GurjantKalsiLande7“ਸਾਡੇ ਪਿੰਡ ਦੇ ਅਤੇ ਹੋਰ ਦੂਰ ਦਰਾਜ ਦੇ ਪਿੰਡਾਂ ਤੋਂ ਵੀ ਲੋਕ ਸਾਡੇ ਪ੍ਰੋਗਰਾਮ ਨੂੰ ...”
(28 ਨਵੰਬਰ 2026)

 

ਇਹ ਗੱਲ 2013 ਦੀ ਹੈ। ਸਾਡੇ ਪਿੰਡ ਦਾ ਸਰਾਵਾਂ ਦੇ ਘਰਾਂ ਵਿੱਚੋਂ ਇੱਕ ਵਿਅਕਤੀ ਨਵੇਕਲੀ ਪਛਾਣ ਦਾ ਆਦਮੀ ਸੀ। ਹੁਣ ਤਾਂ ਉਸ ਨੂੰ ਸਵਰਗਵਾਸ ਹੋਏ ਨੂੰ ਵੀ ਕਈ ਸਾਲ ਹੋ ਗਏ ਹਨ। ਨਾਂ ਤਾਂ ਉਹਦਾ ਕੋਈ ਹੋਰ ਸੀ ਪਰ ਆਪਾਂ ਉਸਨੂੰ ਦੇਵਾ ਹੀ ਕਹਾਂਗੇ। ਪਿੰਡ ਵਿੱਚ ਉਹ ਮਾਉਂ ਕਰਕੇ ਜਾਣਿਆ ਜਾਂਦਾ ਸੀ। ਅੱਖਰ ਗਿਆਨ ਤੋਂ ਉਹ ਬਿਲਕੁਲ ਕੋਰਾ ਸੀ। ਅੰਗੂਠਾ ਛਾਪ ਪਰ ਰਹਿਣੀ ਬਹਿਣੀ ਉਸਦੀ ਸਰਦਾਰਾਂ ਵਾਲੀ ਸੀ। 6 ਫੁੱਟ 2 ਇੰਚ ਉਸਦਾ ਕੱਦ। ਘਰੋਂ ਉਹ ਠੀਕਠਾਕ ਹੀ ਸੀ। ਉਸਨੇ ਸਾਰੀ ਉਮਰ ਕੁੜਤਾ ਚਾਦਰਾ ਹੀ ਪਹਿਨਿਆ ਸੀ। ਜਦੋਂ ਵੀ ਉਸਨੇ ਸੱਥ ਵਿੱਚ ਬੈਠਣ ਜਾਣਾ ਤਾਂ ਖੜ ਖੜ ਕਰਦਾ ਉਸਦਾ ਕੁੜਤਾ ਚਾਦਰਾ ਅਤੇ ਕੜਾਈ ਵਾਲੀ ਜੁੱਤੀ ਵੱਖਰੀ ਪਛਾਣ ਰੱਖਦੀ ਸੀ। ਦਿਲ ਦਾ ਬੇਈਮਾਨ ਨਹੀਂ ਸੀ ਤੇ ਅਕਸਰ ਸੱਥਾਂ ਵਿੱਚ ਬੈਠਣਾ ਉਸਦਾ ਨਿੱਤ ਦਾ ਹੀ ਕੰਮ ਸੀ। ਜੱਟਾਂ ਤੋਂ ਬਿਨਾਂ ਜੇ ਕੋਈ ਹੋਰ ਜਾਤ ਦਾ ਰਾਹ ਖਹਿੜੇ ਮੁੰਡਾ ਖੁੰਡਾ ਮਿਲ ਜਾਂਦਾ ਤਾਂ ਉਸ ਨੂੰ ਉਹ ‘ਕੀ ਕਰਦੀ ਫਿਰਦੀ ਐ ਨਿੱਕੀ ਸੁੱਕੀ ਜਾਤ’ ਕਹਿ ਕੇ ਸੰਬੋਧਿਤ ਕਰਦਾ। ਇਹ ਉਸਦੀ ਆਦਤ ਬਣ ਚੁੱਕੀ ਸੀ। ਮੈਂ ਅਤੇ ਜਸਕਰਨ ਲੰਡੇ ਨੇ ਜਦੋਂ ਵੀ ਮਿਲਣਾ ਤਾਂ ਉਸਦਾ ਤਕੀਆ ਕਲਾਮ ਸੀ ‘ਕਿਵੇਂ ਨਿੱਕੀਏ ਸੁੱਕੀਏ ਜਾਤੇ, ਕਿੱਧਰ ਮੂੰਹ ਚੁੱਕਿਆ?’ ਉਦੋਂ ਭਾਵੇਂ ਪਿੰਡਾਂ ਦੇ ਲੋਕ ਜਾਗਰੂਕ ਨਹੀਂ ਸਨ ਅਤੇ ਪਾਖੰਡਵਾਦ ਨੂੰ ਵਧੇਰੇ ਮੰਨਦੇ ਸਨ ਪਰ ਦੇਵਾ ਸਰਾਂ ਪਖੰਡਵਾਦ ਦੇ ਬਿਲਕੁਲ ਉਲਟ ਸੀ।

