PardeepNangluDr7“ਜਿਵੇਂ ਕੋਈ ਮਾਲੀ ਰੁੱਖ ਨੂੰ ਖਿੱਚ ਕੇ ਵੱਡਾ ਨਹੀਂ ਕਰ ਸਕਦਾ, ਉਸੇ ਤਰ੍ਹਾਂ ...”
(16 ਨਵੰਬਰ 2026)

 

ਮਨੋਵਿਗਿਆਨ, ਦਰਸ਼ਨ ਅਤੇ ਵਿਗਿਆਨਕ ਖੋਜਾਂ ਦੀ ਰੌਸ਼ਨੀ ਵਿੱਚ ਇੱਕ ਵਿਚਾਰ। ਸਾਡਾ ਸਿੱਖਿਆ ਪ੍ਰਬੰਧ ਇੱਕ ਅਜਿਹੀ ਧਾਰਨਾ ਉੱਤੇ ਖੜ੍ਹਾ ਹੈ ਜਿਸ ਨੂੰ ਅਸੀਂ ਬਿਨਾਂ ਸੋਚੇ-ਸਮਝੇ ਸੱਚ ਮੰਨ ਲਿਆ ਹੈ; ਬੱਚੇ ਤਦੋਂ ਹੀ ਕਾਮਯਾਬ ਬਣਦੇ ਹਨ ਜਦੋਂ ਉਹ ਦੂਜਿਆਂ ਨੂੰ ਪਿੱਛੇ ਛੱਡਣ। ਸਕੂਲਾਂ ਵਿੱਚ ਅੰਕਾਂ ਦੀ ਦੌੜ, ਰੈਂਕਿੰਗ, ਟਰਾਫੀਆਂ, ਮੁਕਾਬਲੇ ਅਤੇ ਲਗਾਤਾਰ ਮੁਕਾਬਲਿਆਂ ਨੇ ਬੱਚਿਆਂ ਦੇ ਮਨ ਵਿੱਚ ਇਹ ਬੀਜ ਬੀਜ ਦਿੱਤਾ ਹੈ ਕਿ ਉਨ੍ਹਾਂ ਦੀ ਕੀਮਤ ਉਨ੍ਹਾਂ ਦੇ ਅੰਦਰ ਨਹੀਂ, ਸਗੋਂ ਦੂਜਿਆਂ ਨਾਲੋਂ ਉੱਪਰ ਹੋਣ ਵਿੱਚ ਹੈ।

ਪਰ ਆਧੁਨਿਕ ਮਨੋਵਿਗਿਆਨ, ਨਿਊਰੋਸਾਇੰਸ ਅਤੇ ਦਰਸ਼ਨ ਸਾਨੂੰ ਇੱਕ ਹੋਰ ਹੀ ਸੱਚ ਵੱਲ ਲੈ ਜਾਂਦੇ ਹਨ। ਉਹ ਸਵਾਲ ਪੁੱਛਦੇ ਹਨ - ਕੀ ਮੁਕਾਬਲਾ ਸੱਚਮੁੱਚ ਬੱਚੇ ਨੂੰ ਵਿਕਸਿਤ ਕਰਦਾ ਹੈ ਜਾਂ ਉਸ ਨੂੰ ਆਪਣੀ ਅਸਲ ਪਛਾਣ ਤੋਂ ਦੂਰ ਕਰ ਦਿੰਦਾ ਹੈ?

