GurbinderSManak7“ਜ਼ਮੀਨੀ ਹਕੀਕਤ ਇਹ ਹੈ ਕਿ ਕਿਤੇ ਵੀ ਹਾਦਸਿਆਂ ਨੂੰ ਰੋਕਣ ਲਈ ਅਗਾਊਂ ਪ੍ਰਬੰਧਾਂ ...”
(23 ਨਵੰਬਰ 2026)

 

ਸਾਡੇ ਦੇਸ਼ ਵਿੱਚ ਹਾਦਸੇ ਦਰ ਹਾਦਸੇ ਵਾਪਰਨੇ ਆਮ ਜਿਹੀ ਗੱਲ ਹੀ ਹੋ ਗਈ ਹੈ। ਮਨੁੱਖੀ ਜਾਨ ਦੀ ਕੀਮਤ ਨਹੀਂ ਲਾਈ ਜਾ ਸਕਦੀ, ਇਹ ਅਣਮੁੱਲੀ ਹੈ। ਸਾਡੀ ਗੈਰਜ਼ਿੰਮੇਵਾਰੀ ਅਤੇ ਅਣਗਹਿਲੀ ਕਾਰਨ ਕੀਮਤੀ ਜਾਨਾਂ ਦਾ ਉਜਾੜਾ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ। ਪਿਛਲੇ ਕੁਝ ਦਿਨਾਂ ਦੀਆਂ ਅਖਬਾਰਾਂ ਵਿੱਚ ਅਜਿਹੇ ਦਰਦਨਾਕ ਹਾਦਸਿਆਂ ਦੀਆਂ ਖਬਰਾਂ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਤਰੀ ਕੋਲਕਾਤਾ ਵਿੱਚ ਦੁਰਗਾ ਪੂਜਾ ਦੇ ਪੰਡਾਲ ਵਿੱਚ ਮਚੀ ਭਗਦੜ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਤੋਂ ਵੱਧ ਜ਼ਖਮੀ ਹੋਣ ਦੀ ਸੂਚਨਾ ਹੈ। ਮੀਂਹ ਪੈਣ ਕਾਰਨ ਪੰਡਾਲ ਤੋਂ ਬਾਹਰ ਖੜ੍ਹੇ ਸ਼ਰਧਾਲੂ ਵੀ ਅੰਦਰ ਵਲ ਦੌੜੇ ਅਤੇ ਇਸ ਭਗਦੜ ਵਿੱਚ ਹੀ ਇੱਕ ਦੂਜੇ ਨੂੰ ਪੈਰਾਂ ਹੇਠ ਦਰੜਦੇ ਇਹ ਸ਼ਰਧਾਲੂ ਬੇਕਾਬੂ ਭੀੜ ਬਣ ਗਈ। ਬਾਅਦ ਵਿੱਚ ਆਫਤ-ਪ੍ਰਬੰਧਨ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜੋ ਕੇ ਦੁਖਾਂਤ ਵਾਪਰਨ ਤੋਂ ਪਹਿਲਾਂ ਤਾਇਨਾਤ ਕਰਨ ਦੀ ਲੋੜ ਸੀ।

ਇਸੇ ਦਿਨ ਹੀ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਟੈਂਪੂ ਪੰਦਰਾਂ ਫੁੱਟ ਡੂੰਘੇ ਨਾਲੇ ਵਿੱਚ ਡਿਗਣ ਕਾਰਨ 8 ਵਿਅਕਤੀ ਮਾਰੇ ਗਏ ਅਤੇ 9 ਤੋਂ ਵੱਧ ਜ਼ਖਮੀ ਹੋ ਗਏ। ਨਾਲੇ ਵਿੱਚ ਪਾਣੀ ਅਤੇ ਗਾਰ ਹੋਣ ਕਾਰਨ ਕਰੇਨਾਂ ਦੀ ਸਹਾਇਤਾ ਨਾਲ ਹਾਦਸਾ-ਗ੍ਰਸਤ ਵਾਹਨ ਨੂੰ ਕੱਢਿਆ ਗਿਆ। ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਇੱਕ ਰਸਾਇਣਕ ਇਕਾਈ ਵਿੱਚ ਹੋਏ ਧਮਾਕੇ ਵਿੱਚ 5 ਕਾਮੇ ਮਾਰੇ ਗਏ ਅਤੇ 5 ਜ਼ਖਮੀ ਹੋ ਗਏ। ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਨੇ ਰਿਐਕਟਰ ਟੈਂਕ ਨੂੰ ਪਾੜ ਦਿੱਤਾ ਅਤੇ ਮਸ਼ੀਨਰੀ ਦੇ ਪੁਰਜ਼ੇ ਸਾਰੇ ਅਹਾਤੇ ਵਿੱਚ ਖਿਲਾਰ ਦਿੱਤੇ।

