“ਜੇਕਰ ਅਸੀਂ ਹੁਣ ਵੀ ਹਵਾ ਨੂੰ ਸਾਫ ਰੱਖਣ ਲਈ ਕਦਮ ਨਾ ਚੁੱਕੇ ਤਾਂ ...”
(11 ਨਵੰਬਰ 2026)

ਕੁਦਰਤ ਨੇ ਮਨੁੱਖ ਨੂੰ ਜਿਹੜੀਆਂ ਅਨਮੋਲ ਦਾਤਾਂ ਬਖਸ਼ੀਆਂ ਹਨ ਉਨ੍ਹਾਂ ਵਿੱਚ ਸਾਫ ਹਵਾ ਸਭ ਤੋਂ ਮਹੱਤਵਪੂਰਨ ਹੈ। ਪਰ ਅੱਜ ਮਨੁੱਖ ਆਪਣੀਆਂ ਗਲਤੀਆਂ ਕਾਰਨ ਇਸ ਅਨਮੋਲ ਦਾਤ ਨੂੰ ਜ਼ਹਿਰੀਲਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਪੰਜਾਬ ਤੋਂ ਲੈ ਕੇ ਦਿੱਲੀ ਤਕ ਫੈਲੀ ਧੂੰਏਂ ਦੀ ਸੰਘਣੀ ਚਾਦਰ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਅਸੀਂ ਵਾਤਾਵਰਣ ਦੇ ਮਾਮਲੇ ਵਿੱਚ ਗੰਭੀਰ ਸੰਕਟ ਵੱਲ ਵਧਦੇ ਜਾ ਰਹੇ ਹਾਂ। ਅੱਜ ਹਵਾ ਗੁਣਵੱਤਾ ਸੂਚਕਾਂਕ ਜਿਹੜਾ 50% ਤੋਂ ਹੇਠਾਂ ਹੋਣਾ ਚਾਹੀਦਾ ਹੈ, ਉਹ ਇਨ੍ਹਾਂ ਦਿਨਾਂ ਵਿੱਚ ਵਧ ਕੇ 300% ਤੋਂ ਵੀ ਪਾਰ ਹੋ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਆਮ ਵਿੱਚ ਵੀ ਹਵਾ ਗੁਣਵੱਤਾ ਸੂਚਕਾਂਕ 170-180% ਤੋਂ ਘੱਟ ਨਹੀਂ ਹੁੰਦਾ, ਜਿਹੜਾ ਕਿ ਮਨੁੱਖੀ ਜੀਵਨ ਲਈ ਖਤਰਨਾਕ ਬਿਮਾਰੀ ਬਣ ਗਿਆ ਹੈ।
ਅੱਜ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਤੋਂ ਲੈਕੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਕੰਮਕਾਜ ਲਈ ਘਰੋਂ ਨਿਕਲਣ ਵਾਲੇ ਵਿਅਕਤੀਆਂ ਤਕ ਹਰ ਕੋਈ ਪ੍ਰਦੂਸ਼ਿਤ ਹਵਾ ਦਾ ਸਾਹਮਣਾ ਕਰ ਰਿਹਾ ਹੈ। ਅੱਖਾਂ ਵਿੱਚ ਜਲਣ, ਸਾਹ ਲੈਣ ਵਿੱਚ ਤਕਲੀਫ, ਖੰਘ ਅਤੇ ਹੋਰ ਸਿਹਤ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਵਾਤਾਵਰਣ ਵਿੱਚ ਸਭ ਤੋਂ ਵੱਧ ਖਤਰਾ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਿਤ ਲੋਕਾਂ ਨੂੰ ਹੈ। ਲੇਕਿਨ ਸਵਾਲ ਇਹ ਹੈ ਕਿ ਆਖਰ ਇਸ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ? ਪਰਾਲੀ ਸਾੜਨ ਦੀ ਸਮੱਸਿਆ, ਵਾਹਨਾਂ ਵਿੱਚੋਂ ਨਿਕਲਦਾ ਧੂੰਆਂ, ਫੈਕਟਰੀਆਂ ਦਾ ਪ੍ਰਦੂਸ਼ਣ, ਨਿਰਮਾਣ ਕਾਰਜਾਂ ਦੀ ਧੂੜ ਅਤੇ ਤਿਉਹਾਰਾਂ ਮੌਕੇ ਚਲਾਏ ਜਾਣ ਵਾਲੇ ਪਟਾਕੇ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾਉਂਦੇ ਹਨ। ਜਦੋਂ ਮੌਸਮ ਵਿੱਚ ਹਵਾ ਦੀ ਰਫਤਾਰ ਘੱਟ ਹੁੰਦੀ ਹੈ ਤਾਂ ਇਹ ਪ੍ਰਦੂਸ਼ਣ ਤੱਤ ਵਾਤਾਵਰਣ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਧੁੰਦ ਦੇ ਨਾਲ ਮਿਲ ਕੇ ਜ਼ਹਿਰੀਲੀ ਧੁੰਦ ਦਾ ਰੂਪ ਧਾਰ ਲੈਂਦੇ ਹਨ।
ਇੱਥੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੀ ਇਸ ਸਮੱਸਿਆ ਦਾ ਇਕਲੌਤਾ ਦੋਸ਼ੀ ਮੰਨ ਲੈਣਾ ਵੀ ਠੀਕ ਨਹੀਂ। ਕਿਸਾਨ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੂੰ ਪਰਾਲੀ ਦੇ ਸਮੁੱਚੇ ਪ੍ਰਬੰਧਨ ਲਈ ਸਸਤੇ ਸਾਧਨ, ਆਧੁਨਿਕ ਮਸ਼ੀਨਰੀ ਅਤੇ ਸਰਕਾਰੀ ਸਹਿਯੋਗ ਮੁਹੱਇਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਲਈ ਜਦੋਂ ਤਕ ਕਿਸਾਨਾਂ ਨੂੰ ਵਿਹਾਰਕ ਅਤੇ ਆਰਥਿਕ ਤੌਰ ’ਤੇ ਲਾਭਦਾਇਕ ਬਦਲ ਨਹੀਂ ਮਿਲਦੇ ਉਦੋਂ ਤਕ ਇਸ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ ਹੋ ਸਕਦਾ।
