“ਇੰਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈ। ਸੇਵਾਦਾਰ ਮੈਂਨੂੰ ...”
(20 ਅਪਰੈਲ 2021)
ਸਕੂਲ ਵਿੱਚ ਅੱਧੀ ਛੁੱਟੀ ਹੋਣ ਦੀ ਘੰਟੀ ਵੱਜ ਚੁੱਕੀ ਸੀ। ਸਰਦੀਆਂ ਦੇ ਮੌਸਮ ਵਿੱਚ ਅਰਾਮ ਨਾਲ ਸਕੂਲ ਦੇ ਪਾਰਕ ਵਿੱਚ ਬੈਠਾ ਮੈਂ ਆਸੇ ਪਾਸੇ ਖੇਡਦੇ ਬੱਚੇ ਦੇਖ ਰਿਹਾ ਸਾਂ। ਡਿਗਦੇ, ਉੱਠਦੇ, ਢਹਿੰਦੇ ਬੱਚਿਆਂ ਦੀਆਂ ਕਿਲਕਾਰੀਆਂ ਨੇ ਅਜਬ ਜਿਹਾ ਸ਼ੋਰ ਛੇੜਿਆ ਹੋਇਆ ਸੀ ਤੇ ਇਹ ਸ਼ੋਰ ਮੇਰੇ ਕੰਨਾਂ ਨੂੰ ਖਾ ਨਹੀਂ ਰਿਹਾ ਸੀ ਸਗੋਂ ਭਾਅ ਰਿਹਾ ਸੀ। ਇੰਨੇ ਨੂੰ ਇੱਕ ਅਵਾਜ਼ ਨੇ ਮੇਰੀ ਬਿਰਤੀ ਭੰਗ ਕਰ ਦਿੱਤੀ। ਦਸਵੀਂ ਜਮਾਤ ਦਾ ਇੱਕ ਵਿਦਿਆਰਥੀ ਮੈਂਨੂੰ ਮੁਖ਼ਾਤਿਬ ਸੀ, “ਸਰ, ਛੁੱਟੀ ਚਾਹੀਦੀ ਐ।”
ਮੈਂ ਉਸ ਨੂੰ ਛੁੱਟੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, “ਸਰ, ਘਰੇ ਕੰਮ ਐ।”
“ਕੀ ਕੰਮ ਐ”? ਮੇਰਾ ਅਗਲਾ ਸਵਾਲ ਸੀ। ਪਹਿਲਾਂ ਤਾਂ ਬੱਚਾ ਚੁੱਪ ਕਰ ਗਿਆ ਪਰ ਫਿਰ ਨੀਵੀਂ ਜਿਹੀ ਪਾ ਕੇ ਦੱਸਣ ਲੱਗਾ ਕਿ ਉਸਨੇ ਆਪਣੇ ਪਿਤਾ ਨਾਲ ਜੇਲ ਵਿੱਚ ਮੁਲਾਕਾਤ ਕਰਨ ਜਾਣਾ ਹੈ। ਪਿਛਲੇ ਦਿਨੀਂ ਉਸਦੇ ਪਿਤਾ ਦੀ ਗੁਆਂਢੀ ਨਾਲ ਇੱਕ ਸਾਂਝੀ ਕੰਧ ਪਿੱਛੇ ਤਕਰਾਰ ਹੋ ਗਈ ਸੀ, ਜਿਹੜੀ ਕਿ ਇੱਕ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਈ ਸੀ। ਗੁਆਂਢੀ ਜ਼ੋਰਾਵਰ ਸਨ। ਸੋ ਕਈ ਦਿਨਾਂ ਤੋਂ ਉਸਾ ਪਿਤਾ ਹਵਾਲਾਤੀ ਦੇ ਤੌਰ ’ਤੇ ਜੇਲ ਵਿੱਚ ਸੀ। ਮੈਂ ਛੁੱਟੀ ਦੇ ਦਿੱਤੀ ਤੇ ਦੁਬਾਰਾ ਫਿਰ ਦੁੜੰਗੇ ਮਾਰਦੇ ਬੱਚਿਆਂ ਦੀਆਂ ਕਿਲਕਾਰੀਆਂ ਵਿੱਚ ਲੀਨ ਹੋ ਗਿਆ।