ਲਹਿਰਾਗਾਗਾ ਦੇ ਪਿੰਡ ਅਲੀਸ਼ੇਰ ਨੇੜੇ ਵਾਪਰੇ ਦਿਲ-ਕੰਬਾਊ ਹਾਦਸੇ ਵਿੱਚ 8 ਮਜ਼ਦੂਰ ਲਾਸ਼ਾਂ ਬਣ ਗਏ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਕਿਸੇ ਤੇਜ਼ ਰਫਤਾਰ ਕਾਰ ਨੇ ਸੜਕ ’ਤੇ ਬੂਟੇ ਲਾ ਰਹੇ ਕਾਮਿਆਂ ਨੂੰ ਬੇਦਰਦੀ ਨਾਲ ਦਰੜ ਦਿੱਤਾ। ਇਹ ਕਿਰਤੀ-ਕਾਮੇ ਮਗਨਰੇਗਾ ਅਧੀਨ ਕੰਮ ਕਰ ਰਹੇ ਸਨ, ਜਿੱਥੇ ਆਫਤ ਬਣ ਕੇ ਆਈ ਬੇਕਾਬੂ ਕਾਰ ਨੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਨ ਗੁਆਉਣ ਵਾਲਿਆਂ ਵਿੱਚ ਬਹੁਤੀਆਂ ਉਮਰ-ਦਰਾਜ਼ ਔਰਤਾਂ ਸਨ।

