SukhminderSekhon 7“ਨਸ਼ੇ ਅਤੇ ਅਪਰਾਧ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ। ਨੇਤਾ ਲੋਕ, ਸਰਕਾਰ ...”
(19 ਨਵੰਬਰ 2026)

 

ਰਾਜਨੀਤੀ ਜਾਂ ਸਿਆਸਤ ਤੋਂ ਅੱਜ ਕੋਈ ਵੀ ਬੇਖਬਰ ਨਹੀਂ। ਅਸੀਂ ਸਾਰੇ ਹੀ ਇਸਦਾ ਦਮ ਭਰਦੇ ਹਾਂ ਅਤੇ ਦਾਅਵੇ ਵੀ ਕਰਦੇ ਹਾਂ, “ਹਟ ਪਿੱਛੇ, ਮੈਨੂੰ ਪੌਲੇਟਿਕਸ ਬਾਰੇ ਸਭ ਪਤਾ ਹੈ, ਤੁਸੀਂ ਕੀ ਜਾਣਦੇ ਹੋ?”

ਹਰ ਕੋਈ ਇਸ ਯਕੀਨ ਨਾਲ ਭਰਿਆ ਪਿਆ ਹੈ ਕਿ ਉਸਤੋਂ ਵਧੇਰੇ ਸਿਆਸਤ ਬਾਰੇ ਕੋਈ ਜਾਣਦਾ ਹੀ ਨਹੀਂ! ਪੜ੍ਹੇ ਲਿਖਿਆਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਤਾਂ ਤਬਸਰੇ ਕਰਨੇ ਹੀ ਹੋਏ, ਅਨਪੜ੍ਹ ਅਤੇ ਅੱਧ-ਪੜ੍ਹੇ ਵੀ ਅਜਿਹੇ ਦਾਅਵੇ ਕਰਦੇ ਹਨ। ਹਾਲਾਂਕਿ ਉਹ ਰਾਜਨੀਤੀ ਨੂੰ ਸਤਹੀ ਪੱਧਰ ਜਾਂ ਪੇਤਲੇ ਤੌਰ ’ਤੇ ਜਾਣਦੇ ਹੁੰਦੇ ਹਨ। ਕੇਵਲ ਰਾਜਸੀ ਨੇਤਾਵਾਂ ਦੇ ਬੋਲਾਂ-ਕਬੋਲਾਂ, ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਤਕ ਹੀ ਉਨ੍ਹਾਂ ਦਾ ‘ਗਿਆਨ’ ਸੀਮਿਤ ਹੁੰਦਾ ਹੈ। ਜਾਂ ਫਿਰ ਆਮ ਜਿਹੀ ਗੱਲਬਾਤ... ਫਲਾਂ ਲੀਡਰ ਚੰਗਾ ਹੈ ਜਾਂ ਮਾੜਾ! ਜਾਂ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਅਤੇ ਕਿਹੜੀ ਹਾਰੇਗੀ!