ਜਦੋਂ ਸਵਰਗੀ ਪ੍ਰੀਤਮ ਬਰਾੜ ਲੰਡੇ ਨੇ ਪਿੰਡ ਵਿੱਚ ਸਾਹਿਤਕ ਸੱਥ ਦੀ ਸਥਾਪਨਾ ਕੀਤੀ ਤਾਂ ਮੈਂ ਅਤੇ ਜਸਕਰਨ ਲੰਡੇ ਅਤੇ ਪ੍ਰੀਤਮ ਬਰਾੜ ਨੇ ਸਾਹਿਤਕ ਸੱਥ ਦਾ ਪਹਿਲਾ ਪ੍ਰੋਗਰਾਮ ਪਿੰਡ ਵਿੱਚ ਹੀ ਕਰਾਉਣ ਦਾ ਮਤਾ ਪਕਾਇਆ ਸੀ। ਅਜਿਹਾ ਸਾਹਿਤਕ ਪ੍ਰੋਗਰਾਮ ਪਹਿਲਾਂ ਸਾਡੇ ਪਿੰਡ ਵਿੱਚ ਕਦੇ ਵੀ ਨਹੀਂ ਸੀ ਹੋਇਆ। ਭਾਵੇਂ ਪਿੰਡਾਂ ਵਿੱਚ ਪਹਿਲਾਂ ਵੀ ਅਨੇਕਾਂ ਸਾਹਿਤਕਾਰ ਪੈਦਾ ਹੋਏ ਸਨ ਪਰ ਪਿੰਡ ਵਿੱਚ ਸਾਹਿਤਕ ਪ੍ਰੋਗਰਾਮ ਕਰਵਾਉਣਾ ਹੋਰ ਗੱਲ ਸੀ। ਸਵਰਗੀ ਪ੍ਰੀਤਮ ਬਰਾੜ ਮੋਗੇ ਰਹਿੰਦਾ ਸੀ, ਲੰਬੇ ਸਮੇਂ ਤੋਂ। ਉਸਨੇ ਪਿੰਡ ਦੇ ਦੇਵਾ ਸਰਾਂ ਬਾਰੇ ਕਾਫੀ ਸੁਣ ਰੱਖਿਆ ਸੀ ਤੇ ਉਹਦੀਆਂ ਅਲੋਕਾਰ ਗੱਲਾਂ ਬਾਰੇ ਵੀ ਬਰਾੜ ਨੂੰ ਜਾਣਕਾਰੀ ਸੀ। ਦੇਵਾ ਸਰਾਂ ਨੇ ਪ੍ਰੀਤਮ ਬਰਾੜ ਬਾਰੇ ਸੁਣਿਆ ਸੀ ਕਿ ਮਾਸਟਰ ਸਰਵਣ ਸਿਉਂ ਦਾ ਇੱਕ ਲੜਕਾ ਮੋਗੇ ਰਹਿੰਦਾ ਹੈ ਪਰ ਉਸਨੇ ਦੇਖਿਆ ਕਦੇ ਵੀ ਨਹੀਂ ਸੀ। ਪ੍ਰੀਤਮ ਬਰਾੜ ਨੇ ਸਾਨੂੰ ਸਖਤ ਹਦਾਇਤ ਕੀਤੀ ਕਿ ਤੁਸੀਂ ਦੇਵਾ ਸਰਾਂ ਨੂੰ ਸਾਹਿਤਕ ਪ੍ਰੋਗਰਾਮ ਵਿੱਚ ਜ਼ਰੂਰ ਲੈ ਕੇ ਆਉਣਾ ਹੈ। ਅਸੀਂ ਕਿਹਾ, “ਜੀ, ਉਹ ਕੱਬਾ ਬੰਦਾ ਹੈ ਤੇ ਸਾਨੂੰ ਜਾਤ ਕੁ ਕੁਜਾਤ ਬੋਲਦਾ ਹੈ। ਵੱਡਾ ਹੋਣ ਕਰਕੇ ਅਸੀਂ ਕਦੇ ਕੋਈ ਮੋੜ ਨਹੀਂ ਦਿੱਤਾ ਤੇ ਉਸ ਨੂੰ ਪ੍ਰੋਗਰਾਮ ਵਿੱਚ ਕਿਵੇਂ ਲਿਆ ਸਕਾਂਗੇ?” ਪਰ ਪ੍ਰੀਤਮ ਬਰਾੜ ਨੇ ਸਾਡੀ ਕੋਈ ਨਾ ਸੁਣੀ ਤੇ ਕਿਹਾ, “ਜਿਵੇਂ ਮਰਜ਼ੀ ਹੋਵੇ, ਲਿਆਇਓ ਜ਼ਰੂਰ। ਉਹ ਬੰਦਾ ਪ੍ਰੋਗਰਾਮ ਵਿੱਚ ਆਉਣਾ ਚਾਹੀਦਾ।”