ਐਤਵਾਰ ਦੀ ਸਵੇਰ ਗਵਾਲੀਅਰ ਦੇ ਮੰਦਰ ਦੇ ਬਾਹਰ ਖੜ੍ਹੀ ਸ਼ਰਧਾਲੂਆਂ ਦੀ ਭੀੜ ਲਈ ਇੱਕ ਤਰ੍ਹਾਂ ਕਾਲ ਬਣ ਕੇ ਆਈ। ਅੰਨ੍ਹੇਵਾਹ ਆਏ ਇੱਕ ਟਰੱਕ ਨੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਦਰੜ ਦਿੱਤਾ। ਇਸ ਹਾਦਸੇ ਵਿੱਚ 15 ਜਣੇ ਮਾਰੇ ਗਏ ਅਤੇ 25 ਤੋਂ ਵਧੇਰੇ ਜ਼ਖਮੀ ਹੋਏ ਹਨ। ਝੋਨੇ ਨਾਲ ਲੱਦਿਆ ਇਹ ਟਰੱਕ ਰਾਤ 1.30 ਵਜੇ ਦੇ ਕਰੀਬ ਇਨ੍ਹਾਂ ਸ਼ਰਧਾਲੂਆਂ ਨੂੰ ਸਦਾ ਦੀ ਨੀਂਦੇ ਸੁਆ ਗਿਆ। ਇਹ ਕੇਵਲ ਦੋ ਦਿਨਾਂ ਵਿੱਚ ਵਾਪਰੇ ਦੁਖਾਂਤ ਦੀਆਂ ਖਬਰਾਂ ਹਨ। ਨਿੱਤ ਦਿਨ ਹੀ ਅਜਿਹੇ ਦੁਖਦਾਈ ਹਾਦਸੇ ਵਾਪਰਨੇ ਮਨੁੱਖੀ ਲਾਪਰਵਾਹੀ ਅਤੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ’ਤੇ ਟੰਗ ਕੇ ਵਾਹਨਾਂ ਨੂੰ ਚਲਾਉਣ ਦਾ ਸਿੱਟਾ ਹਨ। ਜਿਨ੍ਹਾਂ ਘਰਾਂ ਦੇ ਜੀਅ ਚੱਲ ਵਸੇ ਹਨ, ਉਨ੍ਹਾਂ ਦੀ ਦੁਨੀਆ ਹਨ੍ਹੇਰੀ ਹੋ ਗਈ ਹੈ। ਮਾਪਿਆਂ ਅਤੇ ਹੋਰ ਜੀਆਂ ਨੂੰ ਜੀਵਨ ਭਰ, ਇਨ੍ਹਾਂ ਹਾਦਸਿਆਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਦਰਦ ਨੇ ਅੰਦਰੋਂ-ਅੰਦਰੀਂ ਖੋਰਦੇ ਰਹਿਣਾ ਹੈ। ਅਸੀਂ ਤਰੱਕੀ ਦੀਆਂ ਬਹੁਤ ਡੀਂਗਾਂ ਮਾਰਦੇ ਹਾਂ, ਪਰ ਸਚਾਈ ਇਹ ਹੈ ਕਿ ਅਸੀਂ ਹਰ ਥਾਂ ਹੀ ਸਿਰੇ ਦੀ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰੀ ਕਾਰਨ ਹਾਦਸਿਆਂ ਨੂੰ ਆਪ ਸੱਦਾ ਦਿੰਦੇ ਹਾਂ। ਸੜਕ ਦੇ ਸਭ ਨਿਯਮਾਂ ਨੂੰ ਦਰਕਿਨਾਰ ਕਰਦਿਆਂ, ਅਸੀਂ ਨਾ ਆਪਣੀ ਜਾਨ ਦੀ ਪਰਵਾਹ ਕਰਦੇ ਹਾਂ ਅਤੇ ਨਾ ਹੀ ਦੂਜਿਆਂ ਦੀ ਜਾਨ ਦੀ। ਸੜਕੀ ਨਿਯਮਾਂ ਦੀ ਪਾਲਣਾ ਕਰਨੀ ਤਾਂ ਸਾਡੀ ਸੋਚ-ਸਮਝ ਦਾ ਹਿੱਸਾ ਹੀ ਨਹੀਂ ਹੈ। ਤੇਜ਼-ਰਫਤਾਰੀ ਕਾਰਨ ਅਨੇਕਾਂ ਵਾਰ ਪੂਰੇ ਦੇ ਪੂਰੇ ਪਰਿਵਾਰ ਹੀ ਮੌਤ ਦੇ ਮੂੰਹ ਵਿੱਚ ਅਕਸਰ ਹੀ ਜਾਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਖੁੱਲ੍ਹੇ ਬੋਰਵੈੱਲਾਂ ਵਿੱਚ ਕਈ ਵਾਰ ਮਸੂਮ ਬੱਚੇ ਡਿਗ ਕੇ ਘਰਾਂ ਵਿੱਚ ਸੁੰਨ ਵਰਤਾ ਗਏ ਹਨ। ਪਰ ਅਸੀਂ ਇਹੋ ਜਿਹੀਆਂ ਗੱਲਾਂ ਨੂੰ ਵਿਚਾਰਦੇ ਹੀ ਨਹੀਂ। ਕਿਸੇ ਫੈਕਟਰੀ ਵਿੱਚ, ਕਿਸੇ ਹੋਟਲ ਵਿੱਚ, ਕਿਸੇ ਸਿੱਖਿਆ ਕੇਂਦਰ ਵਿੱਚ ਅਕਸਰ ਹੀ ਅੱਗ ਲੱਗਣ ਦੀਆਂ ਹਿਰਦੇਵੇਧਕ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਪਰ ਕੁਝ ਦਿਨਾਂ ਦੇ ਰੌਲੇ-ਰੱਪੇ ਤੋਂ ਬਾਅਦ ਅਗਲੀ ਦੁਰਘਟਨਾ ਤਕ ਨਾ ਪ੍ਰਸ਼ਾਸਨ ਸੁਚੇਤ ਹੁੰਦਾ ਹੈ ਤੇ ਨਾ ਹੀ ਲੋਕ। ਧਾਰਮਿਕ ਪੂਜਾ ਸਥਾਨਾਂ ਵਿੱਚ ਸ਼ਰਧਾਲੂਆਂ ਦੀਆਂ ਬੇਕਾਬੂ ਭੀੜਾਂ ਕਾਰਨ ਮਚੀ ਭਗਦੜ ਕਾਰਨ ਅਨੇਕਾਂ ਵਾਰ ਹਾਦਸੇ ਵਾਪਰੇ ਹਨ ਅਤੇ ਅਨੇਕਾਂ ਸ਼ਰਧਾਲੂਆਂ ਦੀ ਬਲੀ ਦਿੱਤੀ ਜਾ ਚੁੱਕੀ ਹੈ, ਪਰ ਅਸੀਂ ਕੋਈ ਸਬਕ ਨਹੀਂ ਸਿੱਖਦੇ। ਬਹੁਤੇ ਹਾਦਸੇ ਯੋਜਨਾਬੰਦੀ ਅਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਵਾਪਰਦੇ ਹਨ। ਹੈਰਾਨੀਜਨਕ ਗੱਲ ਹੈ ਕਿ ਪ੍ਰਸ਼ਾਸਨ ਕਿਸੇ ਸਥਾਨ ਉੱਤੇ ਇੰਨੀਆਂ ਵੱਡੀਆਂ ਭੀੜਾਂ ਨੂੰ ਇਕੱਠੀਆਂ ਹੋਣ ਦੀ ਆਗਿਆ ਕਿਵੇਂ ਦੇ ਦਿੰਦਾ ਹੈ। ਹਾਦਸੇ ਵਾਪਰਨ ਤੋਂ ਬਾਅਦ ਕੋਈ ਜ਼ਿੰਮੇਵਾਰੀ ਅਤੇ ਜਵਾਬਦੇਹੀ ਨਿਸ਼ਚਿਤ ਨਹੀਂ ਕੀਤੀ ਜਾਂਦੀ। ਇਸੇ ਕਾਰਨ ਹੀ ਲੋਕ ਆਪਮੁਹਾਰੇ ਭੀੜਾਂ ਦਾ ਰੂਪ ਧਾਰ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਹਾਦਸਾ ਵਾਪਰਨ ਤੋਂ ਬਾਅਦ ਸਰਕਾਰ, ਪ੍ਰਸ਼ਾਸਨ ਅਤੇ ਵੱਡੇ ਵੱਡੇ ਨੇਤਾ ਪੀੜਿਤ ਪਰਿਵਾਰਾਂ ਨਾਲ ਦੁੱਖ ਦੇ ਇਜ਼ਹਾਰ ਦੇ ਬਹੁਤ ਬਿਆਨ ਦਿੰਦੇ ਹਨ। ਰਾਜ ਸਰਕਾਰ ਵੱਲੋਂ ਵੀ ਅਤੇ ਕੇਂਦਰੀ ਸਰਕਾਰ ਵੱਲੋਂ ਵੀ ਮੁਆਵਜ਼ੇ ਦੇ ਐਲਾਨ ਕੀਤੇ ਜਾਂਦੇ ਹਨ। ਕੀ ਮੁਆਵਜ਼ਾ ਪਰਿਵਾਰਾਂ ਦੇ ਦਰਦ ਨੂੰ ਘਟਾ ਸਕਦਾ ਹੈ? ਪੈਸਾ ਇਨਸਾਨ ਦੀ ਥਾਂ ਲੈ ਸਕਦਾ ਹੈ? ਕਿਸੇ ਵੀ ਹਾਦਸੇ ਦੇ ਵਾਪਰਨ ਤੋਂ ਬਾਅਦ ਹਰ ਵਾਰ ਅਜਿਹਾ ਹੀ ਵਾਪਰਦਾ ਹੈ। “ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ” - ਜਿਹੇ ਬਿਆਨ ਕਈ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹਿੰਦੇ ਹਨ। ਪਰ ਜਦੋਂ ਘਟਨਾ ਠੰਢੀ ਪੈ ਜਾਂਦੀ ਹੈ ਤਾਂ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਂਦਾ ਹੈ। ਸਾਡੀ ਇਹ ਰਵਾਇਤ ਹੀ ਬਣ ਗਈ ਹੈ ਕਿ ਕੋਈ ਹਾਦਸਾ ਵਾਪਰਨ ਤੋਂ ਬਾਅਦ ਹੀ ਸਰਕਾਰ ਅਤੇ ਪ੍ਰਸ਼ਾਸਨ ਦੀ ਜਾਗ ਖੁੱਲ੍ਹਦੀ ਹੈ। ਪਰ ਇਹ ਸਭ ਕੁਝ ਵੀ ਦਿਖਾਵਾ ਮਾਤਰ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਸਰਕਾਰ ਇਹੋ ਜਿਹੇ ਹਾਦਸਿਆਂ ਤੋਂ ਬਹੁਤ ਦੁਖੀ ਹੈ।