“ਸਰ, ਛੁੱਟੀ ਚਾਹੀਦੀ ਐ।” ਇਹ ਦਸਵੀਂ ਜਮਾਤ ਦੀ ਕੋਮਲਪ੍ਰੀਤ (ਕਲਪਿਤ ਨਾਮ) ਸੀ।
“ਕਿਉਂ, ਕਿਸ ਲਈ?” ਮੈਂ ਥੋੜ੍ਹੇ ਜਿਹੇ ਸਖ਼ਤ ਲਹਿਜ਼ੇ ਨਾਲ ਪੁੱਛਿਆ। ਬੱਚੀ ਪਹਿਲਾਂ ਤਾਂ ਘਬਰਾ ਗਈ ਫਿਰ ਘੱਗੀ ਜਿਹੀ ਅਵਾਜ਼ ਵਿੱਚ ਬੋਲੀ, “ਸਰ, ਮੇਰੀ ਮੰਮੀ ਬਿਮਾਰ ਐ, ਘਰੇ ਹੋਰ ਕੋਈ ਨੀ।” ਬੱਚੀ ਦੇ ਇਸ ਤਰਲੇ ਭਰੀ ਅਵਾਜ਼ ਨੇ ਮੇਰਾ ਲਹਿਜ਼ਾ ਨਰਮ ਕਰ ਦਿੱਤਾ। ਮੈਂ ਉਸਦੇ ਸਿਰ ’ਤੇ ਹੱਥ ਧਰ ਕੇ ਪੁੱਛਿਆ, “ਬੇਟੇ, ਤੇਰੇ ਬਾਕੀ ਘਰ ਦੇ ਕਿੱਥੇ ਨੇ?”
ਬੱਚੀ ਨੇ ਹਟਕੋਰੇ ਭਰਦੀ ਨੇ ਦੱਸਿਆ ਕਿ ਡੈਡੀ ਪਿਛਲੇ ਸਾਲ ਇੱਕ ਦੁਰਘਟਨਾ ਵਿੱਚ ਪੂਰੇ ਹੋ ਗਏ ਸਨ। ਦੋ ਭਰਾ ਦਿਹਾੜੀ ਕਰਨ ਜਾਂਦੇ ਹਨ ਤੇ ਹੁਣ ਉਸਦੀ ਮਾਂ ਕਈ ਦਿਨਾਂ ਤੋਂ ਬਿਮਾਰ ਸੀ। ਉਸ ਨੂੰ ਛੁੱਟੀ ਦੇਣ ਤੋਂ ਸਿਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ।
ਹੁਣ ‘ਜੇਲ੍ਹ’ ‘ਮੁਲਾਕਾਤ’ ‘ਐਕਸੀਡੈਂਟ’ ਜਿਹੇ ਸ਼ਬਦਾਂ ਨੇ ਮੇਰੇ ਮਨ ਵਿੱਚ ਘੁੰਮਣਾ ਸ਼ੁਰੁ ਕਰ ਦਿੱਤਾ। ਬੱਚਿਆਂ ਦੀਆਂ ਕਿਲਕਾਰੀਆਂ ਕਿਧਰੇ ਵਿਸਰ ਗਈਆਂ। ਉਦਾਸੀ ਤੇ ਨਿਰਾਸ਼ਤਾ ਨੇ ਘੇਰ ਲਿਆ। ਇੰਨੇ ਨੂੰ ਸੇਵਾਦਾਰ ਚਾਹ ਦਾ ਕੱਪ ਦੇਣ ਆ ਗਿਆ। ਮੈਂ ਉਦਾਸ ਮਨ ਨਾਲ ਘੁੱਟਾਂ ਭਰਨ ਲੱਗਾ। ਅਜੇ ਦੋ ਤਿੰਨ ਘੁੱਟਾਂ ਹੀ ਭਰੀਆਂ ਸਨ ਕਿ ਕੰਨਾਂ ਵਿੱਚ ਫਿਰ ਇੱਕ ਅਵਾਜ਼ ਗੂੰਜੀ, “ਸਰ, ਘਰੇ ਜਾਣਾ ਹੈ।”
ਮੈਂ ਘਰ ਜਾਣ ਦਾ ਕਾਰਨ ਪੁੱਛਿਆ।
