ ਵੀ ਅਤੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀਆਂ ਅਤੇ ਸਾਬਕਾ ਵਜ਼ੀਰਾਂ ਵਿੱਚ ਵੀ ਕਈ ਇੱਦਾਂ ਦੇ ਲੋਕ ਹਨ, ਜਿਹੜੇ ਟੁੱਚਲ ਜਿਹੇ ਬਦਮਾਸ਼ ਹੁੰਦੇ ਸਨ, ਅਚਾਨਕ ਉਹ ਕਿਸੇ ਵੱਡੇ ਆਗੂ ਦੀ ਸਰਪ੍ਰਸਤੀ ਨਾਲ ਤਰੱਕੀਆਂ ਕਰਦੇ ਹੋਏ ਝੰਡੀ ਵਾਲੀਆਂ ਕਾਰਾਂ ਵਿੱਚ ਚੜ੍ਹ ਗਏ ਤੇ ਜਿਹੜੇ ਪੁਲਿਸ ਵਾਲੇ ਉਨ੍ਹਾਂ ਦੇ ਵਾਰੰਟ ਲਈ ਫਿਰਦੇ ਹੁੰਦੇ ਸਨ, ਉਹ ਹੀ ਉਨ੍ਹਾਂ ਨੂੰ ਸਲੂਟ ਮਾਰਨ ਲਈ ਮਜਬੂਰ ਹੋ ਗਏ ਸਨਪੰਜਾਬ ਦੇ ਅਜੋਕੇ ਨੌਜਵਾਨਾਂ ਨੂੰ ਜਦੋਂ ਪਿੰਡਾਂ ਵਿੱਚੋਂ ਇੱਦਾਂ ਬਦਮਾਸ਼ੀ ਤੋਂ ਤੁਰ ਕੇ ਮੰਤਰੀ ਦੀ ਪਦਵੀ ਤੱਕ ਪਹੁੰਚੇ ਲੋਕਾਂ ਦਾ ਪਤਾ ਲੱਗਦਾ ਹੈ ਤਾਂ ਉਹ ਹੋਰ ਨੌਜਵਾਨਾਂ ਨੂੰ ਵੀ ਇਸ ਲੀਹੇ ਪੈਣ ਲਈ ਪ੍ਰੇਰਦੇ ਜਾਪਦੇ ਹਨਜਿੰਨਾ ਵੱਧ ਕੋਈ ਆਗੂ ਚਿੱਟਾ ਝੂਠ ਬੋਲਦਾ ਹੈ, ਉੰਨੀ ਉਸ ਦੀ ਮਹਿਮਾ ਹੁੰਦੀ ਅਤੇ ਉਸ ਪਿੱਛੇ ਲੋਕਾਂ ਦੀ ਭੀੜ ਵਧਦੀ ਹੈਜਿਹੜਾ ਆਗੂ ਆਪ ਕਿਸੇ ਗੁਰੂ-ਪੀਰ ਜਾਂ ਧਰਮ ਅਸਥਾਨ ਦੀ ਟਕੇ ਦੀ ਇੱਜ਼ਤ ਨਾ ਕਰੇ, ਧਰਮ ਨੂੰ ਸਿਰਫ ਕੁਰਸੀ ਤੱਕ ਪਹੁੰਚਣ ਦਾ ਵਸੀਲਾ ਹੀ ਸਮਝਦਾ ਹੋਵੇ ਤੇ ਧਰਮ ਦਾ ਝੰਡਾ ਚੁੱਕਣ ਵਾਲਿਆਂ ਨੂੰ ਵੇਲੇ-ਕੁਵੇਲੇ ਚਾਰ ਗਾਲ੍ਹਾਂ ਕੱਢਣ ਪਿੱਛੋਂ ਲੋਕਾਂ ਸਾਹਮਣੇ ਉਨ੍ਹਾਂ ਅੱਗੇ ਹੀ ਮੱਥਾ ਟੇਕ ਸਕਦਾ ਹੋਵੇ, ਉਹ ਕਾਮਯਾਬੀ ਦੀਆਂ ਮੰਜ਼ਲਾਂ ਚੜ੍ਹਦਾ ਜਾਂਦਾ ਹੈ ਤੇ ਜਿਹੜਾ ਧਰਮ ਜਾਂ ਸਿਧਾਂਤ ਪ੍ਰਤੀ ਵਫਾਦਾਰੀ ਲਈ ਵਚਨਬੱਧ ਬਣਨ ਲਈ ਚਿੰਤਾ ਕਰਦਾ ਰਹੇ, ਉਹ ਇਸੇ ਚਿੰਤਾ ਵਿੱਚ ਫਸਿਆ ਰਹਿੰਦਾ ਹੈ ਤੇ ਦੂਸਰੇ ਲੋਕ ਉਸ ਨੂੰ ਬੇਵਕੂਫ ਸਮਝਣਗੇਪੰਜਾਬ ਦੀ ਰਾਜਨੀਤੀ ਦੇ ਇਹ ਤਾਜ਼ਾ ਰੁਝਾਨ ਪੰਜਾਬ ਦੀ ਅਗਲੀ ਪੀੜ੍ਹੀ ਦਾ ਸੱਤਿਆਨਾਸ ਕਰੀ ਜਾ ਰਹੇ ਹਨ