ਓਸ਼ੋ ਦੀ ਪੁਸਤਕ “ਬਿਯੌਂਡ ਸਾਈਕਾਲੋਜੀ” ਦਾ “ਟ੍ਰੀਜ਼ ਗਰੋਅ ਵਿਦਾਊਟ ਬੀਇੰਗ ਟਾਟ” ਅਧਿਆਇ ਇਸੇ ਵਿਸ਼ੇ ਨੂੰ ਡੁੰਘਾਈ ਨਾਲ ਛੂੰਹਦਾ ਹੈ। ਭਾਵੇਂ ਇਹ ਦਰਸ਼ਨਿਕ ਰਚਨਾ ਹੈ, ਪਰ ਇਸਦੇ ਕਈ ਵਿਚਾਰ ਅੱਜ ਦੇ ਮਨੋਵਿਗਿਆਨਕ ਖੋਜਾਂ ਨਾਲ ਮੇਲ ਖਾਂਦੇ ਹਨ। ਓਸ਼ੋ ਕਹਿੰਦੇ ਹਨ ਕਿ ਜਿਵੇਂ ਰੁੱਖਾਂ ਨੂੰ ਵੱਡਾ ਹੋਣ ਲਈ ਕੋਈ ਸਿਖਲਾਈ ਨਹੀਂ ਚਾਹੀਦੀ, ਉਸੇ ਤਰ੍ਹਾਂ ਬੱਚਿਆਂ ਦੇ ਅੰਦਰ ਵੀ ਕੁਦਰਤੀ ਵਿਕਾਸ ਦੀ ਅਦਭੁਤ ਸਮਰੱਥਾ ਮੌਜੂਦ ਹੁੰਦੀ ਹੈ। ਸਾਡਾ ਕੰਮ ਉਨ੍ਹਾਂ ਨੂੰ ਢਾਲਣਾ ਨਹੀਂ, ਸਗੋਂ ਉਨ੍ਹਾਂ ਦੇ ਵਿਕਾਸ ਲਈ ਸੁਰੱਖਿਅਤ, ਪਿਆਰ ਭਰਿਆ ਅਤੇ ਆਜ਼ਾਦ ਮਾਹੌਲ ਸਿਰਜਣ ਦਾ ਉਪਰਾਲਾ ਕਰਨਾ ਹੈ।

ਵਿਕਸਾਤਮਕ ਮਨੋਵਿਗਿਆਨ ਦੇ ਮਹਾਨ ਵਿਗਿਆਨੀ ਜੌਨ ਬੋਲਬੀ ਅਤੇ ਮੇਰੀ ਐਨਸਵਰਥ ਦੀਆਂ ਖੋਜਾਂ ਦੱਸਦੀਆਂ ਹਨ ਕਿ ਜਿਨ੍ਹਾਂ ਬੱਚਿਆਂ ਨੂੰ ਭਾਵਨਾਤਮਕ ਸੁਰੱਖਿਆ ਅਤੇ ਬੇਸ਼ਰਤ ਪਿਆਰ ਮਿਲਦਾ ਹੈ, ਉਹ ਹੋਰ ਵਧੇਰੇ ਆਤਮਵਿਸ਼ਵਾਸੀ, ਰਚਨਾਤਮਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਦੇ ਹਨ। ਮਨੁੱਖੀ ਮਨੋਵਿਗਿਆਨ ਦੇ ਪ੍ਰਸਿੱਧ ਵਿਦਵਾਨ ਕਾਰਲ ਰੌਜਰਜ਼ ਵੀ ਇਹੀ ਕਹਿੰਦੇ ਹਨ ਕਿ ਮਨੁੱਖ ਦੇ ਅੰਦਰ ਵਿਕਾਸ ਕਰਨ ਦੀ ਕੁਦਰਤੀ ਪ੍ਰਵਿਰਤੀ ਪਹਿਲਾਂ ਹੀ ਮੌਜੂਦ ਹੈ। ਉਸ ਨੂੰ ਸਿਰਫ ਸਵੀਕਾਰਤਾ, ਭਰੋਸੇ ਅਤੇ ਅਜ਼ਾਦੀ ਦੀ ਲੋੜ ਹੁੰਦੀ ਹੈ।