“ਸਰ, ਡੈਡੀ ਨੂੰ ਹਸਪਤਾਲ ਲੈ ਕੇ ਜਾਣਾ ਹੈ।” ਫਿਰ ਮੇਰੇ ਹੋਰ ਕੋਈ ਸਵਾਲ ਪੁੱਛੇ ਬਿਨਾਂ ਹੀ ਉਹ ਵਿਦਿਆਰਥੀ ਦੱਸਣ ਲੱਗਾ ਕਿ ਡੈਡੀ ਦੇ ਗੁਰਦੇ ਖਰਾਬ ਹਨ। ਉਨ੍ਹਾਂ ਨੂੰ ਹਰ ਹਫ਼ਤੇ ਡਾਇਲਾਸਿਸ ਲਈ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ। ... ਮੈਂ ਵਿਦਿਆਰਥੀ ਨੂੰ ਛੁੱਟੀ ਦੇਣ ਤੋਂ ਜਵਾਬ ਨਾ ਦੇ ਸਕਿਆ। ਜਾਂਦੇ ਹੋਏ ਨੂੰ ਜਦ ਮੈਂ ਪਿੱਛੋਂ ਦੇਖਿਆ ਤਾਂ ਉਸਦੇ ਅਗਾਂਹ ਨੂੰ ਝੁਕੇ ਹੋਏ ਮੋਢੇ ਦੇਖ ਕੇ ਮੇਰਾ ਮਨ ਹੋਰ ਵੀ ਉਦਾਸ ਹੋ ਗਿਆ।
ਛੁੱਟੀ ਖਤਮ ਹੋਣ ਵਿੱਚ ਪੰਦਰਾਂ ਕੁ ਮਿੰਟ ਰਹਿ ਗਏ ਸਨ। ਚਾਹ ਪੀਣੀ ਵਿੱਚੇ ਛੱਡ ਕੇ ਮੈਂ ਬੱਚਿਆਂ ਦੀ ਛੁੱਟੀ ਦੇ ‘ਕਾਰਨਾਂ’ ਦੀ ਫਿਕਰਮੰਦੀ ਵਿੱਚ ਉਲਝਿਆ ਪਿਆ ਸੀ ਕਿ ਇੰਨੇ ਨੂੰ ਮੇਰੇ ਮੋਬਾਇਲ ਫ਼ੋਨ ਦੀ ਘੰਟੀ ਵੱਜੀ। ਇੱਕ ਹਉਕੇ ਭਿੱਜੀ ਅਵਾਜ਼ ਮੇਰੇ ਕੰਨੀਂ ਪਈ, “ਸਰ ਬੋਲਦਾ ਹੈ?”
ਮੇਰਾ ਉੱਤਰ ਉਡੀਕੇ ਬਿਨਾਂ ਹੀ ਫਿਰ ਉਹ ਬੋਲਣ ਲੱਗੀ, “ਮੈਂ ਵੀਨਾ (ਅਸਲ ਨਾਮ ਹੋਰ) ਦੀ ਮੰਮੀ ਬੋਲਦੀ ਆਂ, ਕੁੜੀ ਨੂੰ ਛੁੱਟੀ ਚਾਹੀਦੀ ਐ ਮਹੀਨੇ ਦੀ।”
“ਕਿਉਂ? ਘਰੇ ਸੁੱਖ ਤਾਂ ਹੈ?” ਮੇਰੇ ਇੰਨਾ ਪੁੱਛਣ ਤੇ ਜਿਵੇਂ ਉਹ ਫਿੱਸ ਹੀ ਪਈ ਤੇ ਰੋਂਦੀ ਰੋਂਦੀ ਨੇ ਦੱਸਿਆ ਕਿ ਅੱਜ ਹੀ ਸ਼ਹਿਰੋਂ ਰਿਪੋਟ ਆਈ ਹੈ, ਵੀਨਾ ਨੂੰ ਕੈਂਸਰ ...।” ਤੇ ਬਾਕੀ ਗੱਲ ਉਹਦੇ ਗਲੇ ਵਿੱਚ ਹੀ ਦਮ ਤੋੜ ਗਈ। ਸੁਣ ਕੇ ਮੇਰੇ ਸਿਰ ਨੂੰ ਇੱਕ ਝਟਕਾ ਜਿਹਾ ਲੱਗਾ, ਜਿਵੇਂ ਕਿਸੇ ਨੇ ਸਿਰ ’ਤੇ ਹਥੌੜਾ ਮਾਰ ਦਿੱਤਾ ਹੋਵੇ। ਮੈਂ ‘ਠੀਕ ਐ’, ‘ਠੀਕ ਐ’ ਕਹਿ ਕੇ ਮੋਬਾਇਲ ਫ਼ੋਨ ਬੰਦ ਕਰ ਦਿੱਤਾ। ਲੜਕੀ ਨੂੰ ਆਪਣੇ ਕੋਲ ਬੁਲਾਇਆ। ਖਾਲੀ ਖਾਲੀ ਅੱਖਾਂ ਵਾਲੇ ਬੇਰੌਣਕੇ ਚਿਹਰੇ ਨੂੰ ਧਿਆਨ ਨਾਲ ਤੱਕਿਆ ਤੇ ਉਸ ਨੂੰ ਘਰ ਤੋਰ ਦਿੱਤਾ।