ਨਤੀਜੇ ਵਜੋਂ ਪੰਜਾਬ ਇਸ ਵਕਤ ਉਸ ਸੜਕ ਉੱਤੇ ਚੱਲ ਪਿਆ ਜਾਪਦਾ ਹੈ, ਜਿੱਥੋਂ ਇਸਦੇ ਮੋੜਾ ਕੱਟਣ ਦੇ ਲਈ ਨੇੜੇ-ਤੇੜੇ ਕੋਈ ਕੱਟ ਨਹੀਂ ਜਾਪਦਾ ਇਸ ਨੂੰ ਮੁੜਨ ਤੱਕ ਕਈ ਕਿਲੋਮੀਟਰ ਪੈਂਡਾ ਮਾਰਨਾ ਪੈ ਸਕਦਾ ਹੈ ਤੇ ਉਸ ਪੈਂਡੇ ਵਿੱਚ ਇਸਦਾ ਇੰਨਾ ਵੱਡਾ ਨੁਕਸਾਨ ਹੋ ਜਾਵੇਗਾ, ਜਿਸ ਦੀ ਭਰਪਾਈ ਨਹੀਂ ਹੋ ਸਕਣੀਪੰਜਾਬ ਦੀ ਰਾਜਨੀਤੀ ਵਿੱਚ ਜਿੱਦਾਂ ਦੇ ਧੁਰੰਤਰਾਂ ਦਾ ਬੋਲਬਾਲਾ ਹੈ, ਉਹ ਇਸ ਸਥਿਤੀ ਬਾਰੇ ਜਾਣਦੇ ਹਨ, ਪਰ ਇਸਦੀ ਚਿੰਤਾ ਨਹੀਂ ਕਰਦੇਉਨ੍ਹਾਂ ਦੇ ਲਈ ਕੁਰਸੀ ਮੁੱਖ ਹੈ ਅਤੇ ਕੁਰਸੀ ਵੱਲ ਦੌੜਨ ਵੇਲੇ ਉਹ ਆਪਣੇ-ਪਰਾਏ ਕਿਸੇ ਦੀ ਬਲੀ ਦੇਣ ਤੋਂ ਝਿਜਕਣ ਦੇ ਆਦੀ ਨਹੀਂਜਦੋਂ ਉਹ ਆਪਣਿਆਂ ਦੀ ਬਲੀ ਦੇਣ ਤੱਕ ਚਲੇ ਜਾਂਦੇ ਹਨ, ਬੇਗਾਨਿਆਂ ਦੀ ਚਿੰਤਾ ਵੀ ਨਹੀਂ ਕਰਨਗੇਇਸ ਲਈ ਪੰਜਾਬ ਦੇ ਜਾਇਆਂ ਦੀ, ਇਨ੍ਹਾਂ ਦੀ ਅਗਲੀ ਪੀੜ੍ਹੀ ਦੀ ਚਿੰਤਾ ਜਿਨ੍ਹਾਂ ਨੂੰ ਹੈ, ਉਨ੍ਹਾਂ ਨੂੰ ਇਸ ਬਾਰੇ ਸਮਾਜ ਦੇ ਲਈ ਇੱਕ ਲਹਿਰ ਚਲਾਉਣੀ ਪਵੇਗੀਉਹ ਲਹਿਰ ਕਿੱਦਾਂ ਦੀ ਹੋਵੇਗੀ, ਇਸਦਾ ਨਕਸ਼ਾ ਵੀ ਉਨ੍ਹਾਂ ਨੂੰ ਖੁਦ ਉਲੀਕਣਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2930)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author