ਜਿੱਥੇ ਵੀ ਖੁਸ਼ੀ ਗਮੀ ਦੇ ਮੌਕੇ ਚੰਦ ਬੰਦੇ ਜੁੜਦੇ ਹਨ, ਉੱਥੇ ਹੀ ਇਹੀਓ ਰਾਗ ਅਲਾਪਣ ਲੱਗ ਪੈਂਦੇ ਹਨ। ਉਹ ਸ਼ਾਇਦ ਇਸ ਪੱਖੋਂ ਬੇਖਬਰ ਹੀ ਹੁੰਦੇ ਹਨ ਅਤੇ ਲਗਭਗ ਕੋਰੇ ਅਨਜਾਣ ਵੀ ਕਿ ਰਾਜਨੀਤੀ ਹੈ ਕੀ ਸ਼ੈਅ! ਜਦੋਂ ਕਿ ਸਾਰੀਆਂ ਰਾਜਸੀ ਪਾਰਟੀਆਂ ਦਾ ਟੀਚਾ ਸੱਤਾ ਹਥਿਆਉਣ ਤਕ ਹੀ ਮਹਿਦੂਦ ਹੁੰਦਾ ਹੈ। ਨਾਅਰੇ ਅਤੇ ਵਾਅਦੇ ਤਾਂ ਬੱਸ ਐਵੈਂ ਭਰਮ ਹੀ ਹੁੰਦੇ ਹਨ! ਕੋਈ ਵੀ ਨੇਤਾ ਜਾਂ ਪਾਰਟੀ ਚੰਗੇ ਮਾੜੇ ਨਹੀਂ ਹੁੰਦੇ। ਸਾਰੇ ਹੀ ਕਿਸੇ ਨਾ ਕਿਸੇ ਢੰਗ ਨਾਲ ਸਰਕਾਰ ਬਣਾਉਣਾ ਚਾਹੁੰਦੇ ਹਨ। ਜਦੋਂ ਸਰਕਾਰ ਬਣਾ ਕੇ ਕੁਝ ਇੱਕ ਕੰਮ ਕਰਦੇ ਵੀ ਹਨ ਤਾਂ ਜਨਤਾ ਖੁਸ਼ ਹੋ ਜਾਂਦੀ ਹੈ। ਜਦੋਂ ਕਿ ਇਸ ਵਿੱਚ ਖੁਸ਼ ਹੋਣ ਵਾਲੀ ਕੋਈ ਐਡੀ ਗੱਲ ਨਹੀਂ ਹੁੰਦੀ। ਆਪਣੇ ਮੈਨੀਫੈਸਟੋ ਅਨੁਸਾਰ ਸਰਕਾਰ ਨੇ ਦੋ-ਚਾਰ ਕੰਮ ਕਰ ਵੀ ਦਿੱਤੇ ਤਾਂ ਕੀ ਮੱਲ ਮਾਰ ਲਈ! ਹੌਲੀ ਹੌਲੀ ਉਹ ਵੀ ਅਵੇਸਲੇ ਹੋ ਜਾਂਦੇ ਹਨ ਜਾਂ ਭੁਲਾ ਹੀ ਦਿੰਦੇ ਹਨ। ਫਿਰ ਚੋਣਾਂ ਦੇ ਐਨ ਕਰੀਬ ਆ ਕੇ ਦੋ ਤਿੰਨ ਹੋਰ ਮੁਫਤ ਦੀਆਂ ਸਕੀਮਾਂ ਲਾਗੂ ਕਰ ਦਿੰਦੇ ਹਨ। ਹੁਣ ਮੁਫਤ ਦੀਆਂ ਰਿਓੜੀਆਂ ਵੰਡਣ ਵਿੱਚ ਸਰਕਾਰ ਦਾ ਕੀ ਜਾਂਦਾ ਹੈ! ਖਾਲੀ ਸਰਕਾਰੀ ਖਜ਼ਾਨੇ ਲਈ ਹੋਰ ਕਰਜ਼ਾ ਚੁੱਕ ਲਿਆ ਜਾਵੇਗਾ! ਜਦੋਂ ਇਸ ਬਾਰੇ ਪੁੱਛੋ ਤਾਂ ਖਚਰਾ ਜਿਹਾ ਹੱਸਕੇ ਕਹਿ ਛੱਡਦੇ ਹਨ, “ਭਾਈ ਸਾਨੂੰ ਤਾਂ ਹਰ ਵਰਗ ਦਾ ਖਿਆਲ ਰੱਖਣਾ ਪੈਂਦਾ ਹੈ।”

ਇਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਬੀਬੀਆਂ ਨੇ ਕਦੋਂ ਮੰਗ ਕੀਤੀ ਸੀ ਕਿ ਉਨ੍ਹਾਂ ਲਈ ਬੱਸ ਸੇਵਾ ਮੁਫਤ ਕੀਤੀ ਜਾਵੇ! ਕੀ ਇਹ ਵੀ ਮੰਗ ਰੱਖੀ ਸੀ ਕਿ ਬਿਨਾਂ ਕੋਈ ਕੰਮ ਕੀਤੇ ਉਨ੍ਹਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਪੈਸੇ ਪਾਏ ਜਾਣ! ਇਵੇਂ ਹੀ ਹੋਰ ਅਨੇਕਾਂ ਵੋਟ-ਬਟੋਰੂ ਸਕੀਮਾਂ ਵੀ ਲੋਕਾਂ ਨੂੰ ਘਸਿਆਰੇ ਬਣਾਉਣ ਦੀ ਸਾਜ਼ਿਸ਼ ਦਾ ਹੀ ਇੱਕ ਹਿੱਸਾ ਹਨ।

ਮੁਫਤ ਦੀ ਤੀਰਥ ਯਾਤਰਾ ਦੀ ਮੰਗ ਕਿਸ ਧਿਰ ਨੇ ਕੀਤੀ ਸੀ? ਪੰਜਾਬ ਦੇ ਲੋਕਾਂ ਨੂੰ ਰੁਜ਼ਾਨਾ ਕਰੋੜਾਂ ਦੇ ਭਾਰ ਥੱਲੇ ਦੱਬ ਕੇ ਕੀ ਉਹ ਮੁਫਤੋ ਮੁਫਤੀ ਦਾ ਪੁੰਨ ਖੱਟਣਾ ਚਾਹੁੰਦੇ ਹਨ! ਜਿਹੜੇ ਕੰਮ ਪਹਿਲ ਦੇ ਅਧਾਰ ’ਤੇ ਕਰਨ ਵਾਲੇ ਸਨ, ਉਨ੍ਹਾਂ ਦਾ ਕੀ ਬਣਿਆ! ਹੁਣ ਡੰਡੇ ਮਾਰ ਕੇ ਅਤੇ ਅੱਥਰੂ ਗੈਸਾਂ ਛੱਡਕੇ ਤਾਂ ਕਿਸੇ ਸਮੱਸਿਆ ਦਾ ਹੱਲ ਹੋਣ ਵਾਲਾ ਹੈ ਨਹੀਂ।

