“ਇਹ ਮਜ਼੍ਹਬੀ ਲੋਕਤੰਤਰ ਹੈ... ਅਤੇ ਮੈਂ ਇੱਕ ਔਰਤ ਹਾਂ... ਮੇਰਾ ਘਰਵਾਲਾ ਤਾਂ ਚਾਰ ਔਰਤਾਂ ਨਾਲ ...”
(20 ਮਾਰਚ 2026)
ਮੈਂ ਇੱਕ ਔਰਤ ਹਾਂ!
ਮੈਂ ਇੱਕ ਔਰਤ ਹਾਂ,
ਇਰਾਨੀ ਔਰਤ...
ਰਾਤ ਦੇ ਅੱਠ ਵੱਜ ਚੁੱਕੇ ਹਨ,
ਇੱਥੇ ਖਯਾਬਨ ਸਾਹੁਰਦੀ ਸ਼ਿਮਾਲੀ ’ਤੇ
ਰੋਟੀ ਖਰੀਦਣ ਲਈ ਬਾਹਰ ਜਾ ਰਹੀ ਹਾਂ
ਨਾ ਮੈਂ ਸਜ ਧੱਜ ਕੇ ਜਾ ਰਹੀ ਹਾਂ,
ਤੇ ਨ ਹੀ ਮੇਰੇ ਕੱਪੜੇ ਬਹੁਤੇ ਸੋਹਣੇ ਹਨ
ਪਰ ਇੱਥੇ, ਸ਼ਰੇਆਮ ਇਹ ਸੱਤਵੀਂ ਕਾਰ ਹੈ
ਮੇਰਾ ਪਿੱਛਾ ਕਰ ਰਹੀ ਹੈ
ਉਹ ਕਹਿੰਦੇ ਹਨ, ਘਰਵਾਲਾ ਹੈ ਜਾਂ ਨਹੀਂ,
ਮੇਰੇ ਨਾਲ ਘੁੰਮਣ ਚੱਲੋ
ਜੋ ਚਾਹੇਂਗੀ ਉਹ ਲੈ ਲਵਾਂਗਾ
ਇੱਥੇ ਤੰਦੂਰ ਵਾਲਾ ਹੈ,
ਸਾਢੇ ਅੱਠ ਵੱਜ ਰਹੇ ਹਨ,
ਆਟਾ ਗੁੰਨ੍ਹ ਰਿਹਾ ਹੈ...
ਪਰ ਪਤਾ ਨਹੀਂ ਕਿਉਂ
ਮੈਨੂੰ ਦੇਖ ਕੇ ਅੱਖਾਂ ਮਾਰ ਰਿਹਾ ਹੈ
ਨਾਨ ਫੜਾਉਂਦੇ ਹੋਏ ਆਪਣਾ ਹੱਥ
ਮੇਰੇ ਹੱਥ ਨਾਲ ਛੂਹਾ ਦਿੰਦਾ ਹੈ
ਇਹ ਤਹਿਰਾਨ ਹੈ...
ਮੈਂ ਸੜਕ ਪਾਰ ਕੀਤੀ
ਇੱਕ ਗੱਡੀ ਮੇਰੇ ਵੱਲ ਆਈ
ਕਾਰ ਸਵਾਰ ਕੀਮਤ ਪੁੱਛ ਰਿਹਾ ਹੈ
ਇੱਕ ਰਾਤ ਦਾ ਕਿੰਨਾ?
ਮੈਨੂੰ ਨਹੀਂ ਪਤਾ ਸੀ
ਰਾਤਾਂ ਦੀ ਵੀ ਕੀਮਤ ਹੁੰਦੀ ਹੈ!
ਇਹ ਇਰਾਨ ਹੈ...
ਮੇਰੀਆਂ ਹਥੇਲੀਆਂ ਸਿੱਲ੍ਹੀਆਂ ਹਨ
ਮੈਂ ਬੋਲ ਨਹੀਂ ਸਕਦੀ
ਇਸ ਵੇਲੇ ਮੇਰੀ ਸ਼ਰਮ
ਅਤੇ ਗੁੱਸੇ ਦਾ ਪਸੀਨਾ
ਸੁੱਕਿਆ ਨਹੀਂ,
ਕਿ ਮੈਂ ਘਰ ਪਹੁੰਚ ਗਈ
ਇੰਜਨੀਅਰ ਨੂੰ ਦੇਖਿਆ...