ਮੈਂ ਪਿਛਲੇ ਵੀਹ ਸਾਲਾਂ ਤੋਂ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਿਹਾ ਹਾਂ। ਅਕਸਰ ਹੀ ਮੇਰਾ ਵਿਦਿਆਰਥੀਆਂ ਦੇ ਛੁੱਟੀ ਲੈਣ ਦੇ ਅਜਿਹੇ ਕਾਰਨਾਂ ਜਾਂ ਇਨ੍ਹਾਂ ਵਰਗੇ ਹੋਰ ਦੁਖਦ ਕਾਰਨਾਂ ਨਾਲ ਵਾਹ ਪੈਂਦਾ ਰਹਿੰਦਾ ਹੈ। ਨਿੱਕੀਆਂ ਵੱਡੀਆਂ ਬਿਮਾਰੀਆਂ ਵਿੱਚ ਇਹ ਲੋਕ ਘਿਰੇ ਹੀ ਰਹਿੰਦੇ ਹਨ। ਸਰਕਾਰੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਜਾਂ ਤਾਂ ਇਹ ਓਹੜ ਪੋਹੜ ਤਕ ਹੀ ਸੀਮਿਤ ਰਹਿੰਦੇ ਹਨ ਜਾਂ ਧਾਗੇ ਤਵੀਤਾਂ ਵਿੱਚ ਉਲਝੇ ਰਹਿੰਦੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਇਨ੍ਹਾਂ ਵਿੱਚ ਪੁੱਜਤ ਹੀ ਨਹੀਂ ਹੈ। ਮੈਂਨੂੰ ਦੋ ਕੁ ਸਾਲ ਪੁਰਾਣੀ ਗੱਲ ਅੱਜ ਵੀ ਯਾਦ ਹੈ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਿਛਲੇ ਕਈ ਦਿਨਾਂ ਤੋਂ ਸਕੂਲ ਨਹੀਂ ਆ ਰਹੀ ਸੀ। ਨਾਲ ਦੇ ਵਿਦਿਆਰਥੀਆਂ ਨੇ ਪੁੱਛਣ ’ਤੇ ਦੱਸਿਆ ਕਿ ਉਸ ਨੂੰ ਚਮੜੀ ਦੀ ਕੋਈ ਬਿਮਾਰੀ ਹੈ। ਅਗਲੇ ਦਿਨ ਉਸਦੇ ਪਿਤਾ ਨੂੰ ਬੁਲਾਇਆ ਗਿਆ। ਇਲਾਜ ਦੇ ਬਾਰੇ ਜਦ ਮੈਂ ਤੇ ਮੇਰੇ ਸਾਥੀ ਅਧਿਆਪਕ ਨੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇੱਕ ਕਰਨੀ ਵਾਲੇ ਸਾਧ ਤੋਂ ਥੌਲਾ ਕਰਾ ਰਹੇ ਹਨ ਤੇ ਨਾਲੇ ਪਿੰਡ ਦੇ ਇੱਕ ਵੈਦ ਤੋਂ ਦੇਸੀ ਦਵਾਈ ਲੈ ਰਹੇ ਹਨ। ਸੁਣ ਕੇ ਅਸੀਂ ਝਟਕਾ ਜਿਹਾ ਖਾਧਾ। ਮੇਰੇ ਸਾਥੀ ਅਧਿਆਪਕ ਨੇ ਤੁਰੰਤ ਫੋਨ ਜ਼ਰੀਏ ਆਪਣੇ ਇੱਕ ਜਾਣ ਪਛਾਣ ਵਾਲੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨਾਲ ਗੱਲ ਕੀਤੀ। ਫੀਸ ਵਗੈਰਾ ਵੀ ਘੱਟ ਲੈਣ ਦੀ ਸਿਫਾਰਿਸ਼ ਕੀਤੀ। ਪਿਤਾ ਨੂੰ ਲੜਕੀ ਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਕਿਹਾ। ਬਾਅਦ ਵਿੱਚ ਡਾਕਟਰ ਨੇ ਦੱਸਿਆ ਕਿ ਜੇ ਲੜਕੀ ਹੋਰ ਦੇਰ ਕਰ ਦਿੰਦੀ ਤਾਂ ਚਮੜੀ ਦੇ ਰੋਗ ਨੇ ਹੋਰ ਗੰਭੀਰ ਹੋ ਜਾਣਾ ਸੀ।
ਇਨ੍ਹਾਂ ਸਰਕਾਰੀ ਸਕੂਲਾਂ ਦੇ ਬਹੁ ਗਿਣਤੀ ਵਿਦਿਆਰਥੀ ਆਰਥਿਕ ਅਤੇ ਸਮਾਜਿਕ ਤੌਰ ’ਤੇ ਲਿਤਾੜੇ ਪਰਿਵਾਰਾਂ ਵਿੱਚੋਂ ਆਉਂਦੇ ਹਨ। ਇਨ੍ਹਾਂ ਲਈ ਜ਼ਿੰਦਗੀ ਦਾ ਅਰਥ ਬੱਸ ਦੋ ਵਕਤ ਦੀ ਰੋਟੀ ਹੈ। ਗਰੀਬੀ ਦੀ ਦਲਦਲ ਵਿੱਚ ਧਸੇ ਇਨ੍ਹਾਂ ਲੋਕਾਂ ਕੋਲ ਨਿਕਲਣ ਦਾ ਕੋਈ ਰਾਹ ਨਹੀਂ। ਅਸਲ ਵਿੱਚ ਇਨ੍ਹਾਂ ਨੂੰ ਰਾਹ ਦਿੱਤਾ ਹੀ ਨਹੀਂ ਜਾਂਦਾ। ਅੰਦਰਖਾਤੇ ‘ਉਤਲੇ ਲੋਕ’ ਚਾਹੁੰਦੇ ਹੀ ਨਹੀਂ ਕਿ ਇਹ ਲੋਕ ‘ਜਿਉਣ ਜੋਗੀ’ ਹਾਲਤ ਵਿੱਚ ਹੋ ਜਾਣ।
‘ਵੋਟਾਂ ਦੀ ਰੁੱਤ’ ਵੇਲੇ ਵੱਡੇ ਵੱਡੇ ਨਾਅਰੇ ਗੂੰਜਦੇ ਹਨ। ਗਰੀਬੀ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਫ਼ਰਸ਼ ਤੋਂ ਅਰਸ਼ ਤਕ ਲਿਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਨਾਅਰੇ ਵੀ ਅਜਿਹੇ ਮਨੋਵਿਗਿਆਨਕ ਢੰਗ ਨਾਲ ਸਿਰਜੇ ਜਾਂਦੇ ਹਨ ਕਿ ਇੱਕ ਵਾਰ ਤਾਂ ਸੁਣਕੇ ਇਉਂ ਲਗਦਾ ਹੈ ਕਿ ਬੱਸ ਹੁਣ ਤਾਂ ਬੇੜਾ ਪਾਰ ਹੋਇਆ ਕਿ ਹੋਇਆ। ਪਰ ਕੁਝ ਨਹੀਂ ਬਦਲਦਾ। ਇਹ ਸਾਰਾ ਕੁਝ ਧੂੰਏਂ ਦਾ ਪਹਾੜ ਹੁੰਦਾ ਹੈ ਜਿਸਨੇ ਇੱਕ ਖਾਸ ਸਮੇਂ ਬਾਅਦ ਛਟ ਜਾਣਾ ਹੁੰਦਾ ਹੈ। ਤੇ ਇਹ ਕੁਚੱਕਰ ਲਗਾਤਾਰ ਚੱਲੀ ਜਾ ਰਿਹਾ ਹੈ।