ਕੀ ਬੇਰੋਜ਼ਗਾਰੀ ਦੇ ਮਸਲੇ ਨੂੰ ਤਰਜੀਹ ਦਿੱਤੀ! ਸਿੱਖਿਆ ਅਤੇ ਸਿਹਤ ਦੇ ਮਸਲੇ ਵੀ ਵਿਰਾਟ ਹਨ। ਜੇਕਰ ਧਾਰਮਿਕ ਮਸਲਿਆਂ ਦੀ ਥਾਹ ਪਾ ਲਈ ਜਾਵੇ ਤਾਂ ਇਹ ਉੱਠਣ ਹੀ ਕਿਉਂ! ਨਸ਼ੇ ਅਤੇ ਅਪਰਾਧ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ। ਨੇਤਾ ਲੋਕ, ਸਰਕਾਰ, ਪੁਲੀਸ ਅਤੇ ਪ੍ਰਸ਼ਾਸਨ ਕੀ ਸੁੱਤੇ ਪਏ ਹਨ! ਕੁੱਤਿਆਂ ਅਤੇ ਆਵਾਰਾਂ ਪਸ਼ੂਆਂ ਦੀ ਸਮੱਸਿਆ ਵੀ ਜਿਉਂ ਦੀ ਤਿਉਂ ਖੜ੍ਹੀ ਹੈ!

ਸਰਕਾਰ ਨੂੰ ਇਸ ਦਿਸ਼ਾ ਵੱਲ ਇਮਾਨਦਾਰੀ ਨਾਲ ਉਚੇਚੇ ਯਤਨ ਕਰਨ ਦੀ ਲੋੜ ਹੈ। ਵਿਰੋਧੀ ਪਾਰਟੀਆਂ ਦੀ ਭੂਮਿਕਾ ਵੀ ਉਸਾਰੂ ਨਹੀਂ, ਉਹ ਕੇਵਲ ਵਿਰੋਧ ਵਜੋਂ ਹੀ ਵਿਰੋਧ ਕਰਦੇ ਹਨ। ਉਨ੍ਹਾਂ ਦੀ ਨਜ਼ਰ ਵਿੱਚ ਕੀ ਸਰਕਾਰ ਇੱਕ ਵੀ ਚੰਗਾ ਕੰਮ ਨਹੀਂ ਕਰਦੀ! ਬਹਰਹਾਲ ਮੌਜੂਦਾ ਸਰਕਾਰ ਹੋਵੇ ਜਾਂ ਪਿਛਲੀਆਂ ਸਰਕਾਰਾਂ, ਸਭਨਾਂ ਦਾ ਕੰਮਕਾਰ ਦਾ ਤਰੀਕਾ ਕੇਵਲ ਇੱਕੋ ਜਿਹਾ ਹੀ ਰਿਹਾ ਹੈ। ਕਿਸੇ ਵੀ ਸਰਕਾਰ ਨੇ ਵਾਤਾਵਰਣ ਦੀ ਨਾਜ਼ਕ ਸਥਿਤੀ ਨੂੰ ਭਾਂਪਦਿਆਂ ਕੋਈ ਠੋਸ ਕਦਮ ਨਹੀਂ ਉਠਾਏ। ਸਰਕਾਰੀ ਤੰਤਰ ਦੇ ਭ੍ਰਿਸ਼ਟਾਚਾਰ ਵੱਲ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ। ਵਾਤਾਵਰਣ ਅਤੇ ਭ੍ਰਿਸ਼ਟਾਚਾਰ ਅਹਿਮ ਮਸਲੇ ਹਨ। ਸਾਨੂੰ ਇਨ੍ਹਾਂ ਸਮੱਸਿਆਵਾਂ ਸੰਬੰਧੀ ਅਖੌਤੀ ਸਰਕਾਰੀ ਅੰਕੜੇ ਨਹੀਂ, ਪੂਰਣ ਹੱਲ ਚਾਹੀਦਾ ਹੈ। ਰਾਜਨੀਤੀ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਸਨਮੁਖ ਹੀ ਹਰੇਕ ਸ਼ਖਸ ਨੂੰ ਵੀ ਹਰ ਪੱਖੋਂ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Patiala, Punjab, India.
Phone: (91 - 98145 - 07693)

Email: (sukhmindersinghsekhon@gmail.com)

More articles from this author