ਇੱਕ ਸ਼ਰੀਫ ਆਦਮੀ ਹੈ
ਜੋ ਦੂਜੀ ਮੰਜ਼ਿਲ ਉੱਤੇ
ਪਤਨੀ ਅਤੇ ਬੇਟੀ ਨਾਲ ਰਹਿੰਦਾ ਹੈ
ਸਲਾਮ... ਬੇਗਮ ਤੁਸੀਂ ਠੀਕ ਹੋ?
ਕੀ ਤੁਹਾਡੀ ਪਿਆਰੀ ਧੀ ਠੀਕ ਹੈ...
ਵਾ ਲੈਕਮ ਸਲਾਮ! ਤੁਸੀਂ ਠੀਕ ਹੋ?
ਖੁਸ਼ ਹੋ? ਖੁਸ਼ ਨਜ਼ਰ ਨਹੀਂ ਆਉਂਦੇ?
ਸੱਚ ਕਿਹਾ...
ਅੱਜ ਰਾਤ ਮੇਰੇ ਘਰ ਕੋਈ ਨਹੀਂ ਹੈ
ਜੇ ਹੋ ਸਕੇ ਤਾਂ ਆਉ
ਨੀਲੋਫਰ ਦੇ ਕੰਪਿਊਟਰ ਨੂੰ ਠੀਕ ਕਰ ਦੇਣਾ
ਬਹੁਤ ਗੜਬੜ ਕਰ ਰਿਹਾ ਹੈ
ਇਹ ਮੇਰਾ ਮੋਬਾਇਲ ਨੰਬਰ ਹੈ
ਖੁੱਲ੍ਹ ਕੇ ਗੱਲ ਕਰਨਾ...
ਮੈਂ ਮੁਸਕਰਾ ਕੇ ਕਿਹਾ
ਬਹੁਤ ਵਧੀਆ
ਜੇ ਤੁਹਾਡੇ ਕੋਲ ਸਮਾਂ ਹੋਵੇਗਾ ਤਾਂ ਜ਼ਰੂਰ!
ਇਹ ਸਰਜ਼ਮੀਨ-ਇਸਲਾਮ ਹੈ
ਇਹ ਔਲੀਆਂ ਅਤੇ ਸੂਫ਼ੀਆਂ ਦੀ ਧਰਤੀ ਹੈ
ਇੱਥੇ ਇਸਲਾਮੀ ਕਾਨੂੰਨ ਪੈਦਾ ਹੁੰਦੇ ਹਨ
ਪਰ ਇੱਥੇ ਸਰੀਰਾਂ ਦੇ ਮਰੀਜ਼ਾਂ ਨੇ
ਹਰ ਥਾਂ ਕੰਜਰਪੁਣਾ ਖਿਲਾਰ ਰੱਖਿਆ ਹੈ
ਨਾ ਧਰਮ, ਨਾ ਮਜ਼੍ਹਬ,
ਨਾ ਕਾਨੂੰਨ, ਨਾ ਹੀ ਤੁਹਾਡੀ ਹੈਸੀਅਤ
ਇਸ ਤੋਂ ਬਚਾ ਸਕਦੀ ਹੈ
ਇਹ ਮਜ਼੍ਹਬੀ ਲੋਕਤੰਤਰ ਹੈ...
ਅਤੇ ਮੈਂ ਇੱਕ ਔਰਤ ਹਾਂ
ਮੇਰਾ ਘਰਵਾਲਾ ਤਾਂ ਚਾਰ ਔਰਤਾਂ ਨਾਲ ਵਿਆਹ
ਤੇ ਚਾਲੀ ਔਰਤਾਂ ਨਾਲ ਇਸ਼ਕ ਲੜਾ ਸਕਦਾ ਹੈ
ਤੇ ਮੇਰੇ ਸਿਰ ਦੇ ਸੋਹਣੇ ਵਾਲ ਵੀ ਮੈਨੂੰ ਨਰਕ ਵਿੱਚ ਲੈ ਜਾਣਗੇ!
ਅਤੇ ਮਰਦਾਂ ਦੇ ਜਿਸਮ ’ਤੇ ਲੱਗਾ ਇਤਰ
ਉਨ੍ਹਾਂ ਨੂੰ ਜੰਨਤ ਵਿੱਚ ਲੈ ਕੇ ਜਾਏਗਾ
ਕੋਈ ਅਦਾਲਤ ਇਨਸਾਫ ਨਹੀਂ ਕਰਦੀ...