ਅੱਜ ਦਾ ਸਭ ਤੋਂ ਵੱਡਾ ਮਨੋਵਿਗਿਆਨਕ ਸੰਕਟ ਤੁਲਨਾ ਹੈ।

ਜਦੋਂ ਬੱਚੇ ਨੂੰ ਹਰ ਵੇਲੇ ਕਿਹਾ ਜਾਂਦਾ ਹੈ, “ਦੇਖ, ਉਹ ਤੈਥੋਂ ਵਧੀਆ ਹੈ।”, “ਪਹਿਲਾ ਆਉਣਾ ਹੀ ਸਫਲਤਾ ਹੈ।”, ਜਾਂ “ਤੈਨੂੰ ਆਪਣੇ ਭਰਾ ਵਰਗਾ ਬਣਨਾ ਚਾਹੀਦਾ ਹੈ।”, ਤਾਂ ਉਹ ਹੌਲੀ-ਹੌਲੀ ਆਪਣੇ ਆਪ ਨੂੰ ਗੁਆ ਬੈਠਦਾ ਹੈ। ਉਹ ਆਪਣੇ ਆਪ ਨੂੰ ਜਾਣਨ ਦੀ ਬਜਾਏ ਦੂਜਿਆਂ ਨਾਲ ਆਪਣੀ ਕੀਮਤ ਮਾਪਣ ਲੱਗ ਜਾਂਦਾ ਹੈ। ਇਸੇ ਥਾਂ ਤੋਂ ਹੀਣਭਾਵਨਾ, ਚਿੰਤਾ, ਪ੍ਰਦਰਸ਼ਨ ਦਾ ਦਬਾਅ ਅਤੇ ਅਸਫਲਤਾ ਦਾ ਡਰ ਜਨਮ ਲੈਂਦੇ ਹਨ।

ਐਡਵਰਡ ਡੈਸੀ ਅਤੇ ਰਿਚਰਡ ਰਿਆਨ ਦੀ ਸੈਲਫ ਡਿਟਰਮੀਨੇਸ਼ਨ ਥਿਊਰੀ ਸਪਸ਼ਟ ਕਰਦੀ ਹੈ ਕਿ ਮਨੁੱਖੀ ਵਿਕਾਸ ਲਈ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹਨ - ਆਤਮ-ਨਿਰਣੈ, ਯੋਗਤਾ ਦਾ ਅਨੁਭਵ, ਅਤੇ ਰਿਸ਼ਤਿਆਂ ਦੀ ਭਾਵਨਾ। ਜਦੋਂ ਬੱਚਿਆਂ ਉੱਤੇ ਬੇਹੱਦ ਨਿਯੰਤਰਣ ਕੀਤਾ ਜਾਂਦਾ ਹੈ ਜਾਂ ਹਰ ਸਮੇਂ ਉਨ੍ਹਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਇਹ ਤਿੰਨੋ ਲੋੜਾਂ ਕਮਜ਼ੋਰ ਪੈ ਜਾਂਦੀਆਂ ਹਨ।

ਇੱਕ ਹੋਰ ਮਹੱਤਵਪੂਰਨ ਸੱਚ ਇਹ ਹੈ ਕਿ ਗਲਤੀ ਕਰਨਾ ਵਿਕਾਸ ਦਾ ਵਿਰੋਧੀ ਨਹੀਂ, ਸਗੋਂ ਵਿਕਾਸ ਦਾ ਹਿੱਸਾ ਹੈ।

ਨਿਊਰੋਸਾਇੰਸ ਦੱਸਦੀ ਹੈ ਕਿ ਦਿਮਾਗ ਗਲਤੀਆਂ ਤੋਂ ਹੀ ਨਵੇਂ ਤੰਤਰਿਕ ਸੰਬੰਧ ਬਣਾਉਂਦਾ ਹੈ। ਜਦੋਂ ਬੱਚੇ ਨੂੰ ਡਰਾਉਣ ਦੀ ਬਜਾਏ ਸਮਝਾਇਆ ਜਾਂਦਾ ਹੈ ਤਾਂ ਉਸਦਾ ਦਿਮਾਗ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਸਜ਼ਾ ਕੁਝ ਸਮੇਂ ਲਈ ਆਗਿਆਕਾਰੀ ਤਾਂ ਬਣਾ ਸਕਦੀ ਹੈ ਪਰ ਸਮਝ ਜੀਵਨ ਭਰ ਦੀ ਸਿਆਣਪ ਦਿੰਦੀ ਹੈ। ਇਸ ਲਈ ਸਵਾਲ ਇਹ ਨਹੀਂ ਹੋਣਾ ਚਾਹੀਦਾ ਕਿ “ਬੱਚਾ ਮੇਰੀ ਗੱਲ ਕਿਵੇਂ ਮੰਨੇ?” ਸਗੋਂ ਇਹ ਹੋਣਾ ਚਾਹੀਦਾ ਹੈ ਕਿ “ਬੱਚਾ ਆਪਣੇ ਅੰਦਰ ਦੀ ਸੂਝ ਕਿਵੇਂ ਵਿਕਸਿਤ ਕਰੇ?” ਇਹੀ ਅਸਲ ਸਿੱਖਿਆ ਹੈ।