ਸੇਵਾਦਾਰ ਨੇ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਲਗਾ ਦਿੱਤੀ। ਬੱਚਿਆਂ ਨੇ ਜਮਾਤਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਮੈਂ ਉੱਠ ਕੇ ਆਪਣੀ ਜਮਾਤ ਵਿੱਚ ਚਲਾ ਗਿਆ। ਵਿਦਿਆਰਥੀ ਨੂੰ ਪੜ੍ਹਾਉਣ ਵਿੱਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ। ‘ਮੰਮੀ ਬਿਮਾਰ ਐ’, ‘ਵੀਨਾ ਨੂੰ ਕੈਂਸਰ ਐ’, ‘ਡੈਡੀ ਦੇ ਗੁਰਦੇ ਖਰਾਬ ਨੇ’, ਇਹ ਵਾਕ ਮਨ ਵਿੱਚ ਖੌਰੂ ਪਾਈ ਜਾਂਦੇ ਸਨ। ਇੰਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈ। ਸੇਵਾਦਾਰ ਮੈਂਨੂੰ ਮੁਖ਼ਾਤਿਬ ਸੀ, “ਸਰ, ਤੁਹਾਨੂੰ ਪ੍ਰਿਸੀਪਲ ਨੇ ਬੁਲਾਇਆ।”
ਮੈਂ ਦਫਤਰ ਵੱਲ ਚੱਲ ਪਿਆ। ਅੱਧੀ ਛੁੱਟੀ ਤੋਂ ਬਾਅਦ ਦੀ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਜਿਸਟਰ ਪ੍ਰਿੰਸੀਪਲ ਦੇ ਮੇਜ਼ ’ਤੇ ਪਿਆ ਸੀ। ਮੈਂ ਆਪਣੇ ਬੁਲਾਉਣ ਦਾ ਕਾਰਨ ਸਮਝ ਗਿਆ। ਇੰਨੇ ਨੂੰ ਪ੍ਰਿੰਸੀਪਲ ਨੇ ਮੈਂਨੂੰ ਮੁਖ਼ਾਤਿਬ ਹੁੰਦੇ ਹੋਏ ਆਖਿਆ ਕਿ ਤੁਹਾਡੀ ਜਮਾਤ ਦੇ ਚਾਰ ਵਿਦਿਆਰਥੀ ਅੱਧੀ ਛੁੱਟੀ ਤੋਂ ਬਾਅਦ ਗੈਰਹਾਜ਼ਰ ਹਨ। ਵਿਦਿਆਰਥੀਆਂ ਦੇ ਛੁੱਟੀ ਲੈਣ ਦਾ ਸਾਰਾ ਘਟਨਾਕ੍ਰਮ ਇੱਕ ਦਮ ਮੇਰੇ ਮਨ ਵਿੱਚ ਲਿਸ਼ਕਿਆ। ਪ੍ਰਿੰਸੀਪਲ ਨੂੰ ਮੈਂ ਸਾਰੀ ਗੱਲ ਸਮਝਾਈ ਤੇ ਅੰਤ ਵਿੱਚ ਮੂੰਹੋਂ ਸਹਿਜ ਸੁਭਾਅ ਨਿੱਕਲਿਆ, “ਸਰ, ਉਹ ਗੈਰਹਾਜ਼ਰ ਨਹੀਂ, ਉਹ ਤਾਂ ਚਾਰੇ ਮੇਰੇ ਜ਼ਿਹਨ ਵਿੱਚ ਹਾਜ਼ਰ ਨੇ।”
ਪ੍ਰਿੰਸੀਪਲ ਹੈਰਾਨੀ ਦੇ ਭਾਵ ਨਾਲ ਮੇਰੇ ਵੱਲ ਵੇਖਣ ਲੱਗਾ ਤੇ ਮੈਂ ਦਫਤਰ ਵਿੱਚੋਂ ਬਾਹਰ ਆ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2720)
(ਸਰੋਕਾਰ ਨਾਲ ਸੰਪਰਕ ਲਈ: