SSRamla7“ਭੋਗ ਦੀ ਰਸਮ 17 ਨਵੰਬਰ ਨੂੰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ...”MohanSharma2
(17 ਨਵੰਬਰ 2026
)


MohanSharma2
ਮੋਹਨ ਸ਼ਰਮਾ ਆਪਣੇ ਆਪ ਵਿੱਚ ਇੱਕ ਸੰਸਥਾ ਸੀ। ਦਰਦ ਭਾਵੇਂ ਕਿਸੇ ਵਿਅਕਤੀ ਦਾ ਹੋਵੇ ਜਾਂ ਸਮੂਹ ਦਾ
, ਉਹ ਆਪਾ ਵਾਰਨ ਤਕ ਜਾਂਦੇ ਸਨ। ਇੱਕ ਲੇਖਕ ਵਜੋਂ ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚ ਵਾਰਤਕ, ਕਵਿਤਾਵਾਂ, ਕਹਾਣੀਆਂ, ਮਿਨੀ ਕਹਾਣੀਆਂ ਦੇ ਵੱਖ-ਵੱਖ ਵਿਸ਼ੇ ਲੈ ਕੇ ਸਾਹਿਤ ਦੀ ਰਚਨਾ ਕੀਤੀ ਹੈ। ਹਰ ਦੂਜੇ ਤੀਜੇ ਦਿਨ ਉਨ੍ਹਾਂ ਦਾ ਆਰਟੀਕਲ ਕਿਸੇ ਨਾ ਕਿਸੇ ਅਖਬਾਰ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਸੀ। ਪ੍ਰਕਾਸ਼ਿਤ ਰਚਨਾਵਾਂ ਵਿੱਚ ਨੈਤਿਕ ਕਦਰਾਂ ਕੀਮਤਾਂ, ਭਾਈਚਾਰਕ ਸਾਂਝ, ਨਸ਼ਿਆਂ ਦੀ ਲਾਹਣਤ ਅਤੇ ਸਮਾਜਿਕ ਬੁਰਾਈਆਂ ਦਾ ਉਹ ਜ਼ਿਕਰ ਹੀ ਨਹੀਂ ਸੀ ਕਰਦੇ, ਸਗੋਂ ਇਨ੍ਹਾਂ ਬੁਰਾਈਆਂ ਤੋਂ ਖਹਿੜਾ ਛੁਡਵਾਉਣ ਲਈ ਸਾਰਥਕ ਸੁਝਾਅ ਵੀ ਦਿੰਦੇ ਸਨ।

ਗੱਲ 20-22 ਸਾਲ ਪੁਰਾਣੀ ਹੈ। ਉਹ ਮੁਹੱਲੇ ਵਿੱਚ ਹੋਈ ਮੌਤ ਦੇ ਸਸਕਾਰ ਲਈ ਸ਼ਮਸ਼ਾਨ ਭੂਮੀ ਵਿੱਚ ਗਏ ਹੋਏ ਸਨ। ਖੁੱਲ੍ਹੀ ਵਿਰਾਨ ਜਗ੍ਹਾ, ਕੋਈ ਚਾਰ ਦੀਵਾਰੀ ਨਹੀਂ, ਪਾਣੀ ਦਾ ਕੋਈ ਪ੍ਰਬੰਧ ਨਹੀਂ। ਮਜਲਸ ਵਿੱਚ ਮਰਦ ਔਰਤਾਂ ਦੇ ਬੈਠਣ ਲਈ ਕੋਈ ਸਾਧਨ ਨਹੀਂ। ਦ੍ਰਖਤਾਂ ਤੋਂ ਵੀ ਸੱਖਣੀ ਸੀ ਉਹ ਸ਼ਮਸ਼ਾਨ ਭੂਮੀ। ਅਜਿਹੀ ਥਾਂ ’ਤੇ ਇੱਕ ਪਾਸੇ ਸਿਵਾ ਬਲ ਰਿਹਾ ਸੀ ਅਤੇ ਦੂਜੇ ਪਾਸੇ ਮੋਹਨ ਸ਼ਰਮਾ ਦੇ ਮਨ ਅੰਦਰ ਉੱਠੇ ਵਿਚਾਰਾਂ ਦੇ ਜਵਾਰਭਾਟੇ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ। ਭੀੜ ਵਿੱਚ ਖੜੋਤੇ ਉਹ ਆਪਣੇ ਆਪ ਨੂੰ ਮੁਖਾਤਿਬ ਸਨ, “ਮਨੁੱਖ ਦਾ ਅੰਤਿਮ ਪੜਾਅ ਇਹ ਸ਼ਮਸ਼ਾਨ ਭੂਮੀ ਹੀ ਹੈ। ਅਜਿਹਾ ਅੰਤਿਮ ਪੜਾਅ ਵਾਲਾ ਅਸਥਾਨ ਤਾਂ ਖੂਬਸੂਰਤ ਹੋਣਾ ਚਾਹੀਦਾ ਹੈ। ਵਧੀਆ ਦਿੱਖ ਵਾਲਾ। ਪਰੇਸ਼ਾਨ ਹੋਏ ਲੋਕ ਕੁਝ ਦੇਰ ਠੰਢੀ ਛਾਂ ਹੇਠ ਬਹਿ ਸਕਣ। ਭਲਾ, ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਰੜੇ ਮੈਦਾਨ ਵਿੱਚ ਕਿਉਂ ਕੀਤਾ ਜਾਵੇ? ਇੱਥੇ ਤਾਂ ਸਭ ਦੀ ਵਾਰੀ ਆਉਣੀ ਹੈ। ਮੇਰੀ ਵੀ...!” ਫਿਰ ਮੋਹਨ ਸ਼ਰਮਾ ਨੇ ਉੱਥੇ ਖੜ੍ਹੇ ਖੜ੍ਹੇ ਹੀ ਪ੍ਰਣ ਕਰ ਲਿਆ ਕਿ ਇਹ ਅਸਥਾਨ ਖੂਬਸੂਰਤ ਹੋਵੇਗਾ। ਆਪਣੇ ਸੰਕਲਪ ਦੀ ਪੂਰਤੀ ਲਈ ਉਹ ਹਰ ਵਾਹ ਲਾ ਦੇਵੇਗਾ। ਬੱਸ ਉਸ ਸੰਕਲਪ ਨੂੰ ਮੋਹਨ ਸ਼ਰਮਾ ਨੇ ਅਮਲੀ ਜਾਮਾ ਪਹਿਨਾਉਣ ਦਾ ਬੀੜਾ ਚੁੱਕ ਲਿਆ ਅਤੇ ਆਪਣੇ ਨਾਲ ਕੁਝ ਸਹਿਰਦ ਸਾਥੀ ਵੀ ਜੋੜ ਲਏ।

ਉਹੀ ਖੰਡਰ ਨੁਮਾ ਜਗ੍ਹਾ ਹੁਣ ਰਮਣੀਕ ਅਸਥਾਨ ਵਿੱਚ ਬਦਲ ਗਈ ਹੈ। ਹਰਾ ਭਰਾ ਵਾਤਾਵਰਣ, ਪੰਜ ਕਮਰੇ, ਚਾਰ ਦੀਵਾਰੀ, ਮੋਟਰ, ਸ਼ਮਸ਼ਾਨ ਭੂਮੀ ਦੀ ਪਹੁੰਚ ਤਕ ਸੜਕ, ਹਰੇ ਭਰੇ ਲਾਅਨ, ਔਰਤਾਂ ਅਤੇ ਮਰਦਾਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨ ਉਪਰੰਤ ਹੀ ਉਨ੍ਹਾਂ ਨੂੰ ਚੈਨ ਆਇਆ। ਉਸ ਦੇਖਣ ਯੋਗ ਸ਼ਮਸ਼ਾਨ ਭੂਮੀ ਦਾ ਹੁਣ ਟ੍ਰਸਟ ਬਣਿਆ ਹੋਇਆ ਹੈ ਅਤੇ ਮੋਹਨ ਸ਼ਰਮਾ ਉਸਦੇ ਸਰਪ੍ਰਸਤ ਸਨ ਪਰ ਉਹ ਆਪਣੇ ਆਪ ਨੂੰ ਸਰਪ੍ਰਸਤ ਨਹੀਂ, ਸਗੋਂ ਇੱਕ ਨਿਮਾਣੇ ਸੇਵਕ ਵਜੋਂ ਮਿਲਣ ਗਿਲਣ ਵਾਲਿਆਂ ਨੂੰ ਕਹਿੰਦੇ ਸਨ, “ਕਦੇ ਕਦੇ ਸ਼ਮਸ਼ਾਨ ਭੂਮੀ ਦਾ ਗੇੜਾ ਜ਼ਰੂਰ ਮਾਰ ਆਇਆ ਕਰੋ। ਇਹਦੇ ਨਾਲ ਮੌਤ ਦਾ ਚੇਤਾ ਵੀ ਰਹਿੰਦਾ ਹੈ, ਮਨੁੱਖ ਜ਼ਿੰਦਗੀ ਅਤੇ ਮੌਤ ਨੂੰ ਯਾਦ ਵੀ ਰੱਖਦਾ ਹੈ ਤੇ ਉਹ ਕਦੇ ਵੀ ਹਉਮੈਂ ਦਾ ਸ਼ਿਕਾਰ ਨਹੀਂ ਹੁੰਦਾ।”

ਉਨ੍ਹਾਂ ਦੇ ਕਾਰਜ ਖੇਤਰਾਂ ਦਾ ਇਹ ਸਿਰਫ ਇੱਕ ਹਿੱਸਾ ਹੈ। ਸੰਗਰੂਰ ਵਿੱਚ ਖੁੱਲ੍ਹੇ ਬਿਰਧ ਆਸ਼ਰਮ ਦੇ ਉਹ ਪਿਛਲੇ 20 ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਸਨ। ਆਸ਼ਰਮ ਨੂੰ ਚਲਾਉਣ ਲਈ ਉਨ੍ਹਾਂ ਨੇ ਕਦੇ ਵੀ ਸਰਕਾਰੀ ਗਰਾਂਟ ਨਹੀਂ ਲਈ। ਸਿਰਫ ਲੋਕਾਂ ਦੇ ਦਾਨ ਨਾਲ ਇਹ ਆਸ਼ਰਮ ਸਫਲਤਾ ਪੂਰਵਕ ਚੱਲ ਰਿਹਾ ਹੈ। ਜਦੋਂ ਵੀ ਕੋਈ ਪੀੜਿਤ ਬਜ਼ੁਰਗ ਔਰਤ ਜਾਂ ਮਰਦ ਆਸ਼ਰਮ ਵਿੱਚ ਢੋਈ ਲੈਣ ਲਈ ਆਉਂਦਾ ਸੀ ਤਾਂ ਉਨ੍ਹਾਂ ਦਾ ਪਹਿਲਾਂ ਕੰਮ ਬਜ਼ੁਰਗਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਨਾ ਹੁੰਦਾ ਸੀ। ਉਨ੍ਹਾਂ ਨੂੰ ਬਜ਼ੁਰਗਾਂ ਦੀ ਘਰ ਵਿੱਚ ਹੋਂਦ ਦੀ ਮਹੱਤਤਾ ਦੱਸ ਕੇ ਉਨ੍ਹਾਂ ਦੀ ਘਰ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਦੇ ਸਨ। ਕਈ ਵਾਰ ਉਹ ਬਜ਼ੁਰਗਾਂ ਦੀ ਘਰ ਵਾਪਸੀ ਕਰਨ ਵਿੱਚ ਸਫਲ ਵੀ ਹੋ ਜਾਂਦੇ ਸਨ ਤੇ ਕਈ ਵਾਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਵੀ ਪੈਂਦੀ ਸੀ ਪਰ ਲੋੜਵੰਦ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਉਹ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਰਹਿੰਦੇ ਸਨ। ਇਸ ਕਾਰਜ ਲਈ ਉਹ ਲੋਕਾਂ ਅੱਗੇ ਝੋਲੀ ਵੀ ਅੱਡ ਲੈਂਦੇ ਸਨ। ਉਹ ਅਕਸਰ ਕਹਿੰਦੇ ਹੁੰਦੇ ਸੀ, “ਆਪਣੇ ਲਈ ਮੰਗਣ ਵਾਲਾ ਭਿਖਾਰੀ ਹੁੰਦਾ ਹੈ। ਪਰ ਦੂਜਿਆਂ ਲਈ ਮੰਗਣ ਵਾਲਾ ਦਾਤਾ ਕਹਾਉਂਦਾ ਹੈ। ਮੈਂ ਦਾਤਾ ਬਣ ਕੇ ਇਹ ਸੇਵਾ ਨਿਭਾ ਰਿਹਾ ਹਾਂ।” ਬਿਰਧ ਆਸ਼ਰਮ ਦਾ ਟ੍ਰਸਟ ਬਣਿਆ ਹੋਇਆ ਸੀ ਅਤੇ ਟ੍ਰਸਟੀ ਮੋਹਨ ਸ਼ਰਮਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਨੇਕ ਕਾਰਜ ਵਿੱਚ ਲੱਗੇ ਹੋਏ ਸਨ।

ਨਸ਼ਾ ਮੁਕਤ ਸਮਾਜ ਸਿਰਜਣ ਲਈ ਮੋਹਨ ਸ਼ਰਮਾ ਦੀ ਘਾਲਣਾ ਪ੍ਰਸ਼ੰਸਾਯੋਗ ਰਹੀ ਹੈ। ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਉਨ੍ਹਾਂ ਨੇ ਅੰਦਾਜ਼ਨ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਮੁੱਖ ਧਾਰਾ ਨਾਲ ਜੋੜਿਆ ਸੀ। ਇੱਥੇ ਹੀ ਬੱਸ ਨਹੀਂ, ਨਸ਼ਿਆਂ ਕਾਰਨ ਪਤੀਆਂ ਤੋਂ ਪੋਟਾ ਪੋਟਾ ਦੁਖੀ ਪਤਨੀਆਂ ਦੇ ਘਰ ਵਸਾਉਣ ਲਈ ਉਹ ਪੀੜਿਤਾਂ ਦਾ ਬਾਬਲ ਬਣਿਆ ਸੀ। ਉਨ੍ਹਾਂ ਦੇ ਪੇਕੇ ਘਰ ਜਾ ਕੇ ਉਨ੍ਹਾਂ ਪੀੜਿਤ ਲੜਕੀਆਂ ਦੇ ਸਿਰ ’ਤੇ ਹੱਥ ਧਰ ਕੇ ਦ੍ਰਿੜ੍ਹ ਵਿਸ਼ਵਾਸ ਨਾਲ ਕਹਿੰਦੇ ਸੀ, “ਧੀਏ, ਤੇਰੇ ਪਤੀ ਨੂੰ ਠੀਕ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ। ਤੂੰ ਆਪਣਾ ਘਰ ਸਾਂਭ। ਤੇਰੇ ਨਾਲ ਵਾਅਦਾ ਹੈ ਕਿ ਮੈਂ ਬਾਅਦ ਵਿੱਚ ਵੀ ਤੇਰਾ ਬਾਬਲ ਬਣ ਕੇ ਤੇਰਾ ਧਿਆਨ ਰੱਖਾਂਗਾ।” ਲੜਕੀ ਦੇ ਪੇਕੇ ਘਰ ਤਿੰਨ ਚਾਰ ਵਾਰ ਜਾਣ ਤੋਂ ਬਾਅਦ ਤਿੜਕੇ ਰਿਸ਼ਤਿਆਂ ਨੂੰ ਜੋੜਨ ਵਿੱਚ ਉਹ ਸਫਲ ਰਹਿੰਦੇ ਸਨ। ਇਹ ਸਫਲਤਾ ਉਨ੍ਹਾਂ ਨੂੰ ਡਾਢਾ ਸਕੂਨ ਦਿੰਦੀ ਸੀ। ਕਈ ਤਲਾਕ ਦੇ ਅਦਾਲਤੀ ਕੇਸਾਂ ਵਿੱਚ ਵੀ ਸਮਝੌਤਾ ਕਰਵਾਉਣ ਵਿੱਚ ਮੋਹਨ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਉਹ ਸਿਰਤੋੜ ਯਤਨ ਕਰ ਰਹੇ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਉਹ ਅਕਸਰ ਕਹਿੰਦੇ ਸਨ, “ਜੇਕਰ ਚਿੜੀਆਂ ਏਕਾ ਕਰ ਲੈਣ ਤਾਂ ਉਹ ਸ਼ੇਰ ਦੀ ਖੱਲ ਵੀ ਉਧੇੜ ਸਕਦੀਆਂ ਹਨ। ਯਾਦ ਰੱਖੋ, ਨਸ਼ਾ ਵੇਚਣ ਵਾਲਿਆਂ ਦੀਆਂ ਨਾ ਐਨੀਆਂ ਸ਼ੀਸ਼ੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਹੁੰਦੇ ਹਨ ਕਿ ਉਨ੍ਹਾਂ ਨੂੰ ਪੈਰੋਂ ਉਖਾੜਿਆ ਨਾ ਜਾ ਸਕੇ। ਬੱਸ, ਲੋਕਾਂ ਦਾ ਨਸ਼ਿਆਂ ਵਿਰੁੱਧ ਇਕੱਠੇ ਹੋਣਾ ਹੀ ਜ਼ਰੂਰੀ ਹੈ। ਹੁਣ ਸਿਰਫ ਫਸਲਾਂ ਨੂੰ ਹੀ ਖਤਰਾ ਨਹੀਂ, ਨਸਲਾਂ ਉੱਤੇ ਵੀ ਖਤਰੇ ਦੇ ਬੱਦਲ ਮੰਡਲਾ ਰਹੇ ਹਨ।”

ਮੋਹਨ ਸ਼ਰਮਾ ਦੀਆਂ ਕਈ ਕਹਾਣੀਆਂ ਉੱਤੇ ਫਿਲਮਾਂ ਵੀ ਬਣ ਚੁੱਕੀਆਂ ਹਨ। ਪੰਜਾਬ ਸਰਕਾਰ ਉਨ੍ਹਾਂ ਨੂੰ ਦੋ ਵਾਰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕਰ ਚੁੱਕੀ ਹੈ। ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦਾ ਸਨਮਾਨ ਵੀ ਉਨ੍ਹਾਂ ਦੇ ਹਿੱਸੇ ਆਇਆ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਕਈ ਸੱਭਿਆਚਾਰਕ ਅਤੇ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਝੋਲੀ ਸਨਮਾਨਾਂ ਨਾਲ ਭਰੀ ਹੈ।

ਮੋਹਨ ਸ਼ਰਮਾ ਹਮੇਸ਼ਾ ਹੀ ਕਿਰਿਆਸ਼ੀਲ ਰਹਿੰਦੇ ਸਨ। ਇਸ ਸੰਬੰਧ ਵਿੱਚ ਉਹ ਅਕਸਰ ਕਹਿੰਦੇ ਸਨ, “ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ।” ਉਨ੍ਹਾਂ ਨੂੰ ਜਦੋਂ ਕੋਈ ਘਰ ਦਾ ਪਤਾ ਪੁੱਛਦਾ ਸੀ ਤਾਂ ਉਹ ਮੁਸਕਰਾ ਕੇ ਜਵਾਬ ਦਿੰਦੇ ਸਨ, “ਸੰਗਰੂਰ ਵਿਖੇ ਨਾਨਕਿਆਣਾ ਰੋਡ ’ਤੇ ਜਾਂਦਿਆਂ ਜਿਸ ਘਰ ਵਿੱਚੋਂ ਫੁੱਲਾਂ ਦੀ ਮਹਿਕ ਆਵੇ, ਉਹ ਘਰ ਮੇਰਾ ਹੈ।”

ਸਾਰੀ ਉਮਰ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸ਼ਖਸੀਅਤ ਮੋਹਨ ਸ਼ਰਮਾ ਦੀ ਅੰਤਿਮ ਅਰਦਾਸ ਅਤੇ ਭੋਗ ਦੀ ਰਸਮ 17 ਨਵੰਬਰ ਨੂੰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ਵਿਖੇ ਬਾਅਦ ਦੁਪਹਿਰ 12 ਤੋਂ 01 ਵਜੇ ਤਕ ਹੋਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(sarokar2015@gmail.com)

About the Author

ਸ. ਸ. ਰਮਲਾ

ਸ. ਸ. ਰਮਲਾ

Sangrur, Punjab, India.
WhatsApp: (91 - 98722 - 50956)
Email: (ssramla3@gmail.com)