ਦਰਸ਼ਨ ਵੀ ਇਹੀ ਕਹਿੰਦਾ ਹੈ ਕਿ ਹਰ ਮਨੁੱਖ ਆਪਣੇ ਨਾਲ ਇੱਕ ਵਿਲੱਖਣ ਸੰਭਾਵਨਾ ਲੈ ਕੇ ਜਨਮ ਲੈਂਦਾ ਹੈ। ਹਰ ਬੱਚੇ ਦੀ ਆਪਣੀ ਪ੍ਰਕਿਰਤੀ, ਆਪਣੀ ਰੁਚੀ, ਆਪਣੀ ਪ੍ਰਤਿਭਾ ਅਤੇ ਆਪਣਾ ਜੀਵਨ-ਰਾਹ ਹੁੰਦਾ ਹੈ। ਜੇਕਰ ਇੱਕ ਬੱਚਾ ਸੰਗੀਤ ਵਿੱਚ ਖਿੜਦਾ ਹੈ ਤਾਂ ਉਸ ਨੂੰ ਡਾਕਟਰ ਬਣਾਉਣ ਦੀ ਜ਼ਿਦ ਉਸਦੇ ਅੰਦਰਲੇ ਜੀਵਨ ਨੂੰ ਮੁਰਝਾ ਸਕਦੀ ਹੈ। ਇਸੇ ਤਰ੍ਹਾਂ ਵਿਗਿਆਨ-ਪ੍ਰੇਮੀ ਬੱਚੇ ਨੂੰ ਕਲਾ ਵੱਲ ਧੱਕਣਾ ਵੀ ਉਸਦੀ ਕੁਦਰਤੀ ਯੋਗਤਾ ਨਾਲ ਅਨਿਆਇ ਹੋ ਸਕਦਾ ਹੈ।

ਅੱਜ ਦੇ ਦੌਰ ਦੇ ਮੇਰੇ ਪਸੰਦੀਦਾ ਅਮਰੀਕੀ ਮਨੋਵਿਗਿਆਨਕ ਮਾਰਟਿਨ ਸੈਲਿਗਮੈਨ ਦਾ ਹਾਂਪੱਖੀ ਮਨੋਵਿਗਿਆਨ ਵੀ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਮਨੁੱਖ ਸਭ ਤੋਂ ਵੱਧ ਉਦੋਂ ਖਿੜਦਾ ਹੈ ਜਦੋਂ ਉਹ ਆਪਣੀਆਂ ਕੁਦਰਤੀ ਤਾਕਤਾਂ ਨੂੰ ਪਛਾਣ ਕੇ ਉਨ੍ਹਾਂ ਦਾ ਵਿਕਾਸ ਕਰਦਾ ਹੈ, ਨਾ ਕਿ ਸਿਰਫ ਆਪਣੀਆਂ ਕਮਜ਼ੋਰੀਆਂ ਨਾਲ ਲੜਦਾ ਰਹਿੰਦਾ ਹੈ।