ਅਸੀਂ ਚੁੱਪ ਕਰ ਗਏ। ਅਗਲੇ ਦਿਨ ਮੈਂ ਅਤੇ ਜਸਕਰਨ ਦੇਵਾ ਸਰਾਂ ਦੇ ਘਰ ਗਏ। ਜੱਸਾ ਕਹਿਣ ਲੱਗਾ, “ਤਾਇਆ ਜੀ, ਅਸੀਂ ਪਿੰਡ ਦੀ ਧਰਮਸ਼ਾਲਾ ਵਿੱਚ ਸਾਹਿਤਕ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਜ਼ਰੂਰ ਆਉ।”

“ਹੂੰਅ ... ਕੱਲ੍ਹ ਦੀ ਭੂਤਨੀ ਸਿਵਿਆਂ ’ਚਅੱਧ। ਆ ਗਏ ਤੁਸੀਂ ਵੱਡੇ ਪ੍ਰੋਗਰਾਮ ਕਰਾਉਣ ਵਾਲੇ। ਸਾਲੀ ਨਿੱਕੀ ਸੁੱਕੀ ਜਾਤ।”

ਪਰ ਆਖਰ ਅਸੀਂ ਉਸ ਨੂੰ ਪ੍ਰੋਗਰਾਮ ਵਿੱਚ ਆਉਣ ਲਈ ਮਨਾ ਹੀ ਲਿਆ।

ਸਾਹਿਤਕ ਪ੍ਰੋਗਰਾਮ ਵਿੱਚ ਅਸੀਂ ਪ੍ਰਿੰਸੀਪਲ ਗੁਰਦੇਵ ਸਿੰਘ, ਮੁਹਿੰਦਰਦੀਪ ਗਰੇਵਾਲ, ਸਵਰਗੀ ਮਲਕੀਤ ਆਰਟਿਸਟ ਚੰਡੀਗੜ੍ਹ, ਬਲਦੇਵ ਸੜਕਨਾਮਾ, ਸੁਦਾਗਰ ਬਰਾੜ ਲੰਡੇ ਅਤੇ ਕਈ ਹੋਰ ਮਹਾਨ ਸਾਹਿਤਕਾਰਾਂ ਨੂੰ ਬੁਲਾਇਆ ਹੋਇਆ ਸੀ। ਸਾਡੇ ਪਿੰਡ ਦੇ ਅਤੇ ਹੋਰ ਦੂਰ ਦਰਾਜ ਦੇ ਪਿੰਡਾਂ ਤੋਂ ਵੀ ਲੋਕ ਸਾਡੇ ਪ੍ਰੋਗਰਾਮ ਨੂੰ ਦੇਖਣ ਆਏ। ਸਾਰਾ ਪੰਡਾਲ ਲੋਕਾਂ ਨਾਲ ਭਰਿਆ ਪਿਆ ਸੀ। ਪ੍ਰੋਗਰਾਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਜਿੱਥੋਂ ਅਨੇਕਾਂ ਲੋਕਾਂ ਨੇ ਪੁਸਤਕਾਂ ਖਰੀਦੀਆਂ। ਪਿੰਡ ਦੀਆਂ ਅਨੇਕਾਂ ਸੱਭਿਆਚਾਰ ਪ੍ਰਤੀ ਮੋਹ ਰੱਖਦੀਆਂ ਔਰਤਾਂ ਨੇ ਆਪਣੇ ਹੱਥੀਂ ਬਣਾਈਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਾਈ ਜਿੱਥੋਂ ਅਨੇਕਾਂ ਮੁਟਿਆਰਾਂ ਨੇ ਹੱਥੀਂ ਬਣੀਆਂ ਇਨ੍ਹਾਂ ਵਸਤਾਂ ਦੀ ਖਰੀਦ ਕੀਤੀ।