ਜੇਕਰ ਮੇਰਾ ਘਰਵਾਲਾ ਤਲਾਕ ਮੰਗਦਾ ਹੈ
ਉਸਨੂੰ ਰਸੂਖ਼ ਵਾਲਾ ਮੰਨਿਆ ਜਾਂਦਾ ਹੈ
ਜੇਕਰ ਮੈਂ ਤਲਾਕ ਮੰਗਦੀ ਹਾਂ
ਤੇ ਅਜਿਹਾ ਕਹਿਣਾ ਵੀ,
ਬੇਸ਼ਰਮ ਔਰਤ ਬਣ ਜਾਣਾ ਹੈ
ਮੇਰੀ ਧੀ ਨੂੰ ਵਿਆਹ ਕਰਵਾਉਣ ਲਈ
ਮੇਰੀ ਇਜਾਜ਼ਤ ਦੀ ਲੋੜ ਨਹੀਂ ਹੈ
ਪਰ ਪਿਤਾ ਦੀ ਆਗਿਆ ਲਾਜ਼ਮੀ ਹੈ
ਮੈਂ ਦੋ ਕੰਮ ਕਰਦੀ ਹਾਂ
ਉਹ ਕੰਮ ਤੋਂ ਆਉਂਦਾ ਹੈ ਤੇ ਆਰਾਮ ਕਰਦਾ ਹੈ
ਮੈਂ ਕੰਮ ਤੋਂ ਆਉਂਦੀ ਹਾਂ ਤੇ ਫਿਰ ਕੰਮ ਕਰਦੀ ਹਾਂ
ਅਤੇ ਉਸ ਨੂੰ ਆਰਾਮਦਾਇਕ ਮਹਿਸੂਸ ਕਰਵਾਉਣਾ
ਮੇਰਾ ਕੰਮ ਹੈ
ਮੈਂ ਇੱਕ ਔਰਤ ਹਾਂ...
ਆਦਮੀ ਨੂੰ ਔਰਤ ਨੂੰ ਨਿਹਾਰਨ ਦਾ ਹੱਕ ਹੈ
ਪਰ ਜੇਕਰ ਗਲਤੀ ਨਾਲ
ਮੇਰੀ ਨਜ਼ਰ ਕਿਸੇ ਆਦਮੀ ’ਤੇ ਪੈ ਗਈ
ਮੈਨੂੰ ਅਵਾਰਾ ਤੇ ਬਦਲਚਣ ਕਿਹਾ ਜਾਵੇਗਾ
ਮੈਂ ਇੱਕ ਔਰਤ ਹਾਂ...
ਸਾਰੀਆਂ ਪਾਬੰਦੀਆਂ ਦੇ ਬਾਵਜੂਦ ਵੀ
ਮੈਂ ਇੱਕ ਔਰਤ ਹਾਂ
ਕੀ ਮੇਰੇ ਜਨਮ ਵਿੱਚ ਕੋਈ ਗਲਤੀ ਹੈ?
ਜਾਂ ਉਹ ਜਗ੍ਹਾ ਗਲਤ ਹੈ
ਜਿੱਥੇ ਮੈਂ ਵੱਡੀ ਹੋਈ ਹਾਂ?
ਮੇਰਾ ਜਿਸਮ, ਮੇਰਾ ਵਜੂਦ,
ਉੱਚੇ ਤੇ ਮਹਿੰਗੇ ਪਹਿਰਾਵੇ ਵਾਲੇ ਆਦਮੀ ਦੀ ਸੋਚ
ਤੇ ਅਰਬੀ ਜ਼ੁਬਾਨ ਦੇ ਗਿਆਨ ਲਈ ਵਿਕ ਜਾਂਦਾ ਹੈ
ਆਪਣੀ ਕਿਤਾਬ ਬਦਲ ਦੇਵਾਂ?
ਜਾਂ ਇੱਥੇ ਦੇ ਮਰਦਾਂ ਦੀ ਸੋਚ?
ਜਾਂ ਮੈਨੂੰ ਕਮਰੇ ਦੇ ਕੋਨੇ ਵਿੱਚ
ਖੁਦ ਨੂੰ ਕੈਦ ਕਰ ਲੈਣਾ ਚਾਹੀਦਾ ਹੈ?
ਮੈਨੂੰ ਨਹੀਂ ਪਤਾ...
ਮੈਨੂੰ ਨਹੀਂ ਪਤਾ ਕਿ ਕੀ ਮੈਂ ਦੁਨੀਆਂ ਵਿੱਚ
ਇੱਕ ਭੈੜੀ ਥਾਂ ’ਤੇ ਪੈਦਾ ਹੋਈ?
ਜਾਂ ਮੈਂ ਕਿਸੇ ਬੁਰੇ ਮਹੂਰਤ ’ਤੇ ਪੈਦਾ ਹੋਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