ਜ਼ਮੀਨੀ ਹਕੀਕਤ ਇਹ ਹੈ ਕਿ ਕਿਤੇ ਵੀ ਹਾਦਸਿਆਂ ਨੂੰ ਰੋਕਣ ਲਈ ਅਗਾਊਂ ਪ੍ਰਬੰਧਾਂ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ ਜਾਂਦਾ। ਹਰ ਪੱਧਰ ’ਤੇ ਜ਼ਿੰਮੇਵਾਰੀ ਦੀ ਘਾਟ ਹੈ। ਜਦੋਂ ਹਾਦਸਾ ਵਾਪਰ ਜਾਂਦਾ ਹੈ ਤਾਂ ਇੱਕ ਦੂਜੇ ਦੀ ਗਲਤੀ ਕੱਢ ਕੇ ਅਤੇ ਦੂਜੇ ਉੱਤੇ ਜ਼ਿੰਮੇਵਾਰੀ ਪਾ ਕੇ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੋ ਜਿਹੇ ਹਾਦਸਿਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਹੁਤ ਘੱਟ ਸਜ਼ਾ ਮਿਲਦੀ ਹੈ। ਕਈ ਸਾਲ ਮਾਮਲੇ ਅਦਾਲਤਾਂ ਵਿੱਚ ਲਟਕੇ ਰਹਿਣ ਕਾਰਨ ਜਦੋਂ ਤਕ ਕੇਸ ਦਾ ਫੈਸਲਾ ਹੁੰਦਾ ਹੈ, ਲੋਕਾਂ ਦੇ ਚੇਤਿਆਂ ਵਿੱਚੋਂ ਇਹ ਮਾਮਲੇ ਹੀ ਵਿਸਰ ਜਾਂਦੇ ਹਨ।

ਕਿਸੇ ਵੀ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਮੌਤ ਬਹੁਤ ਦੁਖਦਾਈ ਹੁੰਦੀ ਹੈ। ਹਾਦਸੇ ਕਿਸੇ ਕੋਲੋਂ ਉਹਦਾ ਬਾਪ ਖੋਹ ਲੈਂਦੇ, ਕਿਸੇ ਨੂੰ ਮਾਂ ਦੇ ਵਿਛੋੜੇ ਦਾ ਸਦੀਵੀ ਦਰਦ ਦੇ ਦਿੰਦੇ ਹਨ, ਕਿਸੇ ਔਰਤ ਕੋਲੋਂ ਉਹਦਾ ਸੁਹਾਗ ਖੋਹ ਲੈਂਦੇ ਹਨ ਅਤੇ ਕਿਸੇ ਕੋਲੋਂ ਉਹਦੀ ਪਤਨੀ ਖੋਹ ਕੇ ਉਸਦਾ ਘਰ ਸੁੰਨਾ ਕਰ ਦਿੰਦੇ ਹਨ। ਜਿਸਦੇ ਨਾਲ ਇਹ ਕੁਝ ਵਾਪਰਦਾ ਹੈ, ਉਸਦੇ ਮਨ ਦੀ ਪੀੜਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਪੱਧਰ ’ਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਂ ਕਿ ਕਿਸੇ ਦੁਖਾਂਤ ਦੀ ਸੂਰਤ ਵਿੱਚ ਜਬਾਵਦੇਹੀ ਨਿਸ਼ਚਿਤ ਕੀਤੀ ਜਾ ਸਕੇ। ਹਰ ਵਿਅਕਤੀ ਨੂੰ ਅਜਿਹੇ ਦੁਖਾਂਤਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਸਭ ਕੁਝ ਸਰਕਾਰਾਂ ਅਤੇ ਪ੍ਰਸ਼ਾਸਨ ਉੱਤੇ ਹੀ ਨਹੀਂ ਛੱਡਿਆ ਜਾ ਸਕਦਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਗੁਰਬਿੰਦਰ ਸਿੰਘ ਮਾਣਕ

ਗੁਰਬਿੰਦਰ ਸਿੰਘ ਮਾਣਕ

Kharal Kalan, Jalandhar, Punjab, India.
Phone: (91 - 98153 - 56086)

Email: (gurbindermanak@gmail.com)

More articles from this author