Jaswinder Surgeet7“ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ ...”
(27 ਮਾਰਚ 2021)
(ਸ਼ਬਦ: 960)


“ਸਰ ਸੱਸਰੀ ਕਾਲ” ਇੱਕ ਪਿਆਰ ਭਰੀ ਅਵਾਜ਼ ਮੋਬਾਇਲ ਫੋਨ ਰਾਹੀਂ ਮੇਰੇ ਕੰਨਾਂ ਵਿੱਚ ਮਿਠਾਸ ਬਣ ਘੁਲ਼ੀ
। ਇਹ ਲੜਕੀ ਬਬਲੀ ਦੀ ਅਵਾਜ਼ ਸੀ, ਜੋ ਐਂਤਕੀ ਹੀ ਮੇਰੇ ਸਕੂਲ ਵਿੱਚੋਂ ਬਾਰ੍ਹਵੀਂ ਜਮਾਤ ਪਹਿਲੇ ਦਰਜੇ ’ਤੇ ਪਾਸ ਕਰਕੇ ਗਈ ਸੀ। ਮੈਂ ਸਤਿ ਸ੍ਰੀ ਆਕਾਲ ਦਾ ਜਵਾਬ ਦਿੱਤਾ। ਉਸਦਾ ਹਾਲ ਚਾਲ ਪੁੱਛਣ ’ਤੇ ਉਸਨੇ ਦੱਸਿਆ ਕਿ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ ਪਰ ਮਾਪੇ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਮਾਪਿਆਂ ਨੂੰ ਫੋਨ ਕਰਕੇ ਸਮਝਾਵਾਂ ਕਿ ਉਹ ਲੜਕੀ ਨੂੰ ਅੱਗੇ ਪੜ੍ਹਨ ਤੋਂ ਨਾ ਰੋਕਣ। ਉਸਨੇ ਆਪਣੇ ਪਿਤਾ ਦਾ ਮੋਬਾਇਲ ਫੋਨ ਦਾ ਨੰਬਰ ਵੀ ਦਿੱਤਾ। ਮੈਂ ਉਸ ਨੂੰ ਯਕੀਨ ਦੁਆਇਆ ਕਿ ਮੈਂ ਲਾਜ਼ਮੀ ਉਸਦੇ ਪਿਤਾ ਨਾਲ ਗੱਲ ਕਰਾਂਗਾ।

ਫੋਨ ’ਤੇ ਗੱਲਬਾਤ ਖ਼ਤਮ ਹੋਣ ਤੋਂ ਬਾਅਦ ਸਕੂਲ ਵਿੱਚ ਬਿਤਾਇਆ ਪਿਛਲਾ ਸਾਲ ਫਿਲਮ ਦੇ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਾ। ਮੈਂ ਬਾਰ੍ਹਵੀਂ ਜਮਾਤ ਦਾ ਇੰਚਾਰਜ ਸਾਂ ਤੇ ਇਹ ਲੜਕੀ ਬਬਲੀ ਬਾਰ੍ਹਵੀਂ ਜਮਾਤ ਦੀ ਕੇਂਦਰ ਬਿੰਦੂ ਸੀ। ਨਾਲ ਦੇ ਪਿੰਡ ਤੋਂ ਮੇਰੇ ਸਕੂਲ ਵਿੱਚ ਪੜ੍ਹਨ ਆਉਂਦੀ ਸੀ। ਪਿਤਾ ਮਜ਼ਦੂਰੀ ਕਰਦਾ ਸੀ। ਲੜਕੀ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਗੋਹੇ ਕੂੜੇ ਦਾ ਕੰਮ ਕਰਦੀ ਸੀ। ਮੁੱਕਦੀ ਗੱਲ, ਇਹ ਪਰਿਵਾਰ ਗਰੀਬੀ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ।