ਇਸਦਾ ਮਤਲਬ ਇਹ ਨਹੀਂ ਕਿ ਬੱਚਿਆਂ ਨੂੰ ਬਿਨਾਂ ਮਾਰਗਦਰਸ਼ਨ ਦੇ ਛੱਡ ਦਿੱਤਾ ਜਾਵੇ। ਅਜ਼ਾਦੀ ਦਾ ਅਰਥ ਅਨੁਸ਼ਾਸਨ ਦੀ ਗੈਰਹਾਜ਼ਰੀ ਨਹੀਂ, ਸਗੋਂ ਜ਼ਿੰਮੇਵਾਰੀ ਨਾਲ ਜਿਊਣਾ ਹੈ। ਮਾਪਿਆਂ ਦਾ ਕੰਮ ਹੁਕਮ ਚਲਾਉਣਾ ਨਹੀਂ, ਸਗੋਂ ਮਾਰਗਦਰਸ਼ਕ ਬਣਨਾ ਹੈ; ਡਰ ਪੈਦਾ ਕਰਨਾ ਨਹੀਂ, ਸਗੋਂ ਵਿਸ਼ਵਾਸ ਜਗਾਉਣਾ ਹੈ।

ਇੱਕ ਸਿਹਤਮੰਦ ਪਰਿਵਾਰ ਉਹ ਹੈ ਜਿੱਥੇ ਹੁਕਮਾਂ ਨਾਲੋਂ ਸੰਵਾਦ ਵੱਧ ਹੁੰਦਾ ਹੈ, ਜਿੱਥੇ ਤੁਲਨਾ ਨਾਲੋਂ ਹੌਸਲਾ-ਅਫਜ਼ਾਈ ਵੱਧ ਹੁੰਦੀ ਹੈ, ਜਿੱਥੇ ਬੱਚੇ ਨੂੰ “ਕੀ ਬਣਨਾ ਹੈ?” ਨਾਲੋਂ ਪਹਿਲਾਂ “ਤੂੰ ਕੌਣ ਹੈਂ?” ਪੁੱਛਿਆ ਜਾਂਦਾ ਹੈ।

ਅੱਜ ਸਾਨੂੰ ਅਜਿਹੀ ਸਿੱਖਿਆ ਦੀ ਲੋੜ ਹੈ ਜੋ ਸਿਰਫ ਨੌਕਰੀ ਲਈ ਨਹੀਂ, ਸਗੋਂ ਜੀਵਨ ਲਈ ਤਿਆਰ ਕਰੇ; ਜੋ ਸਿਰਫ ਬੁੱਧੀ ਨੂੰ ਨਹੀਂ, ਸਗੋਂ ਚੇਤਨਾ ਨੂੰ ਵੀ ਵਿਕਸਿਤ ਕਰੇ; ਜੋ ਸਿਰਫ ਸਫਲ ਇਨਸਾਨ ਨਹੀਂ, ਸਗੋਂ ਸੰਤੁਲਿਤ, ਦਿਆਲੂ ਅਤੇ ਸੁਚੇਤ ਮਨੁੱਖ ਤਿਆਰ ਕਰੇ।

ਜਿਵੇਂ ਕੋਈ ਮਾਲੀ ਰੁੱਖ ਨੂੰ ਖਿੱਚ ਕੇ ਵੱਡਾ ਨਹੀਂ ਕਰ ਸਕਦਾ, ਉਸੇ ਤਰ੍ਹਾਂ ਕੋਈ ਵੀ ਮਾਪੇ ਜਾਂ ਅਧਿਆਪਕ ਦਬਾਅ, ਡਰ ਅਤੇ ਮੁਕਾਬਲੇ ਨਾਲ ਬੱਚੇ ਨੂੰ ਮਹਾਨ ਨਹੀਂ ਬਣਾ ਸਕਦੇ। ਬੱਚੇ ਤਦੋਂ ਸਭ ਤੋਂ ਵੱਧ ਖਿੜਦੇ ਹਨ ਜਦੋਂ ਉਨ੍ਹਾਂ ਦੀਆਂ ਜੜ੍ਹਾਂ ਪਿਆਰ ਵਿੱਚ, ਮਨ ਅਜ਼ਾਦੀ ਵਿੱਚ ਅਤੇ ਜੀਵਨ ਸਮਝਦਾਰੀ ਵਿੱਚ ਵਧਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(sarokar2015@gmail.com)

About the Author

ਡਾ. ਪਰਦੀਪ ਨਾਂਗਲੂ

ਡਾ. ਪਰਦੀਪ ਨਾਂਗਲੂ

California, USA.
WhatApp: (1 - 279 - 245 - 3149)
Email: (drpnanglu@outlook.com)