ਪ੍ਰੋਗਰਾਮ ਦੌਰਾਨ ਸਾਹਿਤਕਾਰਾਂ ਨੇ ਪਿੰਡ ਵਿੱਚ ਸਾਹਿਤਕ ਕਿਤਾਬਾਂ ਦੀ ਲਾਇਬਰੇਰੀ ਬਣਾਉਣ, ਪਿੰਡ ਦੇ ਪੜ੍ਹਾਕੂਆਂ ਨੂੰ ਸਾਹਿਤ ਦੀ ਚੇਟਕ ਲਾਉਣ, ਚੰਗੇ ਨੈਤਿਕ ਕਿਰਦਾਰ, ਪਿੰਡ ਦੇ ਲੋਕਾਂ ਨੂੰ ਸਾਹਿਤ ਰਾਹੀਂ ਦੁਨੀਆ ਭਰ ਦੀ ਕ੍ਰਾਂਤੀਕਾਰੀ ਸ਼ਖਸੀਅਤਾਂ ਦੇ ਜੀਵਨ ਬਾਰੇ ਜਾਣਕਾਰੀ ਦੇ ਕੇ ਅਣਮੁੱਲੀਆਂ ਯਾਦਗਾਰਾਂ ਬਾਰੇ ਭਾਸ਼ਣ ਦਿੱਤੇ। ਦੇਵਾ ਸਰਾਂ ਨੇ ਸਾਡਾ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਿਆ। ਸਮਾਪਤੀ ਤੋਂ ਬਾਅਦ ਸਾਰੇ ਮਹਿਮਾਨ ਆਪੋ ਆਪਣੇ ਰਾਹ ਪੈ ਗਏ।

ਅਗਲੇ ਦਿਨ ਦੇਵਾ ਸਰਾਂ ਨੇ ਇਕ ਮੁੰਡਾ ਭੇਜ ਕੇ ਸਾਨੂੰ ਆਪਣੇ ਘਰ ਬੁਲਾਇਆ ਅਤੇ ਕਹਿਣ ਲੱਗਾ, “ਸ਼ਾਬਾਸ਼ ਬਈ ਜਵਾਨੋ। ਅਜਿਹਾ ਪ੍ਰੋਗਰਾਮ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਦੇਖਿਆ। ਮੈਂ ਭਾਵੇਂ ਕੋਰਾ ਅਨਪੜ੍ਹ ਹਾਂ ਪਰ ਤੁਹਾਡੇ ਪ੍ਰੋਗਰਾਮ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਹੁਣ ਜਦੋਂ ਵੀ ਕਿਤੇ ਅਜਿਹਾ ਪ੍ਰੋਗਰਾਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ।”

ਸਾਡੇ ਪ੍ਰੋਗਰਾਮ ਨੇ ਦੇਵਾ ਸਰਾਂ ਦੀ ਜ਼ਿੰਦਗੀ ਵਿੱਚ ਨਵੇਕਲੇ ਰੰਗ ਭਰ ਦਿੱਤੇ ਸਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਜੰਟ ਕਲਸੀ ਲੰਡੇ

ਗੁਰਜੰਟ ਕਲਸੀ ਲੰਡੇ

Lande, Moga, Punjab, India.
WhatsApp: (91 - 94175 - 35916)
Email: (gurjantkalsi60@gmail.com)