ਬਬਲੀ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ। ਹੁਸ਼ਿਆਰ ਹੋਣ ਦੇ ਨਾਲ-ਨਾਲ ਉਹ ਸਮਝਦਾਰ ਵੀ ਸੀ। ਜਮਾਤ ਵਿੱਚ ਚੁੱਪ ਚੁੱਪ ਰਹਿੰਦੀ। ਕਦੇ ਕੋਈ ਸ਼ਰਾਰਤ ਨਾ ਕਰਦੀ। ਜਦੋਂ ਕਦੇ ਕਿਸੇ ਅਧਿਆਪਕ ਦੀ ਗੱਲ ਨਾ ਸਮਝ ਪੈਂਦੀ, ਜਾਂ ਉਹਦੇ ਮਨ ਵਿੱਚ ਕੋਈ ਸਵਾਲ ਹੋਣਾ ਤਾਂ ਉਹ ਝੱਟ ਪੁੱਛਦੀ। ਅਧਿਆਪਕਾਂ ਕੋਲੋਂ ਮਿਲੇ ਕੰਮ ਨੂੰ ਹਮੇਸ਼ਾ ਕਰਦੀ। ਜੇ ਕਦੇ ਜਮਾਤ ਵਿੱਚ ਅਧਿਆਪਕ ਲਈ ਲੋੜੀਂਦੀ ਚੀਜ਼, ਜਿਵੇਂ ਕੁਰਸੀ, ਡਸਟਰ, ਚਾਕ ਆਦਿ ਨਾ ਹੁੰਦੇ, ਤਾਂ ਉਹ ਝਟ ਪ੍ਰਬੰਧ ਕਰਦੀ ਤੇ ਇਨ੍ਹਾਂ ਗੁਣਾਂ ਕਰਕੇ ਹੀ ਮੈਂ ਉਸ ਨੂੰ ਜਮਾਤ ਦਾ ਮਨੀਟਰ ਬਣਾਇਆ ਹੋਇਆ ਸੀ।

ਮੈਂ ਜਮਾਤ ਵਿੱਚ ਇਹ ਘੋਸ਼ਣਾ ਕੀਤੀ ਹੋਈ ਸੀ ਕਿ ਜਿਹੜਾ ਵਿਦਿਆਰਥੀ ਸਾਰਾ ਮਹੀਨਾ ਹਾਜ਼ਰ ਰਿਹਾ ਕਰੇਗਾ ਉਸ ਨੂੰ ਮਹੀਨੇ ਦੇ ਆਖਰੀ ਦਿਨ ਕੋਈ ਨਾ ਕੋਈ ਇਨਾਮ ਮਿਲਿਆ ਕਰੇਗਾ। ਬਬਲੀ ਕਦੇ ਗੈਰਹਾਜ਼ਰ ਨਾ ਹੁੰਦੀ। ਸੱਚ ਜਾਣਿਓਂ! ਮਹੀਨਾ ਤਾਂ ਕੀ, ਉਹ ਸਾਰਾ ਸਾਲ ਹੀ ਹਾਜ਼ਰ ਰਹੀ। ਇਸ ਪ੍ਰਾਪਤੀ ’ਤੇ ਸਕੂਲ ਦੇ ਸਾਲਾਨਾ ਸਮਾਗਮ ਉੱਤੇ ਉਸਦਾ ਸਨਮਾਨ ਵੀ ਕੀਤਾ ਗਿਆ ਸੀ।

ਬਬਲੀ ਅਕਸਰ ਮੈਂਨੂੰ ਕਹਿੰਦੀ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈ। ਅਧਿਆਪਕ ਬਣਨ ਲਈ ਉਸ ਨੂੰ ਕੀ ਪੜ੍ਹਨਾ ਪਵੇਗਾ, ਕਿਹੜਾ ਕੋਰਸ ਕਰਨਾ ਪਵੇਗਾ? ਇਸ ਪ੍ਰਕਾਰ ਦੇ ਸਵਾਲ ਉਹ ਮੈਂਨੂੰ ਪੁੱਛਦੀ ਰਹਿੰਦੀ। ਮੈਂ ਵੀ ਬਿਨਾਂ ਅੱਕੇ ਥੱਕੇ ਉੱਤਰ ਦਿੰਦਾ ਰਹਿੰਦਾ।

ਸਮਾਂ ਆਪਣੀ ਤੋਰੇ ਤੁਰਦਾ ਗਿਆ। ਜ਼ਿੰਦਗੀ ਦੀ ਭੱਜ-ਦੌੜ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਦੋਂ ਇੱਕ ਸਾਲ ਬੀਤ ਗਿਆ। ਉਸਦੇ ਮਾਪਿਆਂ ਨੂੰ ਫੋਨ ਕਰਨਾ ਵੀ ਮੈਂ ਕਿਧਰੇ ਵਿਸਰ ਗਿਆ। ਇੱਕ ਦੋ ਬਾਰ ਲੜਕੀ ਦਾ ਫ਼ੋਨ ਆਇਆ ਸੀ ਪਰ ਰੁਝੇਵਿਆਂ ਕਾਰਨ ਗੱਲ ਆਈ ਗਈ ਹੁੰਦੀ ਰਹੀ।

ਜੁਲਾਈ ਮਹੀਨੇ ਦਾ ਪਹਿਲਾ ਹਫ਼ਤਾ ਚੱਲ ਰਿਹਾ ਸੀ। ਮੈਂ ਸਕੂਲ ਵਿੱਚ ਖਾਲੀ ਪੀਰੀਅਡ ਵਿੱਚ ਵਿਦਿਆਰਥੀਆਂ ਦੀਆਂ ਕਾਪੀਆਂ ਦੇਖ ਰਿਹਾ ਸੀ। ਮੋਬਾਇਲ ਫ਼ੋਨ ਦੀ ਘੰਟੀ ਵੱਜੀ। ਇੱਕ ਉਦਾਸ ਭਰੀ ਅਵਾਜ਼ ਮੇਰੇ ਕੰਨਾਂ ਵਿੱਚ ਪਈ। ਅਵਾਜ਼ ਜਾਣੀ ਪਹਿਚਾਣੀ ਸੀ। ਅਗਲੇ ਹੀ ਪਲ ਖ਼ਿਆਲ ਆਇਆ ਕਿ ਇਹ ਤਾਂ ਬਬਲੀ ਹੈ। ਸਤਿ ਸ੍ਰੀ ਆਕਾਲ ਦਾ ਜਵਾਬ ਦੇਣ ਪਿੱਛੋਂ ਮੈਂ ਉਸ ਨੂੰ ਕਾਹਲੀ ਕਾਹਲੀ ਪੁੱਛਿਆ, “ਬੇਟੀ, ਕੀ ਕਰਦੀ ਐਂ? ਉਸਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਘਰੇ ਹੀ ਸੀ। ਮਾਪਿਆਂ ਨੇ ਉਸ ਨੂੰ ਪੜ੍ਹਨ ਨਹੀਂ ਲਾਇਆ ਸੀ। ਮੈਂਨੂੰ ਆਪਣੇ ਆਪ ’ਤੇ ਬਹੁਤ ਪਛਤਾਵਾ ਹੋਇਆ ਕਿ ਮੈਂ ਉਸਦੇ ਮਾਪਿਆਂ ਨੂੰ ਫੋਨ ਕਰਨਾ ਭੁੱਲ ਗਿਆ ਸੀ। ਸ਼ਾਇਦ ਮੇਰੇ ਕਹਿਣ ’ਤੇ ਉਸਦੇ ਮਾਪੇ ਉਸ ਨੂੰ ਪੜ੍ਹਨ ਲਾ ਦਿੰਦੇ ਤੇ ਲੜਕੀ ਦਾ ਇੱਕ ਸਾਲ ਬਰਬਾਦ ਨਾ ਹੁੰਦਾ।

ਬਬਲੀ ਨੇ ਦੁਬਾਰਾ ਪਿਛਲੇ ਸਾਲ ਵਾਲੀ ਬੇਨਤੀ ਦੁਹਰਾਈ। ਉਸਨੇ ਵਾਰ ਵਾਰ ਕਿਹਾ ਕਿ ਇਸ ਵਾਰ ਮੈਂ ਨਾ ਭੁੱਲਾਂ ਕਿਉਂਕਿ ਉਸਦਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਸੀ। ਮੈਂ ਉਸ ਨੂੰ ਕਿਹਾ ਕਿ ਉਹ ਅਗਲੇ ਸੋਮਵਾਰ ਉਹ ਆਪਣੇ ਮਾਪਿਆਂ ਨੂੰ ਆਪਣੇ ਨਾਲ ਸਕੂਲ ਲੈ ਕੇ ਆਵੇ। ਇਹ ਸੁਣ ਕੇ ਉਸਦੀ ਅਵਾਜ਼ ਵਿੱਚ ਰੰਗਤ ਆ ਗਈ।