ਜੇਕਰ ਦੂਜੇ ਪਾਸੇ ਵੱਲ ਨਜ਼ਰ ਮਾਰੀਏ ਤਾਂ ਸ਼ਹਿਰਾਂ ਵਿੱਚ ਵਧ ਰਹੇ ਵਾਹਨਾਂ ਦੀ ਗਿਣਤੀ ਅਤੇ ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਵੀ ਹਵਾ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਇੱਕ ਪਾਸੇ ਰੁੱਖ ਲਾਉਣ ਦੀਆਂ ਮੁਹਿੰਮਾਂ ਚਲਾਉਂਦੇ ਹਾਂ ਅਤੇ ਦੂਜੇ ਪਾਸੇ ਵਿਕਾਸ ਦੇ ਨਾਂ ’ਤੇ ਦ੍ਰਖਤਾਂ ਦੀ ਕਟਾਈ ਵੀ ਕਰਦੇ ਰਹਿੰਦੇ ਹਾਂ। ਸਾਨੂੰ ਇਹ ਸਮਝ ਲੈਣਾ ਪਵੇਗਾ ਕਿ ਸੜਕਾਂ, ਇਮਾਰਤਾਂ ਅਤੇ ਵੱਡੀਆਂ ਗੱਡੀਆਂ ਹੀ ਵਿਕਾਸ ਦੀ ਨਿਸ਼ਾਨੀ ਨਹੀਂ ਹਨ, ਸਗੋਂ ਅਸਲ ਵਿਕਾਸ ਉਹ ਹੈ ਜਿੱਥੇ ਵਿੱਚ ਮਨੁੱਖ ਨੂੰ ਸਾਫ ਹਵਾ, ਸ਼ੁੱਧ ਪਾਣੀ ਅਤੇ ਸਿਹਤਮੰਦ ਵਾਤਾਵਰਣ ਮਿਲੇ। ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸਿਰਫ ਐਲਾਨ ਕਾਫੀ ਨਹੀਂ ਹਨ। ਸਰਕਾਰ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਅਤੇ ਵਾਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਹਰ ਸੰਭਵ ਸਹੂਲਤ ਦਿੱਤੀ ਜਾਵੇ। ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਵੱਧ ਤੋਂ ਵੱਧ ਰੁੱਖ ਲਾਏ ਜਾਣ ਅਤੇ ਪੁਰਾਣੇ ਦ੍ਰਖਤਾਂ ਨੂੰ ਕੱਟਣਾ ਬੰਦ ਕਰ ਦਿੱਤਾ ਜਾਵੇ। ਇਸਦੇ ਨਾਲ ਹੀ ਆਮ ਨਾਗਰਿਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਵਾ ਕਿਸੇ ਅਮੀਰ ਜਾਂ ਗਰੀਬ ਦੀ ਜਾਇਦਾਦ ਨਹੀਂ, ਇਹ ਹਰ ਜੀਵ ਦਾ ਸਾਂਝਾ ਅਧਿਕਾਰ ਹੈ। ਯਾਦ ਰਹੇ ਪ੍ਰਦੂਸ਼ਣ ਦੀ ਕੋਈ ਹੱਦ ਨਹੀਂ ਹੁੰਦੀ। ਇਸਦਾ ਅਸਰ ਪੰਜਾਬ, ਹਰਿਆਣਾ, ਦਿੱਲੀ ਜਾਂ ਕਿਸੇ ਹੋਰ ਸੂਬੇ ਤਕ ਸੀਮਿਤ ਨਹੀਂ ਰਹਿੰਦਾ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮੱਸਿਆ ਨੂੰ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਜਾਂ ਸਰਕਾਰੀ ਅੰਕੜਿਆਂ ਤਕ ਸੀਮਿਤ ਨਾ ਰੱਖੀਏ ਸਗੋਂ ਇਸਦੇ ਹੱਲ ਲਈ ਗੰਭੀਰ ਯਤਨ ਕਰੀਏ।
ਆਖਰ ਸਵਾਲ ਇਹ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਹੋ ਜਿਹਾ ਵਾਤਾਵਰਣ ਦੇ ਕੇ ਜਾਣਾ ਚਾਹੁੰਦੇ ਹਾਂ? ਯਾਦ ਰੱਖੋ, ਜੇਕਰ ਅਸੀਂ ਹੁਣ ਵੀ ਹਵਾ ਨੂੰ ਸਾਫ ਰੱਖਣ ਲਈ ਕਦਮ ਨਾ ਚੁੱਕੇ ਤਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਸਾਹ ਲੈਣ ਲਈ ਵੀ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵਿਕਾਸ ਦੇ ਨਾਲ ਨਾਲ ਵਾਤਾਵਰਣ ਦੀ ਰੱਖਿਆ ਨੂੰ ਵੀ ਆਪਣੀ ਪਹਿਲ ਬਣਾਈਏ, ਕਿਉਂਕਿ ਸਾਫ ਹਵਾ ਕੋਈ ਸਹੂਲਤ ਨਹੀਂ ਸਗੋਂ ਇਹ ਜੀਵਨ ਦੀ ਮੁਢਲੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