ਅਗਲੇ ਸੋਮਵਾਰ ਬਬਲੀ ਆਪਣੇ ਮਾਪਿਆਂ ਨਾਲ ਮੇਰੇ ਸਾਹਮਣੇ ਹਾਜ਼ਰ ਸੀ। ਲੜਕੀ ਦੇ ਚਿਹਰੇ ’ਤੇ ਨਿਰਾਸ਼ਤਾ ਸਾਫ਼ ਝਲਕ ਰਹੀ ਸੀ। ਬਾਪ ਦੀ ਉਮਰ ਭਾਵੇਂ ਜ਼ਿਆਦਾ ਨਹੀਂ ਸੀ ਪਰ ਗਰੀਬੀ ਦੀ ਮਾਰ ਨੇ ਉਸ ਨੂੰ ਵਕਤੋਂ ਪਹਿਲਾਂ ਹੀ ਬੁੱਢਾ ਕੀਤਾ ਹੋਇਆ ਸੀ। ਖਾਲੀ ਖਾਲੀ ਅੱਖਾਂ, ਬੁਝਿਆ ਬੁਝਿਆ ਚਿਹਰਾ। ਇਹੀ ਹਾਲ ਉਸਦੀ ਮਾਤਾ ਦਾ ਸੀ। ਫਟੇ ਪੁਰਾਣੇ ਜਿਹੇ ਕੱਪੜੇ, ਚਿਹਰੇ ’ਤੇ ਨਿਰਾਸ਼ਾ, ਫਿਕਰਾਂ ਵਿੱਚ ਡੁੱਬੀ ਜਿਹੀ।

ਮੈਂ ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਬੈਠਣ ਲਈ ਕਿਹਾ। ਉਹ ਤਿੰਨੇ ਝਿਜਕਦੇ ਝਿਜਕਦੇ ਬੈਠ ਗਏ। ਇੱਧਰ ਉੱਧਰ ਦੀਆਂ ਬਹੁਤੀਆਂ ਗੱਲਾਂ ਕਰਨ ਦੀ ਬਜਾਏ ਮੈਂ ਸਿੱਧਾ ਹੀ ਵਿਸ਼ੇ ’ਤੇ ਆਉਂਦਿਆਂ ਕਿਹਾ, “ਤੁਹਾਡੀ ਬੇਟੀ ਪੜ੍ਹਨਾ ਚਾਹੁੰਦੀ ਹੈ, ਤੁਸੀਂ ਇਸ ਨੂੰ ਪੜ੍ਹਨ ਤੋਂ ਨਾ ਰੋਕੋ। ਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਵੀ ਬਹੁਤ ਹੈ।”

ਪਿਤਾ ਖਾਲੀ ਖਾਲੀ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗਾ। ਫਿਰ ਗਲਾ ਜਿਹਾ ਸਾਫ਼ ਕਰਕੇ ਬੋਲਿਆ, “ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ, ਪਰ ਫੀਸਾਂ ਕੌਣ ਭਰੂ?”

ਮੈਂ ਉਸ ਨੂੰ ਹੌਸਲਾ ਦਿੱਤਾ। ਬਬਲੀ ਦੀ ਮਾਂ ਨੂੰ ਵੀ ਸਮਝਾਇਆ। ਜਿਵੇਂ ਕਿਵੇਂ ਮੈਂ ਬਬਲੀ ਦੇ ਮਾਪਿਆਂ ਨੂੰ ਮਨਾਉਣ ਵਿੱਚ ਸਫਲ ਹੋ ਗਿਆ। ਬਬਲੀ ਦੇ ਚਿਹਰਾ ’ਤੇ ਰੌਣਕ ਆ ਗਈ ਸੀ। ਮੈਂ ਉਹਨਾਂ ਨੂੰ ਦੋ ਤਿੰਨ ਕਾਲਜਾਂ ਦੇ ਨਾਮ ਦੱਸੇ ਅਤੇ ਦਾਖ਼ਲੇ ਦੀਆਂ ਮਿਤੀਆਂ ਵੀ ਦੱਸੀਆਂ।

ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਜ਼ਿੰਦਗੀ ਦੇ ਪੰਜ ਸੱਤ ਸਾਲ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਇੱਕ ਦਿਨ ਮੈਂ ਆਪਣੀ ਬਾਰ੍ਹਵੀਂ ਜਮਾਤ ਵਿੱਚ ਪੀਰੀਅਡ ਲਾ ਰਿਹਾ ਸਾਂ। ਕਿਸੇ ਵਿਸ਼ੇ ਨੂੰ ਹੋਰ ਸਪਸ਼ਟ ਕਰਦਾ ਹੋਇਆ ਮੈਂ ਪੰਜਾਬੀ ਦੇ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਦੀਆਂ ਸਤਰਾਂ “ਧੁਨ ਦੇ ਪੱਕੇ ਧੀਰਜ ਵਾਲੇ਼, ਤੋਰ ਨਾ ਛੱਡਣ ਪੈਣ ਨਾ ਕਾਹਲੇ” ਬੋਲ ਰਿਹਾ ਸਾਂ ਕਿ ਦਰਵਾਜੇ ’ਤੇ ਦਸਤਕ ਹੋਈ। ਇੱਕ ਮੁਸਕਰਾਉਂਦਾ ਚਿਹਰਾ ਮੇਰੇ ਵੱਲ ਆਇਆ। ਬੇਪਛਾਣ ਜਿਹੇ ਚਿਹਰੇ ਨੂੰ ਪਹਿਚਾਨਣ ਵਿੱਚ ਮੈਨੂੰ ਬਹੁਤੀ ਦੇਰ ਨਾ ਲੱਗੀ। ਇਹ ਬਬਲੀ ਸੀ। ਹਸੂੰ ਹਸੂੰ ਕਰਦੇ ਚਿਹਰੇ ’ਤੇ ਰੌਣਕ ਛਾਈ ਹੋਈ ਸੀ। ਉਸ ਨੂੰ ਦੇਖ ਮੇਰਾ ਮਨ ਵੀ ਖੁਸ਼ ਹੋ ਗਿਆ।

ਗੱਲਬਾਤ ਦੌਰਾਨ ਬਬਲੀ ਨੇ ਦੱਸਿਆ ਕਿ ਉਸਦੇ ਮਾਪਿਆਂ ਨੇ ਉਸ ਨੂੰ ਪੜ੍ਹਨ ਲਾ ਦਿੱਤਾ ਸੀ ਅਤੇ ਅੱਜਕੱਲ੍ਹ ਉਹ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਲੱਗੀ ਹੋਈ ਹੈ। ਲਗਭਗ ਅੱਧਾ ਘੰਟਾ ਬਤੀਤ ਕਰਨ ਤੋਂ ਬਾਅਦ ਜਦੋਂ ਉਹ ਮੇਰੇ ਕੋਲੋਂ ਵਿਦਾ ਹੋਣ ਲੱਗੀ ਤਾਂ ਇੱਕ ਵਾਰ ਫਿਰ ਕੰਨਾਂ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਬੋਲ ਗੂੰਜਣ ਲੱਗੇ ...

ਧੁਨ ਦੇ ਪੱਕੇ ਧੀਰਜ ਵਾਲੇ਼,
ਤੋਰ ਨਾ ਛੱਡਣ ਪੈਣ ਨਾ ਕਾਹਲੇ
।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2671)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵਿੰਦਰ ਸੁਰਗੀਤ

ਜਸਵਿੰਦਰ ਸੁਰਗੀਤ

Punjabi Lecturer, Bathinda Punjab, India.
Phone: (91 - 94174 - 48436)
Email (jaswindersingh0117@gmail.com)